ਸਮੱਗਰੀ 'ਤੇ ਜਾਓ

ਆਚਾਰੀਆ ਰੁਦ੍ਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਚਾਰੀਆ ਰੁਦ੍ਰਟ ਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿੱਚ 'ਅਲੰਕਾਰਵਾਦੀ' ਆਚਾਰੀਆ ਦੇ ਰੂਪ ਵਿੱਚ ਪ੍ਰਸਿੱਧ ਹੈ।

ਅਲੰਕਾਰ ਸੰਪ੍ਰਦਾਇ ਦੇ ਸਭ ਤੋਂ ਆਖਰੀ ਆਚਾਰੀਆ ਰੁਦ੍ਰਟ ਮੰਨੇ ਜਾਦੇਂ ਹਨ।[1]

ਆਚਾਰੀਆ ਰੁਦ੍ਰਟ ਦੀ ਪ੍ਰਤਿਭਾ ਅਸਲੋਂ ਵਿਭਿੰਨ ਸੀ ਉਸ ਨੇ ਆਪਣੇ ਗ੍ਰੰਥ ਦਾ ਨਾ ਭਾਮਹ ਵਾਲਾ (ਕਾਵਿ ਅਲੰਕਾਰ) ਰੱਖਿਆ ਹੈ ਪਰ ਇਸ ਦੇ ਬਾਵਜੂਦ ਉਸ ਦੀ ਮੌਲਿਕਤਾ ਪਛਾਣੀ ਜਾ ਸਕਦੀ ਹੈ। ਇਹਨਾਂਂ ਨੇ ਅਲੰਕਾਰਾਂ ਦਾ ਵਰਗੀਕਰਨ ਕੀਤਾ ਅਤੇ ਉਹਨਾਂ ਨੂੰ ਕੁਝ ਨਿਸਚਿਤ ਵਰਗਾਂ ਵਿੱਚ ਵੰਡਿਆ ਹੈ। ਇਹਨਾਂ ਦਾ ਮੰਨਣਾ ਸੀ ਕਿ ਕਾਵਿ ਦੀ ਸੁੰਦਰਤਾ ਲਈ ਅਲੰਕਾਰ ਅਤਿ ਜਰੂਰੀ ਹੈ।[2]

ਜੀਵਨ[ਸੋਧੋ]

ਆਚਾਰੀਆ ਰੁਦ੍ਰਟ ਨੌਵੀਂ ਸਦੀ ਵਿਚਲਾ ਪ੍ਰਮੁੱਖ ਵਿਦਵਾਨ ਹੈ। ਇਹਨਾਂ ਦਾ ਸਮਾਂ 850 ਈਸਵੀ ਦੇ ਲਗਭਗ ਮੰਨਿਆ ਜਾਂਦਾ ਹੈ। ਆਚਾਰੀਆ ਰੁਦ੍ਰਟ ਨੇ ਆਪਣੀ ਰਚਨਾ ਵਿੱਚ ਆਪਣੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ ਕੋਈ ਸੰਕੇਤ ਨਹੀਂ ਦਿੱਤਾ ਹੈ। ਕੁੱਝ ਸਮਾਲੋਚਕਾਂ ਨੇ ਇਹਨਾਂ ਦੇ ਨਾਮ 'ਰੁਦ੍ਰਟ' ਦੇ ਆਧਾਰ ਤੇ ਇਨ੍ਹਾਂ ਬਾਰੇ ਕਸ਼ਮੀਰੀ ਹੋਣ ਦਾ ਅਨੁਮਾਨ ਕੀਤਾ ਹੈ, ਜਿਸਦਾ ਹੁਣ ਤੱਕ ਕਿਸੇ ਪਾਸੋਂ ਵੀ ਸਮਰਥਨ ਨਹੀਂ ਹੋਇਆ ਹੈ। ਇਨ੍ਹਾਂ ਦੇ ਗ੍ਰੰਥ ਦੇ ਟੀਕਾਕਾਰ ਨਮੀਸਾਧੂ ਨੇ ਇੱਕ ਥਾਂ 'ਤੇ ਕਾਰਿਕਾਵਾਂ ਦੀ ਵਿਆਖਿਆ ਕਰਦੇ ਹੋਏ ਇੱਕ ਸ਼ਲੋਕ ਨੂੰ ਉੱਧ੍ਰਿਤ ਕੀਤਾ ਹੈ ਜਿਸ ਵਿੱਚ ਇਹਨਾਂ ਦੇ ਪਿਤਾ ਦਾ ਨਾਮ 'ਭੱਟ ਵਾਮੁਕ' ਦੂਜਾ ਨਾਮ 'ਸ਼ਤਾਨੰਦ' ਅਤੇ ਇਹਨਾਂ ਨੂੰ ਸਾਮਵੇਦੀ ਦੱਸਿਆ ਹੈ।[3]

ਰਚਨਾ[ਸੋਧੋ]

ਆਚਾਰੀਆ ਰੁਦ੍ਰਟ ਦੀ ਇਕੋ ਰਚਨਾ 'ਕਾਵਿਅਲੰਕਾਰ' ਪ੍ਰਾਪਤ ਹੈ। ਇਹ ਸੋਲ੍ਹਾਂ ਅਧਿਆਇ ਵਿੱਚ ਵੰਡੀ ਹੋਈ ਹੈ ਅਤੇ ਇਸ ਵਿੱਚ 734 ਸ਼ਲੋਕ ਹਨ ਜੋ ਆਰਯਾ ਛੰਦ ਵਿੱਚ ਰਚੇ ਹੋਏ ਹਨ

ਪਹਿਲੇ ਅਧਿਆਇ ਵਿੱਚ ਵਿਸ਼ੇ, ਪ੍ਰਯੋਜਨ, ਕਾਵਿ-ਕਾਰਣ-ਇਨ੍ਹਾਂ ਦਾ ਵਰਣਨ ਹੈ। ਅੰਤਲੇ ਅਧਿਆਇ ਵਿੱਚ ਕਾਵਿ ਦੇ ਪ੍ਰਕਾਰ ਦੱਸੇ ਗਏ ਹਨ।ਦੂਜੇ ਤੋਂ ਛੇਵੇਂ ਅਧਿਆਇ ਤੱਕ ਸ਼ਬਦ, ਸ਼ਬਦਾਲੰਕਾਰ ਅਤੇ ਸ਼ਬਦਦੋਸ਼- ਇਹਨਾਂ ਦਾ ਨਿਰੂਪਣ ਹੈ। ਸਤਵੇਂ ਤੋਂ ਯਾਰਵੇਂ ਤੱਕ ਵਿੱਚ ਅਰਥ, ਅਰਥਾਲੰਕਾਰ ਅਤੇ ਅਰਥਦੋਸ਼ ਦੱਸੇ ਗਏ ਹਨ। ਬਾਰਵੇਂ ਤੋਂ ਪੰਦਰਵੇਂ ਤੱਕ ਵਿੱਚ ਸ਼੍ਰਿਗਾਰ ਅਤੇ ਦੂਜੇ ਰਸ ਅਤੇ ਨਾਇਕ- ਨਾਇਕਾ ਦੇ ਭੇਦਾਂ ਆਦਿ ਦਾ ਹਾਲ ਹੈ। ਪ੍ਰੇਯ ਰਸ ਵੀ ਰੁਦ੍ਰਟ ਨੇ ਮੰਨਿਆ ਹੈ।[4]

ਆਚਾਰੀਆ ਰੁਦ੍ਰਟ ਨੇ ਆਪਣੀ ਪੁਸਤਕ 'ਕਾਵਿਅਲੰਕਾਰ' ਦੇ ਦੂਜੇ, ਤੀਜੇ, ਚੌਥੇ, ਪੰਜਵੇਂ, ਸੱਤਵੇਂ, ਅੱਠਵੇਂ, ਨੌਵੇਂ ਅਤੇ ਦਸਵੇਂ ਪਰਿਛੇਦਾਂ(ਅਧਿਆਵਾਂ) ਵਿੱਚ ਅਲੰਕਾਰਾਂ ਦਾ ਬੜੇ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਹੈ।  ਇਸ ਨੇ ਆਪਣੇ ਪੂਰਵ-ਵਰਤੀਆਂ ਦੇ ਮੁਕਾਬਲੇ ਕਈ ਨਵੇਂ ਅਲੰਕਾਰ ਪੇਸ਼ ਕੀਤੇ ਹਨ ਅਤੇ ਇਹਨਾਂ ਦੀ ਗਿਣਤੀ 62 ਤਕ ਵਧਾਈ ਹੈ। ਇਸ ਸੰਬੰਧ ਵਿੱਚ ਇਸ ਦੀ ਵਿਸ਼ੇਸ਼ ਦੇਣ ਇਹ ਹੈ ਕਿ ਇਸ ਨੇ ਪਹਿਲੀ ਵਾਰ ਸ਼ਬਦ ਅਤੇ ਅਰਥ ਅਲੰਕਾਰਾਂ ਦੀ ਵੰਡ ਕੀਤੀ ਹੈ ਅਤੇ ਫਿਰ ਅਲੰਕਾਰਾਂ ਦੇ ਵਿਗਿਆਨਿਕ ਆਧਾਰ ਤੇ ਚਾਰ ਵਰਗ ਬਣਾਏ ਹਨ- ਵਾਸਤਵ, ਔਪਮਯ, ਅਤਿਸ਼ਯ ਅਤੇ ਸ਼ਲੇਸ਼।

ਅਲੰਕਾਰਵਾਦੀ ਆਚਾਰਯ ਹੁੰਦੇ ਹੋਏ ਵੀ ਰੁਦ੍ਰਟ ਨੇ ਰਸ ਅਤੇ  ਰੀਤੀ ਨੂੰ ਵੀ ਕਾਵਿ ਵਿੱਚ ਸਮਾਨ ਮੱਹਤਵ ਦਿੱਤਾ ਹੈ। ਇਸ ਅਨੁਸਾਰ ਕਾਵਿ ਵਿੱਚ ਚਮਤਕਾਰ ਅਲੰਕਾਰ ਆਧਾਰਿਤ ਹੈ ਅਤੇ ਗ੍ਰਹਿਣਸ਼ੀਲਤਾ ਰਸ ਤੇ ਨਿਰਭਰ ਕਰਦੀ ਹੈ। ਇਸ ਦੇ ਪੂਰਵ-ਵਰਤੀ ਭਾਮਹ, ਦੰਡੀ ਅਤੇ ਉਦਭੱਟ ਨੇ ਰਸ ਦੀ ਸਮਾਈ ਅਲੰਕਾਰਾਂ ਵਿੱਚ ਹੀ ਕੀਤੀ ਹੈ, ਪਰ ਰੁਦ੍ਰਟ ਨੇ ਰਸ ਦਾ ਵੱਖ ਮਹੱਤਵ ਮੰਨ ਕੇ ਆਪਣੀ ਪੁਸਤਕ ਦੇ ਚਾਰ ਪਰਿਛੇਦਾਂ ਵਿੱਚ ਇਸ ਵਿਸ਼ਲੇਸ਼ਣ ਨੂੰ ਅਰਪਿਤ ਕੀਤਾ ਹੈ।[5]

ਰੀਤੀ ਸਿਧਾਂਤ ਵਿੱਚ ਵੀ ਰੁਦ੍ਰਟ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ਅਤੇ ਰੀਤੀ ਦੇ ਤਿੰਨ ਭੇਦਾਂ ਦੀ ਥਾਂ ਚਾਰ ਭੇਦਾਂ ਦੀ ਸਥਾਪਨਾ ਕੀਤੀ। ਉਸ ਨੇ ਸਮਾਸ ਦੇ ਅਭਾਵ ਨੂੰ ਵੈਦਰਭੀ, ਅਲਪ ਮਾਤਰਾ ਵਿੱਚ ਸਮਾਸ ਨੂੰ ਪਾਂਚਾਲੀ, ਮੱਧਮ ਸ਼ੇਣੀ ਦੇ ਸਮਾਸ ਨੂੰ ਲਾਟੀ ਅਤੇ ਸਮਾਸ ਬਹੁਲਤਾ ਨੂੰ ਗੌੜੀ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਰੁਦ੍ਰਟ ਨੇ ਰੀਤੀ ਅਤੇ ਰਸ ਦੀ ਸੰਬੰਧ ਸਥਾਪਨਾ ਕਰਕੇ ਇਨ੍ਹਾਂ ਦੀ ਨਿਘ ਨੂੰ ਦਰਸਾਇਆ ਹੈ।[6]

ਆਚਾਰੀਆ ਰੁਦ੍ਰਟ ਅਨੁਸਾਰ ਮਹਾਂਕਾਵਿ ਦੇ ਗੁਣ[ਸੋਧੋ]

ਰੁਦ੍ਰਟ ਨੇ ਆਪਣੇ ਗ੍ਰੰਥ 'ਕਾਵਿਆਲੰਕਾਰ' ਵਿੱਚ ਮਹਾਂਕਾਵਿ ਦੇ ਸਰੂਪ ਬਾਰੇ ਵੀ ਵਰਣਨ ਕੀਤਾ ਹੈ। ਮਹਾਂਕਾਵਿ ਦਾ ਸਰੂਪ ਸਪਸ਼ਟ ਕਰਦਿਆਂ ਇਸ ਦੇ ਵਿਆਪਕ ਤੱਤਾਂ ਦਾ ਵਿਵੇਚਨ ਕੀਤਾ ਹੈ।

1. ਮਹਾਂਕਾਵਿ ਦੀ ਕਹਾਣੀ ਸਿਰਜੀ ਹੋਈ ਜਾਂ ਇਤਿਹਾਸ ਪ੍ਰਾਪਤ ਹੁੰਦੀ ਹੈ ਅਤੇ ਉਹ ਛੋਟੀ ਜਾਂ ਵੱਡੀ ਹੋ ਸਕਦੀ ਹੈ।

2. ਪ੍ਰਸੰਗ ਦੇ ਅਨੁਕੂਲ ਉਪਕਥਾਵਾਂ ਦੀ ਵਰਤੋਂ

3.ਸਰਗਾਂ ਵਿੱਚ ਕਥਾ ਦੀ ਵੰਡ ਅਤੇ ਨਾਟਕੀ ਤੱਤ

4.ਜੀਵਨ ਦਾ  ਭਰਪੂਰ ਚਿਤਰਣ ਅਤੇ ਪ੍ਰਧਾਨ ਕਥਾ ਅਤੇ ਘਟਨਾ ਦੇ ਮਾਧਿਅਮ ਦੁਆਰਾ ਕੁਦਰਤ, ਨਗਰ, ਦੇਸ਼ ਆਦਿ ਦਾ ਵਰਣਨ ਹੁੰਦਾ ਹੈ।

5.ਨਾਇਕ, ਸਰਬ ਗੁਣ ਭਰਪੂਰ, ਬ੍ਰਾਹਮਣ, ਸੂਰਮਾ ਬਹਾਦਰ, ਜੇਤੂ, ਮਹਾਬਲੀ,  ਨੀਤੀਵਾਨ ਅਤੇ ਸੁਯੋਗ ਰਾਜਾ ਹੁੰਦਾ ਹੈ।

6.ਪ੍ਰਤੀਨਾਇਕ ਦਾ ਅਤੇ ਉਸ ਦੇ ਬੰਸ ਦਾ ਵਰਣਨ

7.ਧਰਮ,ਅਰਥ,ਕਾਮ ਤੇ ਮੋਕਸ਼ ਚਾਰ ਪਦਾਰਥਾਂ ਦੀ ਪ੍ਰਾਪਤੀ

8.ਦੈਵੀ ਤੇ  ਪਰਾਸਰੀਰਕ ਘਟਨਾਵਾਂ ਦਾ ਵਰਣਨ ਪਰ ਗ਼ੈਰ ਕੁਦਰਤੀ, ਅਣਹੋਣੀਆ ਘਟਨਾਵਾਂ ਨਹੀਂ।[7]

'ਕਾਵਿਆਲੰਕਾਰ' ਵਿੱਚ ਭਾਵੇਂ ਭਾਸ਼ਾ,ਰੀਤੀ, ਰਸ ਉਪਰ ਵੀ ਵਿਸਥਾਰ ਕੀਤਾ ਗਿਆ ਹੈ, ਪਰ ਗ੍ਰੰਥ ਦਾ ਮੁੱਖ ਉਦੇਸ਼ ਅਲੰਕਾਰਾਂ ਦਾ ਹੀ ਵਰਣਨ ਹੈ ਅਤੇ ਉਹ ਪਹਿਲੇ ਪਹਿਲ ਵਿਗਿਆਨਿਕ ਢੰਗ ਨਾਲ ਕੀਤਾ ਗਿਆ ਹੈ।

ਹਵਾਲੇ[ਸੋਧੋ]

  1. Shukla, Pandit Ramadeva. KAVYALANKARA OF RUDRATA. Delhi: Chaukhamba Sanskrit Pratishthan. p. 14.
  2. ਸਿੰਘ ਸੇਖੋਂ, ਡਾ. ਰਾਜਿੰਦਰ (2013). ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਲਾਹੌਰ ਬੁੱਕਸ, 2 ਲਾਜਪਤ ਰਾਏ ਮਾਰਕੀਟ, ਲੁਧਿਆਣਾ. p. 19. ISBN 978-81-7647-346-0.
  3. ਸ਼ਰਮਾ, ਪ੍ਰੋ਼. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸ਼ਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 308. ISBN 978-81-302-0462-8.
  4. ਕਵੀਰਾਜ ਕ੍ਰਿਤ, ਸ਼੍ਰੀ ਵਿਸ਼ਵਨਾਥ (1972). ਸਾਹਿਤਯ ਦਰਪਣ. ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ੍. p. 6.
  5. ਕੌਰ ਜੱਗੀ, ਡਾ. ਗੁਰਸ਼ਰਨ (1994). ਭਾਰਤੀ ਕਾਵਿ ਸ਼ਾਸ਼ਤ੍ਰ (ਸਰੂਪ ਅਤੇ ਸਿਧਾਂਤ). ਦਿਲੀ: ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ. p. 66.
  6. ਕੌਰ ਜੱਗੀ, ਡਾ. ਗੁਰਸ਼ਰਨ (1994). ਭਾਰਤੀ ਕਾਵਿ ਸ਼ਾਸ਼ਤ੍ਰ (ਸਰੂਪ ਅਤੇ ਸਿਧਾਂਤ). ਦਿੱਲੀ: ਆਰਸੀ ਪਬਲਿਸ਼ਰਜ ਚਾਂਂਦਨੀ ਚੌਕ ਦਿੱਲੀ. p. 91.
  7. ਸਿੰਘ ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ (2012). ਭਾਰਤੀ ਕਾਵਿ -ਸ਼ਾਸ਼ਤਰ. ਪਟਿਆਲਾ: ਮਦਾਨ ਪਬਲੀਕੇਸ਼ਨਜ਼, ਪਟਿਆਲਾ. p. 16.