ਆਚਾਰੀਆ ਵਿਦਿਆਧਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਾਣ-ਪਹਿਚਾਣ[ਸੋਧੋ]

ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਵਿਦਿਆਧਰ ਦਾ ਨਾਮ ਕਾਵਿਸ਼ਾਸਤਰੀ ਗ੍ਰੰਥ 'ਏਕਾਵਲੀ' ਦੇ ਲੇਖਕ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਇਹ ਉਤਕਲ(ਅੱਜ ਦਾ ਉੜੀਸਾ ਪ੍ਰਦੇਸ਼) ਦੇ ਰਾਜਾ ਨਰਸਿੰਘ ਦੇ ਆਸਰੇ ਵਿੱਚ ਰਹਿੰਦੇ ਸਨ[1]

ਜਨਮ[ਸੋਧੋ]

ਸੰਸਕ੍ਰਿਤ ਕਾਵਿ-ਸ਼ਾਸਤਰ ਦੇ ਹੋਰ ਆਚਾਰੀਆ ਵਾਂਗ ਆਚਾਰੀਆ ਵਿਦਿਆਧਰ ਦੇ ਜੀਵਨ ਬਾਰੇ ਵੀ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਪਰ ਇਹਨਾਂ ਦੇ ਸਮੇਂ ਨੂੰ ਨਿਸ਼ਚਿਤ ਕਰਨ ਵਿੱਚ ਕੋਈ ਔਖ ਨਹੀਂ ਜਾਪਦੀ। ਇਹ ਰਾਜਾ ਨਰਸਿੰਘ ਦੇ ਆਸਰੇ ਵਿੱਚ ਰਹਿੰਦੇ ਸਨ। ਉਸ ਸਮੇਂ ਦੋ ਰਾਜੇ ਹੋਏ ਹਨ-ਕੇਸਰੀ ਨਰਸਿੰਘ( 1282-1307 ਈ. ਸਦੀ) ਅਤੇ ਪ੍ਰਤਾਪ ਨਰਸਿੰਘ (1307-1327 ਈ. ਸਦੀ) ਪਰ ਵਿਦਿਆਧਰ ਨੇ ਇਹਨਾਂ ਦੋਹਾਂ ਵਿੱਚੋਂ ਕਿਸ ਦੀ ਉਸਤਤਿ ਕੀਤੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਹੈ।

'ਏਕਾਵਲੀ' ਦੀ ਪ੍ਰਸਤਾਵਨਾ ਵਿੱਚ ਕਵੀ ਹਰਿਹਰ ਅਤੇ ਮਾਲਵਾ ਦੇ ਅਰਜੁਨ (13 ਵੀਂ ਈ. ਸਦੀ ਪਹਿਲੇ ਭਾਗ) ਦਾ ਉਲੇਖ ਹੈ[2]। ਇਸ ਤਰ੍ਹਾਂ ਵਿਦਿਆਧਰ ਦਾ ਸਮਾਂ 13 ਵੀਂ ਸਦੀ ਦਾ ਦੂਜਾ ਭਾਗ ਮੰਨਣ ਵਿੱਚ ਕੋਈ ਰੁਕਾਵਟ ਨਹੀਂ ਜਾਪਦੀ ਹੈ।

'ਏਕਾਵਲੀ' ਵਿੱਚ ਆਚਾਰੀਆ ਰੁੱਯਕ ਅਤੇ 'ਨੈਸ਼ਧ' ਕਾਵਿ ਦੇ ਲੇਖਕ ਮਹਾਕਵੀ ਸ਼੍ਰੀਹਰਸ਼ (12 ਵੀਂ ਈ. ਸਦੀ) ਦਾ ਵਰਨਣ ਕੀਤਾ ਗਿਆ ਹੈ[3]। ਸੋ ਵਿਦਿਆਧਰ ਇਹਨਾਂ ਦੋਹਾਂ ਤੋਂ ਬਾਅਦ ਦੇ ਕਹੇ ਜਾ ਸਕਦੇ ਹਨ। 'ਸ਼ਿੰਗਭੂਪਾਲ (13 ਵੀਂ ਈ. ਸਦੀ ਦੂਜਾ ਭਾਗ) ਨੇ ਆਪਣੇ ਗ੍ਰੰਥ ਵਿੱਚ 'ਰਸਾਰਣਵਸੁਧਾਰਕ' ਵਿੱਚ ਉੜੀਸਾ ਦੇ ਰਾਜੇ ਨਰਸਿੰਘ, ਵਿਦਿਆਧਰ ਅਤੇ ਇਹਨਾਂ ਦੀ ਕਿਰਤ 'ਏਕਾਵਲੀ' ਦਾ ਜ਼ਿਕਰ ਕੀਤਾ ਹੈ।

ਇਸ ਲਈ ਵਿਦਿਆਧਰ ਇਹਨਾਂ ਤੋਂ ਪਹਿਲਾਂ ਹੋਏ ਹੋਣਗੇ। ਟੀਕਾਕਾਰ ਮੱਲੀਨਾਥ (14 ਵੀਂ ਈ. ਸਦੀ ਅੰਤਿਮ ਭਾਗ) ਨੇ 'ਏਕਾਵਲੀ' ਉੱਪਰ 'ਤਰਲਾ' ਨਾਮ ਦੀ ਟੀਕਾ ਲਿਖੀ ਸੀ। ਇਸ ਤਰ੍ਹਾਂ ਵਿਦਿਆਧਰ ਇਸ ਤੋਂ ਪਹਿਲਾਂ ਦੇ ਹੋਣਗੇ।

ਉਕਤ ਵੇਰਵੇ ਦੇ ਆਧਾਰ ਤੇ ਵਿਦਿਆਧਰ ਦਾ ਸਮਾਂ 1280-1325 ਈ. ਸਦੀ ਦਾ ਮਧਭਾਗ ਹੋ ਸਕਦਾ ਹੈ।

ਯੋਗਦਾਨ[ਸੋਧੋ]

ਆਚਾਰੀਆ ਵਿਦਿਆਧਰ ਦਾ ਭਾਰਤੀ-ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਆਪਣਾ ਇੱਕ ਮਹੱਤਵਪੂਰਣ ਸਥਾਨ ਹੈ। ਇਹਨਾਂ ਦਾ ਨਾਮ 'ਏਕਾਵਲੀ' ਦੇ ਲੇਖਕ ਵਜੋਂ ਜਾਣਿਆ ਜਾਂਦਾ ਹੈ। ਇਸ ਰਚਨਾ ਦੇ ਸਮੇਂ ਦੇ ਆਧਾਰ ਤੇ ਭਾਰਤੀ ਸਮੀਖਿਆਕਾਰਾਂ ਨੇ ਭਾਰਤੀ ਕਾਵਿ-ਸ਼ਾਸਤਰ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਸਵੀਕਾਰ ਕੀਤਾ ਹੈ। ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਦੀ ਕੜੀ ਨੂੰ ਅੱਗੇ ਚਲਾਉਣ ਲਈ 'ਏਕਾਵਲੀ' ਦੇ ਯੋਗਦਾਨ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਇਹਨਾਂ ਨੇ ਸਾਸ਼ਤਰ ਦੇ ਸ਼ਬਦਪ੍ਰਧਾਨ (ਪ੍ਰਭੂਸੰਮਿਤ), ਅਰਥਪ੍ਰਧਾਨ (ਮਿਤ੍ਰਸੰਮਿਤ) ਅਤੇ ਧੁਨੀਪ੍ਰਧਾਨ (ਕਾਂਤਾਂਸੰਮਿਤ) ਰੂਪਾਂ ਦੀ ਵਿਆਖਿਆ ਕੀਤੀ ਹੈ। ਜਿਹੜਾ ਕਿ ਆਪਣੇ-ਆਪ ਵਿੱਚ ਇੱਕ ਨਵੇਕਲੀ ਧਾਰਣਾ ਜਾਪਦੀ ਹੈ।

ਰਚਨਾਵਾਂ[ਸੋਧੋ]

ਆਚਾਰੀਆ ਵਿਦਿਆਧਰ ਦੀਆਂ ਦੋ ਰਚਨਾਵਾਂ ਪ੍ਰਾਪਤ ਹਨ-

੧ ਏਕਾਵਲੀ

੨ ਕੇਲਿਰਹਸਯ

'ਏਕਾਵਲੀ' ਗ੍ਰੰਥ ਕਾਵਿ-ਸ਼ਾਸਤਰ ਦੇ ਵਿਸ਼ਿਆਂ ਤੇ ਲਿਖਿਆ ਹੋਇਆ ਹੈ। ਇਸ ਵਿੱਚ ਕਾਵਿ-ਸ਼ਾਸਤਰ ਦੇ ਸਾਰੇ ਤੱਤਾਂ ਦਾ ਪ੍ਰਤਿਪਾਦਨ ਹੋਇਆ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਗ੍ਰੰਥ ਦੇ ਕਾਰਿਕਾ, ਵ੍ਰਿੱਤੀ, ਉਦਾਹਰਣ - ਤਿੰਨ ਹਿੱਸਿਆਂ ਦੀ ਰਚਨਾ ਵਿਦਿਆਧਰ ਨੇ ਆਪਣੇ-ਆਪ ਕੀਤੀ ਹੈ ਅਤੇ ਉਦਾਹਰਣਾਂ ਵਿੱਚ ਆਪਣੇ ਆਸਰੇ ਦਾਤਾ  ਰਾਜਾ ਨਰਸਿੰਘ ਦੀ ਉਸਤਤੀ ਕੀਤੀ ਹੈ।

ਇਸ ਗ੍ਰੰਥ ਵਿੱਚ ਅੱਠ ਅਧਿਆਇ ਹਨ ਅਤੇ ਇਹਨਾਂ ਦੇ ਵਿਸ਼ੈ -ਪ੍ਰਤਿਪਾਦਨ ਦਾ ਕ੍ਰਮ ਨਿਮਨ ਅਨੁਸਾਰ ਹੈ:-

ਅਧਿਆਇ-1. ਵਿੱਚ ਕਾਵਿ - ਸਰੂਪ ; ਕਾਵਿ-ਹੇਤੂ; ਭਾਮਹ, ਮਹਿਮਭੱਟ ਆਦਿ ਆਚਾਰੀਆਂ ਦੇ ਮੱਤ ਸਮੀਖਿਆ।

ਅਧਿਆਇ-2. ਵਿੱਚ ਵਾਚਕ - ਲਾਕ੍ਸ਼ਣਿਕ - ਵਿਅੰਜਕ ਤਿੰਨ ਤਰ੍ਹਾਂ ਦੇ ਅਰਥਾਂ ਅਤੇ ਅਭਿਧਾ, ਲਕ੍ਸ਼ਣਾ,ਵਿਅੰਜਨਾ ਤਿੰਨ ਸ਼ਬਦ ਸਕਤੀਆਂ ਦਾ ਨਿਰੂਪਣ।

ਅਧਿਆਇ-3. ਵਿੱਚ ਧੁਨੀ ਦਾ ਸਰੂਪ ਅਤੇ ਇਸਦੇ ਭੇਦਾਂ ਦਾ ਵਿਵੇਚਨ।

ਅਧਿਆਇ-4. ਵਿੱਚ ਗੁਣੀਭੂਤਵਿਅੰਗ ਕਾਵਿ ਦਾ ਸਰਬਾਂਗ ਪ੍ਰਤਿਪਾਦਨ।

ਅਧਿਆਇ-5. ਮਾਧੁਰਯ, ਓਜ, ਪ੍ਰਸਾਦ-ਤਿੰਨ ਕਾਵਿਗਤ ਗੁਣਾਂ ਅਤੇ ਵੈਦਰਭੀ, ਗੌੜ੍ਹੀ,ਪਾਂਚਾਲੀ-ਤਿੰਨ ਰੀਤੀਆਂ ਦਾ ਵਿਵੇਚਨ।

ਅਧਿਆਇ-6. ਵਿੱਚ ਕਾਵਿਗਤ ਦੋਸ਼ਾਂ ਦਾ ਵਿਵੇਚਨ।

ਅਧਿਆਇ-7. ਵਿੱਚ ਸ਼ਬਦਾਲੰਕਾਰਾਂ ਦਾ ਸੋਦਾਹਰਣ ਪ੍ਰਤਿਪਾਦਨ।

ਅਧਿਆਇ-8. ਵਿੱਚ ਅਰਥਾਲੰਕਾਰ ਦਾ ਉਦਾਹਰਣ ਸਹਿਤ ਨਿਰੂਪਣ।

ਵਿਦਿਆਧਰ ਦੀ ਇਸ ਕਾਵਿਸ਼ਾਸਤਰੀ ਰਚਨਾ ਤੇ - ਆਨੰਦਵਰਧਨ, ਮੰਮਟ , ਰੁੱਯਕ - ਪ੍ਰਾਚੀਨ ਆਚਾਰੀਆਂ ਦਾ ਵਧੇਰੇ ਪ੍ਰਭਾਵ ਜਾਪਦਾ ਹੈ। ਅਲੰਕਾਰ-ਵਿਵੇਚਨ ਵਿੱਚ ਤਾਂ ਇਹਨਾਂ ਨੇ ਰੁੱਯਕ ਦੇ 'ਅਲੰਕਾਰਸਰਵਸ੍ਵ' ਤੋਂ, ਉਲੇਖ, ਵਿਚਿਤ੍ਰ, ਵਿਕਲਪ-ਅਲੰਕਾਰ ਦੇ ਲਕ੍ਸ਼ਣ ਹੂ-ਬ-ਹੂ ਉਧ੍ਰਿਤ ਕੀਤੇ ਹਨ ਅਤੇ ਅਲੰਕਾਰ ਦੇ ਵਰਗੀਕਰਣ ਦਾ ਸਾਹਸ ਵੀ ਰੁੱਯਕ-ਪ੍ਰੇਰਿਤ ਹੀ ਜਾਪਦਾ ਹੈ।

ਵਿਦਿਆਧਰ ਦੀ ਦੂਜੀ ਰਚਨਾ 'ਕੇਲਿਰਹਸਯ' ਕਾਮਸ਼ਾਸਤ੍ਰ ਨਾਲ ਸੰਬੰਧਿਤ ਹੈ[4]

ਹਵਾਲੇ[ਸੋਧੋ]

  1. ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 384. ISBN 978-81-302-0462-8.
  2. ਏਕਾਵਲੀ. p. 18.
  3. ਏਕਾਵਲੀ. p. 19.
  4. ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ. p. 385. ISBN 978-81-302-0462-8.