ਸਮੱਗਰੀ 'ਤੇ ਜਾਓ

ਆਧੁਨਿਕੀਕਰਨ ਤੇ ਸਭਿਅਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਧੁਨਿਕੀਕਰਨ[ਸੋਧੋ]

ਜਾਣ-ਪਛਾਣ[ਸੋਧੋ]

ਆਧੁਨਿਕੀਕਰਨ ਜੀਵਨ, ਜੀਵਨ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਮਾਦਾਨ ਪ੍ਰਤੀ ਵਿਆਪਕ ਅਤੇ ਵਿਗਿਆਨਕ ਦਿਸ਼ਟੀਕੋਣ ਅਪਣਾਉਣ ਦੀ ਰੁਚੀ ਦਾ ਬੋਧ ਕਰਾਉਣ ਵਾਲੀ ਪ੍ਰਕਿਰਿਆ ਹੈ। ਤਰਕਸ਼ੀਲਤਾ ਆਧੁਨਿਕੀਕਰਨ ਦਾ ਸ਼ਭ ਤੋਂ ਵੱਡਾ ਹਥਿਆਰ ਹੈ। ਅੰਧ-ਵਿਸ਼ਵਾਸ,ਰੂੜੀਵਾਦ ਅਤੇ ਰਵਾਇਤੀ ਢੰਗਾਂ ਨੂੰ ਨਕਾਰਕੇ ਇਹ ਪ੍ਰਵਿਰਤੀ ਤਰਕ,ਵਿਵੇਕ ਤੇ ਨਵੀਨ ਢੰਗਾਂ ਦੀ ਤਲਾਸ਼ ਵਲ ਵਧੇਰੇ ਯਤਨਸ਼ੀਲ ਹੈ। ਉਦਯੋਗਿਕ ਅਤੇ ਵਿਗਿਆਨਕ ਪ੍ਰਭਾਵਾਂ ਅਧੀਨ ਜ਼ਿੰਦਗੀ ਨੂੰ ਦੇਖਣ,ਪਰਖਣ ਅਤੇ ਮਾਨਣ ਦੇ ਸਾਰੇ ਪੱਖ ਆਧੁਨਿਕੀਕਰਨ ਦੇ ਅੰਤਰਗਤ ਆ ਜਾਂਦੇ ਹਨ।

ਆਧੁਨਿਕੀਕਰਨ ਅਤੇ ਸ਼ਹਿਰੀਕਰਨ ਪੁਰਾਤਨ ਸਮਾਜਕ ਢਾਚੇ ਵਿੱਚ ਆਈਆਂ ਤਬਦੀਲੀਆਂ ਨਾਲ ਸੰਬੰਧ ਰੱਖਦੇ ਹਨ। ਦੋਵੇਂ ਅਮਲਾ ਦੇ ਬਹੁਤ ਸਾਰੇ ਲੱਛਣ ਪਰਸਪਰ ਸਾਂਝੇ ਹਨ। ਦੋਵਾਂ ਦਾ ਪ੍ਰਭਾਵ ਵੀ ਇਕੋ ਜਿਹੇ ਖੇਤਰਾ ਤੇ ਪੈਂਦਾ ਹੈ। ਪਰੰਤੂ, ਜਿੱਥੇ ਸ਼ਹਿਰੀਕਰਨ ਦੀ ਪ੍ਰਵਿਰਤੀ ਅਧੀਨ ਨਵੀਨ ਰੁਚੀਆ ਅਪਣਾਉਣ ਦਾ ਪੱਖ ਸ਼ਾਮਲ ਹੈ, ਉਥੇ ਆਧੁਨਿਕੀਕਰਨ ਜੀਵਨ ਦੇ ਮੁਲਾਂਕਣ ਦੀ ਦ੍ਰਿਸ਼ਟੀ ਵੱਲ ਵਧੇਰੇ ਸੰਕੇਤ ਕਰਦਾ ਹੈ। ਇੱਥੇ ਅਪਣਾਉਣ ਅਤੇ ਤਿਆਗਣ ਦੇ ਦੋਵੇਂ ਅਮਲ ਵਿੱਚ ਹਰ ਫੈਸਲੇ ਦਾ ਅਧਾਰ ਤਰਕ ਉਤੇ ਟਿਕਿਆ ਹੈ। ਅਰਥਾਤ ਉਸਦਾ ਸੰਬੰਧ ਨਵੀਨ ਚਿੰਤਨ ਪ੍ਰਣਾਲੀ ਨਾਲ ਵਧੇਰੇ ਹੈ।

ਆਧੁਨਿਕੀਕਰਨ ਤੇ ਸਭਿਆਚਾਰ[ਸੋਧੋ]

ਆਧੁਨਿਕੀਕਰਨ ਦੀ ਰੁਚੀ ਪਰੰਪਰਾ ਨੂੰ ਮੁਢੋਂ-ਸੁਢੋਂ ਤਿਆਗਣ ਉੱਤੇ ਬਲ ਨਹੀਂ ਦਿੰਦੀ, ਸਗੋ ਉਸਦਾ ਪੁਨਰ-ਮੁਲਾਂਕਣ ਅਤੇ ਉਸ ਪ੍ਰਤੀ ਵਿਗਿਆਨਕ-ਦ੍ਰਿਸ਼ਟੀ ਅਪਣਾਉਣ ਉੱਤੇ ਬਲ ਦਿੰਦੀ ਹੈ। ਪਰੰਪਰਾ ਨੂੰ ਨਕਾਰ ਕੇ ਕੋਈ ਵੀ ਵਿਅਕਤੀ ਜਾਂ ਸਮਾਜ ਪ੍ਰਗਤੀ ਨਹੀਂ ਕਰ ਸਕਦਾ। ਆਧੁਨਿਕੀਕਰਨ ਵਿੱਚ ਨਵੀਨਤਾ ਅਤੇ ਪੰਰਪਰਾ ਵਿੱਚਕਾਰ ਕੋਈ ਘੱਪਾ ਨਹੀਂ ਹੈ।[1] ਸਮੁੱਚੀ ਸ੍ਰਿਸ਼ਟੀ ਇੱਕ ਨਿਰੰਤਰ ਪਰਿਵਰਤਨਸ਼ੀਲ ਪ੍ਰਕਿਰਿਆ ਹੈ। ਸਮੇਂ ਦੇ ਨਾਲ ਚਿੰਤਨ ਅਤੇ ਮੁੱਲਾਂ ਵਿੱਚ ਵੀ ਪਰਿਵਰਤਨ ਹੁੰਦਾ ਰਹਿੰਦਾ ਹੈ। ਪਰਿਵਾਰਕ ਰਹਿਣ-ਸਹਿਣ ਵਿੱਚ ਵੀ ਅੰਤਰ ਆ ਗਿਆ ਹੈ। ਮਨੁੱਖ ਦੀ ਭਾਸ਼ਾ,ਧਰਮ,ਰੀਤੀ-ਰਿਵਾਜਾਂ,ਪਹਿਰਾਵੇ ਅਤੇ ਖਾਣ-ਪੀਣ ਦੇ ਢੰਗਾਂ ਵਿੱਚ ਵੀ ਪਰਿਵਰਤਨ ਆ ਗਿਆ ਹੈ। ਤੀਹ-ਚਾਲੀ ਸਾਲ ਪਹਿਲੋਂ ਪਿੰਡ ਜਾਂ ਸ਼ਹਿਰ ਵਿੱਚ ਪੈਦਾ ਹੋਣਾ ਅਤੇ ਉੱਥੇ ਹੀ ਜੀਵਨ ਭੋਗ ਕੇ ਮਰ ਜਾਣਾ ਮਨੁੱਖ ਦੀ ਨੀਤੀ ਹੋਇਆ ਕਰਦੀ ਸੀ। ਹੁਣ ਮਨੁੱਖ ਦੀ ਦੁਨੀਆ ਉਸਦੇ ਪਿੰਡ,ਸ਼ਹਿਰ ਜਾਂ ਪਰਿਵਾਰ ਤੱਕ ਹੀ ਸੀਮਿਤ ਨਹੀਂ ਰਹੀ,ਹੁਣ ਵੱਡੇ-ਵੱਡੇ ਸ਼ਹਿਰਾਂ ਵਿੱਚ ਹਰ ਰਾਜ ਦੇ ਲੋਕ ਆ ਵਸੇ ਹਨ। ਬਹੁਤ ਸਾਰੀਆ ਯੂਨੀਵਰਸਿਟੀਆਂ,ਸ਼ਹਿਰਾਂ ਵਿੱਚ ਤੁਹਾਨੂੰ ਯੂਰਪੀਅਨ, ਸਿਥੀਅਨ,ਬੰਗਾਲੀ,ਮਦਰਾਸੀ,ਰਾਜਸਥਾਨੀ ਆਦਿ ਹਰ ਰਾਜ ਦੇ ਵਸਨੀਕ ਮਿਲਣਗੇ। ਸਿੱਟੇ ਵਜੋਂ ਇਸ ਤਕਨੀਕ ਦੇ ਰਾਹੀਂ ਸਭਿਆਚਾਰੀਕਰਨ ਵੱਡੇ ਪੱਧਰ ਤੇ ਫੈਲ ਗਿਆ।[2]

ਆਧੁਨਿਕੀਕਰਨ ਭੌਤਿਕ ਅਤੇ ਤਕਨੀਕੀ ਪ੍ਰਾਪਤੀਆਂ ਦੁਆਰਾ ਸਥਾਪਿਤ ਕੀਤੀ ਉਹ ਸਮਾਜਕ ਵਿਵਸਥਾ ਹੈ। ਜਿਸ ਵਿੱਚ ਮਸ਼ੀਨ, ਤਕਨਾਲੌਜੀ,ਵਿਵੇਕਸ਼ੀਲਤਾ ਅਤੇ ਧਰਮ ਨਿਰਪੇਖ ਦਿਸ਼ਟੀਕੋਣ ਅਤੇ ਬੇਹੱਦ ਜਟਿਲ ਸਮਾਜਕ ਢਾਚਾ ਪ੍ਰਧਾਨ ਹੋ ਜਾਂਦਾ ਹੈ। ਆਧੁਨਿਕੀਕਰਨ ਵਿੱਚ ਪਰੰਪਰਾਗਤ ਵਿਚਾਰ ਅਤੇ ਵਤੀਰੇ ਆਪਣੇ ਅਰਥ ਬਦਲ ਲੈਂਦੇ ਹਨ। ਆਧੁਨਿਕੀਕਰਨ ਨੇ ਸਮਕਾਲੀਨ ਯੁੱਗ ਵਿੱਚ ਦਵੰਦ ਦੀ ਪ੍ਰਕਿਰਿਆ ਨੂੰ ਵੀ ਤੇਜ ਕਰ ਦਿੱਤਾ ਹੈ। ਵਿਅਕਤੀ ਅਤੇ ਸਮਾਜ ਦਾ ਦੰਵਦ, ਸਾਧਨਹੀਣ ਅਤੇ ਸਾਧਨ ਸੰਪੰਨ ਲੋਕਾਂ ਦਾ ਦਵੰਦ, ਪਰੰਪਰਾ ਅਤੇ ਨਵੀਨਤਾ ਦਾ ਦਵੰਦ। ਇਸ ਅਵਸਥਾ ਵਿੱਚ ਵਧੇਰੇ ਜਟਿਲ ਰੂਪ ਧਾਰਦੇ ਜਾ ਰਹੇ ਹਨ।[3]

ਆਧੁਨਿਕੀਕਰਨ ਦੀ ਸਮੱਸਿਆਵਾਂ[ਸੋਧੋ]

ਆਧੁਨਿਕੀਕਰਨ ਇੱਕ ਅਜਿਹੀ ਪ੍ਰਕਿਰਿਆ ਹੈ,ਜੋ ਪਹਿਲਾਂ ਪਛੱਮੀ ਸਮਾਜ ਅਤੇ ਬਾਅਦ ਵਿੱਚ ਸਾਰੀ ਦੁਨੀਆ ਵਿੱਚ ਵਾਪਰੀ। ਇਸ ਪ੍ਰਕਿਰਿਆ ਦੇ ਤੁਲਨਾਤਮਕ ਅਧਿਐਨ ਦੁਆਰਾ ਦੁਨੀਆ ਦੇ ਬਹੁਤ ਸਾਰੇ ਹਿੱਸਿਆ ਵਿੱਚ ਪੈਦਾ ਹੋਣ ਵਾਲੀ ਆ ਸਮੱਸਿਆਵਾਂ ਨੂੰ ਜਾਣਿਆ ਤੇ ਸਮਝਿਆ ਜਾ ਸਕਦਾ ਹੈ। ਬਹੁਤ ਸਾਰੀਆ ਸੁਸਾਇਟੀਆਂ ਵਿੱਚ ਪਰਿਵਰਤਨ ਆੲੇ,ਇਨ੍ਹਾਂ ਪਰਿਵਰਤਨਾਂ ਨੇ ਆਰਥਿਕ ਪ੍ਰਬੰਧ, ਸਮਾਜਕ ਰਿਸ਼ਤਿਆ, ਵਿਚਾਰਧਾਰਾਵਾਂ ਅਤੇ ਤਕਨੋਲੋਜੀ ਨੂੰ ਪ੍ਰਭਾਵਿਤ ਕੀਤਾ ਹੈ।[4]

ਇਸ ਪ੍ਰਕਿਰਿਆ ਸਦਕੇ ਪੰਜਾਬੀ ਜਾਂ ਭਾਰਤੀ ਸਭਿਆਚਾਰ ਦੀ ਸਥਿਤੀ ਸਭਿਆਚਾਰਕ ਪਿਛੜੇਵੇਂ ਦੇ ਸੰਕਟ ਵਿੱਚ ਘਿਰੀ ਹੋਈ ਹੈ। ਸਭਿਆਚਾਰ ਦਾ ਪਦਾਰਥਕ ਪੱਖ ਬਹੁਤ ਅੱਗੇ ਲੰਘ ਚੁਕਿਆ ਹੈ। ਜਦੋਂ ਕਿ ਬੋਧਾਤਮਕ ਤੇ ਪ੍ਰਤਿਮਾਨਕ ਪੱਖ ਬਹੁਤ ਹੀ ਧੀਮੀ ਗਤੀ ਨਾਲ ਬਦਲ ਰਹੇ ਹਨ ਜਿਵੇਂ ਕਿ- ਆਗਬਰਨ ਆਫ ਸੋਸ਼ਿਆਲੋਜੀ ਵਿੱਚ ਸ਼ਹਿਰੀ ਵਸੋਂ ਦੇ ਵੱਧਣ-ਘੱਟਣ ਤੋਂ ਪੈਦਾ ਹੁੰਦੇ ਅਸੰਤੁਲਨ ਦਾ ਜ਼ਿਕਰ ਕੀਤਾ ਹੈ। ਉਸ ਪਛੜੇਵੇਂ ਦੇ ਅਸੰਤੁਲਨ ਨੂੰ ਖਤਮ ਕਰਨ ਦੇ ਢੰਗਾਂ ਵੱਲ ਸੰਕੇਤ ਨਹੀਂ ਮਿਲਦਾ। ਇਨ੍ਹਾਂ ਅਨੁਸਾਰ-"ਟਕਨਾਲੋਜੀ ਆਧੁਨਿਕ ਸਮਾਜ ਵਿੱਚ ਭਿਆਨਕ ਹੱਦ ਤੱਕ ਸਭਿਆਚਾਰਕ ਪਛੜੇਵੇਂ ਵਰਗਾ ਅਸੰਤੁਲਨ ਜਮ੍ਹਾਂ ਕਰੀ ਜਾ ਰਹੀ ਹੈ।"[5]

ਆਧੁਨਿਕੀਕਰਨ ਜਾਂ ਆਧੁਨਿਕੀ ਬੋਧ ਦੇ ਸਹਾਰੇ ਬਹੁਤ ਸਾਰੀਆ ਕਰੂਰ ਕੀਮਤਾਂ ਨੇ ਵੀ ਪੰਜਾਬੀ ਸਭਿਆਚਾਰ ਵਿੱਚ ਪ੍ਰਵੇਸ਼ ਕੀਤਾ। ਸਾਹਿਤ ਦੇ ਖੇਤਰ ਵਿੱਚ ਇਸਨੂੰ ਪ੍ਰਕਿਰਤੀਵਾਦੀ ਯਥਾਰਥਵਾਦ ਦੇ ਨਾਂ ਥੱਲੇ ਅਪਣਾਇਆ ਅਤੇ ਪ੍ਰਗਟਾਇਆ ਜਾ ਰਿਹਾ ਹੈ। ਔਰਤ ਦਾ ਸੁੰਤਤਰਤਾ ਨਾਲ ਲਿੰਗ ਸੰਬੰਧ ਕਾਇਮ ਕਰਨਾ, ਵਿਵਰਜਿਤ ਵਿਸ਼ਿਆ ਉੱਤੇ ਲਿਖਣਾ ਜਾਂ ਚਰਚਾ ਕਰਨਾ,ਭੁਲੇਖੇ ਵਸ 'ਇਨਕਲਾਬ' ਸਮਝਿਆ ਜਾਣ ਲੱਗ ਪਿਆ ਹੈ। ਵਾਸਵਿਕਤਾ ਦੀ ਝਲਕ ਦਰਸਾਉਣ ਲਈ 'ਗਾਲਾਂ' ਤੱਕ ਦਾ ਪ੍ਰਯੋਗ ਕਰ ਲੈਣਾ,ਇਸ ਰੁਚੀ ਦੀਆਂ ਵਰਣਨ ਯੋਗ ਖਾਮੀਆਂ ਹਨ।[6]

ਸਮੁੱਚੇ ਰੂਪ ਵਿੱਚ ਆਧੁਨਿਕੀਕਰਨ ਰਾਹੀਂ ਇੱਕ ਰਾਜ ਦੇ ਸਭਿਆਚਾਰ ਨੇ ਦੂਜੇ ਰਾਜ ਦੇ ਸਭਿਆਚਾਰ ਤੇ ਪ੍ਰਭਾਵ ਪਾਇਆ ਹੈ,ਅਤੇ ਅੰਤਰ-ਰਾਜੀ,ਅੰਤਰ-ਸਭਿਆਚਾਰੀ ਅਤੇ ਅੰਤਰ-ਜਾਤੀ ਮੇਲ-ਜੋਲ ਆਮ ਹੋ ਗਿਆ ਹੈ। ਭਿੰਨ-ਭਿੰਨ ਰਾਜਾਂ ਵਿੱਚ ਵੰਡਿਆ ਹੋਇਆ ਹਿੰਦੁਸਤਾਨ ਹੁਣ ਇੱਕਮੁੱਠ ਹੁੰਦਾ ਜਾ ਰਿਹਾ ਹੈ।[7]

ਹਵਾਲੇ[ਸੋਧੋ]

  1. ਜੀਤ ਸਿੰਘ ਜ਼ੋਸ਼ੀ, ਪੰਜਾਬੀ ਸਭਿਆਚਾਰ ਬਾਰੇ, ਪੰਜਾਬੀ ਰਾਇਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ, ਲੁਧਿਆਣਾ, ਪੰਨਾ ਨੰ. 22
  2. ਡਾ.ਟੀ.ਆਰ.ਸ਼ਰਮਾ,ਸਿਖਿਆ ਅਤੇ ਆਧੁਨਿਕੀਕਰਨ,ਪਬਲੀਕੇਂਸ਼ਨ ਬਿਊਰੋ,ਪੰਜਾਬੀ ਯੂਨੀਵਰਸਿਟੀ,ਪਟਿਆਲਾ,ਪੰਨਾ ਨੰ.6
  3. ਡਾ.ਰਮੇਸ਼ ਕੁਤੰਲ ਮੇਘ,ਆਧੁਨਿਕਤਾ ਬੋਧ ਔਰ ਆਧੁਨਿਕੀਕਰਨ,ਪੰਨਾ ਨੰ.35
  4. ਬ੍ਰਹਮਜਗਦੀਸ਼ ਸਿੰਘ,ਪੰਜਾਬੀ ਸੰਦਰਭ ਮੂਲਕ ਅਧਿਐਨ,ਵਾਰਿਸ਼ ਸ਼ਾਹ ਫਾਉਂਡੇਸ਼ਨ ਅੰਮ੍ਰਿਤਸਰ,ਪੰਨਾ ਨੰ.4
  5. ਪ੍ਰੋ.ਗੁਰਬਖ਼ਸ਼ ਸਿੰਘ ਫਰੈਂਕ,ਸਭਿਆਚਾਰ ਤੇ ਪੰਜਾਬੀ ਸਭਿਆਚਾਰ,ਪੰਜਾਬੀ ਰਾਈਟਰਜ਼,ਕੋਆਪਰੇਟਿਵ ਸੋਸਾਇਟੀ,ਲੁਧਿਆਣਾ,ਪੰਨਾ ਨੰ.
  6. ਜੀਤ ਸਿੰਘ ਜੋਸ਼ੀ,ਪੰਜਾਬੀ ਸਭਿਆਚਾਰ ਬਾਰੇ,ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮਟਿਡ,ਲੁਧਿਆਣਾ,ਪੰਨਾ ਨੰ.123
  7. ਜਸਬੀਰ ਸਿੰਘ ਜੱਸ,ਪੰਜਾਬੀ ਸਭਿਆਚਾਰ ਉੱਤੇ ਬਦੇਸ਼ੀ ਪ੍ਰਭਾਵ,ਪੰਜਾਬੀ ਰਾਇਟਰਜ਼ ਕੋਆਪਰੇਟਿਵ ਸੁਸਾਇਟੀ,ਲੁਧਿਆਣਾ,ਪੰਨਾ ਨੰ.