ਸਮੱਗਰੀ 'ਤੇ ਜਾਓ

ਉਪਵਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਪਵਾਕ ਸ਼ਬਦ ਤੋਂ ਹੀ ਪਤਾ ਲਗਦਾ ਹੈ ਕਿ ਇਹ ਇੱਕ ਛੋਟਾ ਵਾਕ ਹੁੰਦਾ ਹੈ। ਇਹ ਵਾਕ ਦੀ ਅਜਿਹੀ ਭਾਸ਼ਾਈ ਇਕਾਈ ਹੈ, ਜੋ ਕਿਸੇ ਵਾਕ ਦਾ ਅੰਗ ਹੁੰਦੀ ਹੋਈ ਵੀ ਆਪਣੇ ਆਪ ਵਿੱਚ ਸੁਤੰਤਰ ਵਾਕ ਨਹੀਂ ਹੁੰਦੀ, ਸਗੋਂ ਆਪਣੇ ਵਰਗੇ ਹੋਰ ਉਪਵਾਕ ਨਾਲ ਯੋਜਕ ਦੇ ਸਹਾਰੇ ਜੁਡ਼ੀ ਹੁੰਦੀ ਹੈ।
ਉਪਵਾਕ ਵਿੱਚ ਵਾਕ ਦੇ ਸਾਰੇ ਤੱਥ 'ਤੇ ਸਮਰੱਥਾ ਹੁੰਦੀ ਹੈ, ਪਰ ਇਹ ਪੂਰੇ ਵਾਕ ਦਾ ਹਿੱਸਾ ਹੁੰਦਾ ਹੈ।

ਵਿਸਥਾਰ ਸਹਿਤ[ਸੋਧੋ]

ਵਾਕ ਅਤੇ ਸ਼ਬਦ ਦੇ ਵਿਚਕਾਰ ਹੋਰ ਦੋ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਹਨਾਂ ਨੂੰ ਉਪਵਾਕ ਅਤੇ ਵਾਕੰਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਨ੍ਹਾਂ ਇਕਾਈਆਂ ਨੂੰ ਕ੍ਰਮਵਾਰ ਇਸ ਤਰਤੀਬ ਵਿੱਚ ਰੱਖਿਆ ਜਾਂਦਾ ਹੈ, ਜਿਵੇਂ;
ਵਾਕ>ਉਪਵਾਕ>ਵਾਕੰਸ਼>ਸ਼ਬਦ
ਵਾਕ<ਉਪਵਾਕ<ਵਾਕੰਸ਼<ਸ਼ਬਦ

ਉੱਪਰ ਦਿੱਤੀ ਤਰਤੀਬ ਤੋਂ ਇਹ ਪਤਾ ਲਗਦਾ ਹੈ ਕਿ ਵਾਕ ਤੋਂ ਲੈ ਕੇ ਸ਼ਬਦ ਤੱਕ ਅਤੇ ਸ਼ਬਦ ਤੋਂ ਲੈ ਕੇ ਵਾਕ ਤੱਕ, ਵੱਡੀ ਤੋਂ ਛੋਟੀ ਅਤੇ ਛੋਟੀ ਤੋਂ ਵੱਡੀ ਇਕਾਈ ਤੱਕ ਦਾ ਇਹ ਵਿਚਰਨ ਕ੍ਰਮ ਹੈ। ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਬਣਤਰ ਪੱਖੋਂ ਦੋ ਭਾਗਾਂ 'ਸਧਾਰਨ' ਅਤੇ 'ਗੈਰਸਧਾਰਨ' ਦੇ ਵਰਗਾਂ ਵਿੱਚ ਰੱਖਿਆ ਜਾਂਦਾ ਹੈ। ਸਧਾਰਨ ਵਾਕਾਂ ਦੀ ਬਣਤਰ ਇਕਹਿਰੀ ਹੁੰਦੀ ਹੈ ਜਦੋਂਕਿ ਗੈਰਸਧਾਰਨ ਵਾਕਾਂ ਦੀ ਬਣਤਰ ਵਿੱਚ ਇੱਕ ਤੋਂ ਵਧੇਰੇ ਉਪਵਾਕ ਸ਼ਾਮਲ ਹੁੰਦੇ ਹਨ। ਇਹ ਉਪਵਾਕ ਯੋਜਕਾਂ ਦੁਆਰਾ ਜੁਡ਼ੇ ਹੁੰਦੇ ਹਨ। ਇਹ ਯੋਜਕ ਰੂਪ ਅਤੇ ਕਾਰਜ ਦੀ ਦ੍ਰਿਸ਼ਟੀ ਤੋਂ ਦੋ ਪ੍ਰਕਾਰ ਦੇ ਹੁੰਦੇ ਹਨ। ਇੱਕ ਪ੍ਰਕਾਰ ਦੇ ਯੋਜਕਾਂ ਨੂੰ ਸਮਾਨ ਯੋਜਕਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜੋ ਵਾਕ ਵਿੱਚ ਵਿਚਰਦੇ ਸਵਾਧੀਨ ਉਪਵਾਕਾਂ ਨੂੰ ਜੋਡ਼ਦੇ ਹਨ ਜਦੋਂ ਕਿ ਦੂਜੀ ਪ੍ਰਕਾਰ ਦੇ ਯੋਜਕ ਸਵਾਧੀਨ ਅਤੇ ਪਰਾਧੀਨ ਉਪਵਾਕਾਂ ਨੂੰ ਜੋਡ਼ਨ ਦਾ ਕਾਰਜ ਕਰਦੇ ਹਨ। ਇਸ ਪ੍ਰਕਾਰ ਸਧਾਰਨ ਵਾਕਾਂ ਵਿੱਚ ਕੇਵਲ ਇੱਕੋ-ਇੱਕ ਇਕਹਿਰੀ ਬਣਤਰ ਵਿਚਰਦੀ ਹੈ ਜਿਸਨੂੰ ਪਛਾਣ ਦੇ ਸਦਕਾ ਸਵਾਧੀਨ ਉਪਵਾਕ ਵੀ ਕਿਹਾ ਜਾ ਸਕਦਾ ਹੈ, ਜਦੋਂ ਕਿ ਦੂਜੇ ਪਾਸੇ ਗੈਰ-ਸਧਾਰਨ ਵਾਕਾਂ ਵਿੱਚ ਰੂਪ ਅਤੇ ਕਾਰਜ ਦੀ ਦ੍ਰਿਸ਼ਟੀ ਤੋਂ ਦੋ ਪ੍ਰਕਾਰ ਦੇ ਉਪਵਾਕ ਵਿਚਰਦੇ ਹਨ ਜਿਹਨਾਂ ਨੂੰ ਦੋ ਵਰਗਾਂ ਵਿੱਚ ਰੱਖਿਆ ਜਾਂਦਾ ਹੈ, ਜਿਵੇਂ;

  1. ਸਵਾਧੀਨ ਉਪਵਾਕ
  2. ਪਰਾਧੀਨ ਉਪਵਾਕ

ਸਵਾਧੀਨ ਅਤੇ ਪਰਾਧੀਨ ਉਪਵਾਕਾਂ ਦੇ ਵਾਕ ਵਿੱਚ ਵਿਚਰਨ ਨਾਲ ਦੋ ਪ੍ਰਕਾਰ ਦੀਆਂ ਵਾਕਾਤਮਕ ਬਣਤਰਾਂ ਹੋਂਦ ਵਿੱਚ ਆਉਂਦੀਆਂ ਹਨ, ਜਿਹਨਾਂ ਨੂੰ ਸਾਵੀਆਂ ਅਤੇ ਅਸਾਵੀਆਂ ਵਾਕਾਤਮਕ ਬਣਤਰਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਦੋਂ ਦੋ ਜਾਂ ਦੋ ਤੋਂ ਵੱਧ ਸਵਾਧੀਨ ਇੱਕ ਵਾਕ ਵਿੱਚ ਆਉਣ ਤਾਂ ਉਸ ਵਾਕ ਨੂੰ ਸਾਵੇਂ ਵਾਕਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਦੂਜੇ ਪਾਸੇ ਜਦੋਂ ਘੱਟੋ-ਘੱਟ ਇੱਕ ਸਵਾਧੀਨ ਉਪਵਾਕ ਅਤੇ ਇੱਕ ਪਰਾਧੀਨ ਉਪਵਾਕ ਇੱਕ ਵਾਕ ਵਿੱਚ ਵਿਚਰ ਰਹੇ ਹੋਣ ਤਾਂ ਓਨ੍ਹਾਂ ਨੂੰ ਅਸਾਵੇਂ ਉਪਵਾਕਾਂ ਵਿੱਚ ਰੱਖਿਆ ਜਾਂਦਾ ਹੈ। ਰੂਪ, ਕਾਰਜ ਅਤੇ ਵਿਚਰਨ ਸਥਾਨ ਦੇ ਆਧਾਰ 'ਤੇ ਦੋਵੇਂ ਪ੍ਰਕਾਰ ਦੇ ਉਪਵਾਕਾਂ ਦੀ ਪਛਾਣ ਨਿਸ਼ਚਿਤ ਹੁੰਦੀ ਹੈ।

ਸਵਾਧੀਨ ਉਪਵਾਕ:- ਰੂਪ, ਕਾਰਜ ਅਤੇ ਵਿਚਰਨ ਸਥਾਨ ਦੇ ਅਧਾਰ 'ਤੇ[ਸੋਧੋ]

ਇਨ੍ਹਾ ਉਪਵਾਕਾਂ ਦਾ ਰੂਪ ਅਤੇ ਕਾਰਜ ਕਿਸੇ ਦੂਜੇ ਉਪਵਾਕ ਜਾਂ ਇਕਾਈ ਤੇ ਨਿਰਭਰ ਨਹੀਂ ਕਰਦਾ, ਭਾਵ ਕਿ ਇਹ ਆਪਣੇ ਆਪ ਵਿੱਚ ਖ਼ੁਦਮੁਖਤਿਆਰ ਹੁੰਦੇ ਹਨ। ਪਰ ਜੇਕਰ ਇੱਕ ਤੋਂ ਵਧੇਰੇ ਪੱਖਾਂ ਨੂੰ ਵਾਕ ਦੁਆਰਾ ਦਰਸਾਇਆ ਜਾਣਾ ਹੋਵੇ ਤਾਂ ਇਨ੍ਹਾਂ ਦੀ ਖ਼ੁਦਮੁਖਤਿਆਰੀ ਨੂੰ ਖਾਰਜ ਕੀਤੇ ਬਗੈਰ ਦੋ ਜਾਂ ਦੋ ਤੋਂ ਵਧੇਰੇ ਸਵਾਧੀਨ ਉਪਵਾਕਾਂ ਨੂੰ ਜੋਡ਼ਿਆ ਜਾ ਸਕਦਾ ਹੈ; ਜਿਵੇਂ ਹੇਠਾਂ ਦਿੱਤੇ ਵਾਕਾਂ ਵਿੱਚ ਕ੍ਰਮਵਾਰ ਦੋ ਅਤੇ ਤਿੰਨ ਸਵਾਧੀਨ ਉਪਵਾਕ ਆਪਸ ਵਿੱਚ ਜੁਡ਼ੇ ਹੋਏ ਹਨ;

  • ਮੋਹਨ ਸੁੱਤਾ ਹੈ ਅਤੇ ਸੁਰਿੰਦਰ ਰੋਟੀ ਖਾਂਦਾ।
  • ਸ਼ੀਲਾ ਰੋਟੀ ਖਾ ਰਹੀ ਸੀ, ਉਸ ਦੀ ਮਾਂ ਬੱਚੇ ਨੂੰ ਖਿਡਾਉਂਦੀ ਸੀ ਅਤੇ ਉਹਨਾਂ ਦਾ ਨੌਕਰ ਬਜ਼ਾਰ ਸਬਜ਼ੀ ਲੈਣ ਗਿਆ ਹੋਇਆ ਸੀ।

ਉੱਪਰ ਦਿੱਤੇ ਵਾਕ ਯੋਜਕ 'ਅਤੇ' ਅਤੇ ',' ਨਾਲ ਜੁਡ਼ੇ ਹੋਏ ਹਨ। ਇਨ੍ਹਾਂ ਵਾਕਾਂ ਵਿਚਲੇ ਉਪਵਾਕ ਆਪਣੀ ਖ਼ੁਦਮੁਖਤਿਆਰ ਹਸਤੀ ਰੱਖਦੇ ਹਨ ਭਾਵੇਂ ਇਨ੍ਹਾਂ ਨੂੰ ਇਸ ਬਣਤਰ ਵਿੱਚੋਂ ਕੱਢ ਕੇ ਨਵੀਂ ਥਾਂ 'ਤੇ ਰੱਖ ਦਿੱਤਾ ਜਾਵੇ। ਰੂਪ ਦੇ ਪੱਧਰ ਤੇ ਸਵਾਧੀਨ ਉਪਵਾਕਾਂ ਦੀ ਵਰਤੋਂ ਜਦੋਂ ਸੰਯੁਕਤ ਜਾਂ ਮਿਸ਼ਰਿਤ ਵਾਕਾਂ ਵਿੱਚ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਨੂੰ ਜੋਡ਼ਨ ਲਈ, ਅਤੇ, ਪਰ, ਜਾਂ, ਤੇ ਆਦਿ ਯੋਜਕ ਵਰਤੇ ਜਾਂਦੇ ਹਨ ਜਾਂ ਫਿਰ ਕਾਮਾ (,) ਲਗਾਇਆ ਜਾਂਦਾ ਹੈ। ਸਵਾਧੀਨ ਉਪਵਾਕ ਜਦੋਂ ਕਿਸੇ ਵਾਕ ਦੇ ਸ਼ੁਰੂ ਵਿੱਚ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਕੋਈ ਵੀ ਯੋਜਕ ਨਹੀਂ ਲਗਦਾ ਅਤੇ ਜਦੋਂ ਕਿਸੇ ਮਿਸ਼ਰਿਤ ਵਾਕ ਵਿੱਚ ਵਿਚਰਦੇ ਹਨ ਤਾਂ ਇਸ ਤੋਂ ਪਹਿਲਾਂ ਕੋਈ ਵੀ ਅਧੀਨ ਯੋਜਕ ਨਹੀਂ ਲਗਦਾ।

ਕਾਰਜ ਦੇ ਪੱਖ ਤੋਂ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਸਵਾਧੀਨ ਉਪਵਾਕ ਉਹੀ ਕਾਰਜ ਕਰਦੇ ਹਨ ਜੋ ਕਾਰਜ ਕੋਈ ਸਧਾਰਨ ਵਾਕ ਕਰ ਰਿਹਾ ਹੁੰਦਾ ਹੈ। ਇਸਦੇ ਨਾਲ-ਨਾਲ ਵਿਚਰਨ ਸਥਾਨ ਦੇ ਪੱਖੋਂ ਸਵਾਧੀਨ ਉਪਵਾਕ ਕਿਸੇ ਵੀ ਸਥਾਨ ਤੇ ਵਿਚਰ ਸਕਦੇ ਹਨ ਭਾਵ ਪਹਿਲੇ, ਦੂਜੇ ਜਾਂ ਅੰਤਲੇ ਸਥਾਨ ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ।

ਪਰਾਧੀਨ ਉਪਵਾਕ: ਰੂਪ ਅਤੇ ਕਾਰਜ ਦੇ ਅਧਾਰ ਤੇ ਇਸ ਦੀਆਂ ਕਿਸਮਾਂ[ਸੋਧੋ]

ਸਵਾਧੀਨ ਉਪਵਾਕਾਂ ਦੀ ਪਛਾਣ ਸੰਬੰਧੀ ਦਿੱਤੇ ਗਏ ਸਬੂਤਾਂ ਤੋਂ ਉਲਟ ਪਰਾਧੀਨ ਉਪਵਾਕਾਂ ਦੀ ਪਛਾਣ ਸਮਾਪਤ ਕੀਤੀ ਜਾਂਦੀ ਹੈ। ਜਿੱਥੇ ਸਵਾਧੀਨ ਉਪਵਾਕ ਇਕੱਲੇ ਤੌਰ 'ਤੇ ਵਿਚਰ ਸਕਣ ਦੀ ਸਮਰੱਥਾ ਰੱਖਦੇ ਹਨ ਭਾਵ ਕਿ ਸਧਾਰਨ ਵਾਕ ਦੇ ਤੁਲ ਹੁੰਦੇ ਹਨ ਉਥੇ ਪਰਾਧੀਨ ਉਪਵਾਕ ਕਿਸੇ ਸਵਾਧੀਨ ਉਪਵਾਕ ਦੀ ਹੋਂਦ ਤੋਂ ਬਿਨਾਂ ਵਾਕ ਵਿੱਚ ਨਹੀਂ ਆ ਸਕਦੇ। ਸਧਾਰਨ ਵਾਕਾਂ ਵਾਂਗ ਸਵਾਧੀਨ ਉਪਵਾਕਾਂ ਦਾ ਕਿਰਿਆ ਵਾਕੰਸ਼ ਕਾਲਕੀ ਹੁੰਦਾ ਹੈ ਪਰ ਪਰਾਧੀਨ ਉਪਵਾਕਾਂ ਵਿੱਚ ਕਾਲਕੀ ਅਤੇ ਅਕਾਲਕੀ ਦੋਵੇਂ ਪ੍ਰਕਾਰ ਦੇ ਹੋ ਸਕਦੇ ਹਨ। ਪਰਾਧੀਨ ਉਪਵਾਕਾਂ ਨਾਲ ਅਧੀਨ ਯੋਜਕ ਵਿਚਰਦੇ ਹਨ ਜਦੋਂ ਕਿ ਸਵਾਧੀਨ ਉਪਵਾਕਾਂ ਨਾਲ ਕੇਵਲ ਸਮਾਨ ਯੋਜਕ ਹੀ ਵਿਚਰ ਸਕਦੇ ਹਨ। ਪਹਿਲੇ ਸਵਾਧੀਨ ਉਪਵਾਕ ਦੀ ਸ਼ੁਰੂਆਤ ਕਿਸੇ ਯੋਜਕ ਨਾਲ ਨਹੀਂ ਹੋ ਸਕਦੀ ਜਦੋਂ ਕਿ 'ਕਿ' ਵਾਲੇ ਉਪਵਾਕਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਹੀ ਪਰਾਧੀਨ ਉਪਵਾਕ ਸਵਾਧੀਨ ਉਪਵਾਕ ਤੋਂ ਪਹਿਲਾਂ ਅਤੇ ਵਾਕ ਵਿੱਚ ਸਭ ਤੋਂ ਪਹਿਲਾਂ ਵਿਚਰ ਸਕਦੇ ਹਨ। ਪਰਾਧੀਨ ਉਪਵਾਕਾਂ ਦੀ ਸ਼ੁਰੂਆਤ 'ਕਿ, ਜੇ, ਜੋ, ਜਿਵੇਂ, ਜਦੋਂ, ਕਿਉਂ ਕਿ, ਭਾਵੇਂ, ਸਗੋਂ' ਆਦਿ ਯੋਜਕਾਂ ਨਾਲ ਹੁੰਦੀ ਹੈ। ਹੇਠਾਂ ਪਰਾਧੀਨ ਉਪਵਾਕਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ;

  • ਉਸ ਨੇ ਦੱਸਿਆ ਕਿ ਰੇਲ ਉਲਟ ਗਈ ਸੀ।
  • ਜੇ ਮੁੰਡਾ ਖੇਡੇਗਾ ਤਾਂ ਕੁਡ਼ੀ ਵੀ ਖੇਡੇਗੀ।
  • ਮੇਰਾ ਉਹ ਮੁੰਡਾ ਆਇਆ ਹੈ ਜਿਹਡ਼ਾ ਦਿੱਲੀ ਰਹਿੰਦਾ ਹੈ।
  • ਬੱਦਲ ਇਸ ਤਰ੍ਹਾਂ ਕਡ਼ਕ ਰਹੇ ਸਨ ਜਿਵੇਂ ਮੀਂਹ ਪੈਣ ਵਾਲਾ ਹੋਵੇ।

ਰੂਪ ਦੀ ਦ੍ਰਿਸ਼ਟੀ ਤੋਂ ਪਰਾਧੀਨ ਉਪਵਾਕਾਂ ਵਿਚਲਾ ਕਿਰਿਆ ਵਾਕੰਸ਼ ਕਾਲਕੀ, ਅਕਾਲਕੀ ਹੋ ਸਕਦਾ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦੀ ਬਣਤਰ ਵਿੱਚ ਕੋਈ ਨਾ ਕੋਈ ਅਧੀਨ ਯੋਜਕ ਵਿਚਰ ਰਿਹਾ ਹੁੰਦਾ ਹੈ। ਕਾਰਜ ਦੀ ਦ੍ਰਿਸ਼ਟੀ ਤੋਂ 'ਨਾਂਵ, ਵਿਸ਼ੇਸ਼ਣ ਅਤੇ ਕਿਰਿਆ ਵਿਸ਼ੇਸ਼ਣ' ਦੀ ਥਾਂ ਪੂਰਨ ਵਾਲੇ ਇਨ੍ਹਾਂ ਉਪਵਾਕਾਂ ਨੂੰ ਪਰੰਪਰਾਵਾਦੀ ਅਤੇ ਆਧੁਨਿਕ ਵਿਆਕਰਨਕਾਰ ਜੋ ਕਾਰਜ ਨੂੰ ਅਧਾਰ ਬਣਾ ਕੇ ਵਿਆਖਿਆ ਕਰਦੇ ਹਨ ਇਸ ਪ੍ਰਕਾਰ ਦੇ ਉਪਵਾਕਾਂ ਦਾ 'ਨਾਂਵ ਉਪਵਾਕ, ਵਿਸ਼ੇਸ਼ਣ ਉਪਵਾਕ ਅਤੇ ਕਿਰਿਆ ਵਿਸ਼ੇਸ਼ਣ ਉਪਵਾਕ' ਵਜੋਂ ਨਾਮਕਰਣ ਕਰਦੇ ਹਨ।

ਹਵਾਲੇ[ਸੋਧੋ]