ਸਮੱਗਰੀ 'ਤੇ ਜਾਓ

ਉਲਟਾਵਾਂ ਹਲ (ਇਕ ਪਾਸੇ ਵਾਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜ਼ਮੀਨ ਨੂੰ ਵਾਹ ਕੇ ਸੱਜੇ ਪਾਸੇ ਮਿੱਟੀ ਉਲਟਾ ਕੇ ਸਿੱਟਣ ਵਾਲੇ ਲੋਹੇ ਦੇ ਇਕ ਪੱਖੇ ਵਾਲੇ ਹਲ ਨੂੰ ਇਕ ਪਾਸੇ ਵਾਲਾ ਉਲਟਾਵਾਂ ਹਲ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਇਕਹਿਰਾ ਉਲਟਾਵਾਂ ਹਲ ਕਹਿੰਦੇ ਹਨ। ਇਸ ਹਲ ਦੀ ਵਾਹੀ ਨਾਲ ਮਿੱਟੀ ਦੀ ਉਤਲੀ ਪਰਤ ਹੇਠਾਂ ਚਲੀ ਜਾਂਦੀ ਹੈ। ਹੇਠਲੀ ਪਰਤ ਉਪਰ ਆ ਜਾਂਦੀ ਹੈ। ਪਹਿਲੀ ਫਸਲ ਦੇ ਵੱਢ ਨੂੰ ਨਵੀਂ ਫਸਲ ਬੀਜਣ ਦੀ ਤਿਆਰੀ ਕਰਨ ਲਈ ਪਹਿਲੀ ਵਾਹੀ ਉਲਟਾਵੇਂ ਹਲ ਨਾਲ ਕੀਤੀ ਜਾਂਦੀ ਸੀ/ਹੈ। ਇਹ ਵਾਹੀ ਕਰਨ ਨਾਲ ਪਹਿਲੀ ਫਸਲ ਦੇ ਸਾਰੇ ਕਰਚੇ, ਜੜਾਂ ਬਾਹਰ ਨਿਕਲ ਆਉਂਦੇ ਹਨ। ਹਾਨੀਕਾਰਕ ਜੀਵ-ਜੰਤੂ ਮਰ ਜਾਂਦੇ ਹਨ। ਹਰੀ ਖਾਦ ਨੂੰ ਜ਼ਮੀਨ ਵਿਚ ਰਲਾਉਣ ਲਈ, ਰੂੜੀ ਦੀ ਖਾਦ ਨੂੰ ਜ਼ਮੀਨ ਵਿਚ ਰਲਾਉਣ ਲਈ ਇਸ ਹਲ ਦੀ ਵਰਤੋਂ ਕੀਤੀ ਜਾਂਦੀ ਹੈ। ਵੱਟਾਂ ਤੇ ਬੀਜੀ ਜਾਣ ਵਾਲੀ ਫਸਲ ਲਈ ਵੱਟਾਂ ਵੀ ਇਸ ਹਲ ਨਾਲ ਪਾਈਆਂ ਜਾਂਦੀਆਂ ਸਨ/ਹਨ। ਉਲਟਾਵੇਂ ਹਲ ਦਾ ਮੁੰਨਾ ਤਿੰਨ ਕੁ ਫੁੱਟ ਲੰਮਾ ਤੇ ਤਿੰਨ ਕੁ ਇੰਚ ਚੌੜਾਈ ਤੇ ਮੁਟਾਈ ਵਾਲਾ ਹੁੰਦਾ ਹੈ। ਮੁੰਨੇ ਦੇ ਉਪਰਲੇ ਹਿੱਸੇ ਵਿਚ ਹੱਥੀ ਲੱਗੀ ਹੁੰਦੀ ਹੈ। ਮੁੰਨੇ ਦੇ ਹੇਠਲੇ ਸਿਰੇ ਨੂੰ ਹੱਲ ਨਾਲ ਕਾਬਲੇ ਨਾਲ ਜੋੜਿਆ ਜਾਂਦਾ ਹੈ। ਮੁੰਨੇ ਦੇ ਹੇਠਲੇ ਹਿੱਸੇ ਵਿਚ ਲੋਹੇ ਦੇ ਬਣੇ ਪੱਖੇ ਵਾਲੇ ਹਲ ਨੂੰ ਕਾਬਲਿਆਂ ਨਾਲ ਤੇ ਲੋਹੇ ਦੇ ਕਲਿੱਪ ਲ ਕੇ ਜੋੜਿਆ ਜਾਂਦਾ ਹੈ। ਬੱਸ, ਇਹ ਹੀ ਉਲਟਾਵਾਂ ਹਲ ਕਹਾਉਂਦਾ ਹੈ। ਹੁਣ ਸਾਰੀ ਵਾਹੀ ਟ੍ਰੈਕਟਰ ਨਾਲ ਕੀਤੀ ਜਾਂਦੀ ਹੈ। ਇਸ ਲਈ ਉਲਟਾਵੇਂ ਹਲ ਦੀ ਵਰਤੋਂ ਨਾ ਹੋਣ ਦੇ ਬਰਾਬਰ ਰਹਿ ਗਈ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. p. 413. ISBN 978-93-82246-99-2.