ਏ ਹਿਸਟਰੀ ਆਫ਼ ਵੈਸਟਰਨ ਫਿਲਾਸਫੀ
ਤਸਵੀਰ:History of Western Philosophy.jpeg | |
ਲੇਖਕ | ਬਰਟਰੰਡ ਰਸਲ |
---|---|
ਵਿਸ਼ਾ | ਵੈਸਟਰਨ ਫਿਲਾਸਫੀ ,ਇਤੀਹਾਸ |
ਵਿਧਾ | ਗੈਰ-ਗਲਪ |
ਪ੍ਰਕਾਸ਼ਕ | ਜਾਰਜ ਐਲਨ ਅਤੇ ਉਨਵਿਨ ਲੀ. ਲੰਡਨ |
ਪ੍ਰਕਾਸ਼ਨ ਦੀ ਮਿਤੀ | 1945 (US) 1946 (UK) |
ਆਈ.ਐਸ.ਬੀ.ਐਨ. | 0-415-32505-6 |
ਏ ਹਿਸਟਰੀ ਆਫ਼ ਵੈਸਟਰਨ ਫਿਲਾਸਫੀ ਪਿਛਲੀ ਸਦੀ ਦੇ ਜਗਤ ਪ੍ਰਸਿਧ ਦਾਰਸ਼ਨਿਕ ਬਰਟਰੰਡ ਰਸਲ ਦੀ ਇੱਕ ਸ਼ਾਹਕਾਰ ਰਚਨਾ ਹੈ| ਇੱਕ ਅਜਿਹੀ ਰਚਨਾ ਜਿਸਨੇ ਰਸਲ ਨੂੰ ਨੋਬਲ ਇਨਾਮ ਦਾ ਹਕਦਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ| ਪਹਿਲੀ ਵਾਰ ਇਸ ਦਾ ਪ੍ਰਕਾਸ਼ਨ ਦੂਜੀ ਵੱਡੀ ਜੰਗ ਦੇ ਅੰਤ ਸਮੇਂ 1945 ਈਸਵੀ ਵਿੱਚ ਹੋਇਆ ਸੀ| ਠੀਕ ਉਸ ਸਮੇਂ ਤੋਂ ਹੀ ਇਹ ਕਿਤਾਬ ਦੁਨੀਆ ਭਰ ਦੇ ਦਾਰਸ਼ਨਿਕਾਂ, ਵਿਗਿਆਨੀਆਂ ਦੇ ਨਾਲ ਹੀ ਨਾਲ ਸੱਭਿਆਚਾਰਕ ਅਤੇ ਬੌਧਿਕ ਮਾਮਲਿਆਂ ’ਚ ਦਿਲਚਸਪੀ ਲੈਣ ਵਾਲੇ ਤਮਾਮ ਹਲਕਿਆਂ ਵਿੱਚ ਇੱਕੋ ਜਿੰਨੀ ਮਕਬੂਲ ਰਹੀ ਹੈ| ਇਸ ਕਿਤਾਬ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸਦੀ ਪ੍ਰੋੜਤਾ ਕਰਨ ਵਾਲਿਆਂ ਵਿੱਚ ਮਹਾਨ ਵਿਗਿਆਨੀ ਅਲਬਰਟ ਆਇਨਸਟਾਇਨ ਦੇ ਨਾਲ-ਨਾਲ ਕੁਆਂਟਮ ਫ਼ਿਜ਼ਿਕਸ ਦੇ ਬਾਨੀਆਂ ’ਚ ਸ਼ੁਮਾਰ ਹੋਣ ਵਾਲੇ ਸ਼ੋਰਡਿੰਗਰ ਵੀ ਸ਼ਾਮਿਲ ਹਨ|
ਕਿਤਾਬ ਦੇ ਬਾਰੇ
[ਸੋਧੋ]ਬਰਟਰੰਡ ਰਸਲ ਨੇ ਇਸ ਕਿਤਾਬ ਦੀ ਰਚਨਾ ਦੂਜੀ ਵੱਡੀ ਜੰਗ ਦੇ ਦੌਰਾਨ ਕੀਤੀ ਸੀ| ਪੁਸਤਕ ਦਾ ਮੁੱਢ 1941-42 ਵਿੱਚ ਬਰਟਰੰਡ ਰਸਲ ਵੱਲੋਂ ਫ਼ਿਲਾਡੇਲਫ਼ੀਆ ਦੀ ਬਰਨਸ ਫ਼ਾਉਂਡੇਸ਼ਨ ਵਿੱਚ ਦਰਸ਼ਨ ਦੇ ਇਤਿਹਾਸ ਬਾਰੇ ਦਿੱਤੇ ਗਏ ਭਾਸ਼ਣਾਂ ਦੌਰਾਨ ਹੀ ਬੱਝਾ ਸੀ| ਇਹ ਉਹ ਸਮਾਂ ਸੀ ਜਦੋਂ ਹਜ਼ਾਰਾਂ ਸਾਲ ਪੁਰਾਣੀ ਪੱਛਮੀ ਸਭਿਅਤਾ ਦੀਆਂ ਨੀਹਾਂ ਹਿੱਲ ਰਹੀਆਂ ਜਾਪਦੀਆਂ ਸਨ| ਆਪਣੀਆਂ ਸਾਰੀਆਂ ਵਿਗਿਆਨਕ, ਤਕਨੀਕੀ ਤੇ ਬੌਧਿਕ ਪ੍ਰਾਪਤੀਆਂ ਦੇ ਬਾਵਜੂਦ ਪੱਛਮੀ ਸਭਿਅਤਾ ਇੱਕ ਲਾਮਿਸਾਲ ਸੰਕਟ ਵਿੱਚ ਫਸੀ ਹੋਈ ਸੀ, ਤੇ ਇਹ ਸੰਕਟ ਸਿਰਫ਼ ਰਾਜਨੀਤਿਕ ਜਾਂ ਆਰਥਿਕ ਨਹੀਂ ਸੀ, ਸਗੋਂ ਜੀਵਨ ਦੇ ਸਾਰੇ ਹੀ ਪਸਾਰਾਂ ਨੂੰ ਆਪਣੇ ਚੁੰਗਲ ਵਿੱਚ ਲਪੇਟਦਾ ਨਜ਼ਰ ਆ ਰਿਹਾ ਸੀ| ਪੱਛਮੀ ਚਿੰਤਨ ਨੂੰ ਆਪਣੀ ਜਿਸ ਨਿੱਗਰ ਤਾਰਕਿਕਤਾ ਉੱਤੇ ਮਾਣ ਸੀ ਖੁਦ ਉਸਦੀ ਹੀ ਧਰਤੀ ’ਤੇ ਉਸਦੀਆਂ ਧੱਜੀਆਂ ਉਡਦੀਆਂ ਨਜ਼ਰ ਆ ਰਹੀਆਂ ਸਨ| ਖਾਸ ਗੱਲ ਇਹ ਸੀ ਕਿ ਦੁਨੀਆ ਨੂੰ ਸਭਿਅਤਾ ਦਾ ਪਾਠ ਪੜ੍ਹਾਉਣ ਦਾਅਵਾ ਕਰਨ ਵਾਲੀ ਹਜ਼ਾਰਾਂ ਸਾਲ ਪੁਰਾਣੀ ਇਸ ਸਭਿਅਤਾ ਨੂੰ ਚੌਥਾਈ ਸਦੀ ਦੇ ਇੱਕ ਛੋਟੇ ਜਿਹੇ ਅਰਸੇ ਦੌਰਾਨ ਹੀ ਦੂਜੀ ਵਾਰ ਇੱਸ ਗੰਭੀਰ ਸੰਕਟ ’ਚੋਂ ਲੰਘਣਾ ਪੈ ਰਿਹਾ ਸੀ, ਜਿਸਨੇ ਉਸਦੀ ਹੋਂਦ ਅਤੇ ਚਿੰਤਨ ਦੇ ਮੂਲ ਆਧਾਰਾਂ ’ਤੇ ਹੀ ਸਵਾਲ ਖੜੇ ਕਰ ਦਿੱਤੇ ਸਨ| ਇਹ ਸਵਾਲ ਪੂਰਬ ਅਤੇ ਪੱਛਮ ਦੋਹਾਂ ਥਾਵਾਂ ’ਤੇ ਹੀ ਇੱਕੋ ਜਿੰਨੀ ਸ਼ਿੱਦਤ ਨਾਲ ਪੁੱਛੇ ਜਾ ਰਹੇ ਸਨ| ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਦੇ ਹੋਏ ਬਰਟਰੰਡ ਰਸਲ ਨੇ ’ਏ ਹਿਸਟਰੀ ਆਫ਼ ਵੈਸਟਰਨ ਫਿਲਾਸਫੀ’ ਵਿੱਚ ਪੱਛਮੀ ਚਿੰਤਨ ਦੀਆਂ ਲਗਭਗ ਤਿੰਨ ਸਹਸਤਰਾਬਦੀਆਂ ਦਾ ਸਫ਼ਰ ਤਹਿ ਕੀਤਾ ਹੈ ਤੇ ਉਸ ਇਤਿਹਾਸ ਨੂੰ ਉਹਨਾਂ ਦੇ ਸਮਾਜਿਕ ਪ੍ਰਸੰਗ ਵਿੱਚ ਚਿਤਵਿਆ ਤੇ ਚਿਤਰਿਆ ਹੈ|
ਰਸਲ ਨੇ ਪੂਰੀ ਕਿਤਾਬ ਨੂੰ ਪੁਰਾਤਨ ਦਰਸ਼ਨ, ਕੈਥੋਲਿਕ ਦਰਸ਼ਨ ਤੇ ਆਧੁਨਿਕ ਦਰਸ਼ਨ ਦੇ ਤਿੰਨ ਸਥੂਲ ਹਿੱਸਿਆਂ ’ਚ ਵੰਡਿਆ ਹੈ| ਹਰ ਹਿੱਸੇ ਨੂੰ ਅੱਗੇ ਵੱਖ-ਵੱਖ ਚੈਪਟਰਾਂ ਵਿੱਚ ਵਿਭਾਜਿਤ ਕੀਤਾ ਗਿਆ ਹੈ| ਕੈਥੋਲਿਕ ਦਰਸ਼ਨ ਵਾਲੇ ਹਿੱਸੇ ਵਿੱਚ ਅਰਬੀ ਮੂਲ ਦੇ ਕੁਝ ਮੁਸਲਿਮ ਚਿੰਤਕਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਹਨਾਂ ਨੇ ਯੂਰੋਪ ਵਿੱਚ ਪੁਨਰ ਸੁਰਜੀਤੀ ਦਾ ਮੁੱਢ ਬੰਨਂਣ ’ਚ ਆਪਣਾ ਯੋਗਦਾਨ ਪਾਇਆ ਸੀ| ਚੈਪਟਰਾਂ ਦਾ ਨਾਮਕਰਣ ਦਾਰਸ਼ਨਿਕ ਸਕੂਲਾਂ, ਯੁਗਾਂ ਜਾਂ ਵਿਅਕਤੀਗਤ ਦਾਰਸ਼ਨਿਕਾਂ ਦੇ ਨਾਵਾਂ ਉਪਰ ਕੀਤਾ ਗਿਆ ਹੈ| ਵਿਸ਼ੇ ਸਮੱਗਰੀ ਦੀ ਚੋਣ, ਤਰਤੀਬ ਅਤੇ ਨਾਮਕਰਣ ਵਿੱਚ ਦਾਰਸ਼ਨਿਕ ਸਕੂਲਾਂ ਅਤੇ ਚਿੰਤਨ ਪਰੰਪਰਾਵਾਂ ਬਾਰੇ ਬਰਟਰੰਡ ਰਸਲ ਦੇ ਆਪਣੇ ਵਿਚਾਰਾਂ ਦੀ ਛਾਪ ਬਹੁਤ ਸਪਸ਼ਟ ਰੂਪ ਵਿੱਚ ਉਜਾਗਰ ਹੁੰਦੀ ਹੈ|
1950 ਵਿੱਚ ਜਦੋਂ ਬਰਟਰੰਡ ਰਸਲ ਨੂੰ ਸਾਹਿਤ ਦੇ ਨੋਬਲ ਈਨਾਮ ਨਾਲ ਨਿਵਾਜ਼ਿਆ ਗਿਆ ਤਾਂ ਉਸਦੀ ਰਚਨਾ ’ਏ ਹਿਸਟਰੀ ਆਫ਼ ਵੈਸਟਰਨ ਫਿਲਾਸਫੀ’ ਨੂੰ ਉਸਦੀਆਂ ਸਭ ਤੋਂ ਅਹਿਮ ਰਚਨਾਵਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ| ਅਲਬਰਟ ਆਇਨਸਟਾਈਨ ਨੇ ਇਸਦਾ ਮੁਲਾਂਕਣ ਕੁਝ ਇਸ ਤਰ੍ਹਾਂ ਕੀਤਾ ਸੀ : " ਇਹ ਇੱਕ ਕੀਮਤੀ ਕਿਤਾਬ ਹੈ।..,ਪੈਡਾਗੋਗਿਕਲ ਜਗਤ ਵਿੱਚ ਉਚਤਮ ਮੁਕਾਮ ਨੂੰ ਛੂੰਹਦੀ ਹੋਈ ਕਿਰਤ ਜੋ ਕਿ ਪਾਰਟੀਆਂ ਅਤੇ ਮਤਾਂ-ਮਤਾਂਤਰਾਂ ਦੇ ਟਕਰਾਵਾਂ ਤੋਂ ਕਿਤੇ ਬੁਲੰਦ ਹੈ|’ ਕੁਆਂਟਮ ਵਿਗਿਆਨੀ ਇਰਵਿਨ ਸ਼ੋਰਡਿੰਗਰ ਦੀਆਂ ਨਜ਼ਰਾਂ ਵਿੱਚ ਇਹ ਕਿਤਾਬ ਆਧੁਨਿਕ ਵਿਗਿਆਨਿਕ ਪਰਿਪਾਟੀਆਂ ਦੇ ਮੂਲ਼ ਵਿੱਚ ਦਿਲਚਸਪੀ ਰਖਣ ਵਾਲੇ ਪਾਠਕਾਂ ਲਈ ਬਹੁਤ ਹੀ ਮੁੱਲਵਾਨ ਸਰੋਤ ਹੈ| ਬਰਟਰੰਡ ਰਸਲ ਖੁਦ ਆਪਣੀ ਇਸ ਕਿਤਾਬ ਨੂੰ ਇੱਕ ਸਭੀਆਚਾਰਕ ਇਤਿਹਾਸ ਦੇ ਰੂਪ ਵਿੱਚ ਦੇਖਦਾ ਹੈ| ਪਰ ਨਾਲ ਹੀ ਨਾਲ ਉਹ ਇੱਸ ਗੱਲ ਪ੍ਰਤੀ ਵੀ ਸੁਚੇਤ ਹੈ ਕਿ ਵਿਸ਼ੇ ਸਮੱਗਰੀ ਵਿੱਚ ਹੁੰਦੇ ਇਤਿਹਾਸਿਕ ਵਿਕਾਸ ਦੇ ਨਾਲ-ਨਾਲ, ਖਾਸ ਤੌਰ ਉੱਤੇ ਵਿਗਿਆਨ ਦੀ ਆਮਦ ਤੋਂ ਬਾਦ, ਇਸ ਪੁਸਤਕ ਨੂੰ ਪੁਰਾਣੇ ਚੌਖਟੇ ਤਾਈਂ ਸੀਮਿਤ ਰਖਣਾ ਵਧੇਰੇ ਮੁਸ਼ਕਿਲ ਹੁੰਦਾ ਜਾਂਦਾ ਹੈ|
ਬਾਹਰੀ ਹਵਾਲੇ
[ਸੋਧੋ]- A History of Western Philosophy ਨਾਲ ਸਬੰਧਤ ਕੁਓਟੇਸ਼ਨਾਂ ਵਿਕੀਕੁਓਟ ਉੱਤੇ ਹਨ
- A History of Western Philosophy from Internet Archive
- A History of Western PhilosophyPDF