ਸਮੱਗਰੀ 'ਤੇ ਜਾਓ

ਓਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਓਜ ਦਾ ਸ਼ਾਬਦਿਕ ਅਰਥ ਹੈ ਬਲ, ਪਰਕਾਸ਼, ਨਿੱਗਰਪਣਾ, ਤੇਜ, ਸ਼ਕਤੀਮਾਨ ਹੋਣ ਦਾ ਭਾਵ, ਕਵਿਤਾ ਦਾ ਇਕ ਗੁਣ ਜਿਸ ਨੂੰ ਸੁਣ ਕੇ ਸਰੋਤੇ ਦਾ ਮੰਨ ਉਮੰਗ ਅਤੇ ਜੋਸ਼ ਨਾਲ ਭਰ ਜਾਵੇ; ਜਾਂ ਬੀਰਜ ਤੋਂ ਪਰਾਪਤ ਹੋਈ ਚਿਹਰੇ ਦੀ ਚਮਕ, ਪਸਾਰਾ ਆਦਿ ਕਰਨ ਵਾਲੀ ਵਾਹਿਗੁਰੂ ਦੀ ਇਕ ਕਲਾ ਜਾਂ ਸਤਿਆ ਜਿਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਨਾਮ ਦਿਤਾ ਹੈ। [1]

◆ ਇਹ ਓਹ ਗੁਣ ਹੈ ਜਿਸ ਨਾਲ ਪਾਠਕ ਦਾ ਹਿਰਦਾ ਭੜਕ ਉਠਦਾ ਹੈ। ਧੀਰਜ ਖਤਮ ਹੋ ਕੇ ਤੇਜੀ ਵਧਦੀ ਹੈ। ਇਹ ਰੌਦਰ ਅਤੇ ਵੀਰ ਰਸੀ ਰਚਨਾ ਵਿਚ ਜ਼ਿਆਦਾ ਵਰਤਿਆ ਜਾਂਦਾ ਹੈ। ਲੜਾਈ, ਦੁਸ਼ਮਨਾਂ ਦੀ ਬੁਰੀ ਹਾਲਤ, ਉਮਾਹ ਤੇ ਜੋਸ਼ ਇਸਦੇ ਵਰਨਣਯੋਗ ਪੱਖ ਹਨ। ਇਹ ਪਾਠਕ ਦੇ ਮਨ ਵਿਚ ਉਤਸ਼ਾਹ ਤੇ ਜੋਸ਼ ਵਧਾਉਂਦਾ ਹੈ ; ਉਸਦੇ ਡੌਲੇ ਫਰਕਣ ਲੱਗ ਪੈਂਦੇ ਹਨ ਅਤੇ ਮੁਰਦਾ ਹੱਡੀਆਂ ਵਿਚ ਰੂਹ ਭਰ ਜਾਂਦੀ ਹੈ। ਰਚਨਾ, ਜੋਸ਼ੀਲੀ ਤੇ ਆਵੇਗ - ਪ੍ਰਧਾਨ ਹੋ ਜਾਂਦੀ ਹੈ। [2]


★ ਕਾਵਿ ਦੇ ਸ਼ੁਰੂ ਦੇ ਸਮੇਂ ਤੋਂ ਕਾਵਿ ਦੇ ਸ਼ਾਸਤਰ ਦੇ ਗੁਣ ਬਾਰੇ ਵੀ ਵਿਚਾਰ ਹੁੰਦਾ ਰਿਹਾ ਹੈ। ਸੰਸਕ੍ਰਿਤ ਅਚਾਰਯਾ ਭਾਰਤ ਮੁਨੀ, ਦੰਡ ਅਤੇ ਵਾਮਨ ਵੱਲੋਂ ਨਿਰਧਾਰਿਤ ਕੀਤੇ ਹੋਏ 10 ਕਾਵਿ ਗੁਣਾਂ ਵਿਚੋਂ ਓਜ ਇੱਕ ਮਹੱਤਵਪੂਰਣ ਗੁਣ ਹੈ। ਮਾਧੁਰਯ (ਮਧੁਰਤਾ) , ਪ੍ਰਸ਼ਾਦ ਸ਼ਲੇਸ਼, ਸਮਤਾ, ਸਕੁਮਾਰਤਾ, ਅਰਥ ਅਭਿਵਿਅਕਤੀ, ਉਦਾਰਤਾ, ਕਾਂਤੀ ਅਤੇ ਸਮਾਧੀ ਕਾਵਿ ਦੇ ਬਾਕੀ ਨੌਂ ਗੁਣ ਹਨ। ਕਾਵਿ ਦਾ ਜਿਹੜਾ ਗੁਣ ਸਰੋਤਿਆਂ ਵਿਚ ਉਤਸ਼ਾਹ, ਬੀਰਤਾ ਅਤੇ ਜੋਸ਼ ਉਜਾਗਰ ਕਰੇ, ਓਜ ਅਖਵਾਉਂਦਾ ਹੈ। ਭਰਤ ਅਨੁਸਾਰ ਇਹ ਗੁਣ ਅਰਥ ਗੰਭੀਰ ਸੁਖਾਵੀਂ ਸ਼ੈਲੀ ਵਿਚ ਹੁੰਦਾ ਹੈ, ਦੰਡੀ ਅਨੁਸਾਰ ਸਮਾਸਯੁਕਤ ਪਦਾਂ ਵਿਚ ਓਜ ਗੁਣ ਵਿਆਪਕ ਹੁੰਦਾ ਹੈ ਅਤੇ ਵਾਮਨ ਅਨੁਸਾਰ ਸੰਯੁਕਤ ਅੱਖਰਾਂ ਦੇ ਸੰਜੋਗ ਨਾਲ ਓਜ ਉਤਪੰਨ ਹੁੰਦਾ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਓਜ ਗੁਣ ਬੀਰ ਰਸ , ਵੀਭਤਸ ਰਸ, ਅਤੇ ਰੌਦਰ ਰਸ ਨੂੰ ਉਜਾਗਰ ਕਰਨ ਲਈ ਕਾਵਿ ਵਿਚ ਵਿਦਮਾਨ ਹੁੰਦਾ ਹੈ। ਇਹ ਉੱਦਾਤ ਭਾਵ ਉਤਕ੍ਰਿਸ਼ਟ ਸ਼ੈਲੀ ਰਾਹੀਂ ਪੈਦਾ ਕਰਦਾ ਹੈ। ਯੂਨਾਨੀ ਅਲੰਕਾਰਿਕ ਕਾਵਿ (Rhetoric Poetry) ਦੇ ਗੁਣ ਓਜ ਨਾਲ ਮੇਲ ਖਾਂਦੇ ਹਨ। [3]

ਪੰਜਾਬੀ ਬੀਰ ਰਸੀ ਕਾਵਿ ਵਿਚ ਓਜ ਗੁਣ ਵਿਸ਼ੇਸ਼ ਤੌਰ ਤੇ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਦੀ 'ਚੰਡੀ ਦੀ ਵਾਰ' ਵਿਚ ਓਜ ਗੁਣ ਪ੍ਰਤੱਖ ਹੈ ਜਿਹੜਾ ਸਰੋਤਿਆਂ ਨੂੰ ਉਤੇਜਿਤ ਕਰਦਾ ਹੈ। ਬੀਰ ਰਸੀ ਸੰਗੀਤ ਉਤਸ਼ਾਹ ਦਾ ਸੋਮਾ ਬਣ ਕੇ ਫੁਟਦਾ ਹੈ :

ਦੁਹਾਂ ਕੰਧਾਰਾਂ ਮੁਹਿ ਜੁੜੇ ਜਾ ਸੱਟ ਪਈ ਖਰਵਾਰ ਕਉ।

ਤਕ ਤਕ ਕੈਬਰ ਦੁਰਗਗਾਹ ਤਕ ਮਾਰੇ ਭਲੇ ਜੁਝਾਰ ਕਉ।

ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ।

ਸੋਹਨ ਸੰਜਾ ਬਾਗੜਾ ਜਣੁ ਲੱਗੇ ਫੁਲ ਅਨਾਰ ਕਉ।

ਗੁਸੇ ਆਈ ਕਾਲਕਾ ਹਥਿ ਸੰਜੈ ਲੈ ਤਲਵਾਰ ਕਉ।

ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜ਼ਾਰ ਕਉ।

ਜਿਣ ਇੱਕਾ ਰਹੀ ਕੰਧਾਰ ਕਉ। ਸਦ ਰਹਮਤ ਤੇਰੇ ਵਾਰ ਕਉ।


ਨਜਾਬਤ ਨੇ 'ੜ' ਦੀ ਵਰਤੋਂ ਕਰਕੇ ਬੀਰ ਰਸੀ ਕਵਿਤਾ ਵਿਚ ਓਜ ਉਤਪੰਨ ਕੀਤਾ ਹੈ :

ਦੋਹੀਂ ਦਲੀਂ ਮੁਕਾਬਲਾ ਰਣ ਸੂਰੇ ਗੜਕਣ।

ਚੜ੍ਹ ਤੋਪਾਂ ਗਡੀ ਢੁਕੀਆਂ ਲਖ ਸੰਗਲ ਖੜਕਣ।

ਜਿਉ ਦਰ ਖੁਲ੍ਹੋ ਦੋਜ਼ਖਾਂ ਮੂੰਹ ਤਾਹੀਂ ਭੜਕਣ।

ਉਹ ਹੱਸ਼ਰ ਦਿਹਾੜਾ ਵੇਖਕੇ ਦਲ ਦੋਵੇਂ ਧੜਕਣ।


ਸੋ, ਤਿੱਖਾ ਬਿਆਨ, ਅਲੰਕਾਰਿਕ ਭਾਸ਼ਾ ਅਤੇ ਸ਼ੈਲੀ ਨੂੰ ਪ੍ਰਭਾਵਪੂਰਣ ਬਣਾਉਣ ਲਈ ਇਕ ਸ਼ਬਦ ਦੀ ਕਈ ਵਾਰ ਵਰਤੋਂ ਓਜ ਗੁਣ ਤੇ ਅੰਗ ਹਨ।

'ਅਰਥਸ਼ਾਸਤ੍ਰ' ਦੇ ਲੇਖਕ ਚਾਣਕਯ (400ਈ ਪੂਰਵ) ਨੇ ਰਾਜਕੀਯ ਆਦੇਸ਼ 'ਚ, ਸੰਬੰਧ, ਪਰਿਪੂਰਣਤਾ, ਮਾਧੁਰਯ, ਔਚਾਰਯ ਅਤੇ ਸਪਸ਼ਟਤਾ - ਛੇ ਗੁਣ ਜ਼ਰੂਰੀ ਮੰਨੇ ਹਨ।

ਇਸ ਤਰ੍ਹਾਂ ਮੋਟੇ ਤੌਰ ਸਾਰੇ ਆਚਾਰੀਆਂ ਨੂੰ ਵਿਚਾਰਨ ਤੇ ਮੁੱਖ ਰੂਪ ਵਿੱਚ ਕਾਵਿਗਤ ਦੇ ਤਿੰਨ ਗੁਣ ਸਾਹਮਣੇ ਆਉਦੇ ਹਨ। ਉਹਨਾਂ ਚੋਂ ਹੀ ਇੱਕ ਗੁਣ "ਓਜ" ਹੈ।

ਭਾਮਹ ਅਨੁਸਾਰ

           ਭਾਮਹ ਅਨੁਸਾਰ ਇਸ ਵਿੱਚ ਸਮਾਸੀ ਪਦਾਂਂ ਦੀ ਵਰਤੋਂ ਹੁੰਦੀ ਹੈ। ਜਿਸ ਕਵਿਤਾ ਨੂੰ ਸੁਣ ਕੇ ਮਨ ਵਿੱਚ ਤੇਜ ਉਤਪੰਨ ਹੋਵੇ ਅਤੇ ਚਿਤ ਦਾ ਵਿਸਥਾਰ ਹੋਵੇ, ਉਹ ਓਜ ਗੁਣ ਵਾਲੀ ਰਚਨਾ ਹੈ। ਇਹ ਗੁਣ ਵੀਰਰਸ, ਵੀਭਤਸ ਰਸ ਅਤੇ ਰ੍ਰੌਦ ਰਸ ਵਾਲੀਆਂ ਰਚਨਾਵਾਂ ਵਿੱਚ ਮੋਜੂਦ ਹੁੰਦਾ ਹੈ। ਵਰਣਾਂ ਦੇ ਸਾਰੇ ਵਰਗਾਂ ਦੇ ਪਹਿਲੇ (ਕ,ਚ,ਟ,ਤ,ਪ) ਅਤੇ ਤੀਜੇ ਅੱਖਰਾਂ (ਗ,ਜ,ਡ,ਦ,ਬ) ਅਤੇ ਦੂਜੇ (ਖ,ਛ,ਠ,ਥ,ਫ) ਅਤੇ ਚੌਥੇ ਅੱਖਰਾਂ (ਘ,ਝ,ਢ,ਧ,ਭ) ਦੇ ਸੁਮੇਲ ਨਾਲ ਬਣੀ ਸ਼ਬਦਾਵਲੀ ਦੀ ਵਰਤੋਂ ਨਾਲ ਓਜ ਗੁਣ ਪੈਦਾ ਹੁੰਦਾ ਹੈ। ਦੋ ਤੁੱਲ ਵਰਣਾਂ ਦੇ ਸੰਯੋਗ (ਹਰ ਵਰਗ ਦੇ ਪਹਿਲੇ ਪਹਿਲੇ, ਦੂਜੇ ਦੂਜੇ, ਤੀਜੇ ਤੀਜੇ, ਅਤੇ ਚੌਥੇ ਚੌਥੇ) ਟਵਰਗ ਦੇ ਪਹਿਲੇ ਚਾਰ ਵਰਣਾਂ ਦੇ ਪ੍ਰਯੋਗ, ਤਾਲਵੀ ਸ਼ ਅਤੇ ਮੂਰਧਨੀ ਸ਼ ਨਾਲ ਸਾਰੇ ਵਰਣਾਂ ਦੇ ਮੇਲ ਲੰਬੇ ਲੰਬੇ ਸਮਾਸਾਂ ਵਾਲੀ ਰਚਨਾ ਵਿੱਚ ਓਜ ਗੁਣ ਮੌਜੂਦ ਹੁੰਦਾ ਹੈ। ਭਾਮਹ ਅਨੁਸਾਰ ਰਚਨਾ ਦੀ ਗਾੜ੍ਹਤਾ ਜਾਂ ਤਿੱਖਾਪਣ ਵੀ ਓਜ ਦਾ ਲੱਛਣ ਹੈ।


ਜਿਵੇਂ ਕਿ .....

ਘੋੜੇ ਮਰਦ ਮੈਦਾਨ ਵਿੱਚ ਢਹਿ ਪੈਣ ਉਤਾਣਾ।

ਜਿਵੇਂ ਮੋਛੇ ਕਰ ਕਰ ਸੁਟੀਆਂ ਗਨੀਆਂ ਤਰਖਾਣਾਂ। - ਨਜਾਬਤ [4]

● ਓਜ ਗੁਣ ਨੂੰ ਸਮਝਣ ਲਈ ਅਸੀਂ ਵਰਤਮਾਨ ਦੇ ਕਿਸਾਨੀ ਸੰਘਰਸ਼ ਨੂੰ ਪ੍ਰੇਰਿਤ ਕਰਨ ਲਈ ਲਿਖੇ ਕੁਝ ਗੀਤਾਂ ਨੂੰ ਵਾਚ ਸਕਦੇ ਹਾਂ। ਜਿਵੇਂ ਕਿ ਗਾਇਕ/ਗੀਤਕਾਰ ਹਿੰਮਤ ਸੰਧੂ ਦਾ ਗੀਤ ਹੈ :-

ਹੱਕ ਆਪਣੇ ਲਈ ਧਰਨਿਆਂ ਤੇ ਬਹਿ ਗਿਆ ਦਿੱਲੀਏ

ਨੀ ਅਸੀਂ ਵੱਢਾਂਗੇ।

ਜੇ ਸਾਡੀ ਪੈਲੀ 'ਚ ਬਿਗਾਨਾ ਪੈਰ ਪੈ ਗਿਆ ਦਿੱਲੀਏ

ਨੀ ਅਸੀਂ ਵੱਢਾਂਗੇ।

ਓ ਕਿਸੇ ਦੇ ਪਿਓ ਦੀ ਨਹੀਂ ਜਗੀਰ ਵੱਟਾਂ ਸਾਡੀਆਂ

ਆਸ਼ਿਕ਼ ਅਸੀਂ ਤੇ ਸਾਡੀ ਹੀਰ ਵੱਟਾਂ ਸਾਡੀਆਂ

ਪਾਣੀ ਸਿਰ ਉੱਪਰੋਂ ਦੀ ਵਹਿ ਗਿਆ ਦਿੱਲੀਏ

ਨੀ ਅਸੀਂ ਵੱਢਾਂਗੇ।

ਜੇ ਸਾਡੀ ਪੈਲੀ 'ਚ ਬਿਗਾਨਾ ਪੈਰ ਪੈ ਗਿਆ ਦਿੱਲੀਏ

ਨੀ ਅਸੀਂ ਵੱਢਾਂਗੇ[5]

ਉਪਰੋਕਤ ਸਤਰਾਂ ਦੇ ਸ਼ਬਦਾਂ ਵਿੱਚ ਬੀਰ ਰਸੀ ਵਰਣਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ਸੁਣ ਕੇ ਸ੍ਰੋਤਿਆਂ ਅੰਦਰ ਜੋਸ਼ ਆ ਜਾਂਦਾ ਹੈ, ਓਹ ਜੂਝਣ ਲਈ ਉਤਸੁਕ ਹੋ ਜਾਂਦੇ ਹਨ। ਜਿਸ ਕਰਕੇ ਇਥੇ ਓਜ ਗੁਣ ਹੈ।

◆ ਆਚਾਰੀਆ ਵਿਸ਼ਵਨਾਥ ਨੇ ਵਾਮਨ ਦੁਆਰਾ ਕਹੇ ਦਸ ਸ਼ਬਦ ਗੁਣਾਂ ਵਿੱਚੋਂ - ਸ਼ਲੇਸ਼, ਸਮਾਧੀ, ਉਦਾਰਤਾ ਅਤੇ ਪ੍ਰਸਾਦ ਗੁਣਾਂ ਨੂੰ ਓਜ ਗੁਣ ਵਿੱਚ ਹੀ ਅੰਤਰਭਾਵ ਕਰ ਦਿੱਤਾ ਹੈ।


◆ ਜਿਸ ਰਚਨਾ ਵਿੱਚ ਸੰਯੁਕਤ ਅੱਖਰਾਂ ਨਾਲ ਯੁਕਤ ਸਮਾਸ ਪ੍ਰਧਾਨ ਤੇ ਕੰਨਾਂ ਨੂੰ ਚੁਭਣ ਵਾਲੀ ਸ਼ਬਦਾਵਲੀ ਦੀ ਵਰਤੋਂ ਹੋਵੇ, ਉਥੇ ਓਜ ਸ਼ਬਦ ਗੁਣ ਹੁੰਦਾ ਹੈ।

ਉਦਾਹਰਣ-

ਜਿੱਦਾਂ ਬਰਫ਼-ਦੁੱਧ ਚੰਨ ਚਿੱਟੇ,

ਹਿੱਕ-ਉਭਾਰਾਂ ਉੱਤੇ,

ਫਿਰਨ ਊੰਘਦੇ ਨਾਲ ਸਵਾਦਾਂ,

ਮੋਟੇ ਪਿਆਰ-ਵਿਗੁੱਤੇ।। - ਪ੍ਰੋ. ਮੋਹਨ ਸਿੰਘ

ਇਨ੍ਹਾਂ ਸਤਰਾਂ ਵਿੱਚ ‘ਬਰਫ਼-ਦੁੱਧ’, ‘ਹਿੱਕ-ਉਭਾਰਾਂ’, ‘ਪਿਆਰ-ਵਿਗੁੱਤੇ’ ਸ਼ਬਦ ਸਮਾਸੀ ਸ਼ਬਦ ਹਨ।

  1. < https://pa.wiktionary.org/wiki/%E0%A8%93%E0%A8%9C >
  2. < ਵਾਰਤਕ ਸਿਧਾਂਤ, ਡਾ. ਜਸਵਿੰਦਰ ਸਿੰਘ ਸੈਣੀ; ਡਾ. ਗੁਰਨਾਇਬ ਸਿੰਘ; ਡਾ. ਚਰਨਜੀਤ ਕੌਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ - 41 - 42 >
  3. < https://punjabipedia.org/topic.aspx?txt=%u0a13%u0a1c >
  4. < https://pa.wikipedia.org/wiki/%E0%A8%95%E0%A8%BE%E0%A8%B5%E0%A8%BF_%E0%A8%97%E0%A9%81%E0%A8%A3?wprov=sfla1 >
  5. < https://gaana.com/lyrics/asi-vaddange >