ਸਮੱਗਰੀ 'ਤੇ ਜਾਓ

ਓਡ ਕਬੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਓਡ ਕਬੀਲੇ ਦੇ ਲੋਕਾਂ ਨੂੰ ਪਿੰਡਾ ਵਿੱਚ ਕਾਲਿਆਂ ਝਗਿਆਂ ਵਾਲੇ ਓਡ ਵੀ ਕਿਹਾ ਜਾਂਦਾ ਹੈ। ਓਡਾਂ ਦੀ ਕਾਫ਼ੀ ਵੱਡੀ ਗਿਣਤੀ ਮੁਸਲਮਾਨ ਹੋ ਗਈ ਸੀ ਜੋ 1947 ਦੀ ਵੰਡ ਤੋਂ ਪਿੱਛੋਂ ਪਾਕਿਸਤਾਨ ਜਾ ਵਸੇ ਸਨ। ਭਾਰਤ ਵਿੱਚ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਪੰਜਾਬ ਵਿੱਚ ਇਨ੍ਹਾਂ ਦੇ ਕਾਫ਼ੀ ਡੇਰੇ ਹਨ।

ਇਤਿਹਾਸ

[ਸੋਧੋ]

ਓਡ ਕਬੀਲੇ ਦਾ ਵਡੇਰਾ ਭਗੀਰਥ ਸੀ। ਇੱਕ ਰਿਵਾਇਤ ਅਨੁਸਾਰ ਭਗੀਰਥ ਜਿੱਥੇ ਵੀ ਜਾਂਦਾ ਨਵਾਂ ਖੂਹ ਪੁੱਟ ਕੇ ਪਾਣੀ ਪੀਂਦਾ। ਇੱਕ ਖੂਹ ਅਜਿਹਾ ਪੁੱਟਿਆ ਕਿ ਪਾੜ ਪੈ ਗਿਆ ਅਤੇ ਭਗੀਰਥ ਧਰਤੀ ਦੀ ਡੂੰਘੀ ਤਹਿ ਵਿੱਚ ਹੇਠਾਂ ਲਹਿ ਗਿਆ। ਅੱਜ ਤੱਕ ਵੀ ਇਨ੍ਹਾਂ ਉਸ ਦੀ ਯਾਦ ਦਿਲੋਂ ਨਹੀਂ ਭੁਲਾਈ। ਓਡ ਉਸ ਦੀ ਤਲਾਸ਼ ਵਿੱਚ ਤੁਰੇ ਫਿਰਦੇ ਹਨ।[1] ਉਸ ਦੇ ਵਿਯੋਗ ਵਿੱਚ ਕਈ ਓਡ ਸੌਤਾਂ ਵਾਂਗ ਕਾਲੀ ਉੱਨ ਦੀਆਂ ਭੂਰੀਆਂ ਦੀਆਂ ਬੁੱਕਲਾਂ ਮਾਰਦੇ ਅਤੇ ਆਪਣੇ ਆਪ ਨੂੰ ਭਾਗੀਰਥੀ ਦੱਸਦੇ ਹਨ। ਇਹ ਦੰਤ ਕਥਾ ਓਡਾਂ ਦੇ ਖਾਨਾਬਦੋਸ਼ ਹੋਣ ਬਾਰੇ ਅਤੇ ਉਨ੍ਹਾਂ ਦੀ ਸ਼ਨਾਖ਼ਤ ਬਾਰੇ ਵਰਤੀ ਗਈ ਕਈ ਥਾਵਾਂ ’ਤੇ ਮਿਲਦੀ ਹੈ। ਓਡਾਂ ਦਾ ਵਡੇਰਾ ਭਾਗੀਰਥ ਇੱਕ ਪੌਰਾਣਿਕ ਪਾਤਰ ਹੈ। ਇਹ ਰਾਜੇ ਸਗਰ(ਸਗੜ) ਦੀ ਸੰਤਾਨ ਸੀ। ਇਸੇ ਭਗੀਰਥ ਨੇ ਕਪਿਲ ਰਿਸ਼ੀ ਦੀ ਕਰੋਧ ਅਗਨੀ ਨਾਲ ਭਸਮ ਹੋਏ ਰਾਜੇ ਸਗੜ ਦੀ ਸੰਤਾਨ ਨੂੰ ਸੁਰਜੀਤ ਕੀਤਾ ਸੀ। ਭਗੀਰਥ ਨੇ ਹੀ ਘੋਰ ਤਪੱਸਿਆ ਕਰਕੇ ਗੰਗਾ ਪ੍ਰਿਥਵੀ ਉੱਤੇ ਲਿਆਂਦੀ ਸੀ। ਇਸੇ ਕਾਰਨ ਗੰਗਾ ਨੂੰ ਭਗੀਰਥੀ ਵੀ ਕਿਹਾ ਜਾਂਦਾ ਹੈ। ਪਿੰਡਾ ਦੇ ਲੋਕ ਇਨ੍ਹਾਂ ਨੂੰ ਕਾਲਿਆਂ ਝਗਿਆਂ ਵਾਲੇ ਓਡ ਕਹਿੰਦੇ ਹਨ। ਓਡਾਂ ਦੀ ਕਾਫ਼ੀ ਵੱਡੀ ਗਿਣਤੀ ਮੁਸਲਮਾਨ ਹੋ ਗਈ ਸੀ ਜੋ 1947 ਦੀ ਵੰਡ ਤੋਂ ਪਿੱਛੋਂ ਪਾਕਿਸਤਾਨ ਜਾ ਵਸੇ। ਭਾਰਤ ਵਿੱਚ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਪੰਜਾਬ ਵਿੱਚ ਇਨ੍ਹਾਂ ਦੇ ਕਾਫ਼ੀ ਡੇਰੇ ਹਨ। ਰਾਜਪੁਰਾ, ਕੋਟਕਪੂਰਾ, ਬਠਿੰਡਾ, ਮਾਨਸਾ, ਬੁਢਲਾਡਾ ਆਦਿ ਥਾਵਾਂ ਤੋਂ ਛੁੱਟ ਹਿਸਾਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਇਨ੍ਹਾਂ ਪੱਕੇ ਟਿਕਾਣੇ ਬਣਾ ਲਏ ਹਨ। ਓਡਾਂ ਦੀਆਂ ਵਿਸ਼ੇਸ਼ ਗੋਤਾਂ ਬੀਕਾ, ਜੋਧਾ, ਮਧਾਨੀ, ਕਲੀਆ ਮਾਂਗਲ, ਗਲਾਈ, ਵਜੋਕ, ਨਾਪੇ ਆਦਿ ਹਨ।

ਓਡ ਕਬੀਲੇ ਦੀਆਂ ਸ਼੍ਰੇਣੀਆਂ:

[ਸੋਧੋ]

ਓਡ ਕਬੀਲੇ ਨੂੰ ਕੰਮ ਧੰਦੇ ਅਨੁਸਾਰ ਤਿੰਨ ਸ਼੍ਰੇਣੀਆਂ ਵਿੱਚ ਰੱਖ ਕੇ ਦੇਖਿਆ ਜਾ ਸਕਦਾ ਹੈ:

ਟੱਪਰੀ ਵਾਸ ਓਡ:

[ਸੋਧੋ]

ਇਹ ਲੰਬੇ ਕਾਲੇ ਝੱਗੇ ਪਾਉਂਦੇ, ਇਜੜ ਪਾਲਦੇ ਤੇ ਉਨ੍ਹਾਂ ਦੀ ਉਨ ਵੇਚਦੇ ਹਨ। ਇੱਜੜਾਂ ਦੀ ਰਾਖੀ ਲਈ ਇਨ੍ਹਾਂ ਨੇ ਜੱਤਲ ਕੁੱਤੇ ਰੱਖੇ ਹੁੰਦੇ ਹਨ। ਓਡ ਗਧੀਆਂ ਵੀ ਰੱਖਦੇ ਹਨ ਅਤੇ ਅੱਜ ਵੀ ਕਿਸੇ ਬੰਦੇ ਦੀ ਬੇਇਤਬਾਰੀ ਨੂੰ ਜਾਹਰ ਕਰਨ ਲਈ ਇਹ ਅਖਾਣ ਚੱਲਦਾ ਹੈ ਕਿ ਓਡਾਂ ਦੀ ਗਧੀ ਖਬਰੈ ਕਿਥੇ ਪਲਾਣ ਸੁੱਟੇ। ਓਡ ਸ਼ਿਕਾਰ ਕਰਕੇ ਜਾਂ ਮੰਗ ਕੇ ਪੇਟ ਪਾਲਦੇ ਹਨ। ਇਨ੍ਹਾਂ ਬਾਰੇ ਮਸ਼ਹੂਰ ਹੈ ਕਿ ਇਹ ਚਾਂਦੀ ਦੇ ਬਰਤਨ ਵਰਤਦੇ ਸਨ। ਇਨ੍ਹਾਂ ਪਾਸ ਲੋਹੀਆਂ, ਵਿਹਰੀਆਂ, ਬੀਕਾਨੀਰੀ, ਦੋਗਲੀਆਂ ਤੇ ਕਾਲੀਆਂ ਭੇਡਾਂ ਹੁੰਦੀਆਂ ਹਨ। ਇਹ ਸਦੀਆਂ ਤੋਂ ਪਿੰਡਾਂ ਤੋਂ ਦੂਰ ਬੇ-ਅਬਾਦ ਧਰਤੀ ਵਿੱਚ ਡੇਰੇ ਲਾਉਂਦੇ ਆਏ ਹਨ। ਇਹ ਵੱਧ ਤੋਂ ਵੱਧ ਪੰਦਰਾਂ ਦਿਨ ਇੱਕ ਥਾਂ ਤੇ ਗੁਜਾਰਦੇ ਹਨ। ਕਾਨਿਆਂ ਦੀਆਂ ਤੀਲਾਂ ਦੀਆਂ ਪੱਖਿਆਂ ਬਣਾ ਕੇ ਰਹਿੰਦੇ ਹਨ। ਇਹ ਸਾਲ ਵਿੱਚ ਦੋ ਵਾਰ ਭੇਡਾਂ ਦੀ ਉੱਨ ਉਤਾਰ ਕੇ ਵੇਚ ਲੈਂਦੇ ਹਨ। ਕਈ ਓਡ ਭੇਡਾਂ, ਬੱਕਰੀਆਂ, ਊਠਾਂ ਅਤੇ ਗਾਈਆਂ ਦਾ ਵੀ ਵਪਾਰ ਵੀ ਕਰਨ ਲਗ ਪਏ ਹਨ।

ਵਹਿਣੀਆਂ ਵਾਲੇ ਓਡ:

[ਸੋਧੋ]

ਦੂਜੀ ਸ਼੍ਰੇਣੀ ਅਜੇਹੇ ਓਡਾਂ ਦੀ ਹੈ ਜੋ ਮਿੱਟੀ ਘੱਟੇ ਦਾ ਕੰਮ ਕਰਦੇ ਹਨ। ਇਨ੍ਹਾਂ ਖੋਤੀਆਂ ਰੱਖੀਆਂ ਹੋਈਆਂ ਹਨ ਅਤੇ ਇਹ ਕੰਧਾਂ ਬਣਾਉਣ, ਨਹਿਰਾਂ ਪੁੱਟਣ ਅਤੇ ਸੜਕਾਂ ਉੱਪਰ ਮਿੱਟੀ ਪਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਨੂੰ ‘ਲਮਚੌੜ’ ਜਾਂ ‘ਵਹਿਣੀਆਂ ਵਾਲੇ’ ਓਡ ਵੀ ਕਿਹਾ ਜਾਂਦਾ ਹੈ। ਕੁਝ ਓਡ ਜੋ ਪਿੰਡਾਂ ਵਿੱਚ ਪੱਕੇ ਤੌਰ ’ਤੇ ਵੱਸ ਗਏ ਹਨ, ਉਨ੍ਹਾਂ ਨੇ ਵਾਹੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਭੇਚਰ

[ਸੋਧੋ]

ਇਹ ਓਡ ਭੇਡਾਂ, ਬੱਕਰੀਆਂ ਤੇ ਮੱਝਾਂ ਗਾਵਾਂ ਦਾ ਵਪਾਰ ਕਰਦੇ ਹਨ। ਇਹ ਖੂਹ ਖੋਦਣ ਦਾ ਕੰਮ ਵੀ ਕਰਦੇ ਰਹੇ ਹਨ। ਨਿਪੁੰਨ ਓਡ ਮਿੱਟੀ ਤੋਂ ਹੀ ਪਾਣੀ ਦੀ ਕਿਸਮ ਬਾਰੇ ਦੱਸ ਦਿੰਦੇ ਹਨ। ਪੁਰਾਣੇ ਲੁਕੇ ਛਿਪੇ(ਦੱਬੇ ਹੋਏ) ਖੂਹਾਂ ਨੂੰ ਲੱਭਣ ਦੀ ਕਲਾ ਵੀ ਓਡਾਂ ਕੋਲ ਹੁੰਦੀ ਹੈ।

ਜਿਉ ਓਡ ਕੂਪ ਗੁਰਜ ਬਿਨ ਕਾਢੇ

ਤਿਓ ਸਤਗੁਰੂ ਵਸਤੁ ਲਗਾਈਐ।[2]

ਓਡ ਬੜੇ ਮਿਹਨਤੀ, ਸੂਝਵਾਨ ਅਤੇ  ਵਿਹਾਰੀ ਪੱਖੀਵਾਸ ਹਨ। ਇਨ੍ਹਾਂ ਨੂੰ ਆਪਣੇ ਇੱਜੜ ਦੇ ਸਾਰੇ ਭਾਰੂਆਂ ਦੀ ਪਛਾਣ ਹੁੰਦੀ ਹੈ। ਰੰਗਦਾਰ ਖੁੱਲ੍ਹੇ ਘੱਗਰਿਆਂ ਵਾਲੀਆਂ ਓਡਨੀਆਂ ਪੱਖੀਆਂ ਦਾ ਸ਼ਿੰਗਾਰ ਹੁੰਦੀਆਂ ਹਨ ਜੋ ਬੜੇ ਸੁੰਦਰ ਗੀਤ ਗਾ ਕੇ ਦਿਲ ਪਰਚਾਉਂਦੀਆਂ ਹਨ। ਰਾਗ ਰੰਗ, ਗਤਕੇਬਾਜ਼ੀ ਅਤੇ ਸਾਨ੍ਹ ਛਤਰਿਆਂ ਦੇ ਭੇੜ ਇਨ੍ਹਾਂ ਪੱਖੀਵਾਸਾਂ ਦੇ ਸ਼ੁਗਲ ਹਨ। ਉਨ੍ਹਾਂ ਦਾ ਧਰਮ ਹਿੰਦੂ ਧਰਮ ਨਾਲ ਮਿਲਦਾ ਹੈ, ਸ਼ਿਵ, ਵਿਸ਼ਨੂੰ, ਸ਼ੇਰਾਂ ਵਾਲੀ ਦੀ ਪੂਜਾ ਕਰਦੇ ਹਨ। ਮੁਰਦੇ ਸਾੜ ਕੇ ਫੁੱਲ ਹਰੋਦੁਆਰ ਪਾਉਂਦੇ ਹਨ। ਗੁੱਗੇ ਦੀ ਮਾੜੀ ਜਾ ਕੇ ਆਪਣੀ ਪਹੁੰਚ ਅਨੁਸਾਰ ਛਤਰੇ, ਬੱਕਰੇ ਤੇ ਕੁੱਕੜ ਚੜਾਉਂਦੇ ਹਨ। ਮੁਸਲਮਾਨ ਮੁਰਦੇ ਦੱਬਦ ਹਨ। ਇਸ ਤੋਂ ਬਿਨ੍ਹਾਂ ਹੋਰ ਪੀਰਾਂ ਫ਼ਕੀਰਾਂ ਤੇ ਖਾਨਗਾਹਾਂ ਦੀ ਪੂਜਾ ਵੀ ਕਰਦੇ ਹਨ। ਵੀਰਵਾਰ ਨੂੰ ਢੋਲ ਵਜਾ ਕੇ ਚੌਂਕੀਆਂ ਭਰਨ ਤੇ ਪੁੱਛਾਂ ਲੈਣਾਂ ਵੀ ਇਨ੍ਹਾਂ ਲੋਕਾਂ ਵਿੱਚ ਪ੍ਰਚਲਿਤ ਹੈ।[3]

ਹਵਾਲੇ

[ਸੋਧੋ]
  1. ਥਿੰਦ, ਕਰਨੈਲ ਸਿੰਘ (1996). ਪੰਜਾਬ ਦਾ ਲੋਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 33. ISBN 81-7380-223-8.
  2. ਜੋਸ਼ੀ, ਡਾ. ਜੀਤ ਸਿੰਘ (1988). ਪੰਜਾਬੀ ਸਭਿਆਚਾਰ ਬਾਰੇ. ਲੁਧਿਆਣਾ: ਦੀ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ. p. 111.
  3. ਥਿੰਦ, ਕਰਨੇੈਲ ਸਿੰਘ (1996). ਪੰਜਾਬ ਦਾ ਲੋਕ ਵਿਰਸਾ. ਪਟਿਆਲਾ: ਪੰਜਾਬੀ ਯੂਨੀਵਰਸਿਟੀ. p. 34. ISBN 81-7380-223-8.