ਸਮੱਗਰੀ 'ਤੇ ਜਾਓ

ਕਿਸ਼ਨਗੜ੍ਹ (ਚੰਡੀਗੜ੍ਹ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਿਸ਼ਨਗੜ੍ਹ ਚੰਡੀਗੜ੍ਹ ਰਾਜ ਦਾ ਇੱਕ ਪਿੰਡ ਹੈ। ਭੰਗੀਮਾਜਰਾ ਵਿੱਚ ਚੰਗੀ ਜ਼ਮੀਨ ਸੀ ਅਤੇ ਖ਼ੂਬ ਫਸਲ ਹੁੰਦੀ ਸੀ। ਜਦੋਂ ਪੰਜਾਬ ਦੀ ਰਾਜਧਾਨੀ ਉਸਾਰਨ ਲਈ ਪਿੰਡ ਭੰਗੀਮਾਜਰਾ ਦੀ ਜ਼ਮੀਨ ਦੀ ਚੋਣ ਕੀਤੀ ਗਈ ਤਾਂ ਇਥੋਂ ਦੇ ਵਸਨੀਕਾਂ ਨੂੰ ਪਿੰਡ ਛੱਡ ਜਾਣ ਲਈ ਕਿਹਾ ਗਿਆ। ਇਸ ਕਰਕੇ ਮਨੀਮਾਜਰਾ ਰਿਆਸਤ ਵਿਚਲੇ ਪਿੰਡ ਕਿਸ਼ਨਗੜ੍ਹ ਵਿੱਚ ਜਾ ਵਸੇ। ਕਿਸ਼ਨਗੜ੍ਹ ਪਿੰਡ ਵੀ ਹੁਣ ਉਜਾੜੇ ਦੇ ਰਾਹ ਉੱਪਰ ਹੈ ਜਿਸ ਦਾ ਕਾਰਣ ਚੰਡੀਗੜ੍ਹ ਵਿੱਚ ਉਸਰਿਆ ਅਤਿ ਆਧੁਨਿਕ ਰਾਜੀਵ ਗਾਂਧੀ ਇਨਫਰਮੇਸ਼ਨ ਟੈਕਨਾਲੋਜੀ ਪਾਰਕ (ਆਈ.ਟੀ. ਪਾਰਕ) ਹੈ।

ਇਤਿਹਾਸ

[ਸੋਧੋ]

ਭੰਗੀਮਾਜਰਾ ਮੁੱਖ ਤੌਰ ’ਤੇ ਲੁਬਾਣਾ ਤੇ ਜੱਟ ਭਾਈਚਾਰਿਆਂ ਦਾ ਪਿੰਡ ਸੀ। ਇਥੋਂ ਜਿਥੇ ਬਹੁਤੇ ਪਰਿਵਾਰ ਕਿਸ਼ਨਗੜ੍ਹ ਆ ਕੇ ਵਸੇ ਸਨ, ਉਥੇ ਕੁਝ ਪਰਿਵਾਰ ਪਿੰਡ ਤੰਗੌਰੀ (ਖਰੜ) ਵਿਖੇ ਵੀ ਜਾ ਵਸੇ। ਸਰਕਾਰਾਂ ਨੇ 100-200 ਰੁਪਏ ਖਣ ਦੀ ਕੀਮਤ ਪਾ ਕੇ ਘਰਾਂ ਦੀ ਕੀਮਤ ਮਲਬੇ ਦੇ ਰੂਪ ਵਿੱਚ ਪਾਈ। ਪਹਿਲੇ ਦੌਰ ਵਿੱਚ ਇਨ੍ਹਾਂ ਲੋਕਾਂ ਨੇ ਕਿਸ਼ਨਗੜ੍ਹ ਵਿਖੇ ਬੱਕਰੀਆਂ ਦੇ ਵਾੜੇ ਪਾ ਕੇ ਵਾਸਾ ਕੀਤਾ। ਕਿਉਂਕਿ ਇਹ ਜੰਗਲਨੁਮਾ ਥਾਂ ਸੀ। ਇਥੋਂ ਸੁਖਨਾ ਨਦੀ ਵਹਿੰਦੀ ਸੀ। ਉਂਜ ਮਨੀਮਾਜਰੇ ਦੇ ਰਾਜੇ ਨੇ ਇਥੇ ਇੱਕ ਛੋਟਾ ਜਿਹਾ ਪਿੰਡ ਭੰਗੀਮਾਜਰਾ, ਜਿਸ ਨੂੰ ਮੁੱਢਲੇ ਦੌਰ ਵਿੱਚ ਕੁਹਾਰਾਂ ਦੀ ਬਸਤੀ ਕਰਕੇ ਜਾਣਿਆ ਜਾਂਦਾ ਸੀ, ਪਹਿਲਾਂ ਹੀ ਵਸਾ ਦਿੱਤਾ ਸੀ। ਘਸੀਟਾ ਰਾਮ ਦੇ ਅੱਗੇ ਪੰਜ ਪੁੱਤਰ ਸਨ। ਕਿਸ਼ਨਗੜ੍ਹ ਪਿੰਡ ਦੀ ਜ਼ਮੀਨ ਮਨੀਮਾਜਰਾ ਦੇ ਮੌਜੇ ਵਿੱਚ ਹੀ ਗਿਣੀ ਜਾਂਦੀ ਸੀ। ਇਥੇ ਆ ਬੈਠੇ ਭੰਗੀਮਾਜਰੀਆਂ ਨੇ ਖੂਬ ਮਿਹਨਤ ਕਰਕੇ ਇਸ ਜ਼ਮੀਨ ਨੂੰ ਖੇਤੀ ਯੋਗ ਬਣਾਇਆ। ਇਥੇ ਮਿਰਚਾਂ, ਕਮਾਦ, ਜੀਰੀ ਤੇ ਕਪਾਹ ਆਦਿ ਦੀਆਂ ਫਸਲਾਂ ਖੂਬ ਹੁੰਦੀਆਂ ਸਨ। ਜ਼ਮੀਨ ਨੂੰ ਪਾਣੀ ਦੀ ਕੋਈ ਘਾਟ ਨਹੀਂ ਸੀ। ਇਸ ਜ਼ਮੀਨ ਨੂੰ ਘੱਗਰ ਦਰਿਆ ਦਾ ਪਾਣੀ ਕੂਹਲਾਂ ਰਾਹੀਂ ਲਾਇਆ ਜਾਂਦਾ ਸੀ। ਜਦੋਂ ਚੰਡੀਗੜ੍ਹ ਦਾ ਵਿਆਪਕ ਪੱਧਰ ’ਤੇ ਵਿਕਾਸ ਹੋਇਆ ਤਾਂ ਕਿਸ਼ਨਗੜ੍ਹ ਤੇ ਭਗਵਾਨਪੁਰਾ ਦੀ ਜ਼ਮੀਨ ਨੂੰ ਪਹਿਲੇ ਦੌਰ ਵਿੱਚ ਪਿੰਡ ਨਾਲ ਬਣਾਈ ਗਈ ਸੁਖਨਾ ਝੀਲ ਨੇ ਖੋਰਾ ਲਾਇਆ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੇ ਆਪਣੀ ਖੁਸੀ ਜ਼ਮੀਨ ਦੇ ਇਵਜ਼ ਵਜੋਂ ਖੇਤੀ ਦਾ ਧੰਦਾ ਜਾਰੀ ਰੱਖਣ ਲਈ ਪਿੰਡ ਰੈਲੀ (ਪੰਚਕੂਲਾ) ਵਿੱਚ ਜ਼ਮੀਨ ਲਈ। ਫਿਰ ਉਥੇ ਵੀ ਉਜਾੜੇ ਦਾ ਕੁਹਾੜਾ ਚੱਲ ਪਿਆ। ਪੰਚਕੂਲਾ ਦੀ ਜ਼ਮੀਨ ਵੀ ਹਾਕਮਾਂ ਨੇ 9 ਹਜ਼ਾਰ ਰੁਪਏ ਪ੍ਰਤੀ ਕਿੱਲਾ ਕੀਮਤ ਪਾ ਕੇ ਖੋਹ ਲਈ। ਫਿਰ ਕੁਝ ਲੋਕਾਂ ਨੇ ਆਪਣਾ ਜੀਵਨ ਨਿਰਬਾਹ ਕਰਨ ਲਈ ਪਿੰਡ ਰਾਏਭੁੱਟਾ (ਫਤਿਹਗੜ੍ਹ ਸਾਹਿਬ) ਵਿਖੇ ਜ਼ਮੀਨ ਲਈ। ਇਸ ਤਰ੍ਹਾਂ ਪਿੰਡ ਖਿੰਡਦਾ ਗਿਆ।

ਪਿੰਡ ਦੀ ਵਸੋਂ ਅਤੇ ਘਰ

[ਸੋਧੋ]

ਪਿੰਡ ਕਿਸ਼ਨਗੜ੍ਹ ਤੇ ਭੰਗੀਮਾਜਰਾ ਦੀ ਸਾਂਝੀ ਪੰਚਾਇਤ ਹੁੰਦੀ ਸੀ। ਜਿਸ ਦਾ ਪਹਿਲਾ ਸਰਪੰਚ ਲਛਮਣ ਸਿੰਘ ਲੁਬਾਣਾ ਬਣਿਆ ਸੀ। ਮੁੱਢਲੇ ਦੌਰ ਵਿੱਚ ਮਸਾਂ 150 ਵੋਟਾਂ ਸਨ ਅਤੇ 50 ਦੇ ਕਰੀਬ ਘਰ ਵਸਦੇ ਸਨ ਜਦਕਿ ਹੁਣ ਵੋਟਾਂ 2500 ਦੇ ਕਰੀਬ ਹਨ ਅਤੇ ਆਬਾਦੀ 10 ਹਜ਼ਾਰ ਨੂੰ ਪਹੁੰਚ ਗਈ ਹੈ। ਇਸ ਤੋਂ ਬਾਅਦ 18 ਸਾਲ ਪ੍ਰੇਮ ਸਿੰਘ ਢਿਲੋਂ ਸਰਪੰਚ ਰਹੇ। ਇਥੇ ਬਿਜਲੀ ਦਾ ਕੁਨੈਕਸ਼ਨ ਸਾਲ 1972 ਵਿੱਚ ਮਿਲਿਆ ਸੀ ਅਤੇ ਪਹਿਲਾ ਟਿਊਬਵੈਲ (ਐਮ-23) 1975 ਵਿੱਚ ਲੱਗਾ ਸੀ। ਪਿੰਡ ਦੀ 80 ਫੀਸਦ ਆਬਾਦੀ ਲਾਲ ਡੋਰੇ ਤੋਂ ਬਾਹਰ ਵਸਦੀ ਹੈ। ਦਰਅਸਲ ਲਾਲ ਡੋਰੇ ਦੇ ਅੰਦਰ 250 ਦੇ ਕਰੀਬ ਮਕਾਨ ਹਨ ਜਦਕਿ ਇਸ ਤੋਂ ਬਾਹਰ 1250 ਦੇ ਕਰੀਬ ਮਕਾਨ ਦੱਸੇ ਜਾਂਦੇ ਹਨ। ਪ੍ਰਸ਼ਾਸਨ ਵਲੋਂ 950 ਮਕਾਨ ਛੱਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ 300 ਦੇ ਕਰੀਬ ਮਕਾਨ ਹਾਲੇ ਵੀ ਉਜਾੜੇ ਦੀ ਤਲਵਾਰ ਹੇਠ ਹਨ।