ਕੁੜੀਆਂ (ਨਿੱਕੀ ਕਹਾਣੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

"ਕੁੜੀਆਂ" ਮ੍ਰਿਣਾਲ ਪਾਂਡੇ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ 1983 ਵਿੱਚ ਹਿੰਦੀ ਹਫ਼ਤਾਵਾਰੀ ਧਰਮਯੁਗ ਵਿੱਚ ਛਪੀ ਸੀ, ਅਤੇ ਉਸੇ ਸਾਲ ਹਫ਼ਤਾਵਾਰੀ ਮਾਨੁਸ਼ੀ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ।[1]

ਪਲਾਟ[ਸੋਧੋ]

"ਕੁੜੀਆਂ" ਨੂੰ ਇੱਕ ਅੱਠ ਸਾਲ ਦੀ ਕੁੜੀ ਦੇ ਦ੍ਰਿਸ਼ਟੀਕੋਣ ਤੋਂ ਦੱਸੀ ਗਈ ਕਹਾਣੀ ਹੈ, ਅਤੇ ਇਹ ਸਪਸ਼ਟ ਕਰਦੀ ਹੈ ਕਿ ਕਿਵੇਂ ਭਾਰਤੀ ਸਮਾਜ ਔਰਤਾਂ ਨੂੰ ਮਾਮੂਲੀ ਸਮਝਦਾ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਵਿੱਚ ਇੱਕ ਸੈਕੰਡਰੀ ਭੂਮਿਕਾ ਸਵੀਕਾਰ ਕਰਨ ਲਈ ਮਜਬੂਰ ਕਰ ਦਿੰਦਾ ਹੈ। ਇਹ ਇਹ ਵੀ ਦਰਸਾਉਂਦੀ ਹੈ ਕਿ ਕਈ ਵਾਰ, ਔਰਤਾਂ ਖੁਦ ਹੀ ਔਰਤਾਂ ਨੂੰ ਘਟੀਆ ਸਮਝਦੀਆਂ ਹਨ। ਕਹਾਣੀ ਵਿੱਚ ਬਿਰਤਾਂਤਕਾਰ ਦਾ ਪਿਤਾ ਇੱਕ ਦਿਆਲੂ ਇਨਸਾਨ ਦਰਸਾਇਆ ਗਿਆ ਹੈ। ਉਹ ਚਾਹੁੰਦਾ ਹੈ ਕਿ ਉਸ ਦੀਆਂ ਧੀਆਂ ਪੜ੍ਹ-ਲਿਖ ਕੇ ਆਪਣੀ ਜ਼ਿੰਦਗੀ ਵਿਚ ਕੁਝ ਬਣਨ। ਬਿਰਤਾਂਤਕਾਰ ਦੀ ਮਾਂ, ਲਾਲੀ ਦੀਆਂ ਤਿੰਨ ਧੀਆਂ ਹਨ ਅਤੇ ਚੌਥੇ ਬੱਚੇ ਦੀ ਆਸ ਹੈ। ਉਹ ਬਹੁਤ ਸ਼ਿੱਦਤ ਨਾਲ਼ ਚਾਹੁੰਦੀ ਹੈ ਕਿ ਇਸ ਵਾਰ ਲੜਕਾ ਹੋਵੇ, ਤਾਂ ਜੋ ਉਹ ਇੱਕ ਵਾਰ ਹੋਰ ਗਰਭਵਤੀ ਹੋਣ ਦੀ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕੇ। ਲਾਲੀ, ਬਿਰਤਾਂਤਕਾਰ ਅਤੇ ਉਸ ਦੀਆਂ ਭੈਣਾਂ ਗਰਭ ਦੇ ਆਖ਼ਰੀ ਮਹੀਨਿਆਂ ਲਈ ਨਾਨੀ ਦੇ ਘਰ ਜਾਂਦੀਆਂ ਹਨ। ਉੱਥੇ ਰਹਿਣ ਦੌਰਾਨ, ਬਿਰਤਾਂਤਕਾਰ ਨੇ ਦੇਖਿਆ ਕਿ ਕਿਵੇਂ ਘਰ ਦੇ ਮੈਂਬਰ ਔਰਤਾਂ ਨੂੰ ਨੀਵਾਂ ਸਮਝਦੇ ਹਨ, ਅਤੇ ਉਹ ਵੱਡਿਆਂ ਦੇ ਦੰਭ ਤੋਂ ਤੰਗ ਆ ਚੁੱਕੀ ਹੈ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਥਾਵਾਚਕ ਨੂੰ ਆਰਥੋਡਾਕਸ ਭਾਰਤੀ ਸਮਾਜ ਵਿੱਚ ਇੱਕ ਲੜਕੀ ਦੀ ਅਧੀਨਗੀ ਵਾਲੀ ਸਥਿਤੀ ਦੀ ਯਾਦ ਦਿਵਾਉਂਦੀਆਂ ਹਨ। ਨਾਨੀ ਦੀ ਗੋਦੀ ਵਿੱਚ ਸਿਰਫ਼ ਪੋਤੇ ਨੂੰ ਹੀ ਬੈਠਣ ਦਿੱਤਾ ਜਾਂਦਾ ਹੈ ਜਦੋਂ ਕਿ ਕੁੜੀਆਂ ਨੂੰ ਝਿੜਕ ਕੇ ਭਜਾ ਦਿੱਤਾ ਜਾਂਦਾ ਹੈ। ਨਾਨੀ ਅਤੇ ਘਰ ਦੇ ਸਾਰੇ ਵੱਡੇ ਪਰਿਵਾਰ ਦੀ ਦੇਵੀ ਅੱਗੇ ਅਰਦਾਸ ਕਰਦੇ ਹਨ ਕਿ ਜਨਮ ਲੈਣ ਵਾਲਾ ਬੱਚਾ ਪੁੱਤਰ ਹੋਵੇ ਤਾਂ ਜੋ 'ਪਰਿਵਾਰ ਦੀ ਇੱਜ਼ਤ' ਬਰਕਰਾਰ ਰਹੇ। ਬਿਰਤਾਂਤਕਾਰ ਆਪਣੀ ਮਾਸੀ ਨੂੰ ਆਪਣੀ ਮਾਂ ਕੋਲ਼ ਉਨ੍ਹਾਂ ਸਮੱਸਿਆਵਾਂ ਬਾਰੇ ਸ਼ਿਕਾਇਤ ਕਰਦੇ ਹੋਏ ਸੁਣ ਲੈਂਦੀ ਹੈ ਜੋ ਉਸਨੂੰ ਇੱਕ ਔਰਤ ਹੋਣਨਾਤੇ ਸਹਿਣੀਆਂ ਪੈਂਦੀਆਂ ਹਨ। ਅਜਿਹੀਆਂ ਘਟਨਾਵਾਂ ਬਿਰਤਾਂਤਕਾਰ ਦੇ ਪਹਿਲਾਂ ਹੀ ਅਸੁਰੱਖਿਅਤ ਮਨ 'ਤੇ ਸਥਾਈ ਪ੍ਰਭਾਵ ਛੱਡਦੀਆਂ ਹਨ, ਜੋ ਇਹ ਜਾਣਨ ਲਈ ਉਤਸੁਕ ਹੈ ਕਿ ਬਜ਼ੁਰਗ ਔਰਤਾਂ ਅਤੇ ਕੁੜੀਆਂ ਨੂੰ ਕਿਉਂ ਨੀਵਾਂ ਸਮਝਦੇ ਹਨ। ਉਸਦੀ ਮਾਸੂਮੀ ਭਰੀ ਉਤਸੁਕਤਾ ਕਾਰਨ ਲਾਲੀ, ਨਾਨੀ ਅਤੇ ਹੋਰਾਂ ਨੂੰ ਬਹੁਤ ਗੁੱਸਾ ਆਉਂਦਾ ਹੈ। ਕਹਾਣੀਕਾਰ ਦੀ ਵੱਡੀ ਭੈਣ ਬਾਰੀ ਉਸ ਨੂੰ ਬਜ਼ੁਰਗਾਂ ਕੋਲ਼ੋਂ ਅਜਿਹੇ ਸਵਾਲ ਨਾ ਪੁੱਛਣ ਦੀ ਸਲਾਹ ਦਿੰਦੀ ਹੈ। ਫਿਰ ਉਹ ਪਵਿੱਤਰ ਦਿਨ ਆਉਂਦਾ ਹੈ ਜਦੋਂ ਕੰਨਿਆਵਾਂ ਨੂੰ ਦੇਵੀ ਵਜੋਂ ਪੂਜਿਆ ਜਾਣਾ ਹੈ। ਨਾਨੀ, ਜੋ ਪਹਿਲਾਂ ਆਪਣੇ ਆਪ ਨੂੰ ਇੱਕ ਔਰਤ ਦਰਸਾਉਂਦੀ ਹੈ ਜੋ ਇਸ ਗੱਲ ਨਾਲ ਸਹਿਮਤ ਹੈ ਕਿ ਔਰਤਾਂ ਘਟੀਆ ਹਨ, ਹੁਣ ਆਪਣੀਆਂ ਪੋਤੀਆਂ ਨੂੰ ਪ੍ਰਸ਼ਾਦ ਲੈਣ ਅਤੇ ਰਸਮਾਂ ਵਿੱਚ ਹਿੱਸਾ ਲੈਣ ਲਈ ਪਿਆਰ ਨਾਲ ਵਡਿਆਉਂਦੀ ਹੈ। ਬਜ਼ੁਰਗਾਂ ਦਾ ਪਾਖੰਡ ਬਿਰਤਾਂਤਕਾਰ ਨੂੰ ਝੰਜੋੜਦਾ ਹੈ ਅਤੇ ਉਹ ਸਹਿਣ ਨਹੀਂ ਕਰ ਸਕਦੀ। ਉਹ ਗੁੱਸੇ ਨਾਲ ਚੀਕਦੀ ਹੋਈ ਰੋ ਪੈਂਦੀ ਹੈ ਕਿ ਜੇ ਉਹ ਕੁੜੀਆਂ ਨੂੰ ਪਿਆਰ ਨਹੀਂ ਕਰਦੇ ਤਾਂ ਉਨ੍ਹਾਂ ਦੀ ਪੂਜਾ ਕਰਨ ਦਾ ਢੌਂਗ ਕਿਉਂ ਰਚਦੇ ਹਨ?

ਹਵਾਲੇ[ਸੋਧੋ]

  1. "Girls - A short story by Mrinal Pande || On Non-Navratri Days". Bookish Santa (in ਅੰਗਰੇਜ਼ੀ). Retrieved 2023-02-21.