ਸਮੱਗਰੀ 'ਤੇ ਜਾਓ

ਖ਼ੁਫ਼ੂ ਦਾ ਮਹਾਨ ਪਿਰਾਮਿਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦੁਨੀਆ ਦੇ ਸਤ ਅਜੂਬਿਆਂ ਵਿਚੌਂ ਇੱਕ ਮਿਸਰ ਦੇ ਪਿਰਾਮਿਡ

ਤਕਰੀਬਨ 5000 ਸਾਲ ਪਹਿਲਾਂ ਮਿਸਰ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਵਿਚਿੱਤਰ ਸਭਿਅਤਾ ਉਸਰੀ। ਉਸ ਸਮੇਂ ਦਾ ਇਤਿਹਾਸ ਚਿੰਨਾਂ ਦੇ ਮਾਧਿਅਮ ਰਾਹੀਂ ਲਿਖਤੀ ਰੂਪ ਵਿੱਚ ਲਿਖਿਆ ਮਿਲਦਾ ਹੈ। ਇਹ ਸਮਾਂ ਫ਼ੈਰੋਹਾਂ ਦਾ ਸੀ। ਫ਼ੈਰੋਹ ਦਾ ਅਰਥ ਹੈ ਜਿਹੜਾ ਮਹੱਲਾਂ ਵਿੱਚ ਰਹਿੰਦਾ ਹੈ। ਇਸ ਦਾ ਭਾਵ ਬਾਦਸ਼ਾਹ ਸੀ। ਫ਼ੈਰੋਹ ਆਪਣੇ ਆਪ ਨੂੰ ਦੇਵਤੇ ਦਾ ਦਰਜਾ ਦਿੰਦੇ ਸਨ। ਉਸ ਨੂੰ ਸਰਵ-ਸ਼ਕਤੀਮਾਨ ਸਮਝਿਆ ਜਾਂਦਾ ਸੀ। ਉਹਨਾਂ ਦਾ ਹੁਕਮ ਅਟੱਲ ਹੁੰਦਾ ਸੀ। ਲੋਕ ਉਹਨਾਂ ਨੂੰ ਸਤਿਕਾਰ ਨਾਲ ਮਾਨਤਾ ਦਿੰਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਫੈਰੋਹਾਂ ਕਰ ਕੇ ਹੀ ਸਵੇਰ ਵੇਲੇ ਸੂਰਜ ਚੜ੍ਹਦਾ ਹੈ ਅਤੇ ਗਰਮੀਆਂ ਦੇ ਅੰਤ `ਤੇ ਨੀਲ ਦਰਿਆ ਵਿੱਚ ਹੜ ਆਉਂਦਾ ਹੈ। ਉਹ ਸਮਝਦੇ ਸਨ ਕਿ ਨੀਲ ਦਰਿਆ ਦਾ ਪਾਣੀ ਕਿਸੇ ਰਹੱਸਮਈ ਅੰਬਰ ਤੋਂ ਆਉਂਦਾ ਹੈ। ਮਿਸਰੀ ਲੋਕਾਂ ਦਾ ਸਾਰਾ ਜੀਵਨ ਨੀਲ ਦਰਿਆ ਤੇ ਨਿਰਭਰ ਕਰਦਾ ਸੀ। ਉਹਨਾਂ ਲੋਕਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਮੌਤ ਤੋਂ ਬਾਅਦ ਫੈਰੋਹ ਹੀ ਦੇਵਤਿਆਂ ਤੋਂ ਮਿਰਤਕ ਦੀ ਰੂਹ ਨੂੰ ਭੋਜਨ ਦਵਾ ਸਕਦੇ ਹਨ। ਕਬਰ ਵਿੱਚ ਮਿਰਤਕ ਦੇ ਨਾਲ ਬਰਾਨਜ਼ੇ ਧਾਤ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖਦੇ ਸਨ। ਫੈਰੋਹਾਂ ਦਾ ਸਰਕਾਰੀ ਢਾਂਚਾ ਬੜਾ ਯੋਜਨਾਬੱਧ ਅਤੇ ਸਰਾਹਣੀਆ ਸੀ। ਉਸ ਸਮੇਂ ਕਲੰਡਰ ਵੀ ਜਾਰੀ ਹੋਇਆ। ਫੈਰੋਹਾਂ ਦਾ ਸਮਾਂ ਵਿਸ਼ੇਸ਼ ਕਰ ਕੇ ਪਿਰਾਮਿਡ ਯੁਗ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਪਿਰਾਮਿਡ ਵਿੱਚ ਵਰਤੇ ਪੱਥਰਾਂ ਦੀ ਕਾਰੀਗਰੀ

ਅਜੂਬਾ

[ਸੋਧੋ]

ਖ਼ੁਫ਼ੂ ਦਾ ਮਹਾਨ ਪਿਰਾਮਿਡ ਦੁਨੀਆ ਦੇ ਸੱਤ ਪ੍ਰਾਚੀਨ ਅਜੂਬਿਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਸਾਰਿਆਂ ਨਾਲੋਂ ਹੈਰਾਨੀ-ਜਨਕ ਗੱਲ ਇਹ ਹੈ ਕਿ ਇਹ ਸਾਰਿਆਂ ਨਾਲੋਂ ਪੁਰਾਣਾ ਹੈ ਅਤੇ ਸੱਤਾਂ ਅਜੂਬਿਆਂ ਵਿੱਚੋਂ ਸਿਰਫ਼ ਇਹੀ ਬਚਿਆ ਹੋਇਆ ਹੈ। ਇਹ ਮਿਸਰ ਵਿੱਚ ਕਾਹਿਰਾ ਦੇ ਇੱਕ ਹਿੱਸੇ ਗਿਜ਼ਾ ਸ਼ਹਿਰ ਵਿੱਚ ਸਥਿਤ ਹੈ। ਇਸ ਮਹਾਨ ਪਿਰਾਮਿਡ ਨੂੰ ਮਿਸਰੀ ਫ਼ੈਰੋਹ ਖ਼ੁਫ਼ੂ ਨੇ ਬਣਵਾਇਆ। ਖੁਫ਼ੂ ਫ਼ੈਰੋਹ ਖ਼ਾਨਦਾਨ ਦੀ ਚੌਥੀ ਪੀੜ੍ਹੀ ਵਿੱਚ ਤਕਰੀਬਨ 2560 ਬੀ਼ ਸੀ਼ ਵਿੱਚ ਹੋਇਆ। ਉਸ ਦਾ ਮੰਤਵ ਸੀ ਕਿ ਜਦੋਂ ਉਸ ਦੀ ਮੌਤ ਹੋਵੇ ਤਾਂ ਉਸ ਨੂੰ ਇਸ ਵਿੱਚ ਦਫ਼ਨਾਇਆ ਜਾਏ। ਕਿਹਾ ਜਾਂਦਾ ਕਿ ਇਸ ਪਿਰਾਮਿਡ ਨੂੰ ਬਣਾਉਣ ਵਿੱਚ 20 ਸਾਲ ਲੱਗੇ। ਇਸ ਪਿਰਾਮਿਡ ਦੇ ਢਾਂਚੇ ਵਿੱਚ ਵਰਤੇ ਪੱਥਰਾਂ ਦੀ ਗਿਣਤੀ ਕੋਈ 20 ਲੱਖ ਹੈ ਅਤੇ ਹਰੇਕ ਪੱਥਰ ਦਾ ਆਮ ਭਾਰ 2 ਟਨ ਤੋਂ ਵੱਧ ਹੈ। ਉੱਪਰ ਨੂੰ ਜਾਂਦੇ ਪੱਥਰਾਂ ਦਾ ਸਾਈਜ਼ ਘਟਦਾ ਜਾਂਦਾ ਹੈ। ਬੁਨਿਆਦ ਦੇ ਕਈ ਪੱਥਰਾਂ ਦੇ ਬਲਾਕ 15 ਟਨ ਤੋਂ ਵੀ ਜ਼ਿਆਦਾ ਭਾਰੀ ਹਨ। ਬਾਦਸ਼ਾਹ ਦੇ ਕਮਰੇ ਦੀ ਛੱਤ ਤੇ ਗਰੇਨਾਈਟ ਦੇ ਬਲਾਕ 50 ਤੋਂ 80 ਟਨ ਭਾਰੇ ਹਨ। ਪੱਥਰਾਂ ਨੂੰ ਘੜਨ ਦੀ ਕਲਾ ਬਹੁਤ ਅਸਚਰਜ ਹੈ। ਇਹ ਪੱਥਰ ਏਨੀ ਕਾਰੀਗਰੀ ਨਾਲ ਫਿੱਟ ਕੀਤੇ ਗਏ ਹਨ ਕਿ ਕੋਈ ਵੀ ਬਰੀਕ ਗੱਤਾ (ਕਾਰਡਬੋਰਡ) ਉਸ ਵਿੱਚ ਨਹੀਂ ਆ ਸਕਦਾ। ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪਿਰਾਮਿਡ ਲਈ ਵਰਤੇ ਏਨੇ ਭਾਰੀ ਪੱਥਰ ਉੱਪਰ ਕਿਵੇਂ ਪਹੁੰਚਾਏ ਗਏ। ਕੋਈ ਕਹਿੰਦਾ ਹੈ ਕਿ ਰੈਂਪ (ਢਲਾਨ) ਬਣਾ ਕੇ ਉਸ ਦੀ ਵਰਤੋਂ ਕੀਤੀ ਗਈ ਹੋਵੇਗੀ ਅਤੇ ਕਿਸੇ ਦਾ ਖਿਆਲ ਹੈ ਕਿ ਲੰਬੇ-ਲੰਬੇ ਲੀਵਰਾਂ (ਤੁਲਾਂ) ਰਾਹੀਂ ਲੈ ਜਾਏ ਗਏ ਹੋਣਗੇ। ਅਜੋਕੇ ਸਮੇਂ ਵਿੱਚ ਡਾ਼ ਜ਼ਾਹੀ ਹਵਾਸ ਨੂੰ ਪਿਰਾਮਿਡ ਦੇ ਦੱਖਣੀ ਪਾਸੇ ਇੱਕ ਰੈਂਪ ਮਿਲਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਇਸ ਪਿਰਾਮਿਡ ਦੀ ਉਸਾਰੀ ਲਈ ਇਸ ਰੈਂਪ ਨੂੰ ਵਰਤਿਆ ਗਿਆ ਹੋਣਾ ਹੈ। ਗਿਜ਼ਾ ਦੇ ਸਥਾਨ ਤੇ ਮੀਊਜ਼ੀਅਮ ਵਿੱਚ ਖ਼ੁਫ਼ੂ ਦੀ ਇੱਕ ਕਿਸ਼ਤੀ ਵੀ ਪਈ ਹੈ ਜਿਸ ਨੂੰ ‘ਸੂਰਜ ਕਿਸ਼ਤੀ’ ਕਹਿੰਦੇ ਹਨ। ਐਸਾ ਮਿਸਰੀ ਵਿਸ਼ਵਾਸ ਹੈ ਕਿ ਮੌਤ ਦੇ ਪਿੱਛੋਂ ਇਹ ਰੂਹ ਦੀ ਆਵਾਜਾਈ ਦਾ ਸਾਧਨ ਹੁੰਦੀ ਹੈ। ਇਸ ਮਹਾਨ ਪਿਰਾਮਿਡ ਦੀ ਮੁੱਢਲੀ ਉੱਚਾਈ 481 ਫ਼ੁੱਟ ਸੀ ਪਰ ਸਮੇਂ ਦੀ ਮਾਰ ਥੱਲੇ ਆਕੇ ਹੁਣ ਇਹ ਦਸ ਫ਼ੁੱਟ ਦੀ ਉੱਚਾਈ ਗੁਆ ਚੁੱਕਾ ਹੈ। ਇਹ ਪਿਰਾਮਿਡ 19ਵੀਂ ਸਦੀ ਏ਼ ਡੀ਼ ਤੋਂ ਪਹਿਲਾਂ ਦੇ ਸਮੇਂ ਵਿੱਚ ਦੁਨੀਆ ਦਾ ਸਭ ਨਾਲੋਂ ਉੱਚਾ ਢਾਂਚਾ ਸੀ। ਇਸ ਦਾ ਢਲਾਨੀ ਜ਼ਾਵੀਆ (ਕੋਨ) 51 ਡਿਗਰੀ 51 ਮਿਨੱਟ ਹੈ। ਨੀਚੇ ਤੋਂ ਇਹ ਪਿਰਾਮਿਡ ਮੁਰੱਬਾ ਸ਼ਕਲ ਵਿੱਚ ਹੈ। ਉਸਾਰੀ ਵਿੱਚ ਹਰ ਥਾਂ ਤੇ ਇਹ ਸ਼ਕਲ ਇੱਕੋ ਜਿਹੀ ਰੱਖੀ ਗਈ ਹੈ। ਹੇਠਾਂ ਹਰੇਕ ਪਾਸਾ 751 ਫ਼ੁੱਟ ਹੈ। ਬਨਾਵਟ ਵਿੱਚ ਚਾਰੇ ਪਾਸਿਆਂ ਦੀ ਉੱਪਰ ਤੱਕ ਆਪਸੀ ਸ਼ੁਧੀ ਪ੍ਰਸ਼ੰਸਾ ਯੋਗ ਹੈ। ਇਸ ਪਿਰਾਮਿਡ ਦਾ ਮੂੰਹ ਇਸ ਤਰੀਕੇ ਨਾਲ ਬੰਦ ਹੈ ਕਿ ਪਤਾ ਨਹੀਂ ਲੱਗਦਾ ਕਿ ਮੂੰਹ ਕਿੱਥੇ ਹੈ। ਇੱਕ ਯੂਨਾਨੀ ਸੱਈਆਹ‎,‎ ਹੈਰੋਡੋਟੱਸ ਅਨੁਸਾਰ ਇਸ ਪਿਰਾਮਿਡ ਨੂੰ ਬਣਾਉਣ ਲਈ ਤਕਰੀਬਨ ਇੱਕ ਲੱਖ ਗ਼ੁਲਾਮਾਂ ਤੋਂ ਵਗਾਰ ਲਈ ਗਈ। ਕਈ ਸਾਇੰਸਦਾਨ ਉੱਪਰੋਕਤ ਸੱਈਆਹ ਨਾਲ ਸਹਿਮਤ ਨਹੀਂ ਹਨ। ਹੁਣ ਤੱਕ 46 ਪਿਰਾਮਿਡ ਲੱਭੇ ਗਏ ਹਨ। ਹੋਰ ਵੀ ਲੱਭੇ ਜਾ ਸਕਦੇ ਹਨ ਜਿਹੜੇ ਮਾਰੂ ਥੱਲ ਵਿੱਚ ਦੱਬੇ ਪਏ ਹਨ। ਪ੍ਰਾਚੀਨ ਭਵਨ-ਨਿਰਮਾਣ ਕਲਾ ਦੀ ਉੱਤਮਤਾ ਇਸ ਗੱਲ ਵਿੱਚ ਹੈ ਕਿ ਪਿਰਾਮਿਡਾਂ ਦੀ ਉਸਾਰੀ ਦੀ ਮਿਣਤੀ ਕਮਾਲ ਦੀ ਬਾਰੀਕ-ਬੀਨੀ ਪੇਸ਼ ਕਰਦੀ ਹੈ। ਬਹੁਤ ਸਾਰੇ ਪਿਰਾਮਿਡਾਂ ਵਿੱਚ ਮਿਰਤਕਾਂ ਨਾਲ ਬੇਅੰਤ ਧਨ ਰੱਖਿਆ ਜਾਂਦਾ ਸੀ ਕਿਉਂਕਿ ਮਿਸਰੀ ਸਮਝਦੇ ਸਨ ਕਿ ਮੌਤ ਤੋਂ ਪਿੱਛੋਂ ਮਿਰਤਕਾਂ ਦੀ ਜ਼ਰੂਰਤਾਂ ਲਈ ਇਸ ਧਨ ਦੀ ਲੋੜ ਹੈ। ਏਸੇ ਕਾਰਨ ਪ੍ਰਾਚੀਨ ਕਾਲ ਵਿੱਚ ਕੱਬਰ-ਲੁਟੇਰੇ ਹੁੰਦੇ ਸਨ। ਉਹ ਪਵਿੱਤਰ ਕੱਬਰਾਂ ਨੂੰ ਲੁਟਦੇ ਸਨ। ਅਜਿਹੀਆਂ ਘਟਨਾਵਾਂ ਦੇ ਇਲਾਜ ਲਈ ਸ਼ਿਲਪਕਾਰ ਪਿਰਾਮਿਡ ਵਿੱਚ ਅਜਿਹੇ ਰੱਸਤੇ ਬਣਾਉਂਦੇ ਸਨ ਜਿਹਨਾਂ ਨੂੰ ਗਰੇਨਾਈਟ ਬਲਾਕਾਂ ਰਾਹੀਂ ਬੰਦ ਕੀਤਾ ਜਾਂਦਾ ਸੀ ਅਤੇ ਗੁਪਤ ਰਾਹ ਅਤੇ ਗੁਪਤ ਕਮਰੇ ਬਣਾਏ ਜਾਂਦੇ ਸਨ ਪਰ ਲੁਟੇਰੇ ਉਹਨਾਂ ਨਾਲੋਂ ਵੀ ਚੱਤਰ ਸਨ। ਇਸੇ ਲਈ ਬਾਦਸ਼ਾਹਾਂ ਦੀ ਕੋਈ ਐਸੀ ਕਬਰ ਨਹੀਂ ਹੈ ਜਿਹੜੀ ਲੁੱਟੀ ਨਾ ਗਈ ਹੋਵੇ। 820 ਏ਼ ਡੀ਼ ਵਿੱਚ ਅਰਬੀ ਖ਼ਲੀਫ਼ਾ ਅਬਦੁੱਲਾਹ ਅਲਮਨੂਮ ਨੇ ਖੁਫ਼ੂ ਦੇ ਪਿਰਾਮਿਡ ਦੇ ਸਭ ਗੁਪਤ ਰਾਹ ਖੋਲ੍ਹਣ ਦੀ ਕੋਸ਼ਿਸ਼ ਅਨੇਕ ਤਰੀਕਿਆਂ ਨਾਲ ਕੀਤੀ। ਉਸ ਨੂੰ ਇੱਕ ਰਾਹ ਮਿਲਿਆ ਵੀ ਪਰ ਕੋਈ ਖ਼ਜ਼ਾਨਾ ਨਾ ਲੱਭ ਸਕਿਆ। ਇਸ ਪਿਰਾਮਿਡ ਵਿੱਚ ਮਲਕਾ ਅਤੇ ਬਾਦਸ਼ਾਹ ਦੇ ਕਮਰੇ ਮਿਲੇ। ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੂੰ ਹਾਲੇ ਤੱਕ ਖ਼ੁਫ਼ੂ ਦੀ ਮੱਮੀ ਅਤੇ ਖ਼ਜ਼ਾਨਾ ਨਹੀਂ ਮਿਲ ਸਕੇ। ਇਸ ਤੋਂ ਕਾਰੀਗਰਾਂ ਦੀ ਗੁਪਤ ਭਵਨ-ਨਿਰਮਾਣ ਕਲਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਬਾਹਰੀ ਲਿੰਕ

[ਸੋਧੋ]

[1] Archived 2008-01-18 at the Wayback Machine. ਗਲੋਬਲ ਪੰਜਾਬੀ ਸਾਈਟ ਤੌਂ ਲਿਆ ਗਿਆ