ਖੂੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

5/6 ਕੁ ਫੁੱਟ ਲੰਮੀ ਬਾਂਸ ਦੀ ਡਾਂਗ ਨੂੰ, ਜਿਸ ਦਾ ਉਪਰਲਾ ਹੱਥ ਵਿਚ ਫੜਨ ਵਾਲਾ ਹਿੱਸਾ ਥੋੜਾ ਜਿਹਾ ਗੁਲਾਈਦਾਰ ਮੁੜਿਆ ਹੁੰਦਾ ਹੈ, ਖੂੰਡਾ ਕਹਿੰਦੇ ਹਨ। ਹੱਥ ਵਿਚ ਫੜਿਆ ਜਾਣ ਵਾਲਾ ਹਿੱਸਾ ਮੁੜਿਆ ਹੋਣ ਕਰਕੇ ਲੜਾਈ ਕਰਦੇ ਸਮੇਂ ਖੂੰਡਾ ਹੱਥ ਵਿਚੋਂ ਨਹੀਂ ਛੱਟਦਾ ਸੀ। ਡਾਂਗ ਬਿਲਕੁਲ ਸਿੱਧੀ ਹੁੰਦੀ ਹੈ।

ਪਹਿਲੇ ਸਮਿਆਂ ਵਿਚ ਜਦ ਗੰਡਾਸੇ, ਬਰਛੇ, ਟਾਕੂਏ ਅਤੇ ਹੋਰ ਮਾਰੂ ਹਥਿਆਰ ਨਹੀਂ ਹੁੰਦੇ ਸਨ, ਉਸ ਸਮੇਂ ਖੂੰਡਿਆਂ ਅਤੇ ਡਾਂਗਾਂ ਨਾਲ ਹੀ ਲੜਾਈਆਂ ਲੜੀਆਂ ਜਾਂਦੀਆਂ ਸਨ। ਖੂੰਡੇ ਹੀ ਬਾਹੂਬਲ ਦਾ ਪ੍ਰਤੀਕ ਹੁੰਦੇ ਸਨ। ਖੂੰਡੇ ਹੀ ਹਥਿਆਰ ਹੁੰਦੇ ਸਨ। ਖੂੰਡੇ ਹੀ ਉਨ੍ਹਾਂ ਸਮਿਆਂ ਦੇ ਗਭਰੂਆਂ ਦੇ ਹੱਥਾਂ ਦਾ ਸ਼ਿੰਗਾਰ ਹੁੰਦੇ ਸਨ। ਪਹਿਲੇ ਸਮਿਆਂ ਵਿਚ ਸਫਰ ਪੈਦਲ ਕੀਤਾ ਜਾਂਦਾ ਸੀ। ਇਸ ਲਈ ਹਰ ਯਾਤਰੀ ਦੇ ਹੱਥ ਵਿਚ ਡਾਂਗ, ਸੋਟਾ ਜਾਂ ਖੂੰਡਾ ਹੁੰਦਾ ਸੀ।

ਖੂੰਡਾ ਬਾਂਸ ਦੀ ਲੱਕੜ ਦਾ ਬਣਦਾ ਸੀ। ਖੂੰਡੇ ਦੋ ਕਿਸਮ ਦੇ ਹੁੰਦੇ ਸਨ। ਇਕ ਸਾਧਾਰਨ ਖੂੰਡਾ ਹੁੰਦਾ ਸੀ ਜਿਹੜਾ ਆਮ ਤੌਰ 'ਤੇ ਹਰ ਪਰਿਵਾਰ ਕੋਲ ਹੁੰਦਾ ਸੀ। ਦੂਜਾ ਉਹ ਖੂੰਡਾ ਹੁੰਦਾ ਸੀ ਜਿਸ ਨੂੰ ਕੋਈ ਕੋਈ ਸ਼ੁਕੀਨ ਗੱਭਰੂ ਸ਼ਿੰਗਾਰ ਕੇ ਰੱਖਦੇ ਸਨ। ਉਸ ਖੂੰਡੇ ਦੇ ਗੁਲਾਈਦਾਰ ਹਿੱਸੇ ਉਪਰ ਥੋੜ੍ਹੇ-ਥੋੜ੍ਹੇ ਪਿੱਤਲ ਦੇ ਕੋਕੇ ਲੱਗੇ ਹੁੰਦੇ ਸਨ। ਏਸੇ ਤਰ੍ਹਾਂ ਬਾਕੀ ਦੇ ਹੇਠਲੇ ਹਿੱਸੇ ਵਿਚ ਥੋੜ੍ਹੀ-ਥੋੜ੍ਹੀ ਦੂਰੀ 'ਤੇ ਪਿੱਤਲ ਦੇ ਲੋਹੇ ਦੇ ਜਾਂ ਤਾਰਾ ਦੇ ਕੰਮ ਪਾਏ ਹੁੰਦੇ ਸਨ। ਵਿਚ ਵਿਚ ਕੋਕੇ ਵੀ ਲਾਏ ਹੁੰਦੇ ਸਨ। ਨਵੇਂ ਵਿਆਹੇ ਸ਼ੁਕੀਨ ਗੱਭਰੂ ਜਦ ਸਹੁਰਿਆਂ ਤੋਂ ਵਹੁਟੀਆਂ ਲੈਣ ਜਾਂਦੇ ਸਨ ਤਾਂ ਖੂੰਡੇ ਨਾਲ ਲੈ ਕੇ ਜਾਂਦੇ ਸਨ।

ਅੱਜ ਖੂੰਡੇ ਸਾਡੇ ਵਿਰਸੇ ਵਿਚੋਂ ਬਿਲਕੁਲ ਅਲੋਪ ਹੋ ਗਏ ਹਨ। ਹਾਂ, ਛੋਟੇ-ਛੋਟੇ ਸੰਮਾਂ ਵਾਲੇ ਖੂੰਡੇ ਭੰਗੜਾ ਪਾਉਂਦੇ ਮੁੰਡਿਆਂ ਕੋਲ ਜ਼ਰੂਰ ਫੜੇ ਹੁੰਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.