ਗਾਨਾ ਖੇਡਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾੜਾ ਲਾੜੀ ਕਿਸੇ ਇਲਾਕੇ ਵਿਚ ਵਿਆਹ ਤੋਂ ਇਕ ਦਿਨ ਪਿੱਛੋਂ ਤੇ ਕਿਸੇ ਇਲਾਕੇ ਵਿਚ ਵਿਆਹ ਤੋਂ ਦੋ ਦਿਨ ਪਿੱਛੋਂ ਇਕ ਦੂਜੇ ਦਾ ਗਾਨਾ ਖੋਲ੍ਹਦੇ ਹਨ। ਲਾੜਾ ਲਾੜੀ ਦੀ ਵੀਣੀ ਤੇ ਵਿਆਹ ਸਮੇਂ ਜੋ ਮੌਲੀ/ਖੰਮਣੀ ਬੰਨ੍ਹੀ ਜਾਂਦੀ ਹੈ, ਉਸ ਨੂੰ ਗਾਨਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਗਾਨੇ ਨੂੰ ਕੰਗਣਾ ਕਹਿੰਦੇ ਹਨ।ਕੰਗਣਾ ਸੱਜੀ ਵੀਣੀ ਉੱਪਰ ਬੰਨ੍ਹਿਆ ਜਾਂਦਾ ਹੈ। ਧਾਰਨਾ ਹੈ ਕਿ ਕੰਗਣਾ ਬੰਨ੍ਹਣ ਨਾਲ ਖੇਤ ਰੂਹਾਂ ਵਿਆਹ ਵਿਚ ਕੋਈ ਵਿਘਨ ਨਹੀਂ ਪਾਉਣਗੀਆਂ।ਕੰਗਣਾ ਖੇਡਣ ਸਮੇਂ ਜੋ ਕੰਗਣਾ ਵਹੁਟੀ ਦੀ ਵੀਣੀ ਤੇ ਬੰਨ੍ਹਿਆ ਹੁੰਦਾ ਹੈ, ਉਸ ਨੂੰ ਲਾੜਾ ਖੋਲ੍ਹਦਾ ਹੈ।ਜੋ ਕੰਗਣਾ ਲਾੜੇ ਦੀ ਵੀਣੀ ਤੇ ਬੰਨ੍ਹਿਆ ਹੁੰਦਾ ਹੈ, ਉਸ ਨੂੰ ਲਾੜੀ ਖੋਲ੍ਹਦੀ ਹੈ। ਕੰਗਣਾ ਖੋਲ੍ਹਣ ਦਾ ਮਤਲਬ ਹੁੰਦਾ ਹੈ ਕਿ ਹੁਣ ਲਾੜਾ ਲਾੜੀ ਇਕ ਦੂਜੇ ਤੋਂ ਕੋਈ ਵੀ ਭੇਤ ਛੁਪਾ ਕੇ ਨਹੀਂ ਰੱਖਣਗੇ।ਇਕ ਦੂਜੇ ਦਾ ਕੰਗਣਾ ਖੋਲ੍ਹਣ ਤੋਂ ਪਿੱਛੋਂ ਇਕ ਬੜੀ ਪਰਾਂਤ ਲਈ ਜਾਂਦੀ ਹੈ।ਉਸ ਨੂੰ ਪਾਣੀ ਨਾਲ ਭਰਿਆ ਜਾਂਦਾ ਹੈ।ਵਿਚ ਥੋੜ੍ਹਾ ਜਿਹਾ ਦੁੱਧ ਮਿਲਾਇਆ ਜਾਂਦਾ ਹੈ ਤੇ ਹਲਦੀ ਘੋਲੀ ਜਾਂਦੀ ਹੈ। ਇਸ ਬਣੇ ਘੋਲ ਵਿਚ ਚਾਂਦੀ ਦਾ ਰੁਪਇਆ ਸਿੱਟਿਆ ਜਾਂਦਾ ਹੈ। ਇਸ ਰੁਪੇ ਨੂੰ ਲਾੜਾ ਲਾੜੀ ਨੇ ਭਾਲਣਾ ਹੁੰਦਾ ਹੈ। ਧਾਰਨਾ ਹੈ ਕਿ ਜਿਹੜਾ ਰੁਪਇਆ ਪਹਿਲਾਂ ਭਾਲ ਲਵੇ, ਉਸ ਦਾ ਗ੍ਰਹਿਸਥੀ ਜੀਵਨ ਵਿਚ ਹੱਥ ਉੱਪਰ ਰਹਿੰਦਾ ਹੈ। ਗ੍ਰਹਿਸਥੀ ਜੀਵਨ ਵਿਚ ਉਸ ਦੀ ਚਲਦੀ ਹੈ। ਇਸ ਰਸਮ ਨੂੰ ਕੰਗਣਾ ਖੇਡਣਾ ਕਹਿੰਦੇ ਹਨ। ਕਿਸੇ ਇਲਾਕੇ ਵਿਚ ਇਸ ਨੂੰ ਗਾਨਾ ਖੇਡਣਾ ਕਹਿੰਦੇ ਹਨ।ਹੁਣ ਕੰਗਣਾ ਖੇਡਣ ਦੀ ਰਸਮ ਕੁਝ ਹਿੰਦੂ ਪਰਿਵਾਰ ਹੀ ਕਰਦੇ ਹਨ। ਬਾਕੀ ਕੋਈ ਜਾਤੀ ਹੁਣ ਕੰਗਣਾ ਨਹੀਂ ਖੇਡਦੀ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.