ਸਮੱਗਰੀ 'ਤੇ ਜਾਓ

ਗੀਤਮਈ ਕਾਵਿ ਦਾ ਮੁੱਖਬੰਧ: ਵਿਲੀਅਮ ਵਰਡਜ਼ਵਰਥ ਦੀਆਂ ਧਾਰਾਵਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੀਤਮਈ ਕਾਵਿ ਦਾ ਮੁੱਖਬੰਧ: ਵਿਲੀਅਮ ਵਰਡਜ਼ਵਰਥ ਦੀਆਂ ਧਾਰਾਵਾਂ

ਜਾਣ ਪਛਾਣ

ਵਿਲੀਅਮ ਵਰਡਜ਼ਵਰਥ (1770-1850)ਰੁਮਾਂਸਵਾਦੀ ਯੁੱਗ ਦਾ ਮਸ਼ਹੂਰ ਪ੍ਰਕਿਰਤੀਵਾਦੀ ਕਵੀ ਸੀ। ਰੂਸੋ(1712-1778)ਦੇ  ਡਿਸਕੋਰਸ ਤੋਂ ਲੈ ਕੇ ਮਾਰਕਸ ਅਤੇ ਏਂਜਲਸ ਦੇ ਕਮਿਊਨਿਸਟ ਮੈਨੀਫੈਸਟੋ (1848) ਤੱਕ ਰੁਮਾਂਸਵਾਦ ਯੂਰਪੀਯੂਨੀਅਨ ਕਲਾ ਅਤੇ ਸਾਹਿਤ ਤੇ ਛਾਇਆ ਰਿਹਾ। ਰੁਮਾਂਸਵਾਦੀ ਕੁਲੀਨ ਜਮਾਤ ਦੇ ਪਰੰਪਰਾਵਾਦੀ ਰੁਝਾਨਾਂ, ਨਿਯਮਾਂ, ਕਦਰਾਂ ਕੀਮਤਾਂ, ਨੌਕਰਸ਼ਾਹ ਰੂਪਾਂ ਅਤੇ ਉਸ ਵਿਸ਼ਾ ਵਸਤੂ ਖਿਲਾਫ ਬਗਾਵਤ ਸੀ,ਜਿਸ ਵਿਚੋਂ ਆਮ ਲੋਕਾਂ ਦਾ ਹਰ ਮਸਲਾ ਰੱਦ ਕਰ ਦਿੱਤਾ ਗਿਆ ਸੀ। ਮੈਥਿਊ ਆਰਨੌਲਡ ਅਨੁਸਾਰ ਵਰਡਜ਼ਵਰਥ, ਸ਼ੈਕਸਪੀਅਰ ਅਤੇ ਮਿਲਟਨ ਤੋਂ ਬਾਅਦ ਤੀਜਾ  ਮਹਾਨ ਗੁਣਵਾਨ ਕਵੀ ਸੀ। ਮੁੱਖ ਤੌਰ ਤੇ ਵਰਡਜ਼ਵਰਥ ਕਵੀ ਸੀ।

ਪਰ ਗੀਤ ਮਈ ਕਾਵਿ ਦਾ ਮੁੱਖਬੰਧ (1800,1802) ਰਾਹੀਂ ਉਸਨੇ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਛੋਹੇ ਅਤੇ ਸਾਹਿਤ ਨੂੰ ਲਿਖਣ, ਪੜ੍ਹਨ, ਮਾਣਨ ਅਤੇ ਸਮਝਣ ਦਾ ਨਵਾਂ ਨਜ਼ਰੀਆ ਪੇਸ਼ ਕੀਤਾ। ਇਸ ਵਿੱਚ ਉਸਨੇ 18 ਵੀਂ ਸਦੀ ਦੀ ਕਵਿਤਾ ਵਿਚ ਵਰਤੀ ਜਾਂਦੀ ਨਾ ਹੀ ਸਿਰਫ਼ ਫੂਹੜ, ਦਿਖਾਵਟੀ ਅਤੇ ਸਾਰਹੀਨ ਕਾਵਿ ਸ਼ਬਦਾਵਲੀ ਦੀ ਸਖ਼ਤ ਆਲੋਚਨਾ ਕੀਤੀ ਸਗੋਂ ਐਫ. ਡਬਲਿਊ ਬੇਟਸਨ ਦੇ ਸ਼ਬਦਾਂ ਵਿੱਚ ਇਕ ਨਵਾਂ ਸਿਧਾਂਤ ਪੇਸ਼ ਕੀਤਾ।  ਇਸ ਨਾਲ ਉਸਨੇ 18 ਵੀਂ ਸਦੀ ਦੇ ਨਵਾਂ ਕਲਾਸਕੀਵਾਦ ਦਾ ਭਰਵਾਂ ਵਿਰੋਧ ਕੀਤਾ ਪਰ ਇਹ ਸਿਧਾਂਤ ਅੱਜ ਵੀ ਬਹਿਸ ਅਤੇ ਚਰਚਾ ਦਾ ਵਿਸ਼ਾ ਹਨ।

  ਵਰਡਜ਼ਵਰਥ ਦਾ ਸਮਕਾਲੀ ਅਤੇ ਦੋਸਤ ਐਸ.ਟੀ.ਕਾਲਰਿਜ ਨੇ ਪਹਿਲਾਂ ਇਹਨਾਂ ਸਿਧਾਂਤਾਂ ਨੂੰ ਘੜਨ ਵਿੱਚ ਆਪਣਾ ਯੋਗਦਾਨ ਪਾਇਆ ਪਰ ਬਾਅਦ ਵਿਚ ਉਸਨੇ ਆਪਣੀ ਆਲੋਚਨਾ ਦੀ ਪੁਸਤਕ ਬਾਇਓਗ੍ਰਾਫੀਆ ਲਿਟਰੇਰੀਆ (1817) ਵਿੱਚ ਵਰਡਜ਼ਵਰਥ ਦੇ ਆਲੋਚਨਾ ਸਿਧਾਂਤ ਤੇ ਇਤਰਾਜ਼ ਕੀਤਾ ਸੀ।

         ਵਰਡਜ਼ਵਰਥ ਆਪਣੇ ਸਮੇਂ ਦੀਆਂ ਦੋ ਮੁੱਖ ਘਟਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ:

1.  ਅਮਰੀਕਾ ਦੀ ਅਜਾਦੀ ਦੀ ਲੜਾਈ (1776) ਜਿਸਨੇ ਦੁਨੀਆ ਨੂੰ ਬਰਾਬਰੀ ਦਾ ਸੁਪਨਾ ਦਿਖਾਇਆ।

2.  ਫਰਾਂਸੀਸੀ ਇਨਕਲਾਬ ਜਿਸਨੇ ਲੋਕਾਈ ਸਾਹਮਣੇ ਅਜਾਦੀ, ਬਰਾਬਰੀ ਅਤੇ ਭਾਈਚਾਰੇ ਦਾ ਸੰਕਲਪ ਰੱਖਿਆ।  

  ਵਰਡਜ਼ਵਰਥ ਇਹਨਾਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਕਵਿਤਾ ਵਿਚ ਲੈ ਕੇ ਆਉਂਦੇ ਹਨ। ਭੂਮਿਕਾ ਰਾਹੀਂ ਉਹ ਦਸਦੇ ਹਨ ਕਿ ਮੈਂ ਆਪਣੀ ਕਵਿਤਾ ਦੀ ਚੋਣ ਨੂੰ ਦੂਸਰੇ ਤੇ ਥੋਪਣਾ ਨਹੀਂ ਚਾਹੁੰਦਾ ਸੀ ਅਤੇ ਨਾ ਹੀ ਮੈਂ ਕੋਈ ਮਹੱਤਤਾ ਪ੍ਰਾਪਤ ਨਹੀਂ ਕਰਨੀ ਸੀ ,ਇਸੇ ਕਰਕੇ ਪਹਿਲੀ ਕਿਤਾਬ ਦੀ ਭੂਮਿਕਾ ਨਹੀਂ ਲਿਖੀ । ਪ੍ਰੰਤੂ ਹੁਣ ਭੂਮਿਕਾ ਲਿਖਣ  ਕਾਰਨ ਇਸ ਵਿਚਲੀਆਂ ਵੱਖਰਤਾਂਵਾਂ ਨੂੰ ਬਿਆਨ ਕਰਨਾ ਹੈ ।

     ਕਵਿਤਾ ਵਿੱਚ ਅਜਿਹੀ ਭਾਸ਼ਾ ਵਰਤੀ ਗਈ ਹੈ ,ਜੋ ਸ਼ੁੱਧ ਸੰਵੇਦਨਾ ਦੀ ਅਵਸਥਾ ਵਿੱਚ ਅਸਲ ਅਤੇ ਸਧਾਰਨ ਮਨੁੱਖਾਂ ਦੀ ਭਾਸ਼ਾ ਹੁੰਦੀ ਹੈ।ਕਲਾਸਕੀ ਅਤੇ ਨਵ ਕਲਾਸਕੀ ਕਵੀ ਬਹੁਤ ਹੀ ਗੁੱਝੇ ਅਤੇ ਰਹੱਸਮਈ ਕਵਿਤਾ ਲਿਖਦੇ ਸਨ। ਵਰਡਜ ਵਰਥ ਨੇ ਇਸ ਨਾਲੋਂ ਆਪਣਾ ਨਾਤਾ ਤੋੜ ਲਿਆ।

ਲੋਕਾਂ ਨੂੰ ਲੋਕਤੰਤਰੀ ਅਧਿਕਾਰ ਮਿਲੇ।  ਸਮੇਂ ਦਾ ਮਾਹੌਲ ਸੁਧਾਰਨ ,ਵਿਅਕਤੀ ਆਜ਼ਾਦੀ ਤੇ ਉਦਾਰਤਾ ਦਾ ਮਾਹੌਲ ਸੀ।ਇਸ ਸਮੇਂ ਵਰਡਜ ਵਰਥ ਨਵੇਂ ਕਿਸਮ ਦੀ ਕਾਵਿ ਭਾਸ਼ਾ ਅਤੇ ਕਵਿਤਾ ਲੈ ਕੇ ਆਏ। ਭੂਮਿਕਾ ਵਿੱਚ ਸਾਰੇ ਕਲਾਸਕੀ ਕਵੀਆਂ ਦਾ ਜ਼ਿਕਰ ਕਰਦਾ ਕਹਿੰਦਾ ਹੈ ਕਿ ਗੱਲ ਇਹ ਨਹੀਂ ਕਿ ਉਹ ਪ੍ਰਾਚੀਨ ਪ੍ਰੰਪਰਾ ਤੋਂ ਜਾਣੂ ਨਹੀਂ ਹੈ, ਬਲਕਿ ਜੋ ਲਿਖਿਆ ਜਾ ਚੁੱਕਾ ਹੈ ਉਸਨੂੰ ਦੁਬਾਰਾ ਨਹੀ ਚਾਹੁੰਦਾ।

ਕਵਿਤਾ ਦੀ ਭਾਸ਼ਾ, ਛੰਦ ਪ੍ਰਬੰਧ ਆਦਿ ਬਾਰੇ ਗੱਲ ਕਰਦਾ ਕਹਿੰਦਾ ਹੈ ਕਿ ਹਰੇਕ ਯੁੱਗ ਦੇ ਪਾਠਕ ਦੀ ਆਪਣੀ ਨਵੇਕਲੀ ਜ਼ਰੂਰਤ ਹੁੰਦੀ ਹੈ ਅਤੇ ਕਵੀ ਉਸ ਦੀ ਪੂਰਤੀ ਲਈ ਨਵਾਂ ਤਜ਼ਰਬਾ ਕਰਦਾ ਹੈ।ਇਹ ਇੱਕ ਕਵੀ ਦਾ ਅਧਿਕਾਰ ਹੈ ਕਿ ਉਹ ਕੁੱਝ ਤਕਨੀਕਾਂ ਨੂੰ ਰੱਦ ਕਰ ਸਕਦਾ ਹੈ ਨਵੀਆਂ ਤਕਨੀਕਾਂ ਨੂੰ ਅਪਣਾਉਂਦਾ ਹੈ। ਮੈਂ ਵੀ ਆਪਣੇ ਇਸ ਅਧਿਕਾਰ ਦੀ ਵਰਤੋਂ ਕਰ ਕਰ ਰਿਹਾ ਹਾਂ। ਇਸ ਯੁੱਗ ਵਿੱਚ ਜਿਸ ਕਿਸਮ ਦੀ ਕਵਿਤਾ ਦੀ ਜ਼ਰੂਰਤ ਹੈ,ਉਹ ਨਵੀਂ ਕਿਸਮ ਦੀ ਭਾਸ਼ਾ,ਵਿਚਾਰ,ਜੁਗਤਾਂ ਦੀ ਮੰਗ ਕਰਦੀ ਹੈ। ਨਿਊ ਕਲਾਸੀਕਲ ਜੋ ਉਸ ਸਮੇਂ ਦੇ ਕਵੀਆਂ ਦੀ ਭਾਸ਼ਾ ਸੀ, ਇਸ ਦੀ ਤੁਲਨਾ ਵਿੱਚ  ਪੇਂਡੂ ਪੱਧਰ ਦੀ ਭਾਸ਼ਾ ਜਾਂ ਹੰਢਣਸਾਰ ਹੁੰਦੀ ਹੈ।ਕਵੀ ਉੱਚ ਸ਼੍ਰੇਣੀ ਦੇ ਚਗਲੇ ਹੋਏ ਸੁਆਦਾ ਦੀ ਪੂਰਤੀ ਲਈ ਇਹ ਸ਼ਬਦਾਵਲੀ ਵਾਲੀ ਕਵਿਤਾ ਲਿਖਦੇ ਸਨ। ਜਿਸ ਕਰਕੇ ਕਵਿਤਾ ਇਹ ਕਵਿਤਾ ਬਹੁਤ ਹੀ ਸੀਮਿਤ ਲੋਕਾਂ ਦੀ ਰਹਿ ਗਈ। ਉਨ੍ਹਾਂ ਅਨੁਸਾਰ ਮੇਰੀਆਂ ਕਵਿਤਾਵਾਂ ਸ਼ਕਤੀਸ਼ਾਲੀ ਭਾਵਾਂ ਦਾ ਪ੍ਰਗਟਾਵਾ ਹਨ। ਕਵਿਤਾ ਲਿਖਣ ਤੋਂ ਪਹਿਲਾਂ ਕਵੀ ਗਹਿਰਾਈ ਨਾਲ ਸੋਚੇ।

    ਵੱਡੀ ਸਮੱਸਿਆ ਸਮਕਾਲੀ ਲੇਖਕਾਂ ਦੀ ਇਹ ਨਹੀਂ ਕਿ ਉਹ ਔਖੀ ਕਵਿਤਾ ਲਿਖਦੇ ਹਨ ਬਲਕਿ ਉਹ ਨਿਗੂਣੀਆਂ ਚੀਜਾਂ ਬਾਰੇ ਪੇਤਲੇ ਪੱਧਰ ਦੀ ਸੋਚ ਨਾਲ ਜੋੜ ਕੇ ਕਵਿਤਾ ਲਿਖਦੇ ਹਨ। ਉਸ ਦੀ ਕਵਿਤਾ ਇੱਕ ਵਿਸ਼ੇਸ਼ ਉਦੇਸ਼ ਨਾਲ ਜੁੜੀ ਹੋਈ ਹੈ ਅਤੇ ਉਹ ਚੰਗੇ ਲੱਛਣ ਮੋਜੂਦ ਹਨ। ਜੋ ਇੱਕ ਚੰਗੀ ਕਵਿਤਾ ਵਿੱਚ ਹੋਣੇ ਚਾਹੀਦੇ ਹਨ। ਜਦੋਂ ਵੀ ਕੋਈ ਵਿਅਕਤੀ ਆਪਣੀਆਂ ਭਾਵਨਾਵਾਂ ਦੀ ਪੜਚੋਲ ਕਰੇਗਾ ਤਾਂ ਉਸ ਦੀ ਸਖ਼ਸ਼ੀਅਤ ਨਿੱਖਰੇਗੀ।ਇਹ ਨਿਰੀਖਣ ਡੂੰਘੀ ਸੋਚ ਵੱਲ ਕਵੀ ਨੂੰ ਲੈ ਕੇ ਜਾਂਦਾ ਹੈ ਅਤੇ ਵਿਚਾਰ ਕਰਨ ਲਈ ਕਹਿੰਦਾ ਹੈ।

ਉਸ ਦੀਆਂ ਕਵਿਤਾਵਾਂ ਦਾ ਉਦੇਸ਼ ਇਹ ਹੈ ਕਿ ਉਹਨਾਂ ਦੀ ਅਵਸਥਾ ਵਿੱਚ ਸਾਡੀਆਂ ਭਾਵਨਾਵਾਂ ਦੇ ਵਿਚਾਰ ਇੱਕ ਦੂਜੇ ਨਾਲ ਜੁੜ ਜਾਂਦੇ ਹਨ।ਉਸ ਦੀਆਂ ਕਵਿਤਾਵਾਂ ਦਾ ਉਦੇਸ਼ ਕੁਝ ਵਿਸ਼ੇਸ਼ ਭਾਵਨਾਤਮਕ ਅਨੁਭਵ ਦੇ ਦੌਰਾਨ ਪੈਦਾ ਹੋਈ ਵਿਚਾਰ ਅਤੇ ਭਾਵਨਾਵਾਂ ਨੂੰ ਚਿਤਰਨਾ ਹੈ।ਇਹ ਪੱਕਾ ਵਿਸ਼ਵਾਸ ਹੈ ਕਿ ਮਨੁੱਖੀ ਮਨ ਘੋਰ ਸੰਕਟ ਦੀਆਂ ਅਵਸਥਾਵਾਂ ਤੋਂ ਬਿਨਾ ਵੀ ਉਤੇਜਨਾ ਵਿੱਚ ਆ ਸਕਦਾ ਹੈ।ਆਧੁਨਿਕਤਾ ਮਨੁੱਖ ਨੂੰ ਸਨਸਨੀਖੇਜ਼ ਤੇ ਨਿਸਰਤਾ ਵੱਲ ਲੈ ਕੇ ਜਾ ਰਹੀ ਹੈ।ਲੋਕ ਨੀਵੇਂ ਪੱਧਰ ਦੇ ਸਾਹਿਤ ਵੱਲ ਖਿੱਚੇ ਜਾ ਰਹੇ ਹਨ।

ਛੰਦਾ-ਬੰਦੀ

    ਛੰਦਾ ਬੰਦੀ ਨੂੰ ਮੰਨਣ ਵਾਲੇ ਆਲੋਚਕ ਉਸਦੀ ਕਵਿਤਾ ਨੂੰ ਵਾਰਤਕਨੁਮਾ  ਕਹਿ ਕੇ ਰੱਦ ਕਰ ਦਿੰਦੇ ਹਨ। ਵਾਰਤਕਨੁਮਾ ਵਾਕ ਮਿਲਟਨ ਵਰਗੇ ਕਵੀਆਂ ਦੀ ਕਵਿਤਾ ਵਿੱਚ ਵੀ ਲਏ ਗਏ ਹਨ। ਵਾਰਤਕ ਅਤੇ ਕਵਿਤਾ ਵਿਚ ਮੂਲ ਅੰਤਰ ਕੋਈ ਨਹੀਂ ਹੁੰਦਾ ਬਲਕਿ ਦੋਨੋ ਇੱਕੋ ਜਿੰਨੇ ਮਾਨਵੀ ਤੱਤਾਂ ਵਾਲੀਆਂ ਹਨ। ਕਵਿਤਾ ਕੋਈ ਸਵਰਗੀ ਸ਼ੈਅ ਨਹੀ ਤੇ ਨਾ ਹੀ ਵਾਰਤਕ ਕੇਵਲ ਚਿੰਤਨਸ਼ੀਲ ਵਿਧਾ ਹੈ। ਛੰਦ ਬੱਧ ਭਾਸ਼ਾ ਵਧੇਰੇ ਮਨਮੋਹਕ ਨਹੀਂ ਹੁੰਦੀ ਸਗੋਂ ਇਸ ਵਿਚ ਵੱਖਰਾ ਸੰਜਮ ਹੁੰਦਾ ਹੈ।

ਕਵੀ ਛੰਦ ਦੀ ਵਰਤੋਂ ਕਰਕੇ ਦੁਖਦਾਈ ਘਟਨਾਵਾਂ ਉਤੇਜਿਤ ਕਰਦਾ ਹੈ। ਛੰਦ ਜਦੋ ਕਵਿਤਾ ਵਿਚ ਸੰਜਮ ਜਾਂ ਨੇਮਬੱਧਤਾ ਲੈ ਕੇ ਆਉਂਦਾ ਹੈ ਤਾਂ ਉਸ (ਕਵਿਤਾ) ਵਿਚ ਉਸ ਨੇਮਬੱਧਤਾ ਦੇ ਰਾਹੀਂ ਸਧਾਰਨ ਕਿਸਮ ਦੀਆਂ ਭਾਵਨਾਵਾਂ ਦੀ ਸ਼ਮੂਲੀਅਤ ਹੋ ਜਾਂਦੀ ਹੈ। ਸਧਾਰਨ ਭਾਵਨਾਵਾਂ  ਦਰਦਨਾਕ ਭਾਵਨਾਵਾਂ ਨੂੰ ਨਰਮ ਕਰਨਾ ਅਤੇ ਕਾਬੂ ਕਰਨ ਵਿਚ ਭੂਮਿਕਾ ਨਿਭਾਉਂਦੀਆਂ ਹਨ ਕਿ ਬੰਦੇ ਅੰਦਰਲੇ ਵੇਗ ਨੂੰ ਘੱਟ ਕੀਤਾ ਜਾ ਸਕੇ। ਸ਼ੈਕਸਪੀਅਰ ਆਪਣੇ ਨਾਟਕਾਂ ਵਿੱਚ ਅੱਤ ਕਠੋਰ ਕਿਸਮ ਦੀਆਂ ਭਾਵਨਾਵਾਂ ਨੂੰ ਛੰਦ ਰਾਹੀਂ ਨਰਮ ਕਰ ਦਿੰਦਾ ਹੈ। ਇਸ ਲਈ ਇਸਦੇ ਦੁੱਖਦਾਈ ਹਿੱਸੇ ਨੂੰ ਵਾਰ-ਵਾਰ ਪੜ੍ਹਿਆ ਜਾ ਸਕਦਾ ਹੈ ਪਰੰਤੂ ਕੇਲਰੇਸੀਆ ਹਾਰਲੇ ਅਤੇ ਜੇਮਜ਼ ਸਰਲੇਅ ਦੀਆਂ ਰਚਨਾਵਾਂ ਨੂੰ ਨਹੀਂ ਪੜ੍ਹਿਆ ਜਾ ਸਕਦਾ। ਕਵੀ ਦੀ ਭਾਸ਼ਾ ਨੂੰ ਉਤੇਜਿਤ ਕਰਨ ਅਤੇ ਉਤੇਜਨਾ ਨੂੰ ਨਿਯੰਤਰਣ ਵਿੱਚ ਰੱਖਣ ਦਾ ਕੰਮ ਛੰਦ ਕਰਦਾ ਹੈ।  ਛੰਦ ਰਾਹੀਂ ਕਵਿਤਾ ਨੂੰ ਸਮੂਹ ਨਾਲ ਜੋੜਿਆ ਜਾਂਦਾ ਹੈ।  ਵਾਰਤਕ ਵਿਅਕਤੀਗਤ ਹੁੰਦੀ ਹੈ।

ਕਾਵਿ ਰਚਨਾ ਦੀ ਪ੍ਰਕਿਰਿਆ

          ਕਵਿਤਾ ਤੀਬਰ ਭਾਵਨਾਵਾਂ ਦਾ ਹੱਦਾਂ-ਬੰਨਿਆ ਤੋਂ ਪਾਰ ਵਗ ਤੁਰਨਾ ਹੈ।  ਕਵਿਤਾ ਦੀ ਬੁਨਿਆਦ ਸ਼ਾਤੀ ਵਿੱਚ ਭਾਵਨਾਵਾਂ ਨੂੰ ਯਾਦ ਕਰਕੇ ਰੱਖੀ ਜਾਂਦੀ ਹੈ। ਇਸ ਤਰ੍ਹਾਂ ਕਾਵਿ ਦੀ ਸਿਰਜਣਾ ਹੁੰਦੀ ਹੈ। ਐਲਗਜ਼ੈਂਡਰ ਪੋਪ ਅਨੁਸਾਰ ਸਧਾਰਨ ਕਿਸਮ ਦੀ  ਕਰੁਣਾ ਵਿੱਚ ਵੀ ਮਨਮੋਹਨ ਕਿਸਮ ਦੀ ਕਾਵਿ ਰਚਨਾ ਕੀਤੀ ਜਾ ਸਕਦੀ ਹੈ।  ਕਵਿਤਾ ਸੱਚ ਦੱਸਣ ਦਾ ਮਾਧਿਅਮ ਹੈ। ਵਰਰਡਜ ਵਰਥ ਅਨੁਸਾਰ ਵਾਰ -ਵਾਰ ਸੋਧਨ ਨਾਲ ਕਵਿਤਾ ਅਤੇ ਕਵੀ ਦਾ ਆਤਮ ਵਿਸ਼ਵਾਸ ਟੁੱਟ ਜਾਂਦਾ ਹੈ।  ਮੇਰੀ ਕਵਿਤਾ ਵਿਚ ਤੱਟਫਟਤਾ ਅਤੇ ਗਹਿਰੇ ਵਿਚਾਰ ਮੌਜੂਦ ਹਨ ਜਿਨ੍ਹਾਂ ਤੋਂ ਬਿਨਾਂ ਕਵਿਤਾ ਚੰਗੀ ਕਵਿਤਾ ਨਹੀਂ ਜਾ ਸਕਦੀ। ਸਧਾਰਨ ਕਿਸਮ ਦੇ ਛੰਦ ਨਾਲ ਉੱਚੇ ਵਿਚਾਰਾਂ ਰਾਹੀਂ ਬਹੁਤ ਵੱਡੀ ਕਵਿਤਾ ਲਿਖੀ ਜਾ ਸਕਦੀ ਹੈ।

    ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਗੀਤਮਈ ਕਾਵਿ ਦਾ ਮੁੱਖ ਬੰਦ ਰੁਮਾਂਸਵਾਦੀ ਕਾਲ ਦਾ  ਇੱਕ ਤਰਾਂ ਦਾ ਮੈਨੀਫੈਸਟੋ ਹੈ। ਵਰਡਜ਼ਵਰਥ ਦਾ ਮੁੱਖ ਬੰਦ ਆਪਣੇ ਸਮਕਾਲੀਆਂ ਦੁਆਰਾ ਕੀਤੀ ਆਲੋਚਨਾ ਜਿਵੇਂ ਕੋਲਰਿੱਜ ਦਾ ਬਾਇਉਗਰਾਫੀਆ ਲਿਟਰੇਰੀਆ ਅਤੇ ਪੀ.  ਬੀ. ਸ਼ੈਲੇ ਦੀ ਡਿਫੈਂਸ ਆਫ ਪੋਇਟਰੀ ਨਾਲੋਂ ਕਲਪਨਾ, ਭਾਵਨਾਵਾਂ ਦਾ ਵੇਗ, ਕਵੀ ਦੀ ਖ਼ਾਸੀਅਤ,ਰੁਤਬਾ ਅਤੇ ਭੂਮਿਕਾ, ਕਵਿਤਾ ਦੀ ਸਿਰਜਣ ਪ੍ਰਕਿਰਿਆ ਅਤੇ ਉਦੇਸ਼ ਵਰਗੇ ਨੁਕਤਿਆਂ ਤੇ ਵੱਖਰਾ ਨਜ਼ਰੀਆ ਅਤੇ ਤਰਕ ਪੇਸ਼ ਕਰਦਾ ਹੈ।  ਵਰਲਡਜ਼ ਵਰਥ ਦੇ ਸਿਧਾਂਤਾਂ ਦਾ ਕੇਂਦਰ ਬਿੰਦੂ ਗਰੀਬ, ਹਾਸ਼ੀਆਗਤ ਅਤੇ ਮਿਹਨਤਕਸ਼ ਪੇਂਡੂ ਲੋਕ ਹਨ। ਇਹ ਸਿਧਾਂਤ ਪਾਠਕਾਂ ਨੂੰ ਕਵਿਤਾਵਾਂ ਵਿਚ ਸੰਵੇਦਨਸ਼ੀਲ ਤਰੀਕੇ ਨਾਲ ਸਮਝਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ,ਨਾਲ ਦੀ ਨਾਲ ਕਵਿਤਾ ਵਿਚ ਬਣੀ ਯਥਾ-ਸਥਿਤੀ ਨੂੰ ਸਰਗਰਮੀ ਨਾਲ ਤੋੜਦੇ   ਹਨ। ਇਸ ਤਰ੍ਹਾਂ ਵਰਡਜ਼ਵਰਥ ਕਵਿਤਾ ਦੇ ਪੁਰਾਣੇ ਸੁਹਜ ਨੂੰ ਢਹਿ ਢੇਰੀ ਕਰਕੇ ਪਾਠਕਾਂ ਵਿੱਚ ਨਵੇਂ ਸੁਹਜ ਦੀ ਸਿਰਜਣਾ ਕਰਦਾ ਹੈ। ਨਥੇਨੀਅਲ ਇਕ ਦੇ ਸ਼ਬਦਾਂ ਵਿੱਚ ਵਰਡਜ਼ਵਰਥ, ਇਕ ਇਨਕਲਾਬੀ ਸੀ ਜਿਸਦੀ ਕਵਿਤਾ ਅਤੇ ਆਲੋਚਨਾ ਸਿਧਾਂਤ ਨੇ ਸਥਾਪਤ ਕਦਰਾਂ ਕੀਮਤਾਂ ਅਤੇ ਸੁਹਜ ਨੂੰ ਬਦਲਣ ਵਿੱਚ ਸਰਗਰਮ ਭੂਮਿਕਾ ਨਿਭਾਈ।[1]

  1. ਡਾ.ਪਰਮਜੀਤ ਸਿੰਘ, ਡਾ. ਸੁਰਜੀਤ ਸਿੰਘ (2020). ਆਧੁਨਿਕ ਪੱਛਮੀਂ ਕਾਵਿ ਸਿਧਾਂਤ. India: Chetna Parkashan Punjabi Bhawan Ludhiana. pp. 15–31. ISBN 978-93-90603-28-2.