ਗੁਰਬਖ਼ਸ਼ ਸਿੰਘ ਕੇਸਰੀ
ਗੁਰਬਖਸ਼ ਸਿੰਘ 'ਕੇਸਰੀ' | |
---|---|
ਜਨਮ | 1881 ਪਿੰਡ ਹਸਨਪੁਰ, ਜਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ) |
ਮੌਤ | 1958 ਪਿੰਡ ਹਸਨਪੁਰ, ਜਿਲ੍ਹਾ ਐਸ.ਏ.ਐਸ.ਨਗਰ (ਮੋਹਾਲੀ) |
ਪੇਸ਼ਾ | ਸਾਹਿਤ, ਖੋਜ |
ਜੀਵਨ ਸਾਥੀ | ਹਰਸ਼ਰਨ ਕੌਰ |
ਬੱਚੇ | ਸੁਖਵੰਤ ਕੌਰ (ਪੁੱਤਰੀ), ਹਰਬਖਸ਼ ਸਿੰਘ, ਜਸਵੰਤ ਸਿੰਘ (ਪੁੱਤਰ) |
Parent(s) | ਸ੍ਰੀ ਧਿਆਨ ਸਿੰਘ, ਸ੍ਰੀਮਤੀ ਨੰਦ ਕੌਰ |
ਗੁਰਬਖ਼ਸ਼ ਸਿੰਘ ਕੇਸਰੀ (1881 – 1958) ਪੰਜਾਬੀ ਸਾਹਿਤ ਦਾ ਉਹ ਸ਼ਾਹਕਾਰ ਹੈ, ਜਿਸਦੇ ਦੇਹਾਂਤ ਤੋਂ ਅੱਧੀ ਸਦੀ ਬਾਅਦ ਉਸਨੂੰ ਬਹੁਤੇ ਲੋਕ ਭੁੱਲ ਗਏ ਹਨ। ਲੇਕਿਨ ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਸਾਹਿਤ ਪ੍ਰੇਮੀਆਂ ਲਈ ਪੰਜਾਬੀ ਸਾਹਿਤ ਦਾ ਅਨਮੋਲ ਖਜਾਨਾ ਹਨ।
ਜੀਵਨੀ
[ਸੋਧੋ]ਗੁਰਬਖਸ਼ ਸਿੰਘ ਕੇਸਰੀ (1881–1958) – ਕੇਸਰੀ ਜੀ ਦਾ ਜਨਮ ਫੱਗਣ ਸੰਮਤ 1938 (1881 ਈਸਵੀ ) ਵਿੱਚ ਪਿੰਡ ਹਸਨਪੁਰ ਵਿਖੇ ਹੋਇਆ। ਪਿਤਾ ਦਾ ਨਾਂ ਸ੍ਰ. ਧਿਆਨ ਸਿੰਘ ਅਤੇ ਮਾਤਾ ਦਾ ਨਾਮ ਸਰਦਾਰਨੀ ਨੰਦ ਕੌਰ ਸੀ। ਪਿੰਡ ਹਸਨਪੁਰ ਪਹਿਲਾਂ ਜਿਲ੍ਹਾ ਅੰਬਾਲਾ ਵਿੱਚ ਪੈਂਦਾ ਸੀ। ਫਿਰ ਜਦੋਂ ਰੂਪਨਗਰ ਜਿਲ੍ਹਾ ਬਣ ਗਿਆ ਤਦ ਇਹ ਪਿੰਡ ਇਸ ਜਿਲ੍ਹੇ ਵਿੱਚ ਆ ਗਿਆ। ਇਸ ਵੇਲੇ ਇਹ ਐਸ.ਏ.ਐਸ. ਨਗਰ (ਮੁਹਾਲੀ) ਜਿਲ੍ਹੇ ਵਿੱਚ ਸ਼ਾਮਿਲ ਹੈ ਅਤੇ ਖਰੜ ਤਹਿਸੀਲ ਪੈਂਦੀ ਹੈ। ਹੁਣ ਇਸਨੂੰ ਡਾਕਖਾਨਾ ਘੜੂੰਆਂ (ਪਿਨ ਕੋਡ 140413) ਲਗਦਾ ਹੈ।
ਮੁਢਲਾ ਜੀਵਨ ਤੇ ਪੜ੍ਹਾਈ
[ਸੋਧੋ]ਕੇਸਰੀ ਜੀ ਨੇ ਆਪਣੀ ਮੁੱਢਲੀ ਵਿੱਦਿਆ ਨੇੜਲੇ ਪਿੰਡ ਘੜੂੰਆਂ ਅਤੇ ਫਿਰ ਨੇੜੇ ਪੈਂਦੇ ਕਸਬੇ ਕੁਰਾਲੀ ਦੇ ਸਕੂਲਾਂ ਤੋਂ ਪ੍ਰਾਪਤ ਕੀਤੀ। ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੰਜਾਬ ਕੋਸ਼ ਦੇ ਗੁਰਬਖਸ਼ ਸਿੰਘ ਕੇਸਰੀ ਬਾਰੇ ਇੰਦਰਾਜ ਅਨੁਸਾਰ ਕੇਸਰੀ ਜੀ ਨੇ ਛੋਟੀ ਜਿਹੀ ਉਮਰ ਤੋਂ ਸਿੱਖ ਇਤਿਹਾਸ ਬਾਰੇ ਡੂੰਘਾ ਅਧਿਐਨ ਸ਼ੁਰੂ ਕਰ ਦਿੱਤਾ ਸੀ। ਡਾ. ਪਿਆਰ ਸਿੰਘ ਨੇ ਕੇਸਰੀ ਜੀ ਦੀ ਪੁਸਤਕ ਸੱਤ ਸਾਦਿਕ ਜੋ ਪਹਿਲੀ ਵਾਰ 1957 ਵਿੱਚ ਛਾਪੀ, ਦੇ ਆਰੰਭ ਵਿੱਚ ਜਾਣ–ਪਛਾਣ ਸਿਰਲੇਖ ਹੇਠ ਇਸ ਲੇਖਕ ਬਾਰੇ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਇਸ ਅਨੁਸਾਰ ਕੇਸਰੀ ਜੀ ਦੇ ਘਰ ਵਿੱਚ ਵਿੱਦਿਆ ਦਾ ਚੰਗਾ ਪ੍ਰਵਾਹ ਚੱਲ ਰਿਹਾ ਸੀ। ਆਪ ਜੀ ਦੇ ਦਾਦਾ ਸੰਸਕ੍ਰਿਤ ਅਤੇ ਫਾਰਸੀ ਦੇ ਚੰਗੇ ਵਿਦਵਾਨ ਅਤੇ ਸਾਹਿੱਤ ਰਸੀਏ ਸਨ। ਪਿਤਾ ਜੀ ਨੂੰ ਵੀ ਸਾਹਿਤ ਦਾ ਸ਼ੌਂਕ ਸੀ। ਇਸ ਤਰ੍ਹਾਂ ਕੇਸਰੀ ਜੀ ਨੂੰ ਲੋੜੀਂਦੀ ਸਿੱਖਿਆ ਵਿਰਸੇ ਵਿੱਚ ਹੀ ਪ੍ਰਾਪਤ ਹੋਈ ਸੀ। ਅਜਮੇਰ ਸਿੰਘ ਐਮ.ਏ. ਅਨੁਸਾਰ ਕੇਸਰੀ ਜੀ ਨੇ ਕਿਸੇ ਸਕੂਲ ਵਿੱਚੋਂ ਬਕਾਇਦਾ ਤੌਰ ਤੇ ਵਿੱਦਿਆ ਪ੍ਰਾਪਤ ਨਹੀਂ ਕੀਤੀ ਸੀ। ਪਰੰਤੂ ਆਪ ਨੇ ਪੰਜਾਬੀ, ਉਰਦੂ, ਹਿੰਦੀ ਅਤੇ ਫਾਰਸੀ ਦਾ ਚੰਗਾ ਗਿਆਨ ਪ੍ਰਾਪਤ ਕਰ ਲਿਆ ਸੀ। ਕਵਿਤਾ ਲਿਖਣ ਦਾ ਸ਼ੌਂਕ ਕੁਦਰਤੀ ਸੀ। ਪਿੰਗਲ ਦੇ ਨਿਯਮਾਂ ਦੀ ਵਰਤੋਂ ਦਾ ਖੂਬ ਤਜਰਬਾ ਸੀ। ਕਬਿੱਤ, ਕੋਰੜੇ, ਸਵੱਯੇ ਲਿਖਣ ਦੀ ਅਜਮਾਇਸ਼ ਕੀਤੀ, ਪਰ ਬਹੁਤੀ ਕਵਿਤਾ ਬੈਂਤ ਜਾਂ ਚੌਪਈ ਵਿਚ ਹੀ ਰਚੀ। ਕੇਸਰੀ ਜੀ ਦੀਆਂ ਉਪਲੱਭਧ ਰਚਨਾਵਾਂ ਦੇ ਅਧਿਅੈਨ ਤੋਂ ਕੁਝ ਗੱਲਾਂ ਬੜੀਆਂ ਸਪੱਸ਼ਟ ਹੁੰਦੀਆਂ ਹਨ। ਪਹਿਲੀ, ਕੇਸਰੀ ਜੀ ਉਚ ਕੋਟੀ ਦੇ ਵਿਦਵਾਨ ਸਨ। ਦੂਜੀ, ਉਹ ਮੰਨੇ ਹੋਏ ਖੋਜੀ ਸਨ। ਤੀਜੀ ਉਨ੍ਹਾਂ ਨੂੰ ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਅਤੇ ਸੰਸਕ੍ਰਿਤ ਗੰਥਾਂ ਦਾ ਡੂੰਘਾ ਅਧਿਅੈਨ ਸੀ। ਚੌਥੀ, ਕੇਸਰੀ ਜੀ ਆਪਣੇ ਸਮੇਂ ਦੇ ਉਘੇ ਕਵੀ ਅਤੇ ਵਾਰਤਕ ਲਿਖਾਰੀ ਸਨ। ਪੰਜਵਾਂ ਉਹ ਸਿੰਘ ਸਭਾ ਲਹਿਰ ਦੇ ਆਸ਼ਿਆਂ ਅਨੁਸਾਰ ਸਮਾਜ ਸੁਧਾਰ ਲਈ ਲਿਖਦੇ ਸਨ।
'ਕੇਸਰੀ' ਤਖੱਲਸ
ਸਮਸ਼ੇਰ ਸਿੰਘ ਅਸ਼ੋਕ ਦੇ ਖ਼ਾਲਸਾ ਪਾਰਲੀਮੈਂਟ ਗਜ਼ਟ ਵਿੱਚ ਛਪੇ ਲੇਖ ਅਨੁਸਾਰ ਗੁਰਬਖਸ਼ ਸਿੰਘ ਕੇਸਰੀ ਨੇ ਆਪਣਾ ਤਖੱਲਸ 'ਕੇਸਰ' ਰੱਖਿਆ ਹੋਇਆ ਸੀ। ਸੰਨ 1914 ਵਿੱਚ ਕੇਸਰੀ ਤਖੱਲਸ ਸ੍ਰੀਮਾਨ ਵਿੱਦਿਆ ਭੂਸ਼ਨ ਸ੍ਰੀ ਪੰਡਤ ਕਰਤਾਰ ਸਿੰਘ ਦਾਖਾ ਵੱਲੋਂ ਤਜਵੀਜ ਹੋਇਆ ਹੈ। ਇਸ ਤਰ੍ਹਾਂ, ਸਾਡਾ ਇਹ ਲੇਖਕ ਸਮੇਂ ਸਮੇਂ ਜਿੰਨ੍ਹਾਂ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ, ਉਹ ਹਨ : ਗੁਰਬਖਸ਼ ਸਿੰਘ, ਗੁਰਬਖਸ਼ ਸਿੰਘ ਗ੍ਰੰਥੀ, ਗੁਰਬਖਸ਼ ਸਿੰਘ ਕੇਸਰ, ਗੁਰਬਖਸ਼ ਸਿੰਘ ਕੇਸਰੀ।
ਵਿਆਹ ਤੇ ਬੱਚੇ
[ਸੋਧੋ]ਕੇਸਰੀ ਜੀ ਦੀ ਪਤਨੀ ਦਾ ਨਾਂ ਹਰਸ਼ਰਨ ਕੌਰ ਸੀ। ਕੇਸਰੀ ਜੀ ਦੇ ਘਰ ਹਰਸ਼ਰਨ ਕੌਰ ਦੀ ਕੁੱਖੋਂ ਇੱਕ ਧੀ ਸੁਖਵੰਤ ਕੌਰ, ਦੋ ਪੁੱਤਰ ਹਰਬਖਸ਼ ਸਿੰਘ ਅਤੇ ਜਸਵੰਤ ਸਿੰਘ ਪੈਦਾ ਹੋਏ। ਅੱਗੋਂ ਸੁਖਵੰਤ ਕੌਰ ਦੇ ਦੋ ਪੁੱਤਰ ਗੁਰਪਾਲ ਸਿੰਘ ਅਤੇ ਰਣਜੋਧ ਸਿੰਘ ਗਿੱਲ ਪੈਦਾ ਹੋਏ। ਕੇਸਰੀ ਜੀ ਦਾ ਦੋਹਤਰਾ ਰਣਜੋਧ ਸਿੰਘ ਗਿੱਲ ਉਦਯੋਗਪਤੀ ਹੈ। ਉਸਨੇ ਆਪਣੇ ਨਾਨਾ ਜੀ ਦੀ ਸਾਹਿਤ ਰਚਨਾ ਨੂੰ ਸੰਭਾਲਣ ਲਈ ਯਤਨ ਸ਼ੁਰੂ ਕੀਤੇ ਹਨ।
ਮੌਤ
[ਸੋਧੋ]ਰਣਜੋਧ ਸਿੰਘ ਗਿੱਲ ਅਨੁਸਾਰ ਉਨ੍ਹਾਂ ਦਿਨਾਂ ਵਿੱਚ ਕੇਸਰੀ ਜੀ ਦੀ ਨਿਗ੍ਹਾ ਬਹੁਤ ਕਮਜੋਰ ਹੋ ਗਈ ਸੀ। ਇਸ ਕਰਕੇ ਉਨ੍ਹਾਂ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੋਇਆ ਸੀ। ਅੱਖਾਂ ਉਤੇ ਕਾਲੀ ਐਨਕ ਨਾਲ ਹਰੀ ਪੱਟੀ ਬੰਨ੍ਹੀ ਹੋਈ ਸੀ। ਉਹ ਚੁਬਾਰੇ ਵਿੱਚ ਸੁੱਤੇ ਹੋਏ ਆਪਣੇ ਪੁੱਤ ਕੋਲ ਕੋਈ ਸਲਾਹ ਕਰਨ ਲਈ ਗਏ ਸਨ। ਉਤਰਨ ਵੇਲੇ ਪੌੜਸਾਲ ਤੋਂ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਫਰਸ਼ ਉਤੇ ਸਿਰ ਭਾਰ ਆ ਡਿੱਗੇ। ਇੱਕ ਡੂੰਘੀ ਹੂੰਗਰ ਹੀ ਵੱਜੀ ਕਿ ਸਭ ਨੂੰ ਸਦੀਵੀ ਵਿਛੋੜਾ ਦੇ ਗਏ। ਸੰਖਿਆ ਕੋਸ਼ ਦੇ ਆਰੰਭ ਵਿੱਚ ਲਿਖੀ ਜਾਣ ਪਹਿਚਾਣ ਵਿੱਚ ਅਜਮੇਰ ਸਿੰਘ ਐਮ.ਏ. ਨੇ ਗੁਰਬਖਸ਼ ਸਿੰਘ ਕੇਸਰੀ ਦਾ ਦੇਹਾਂਤ 12 ਮਾਰਚ 1958 ਨੂੰ ਹੋਇਆ ਲਿਖਿਆ ਹੈ। ਕੇਸਰੀ ਜੀ ਦੇ ਦੋਹਤਰੇ ਰਣਜੋਧ ਸਿੰਘ ਗਿੱਲ ਨੇ ਲਿਖਿਆ ਹੈ ਕਿ ਕੁਝ ਨਾ ਕਰ ਸਕਣ ਦੀ ਬੇਬਸੀ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ। ਉਹ ਕੁਝ ਉਦਾਸ ਰਹਿਣ ਲੱਗ ਪਏ ਸਨ। ਮੇਰੀ ਬੀਬੀ (ਮਾਤਾ) ਨੂੰ ਕਹਿੰਦੇ ਸਨ 'ਸ਼ਾਇਦ ਮੇਰਾ ਵਕਤ ਨਜਦੀਕ ਆ ਗਿਆ ਹੈ, ਕਿਉਂਕਿ ਅੱਜਕੱਲ੍ਹ ਮੇਰਾ ਨਿੱਤ–ਨੇਮ ਪੂਰਾ ਨਹੀਂ ਹੁੰਦਾ'।
ਕੇਸਰੀ ਜੀ ਨੇ ਚੋਖੀ ਗਿਣਤੀ ਵਿੱਚ ਹੋਰ ਵੀ ਪੁਸਤਕਾਂ ਲਿਖੀਆਂ, ਜਿਹੜੀਆਂ ਕਿ ਆਪਣੇ ਸਮੇਂ ਵਿੱਚ ਬਹੁਤ ਮਕਬੂਲ ਹੋਈਆਂ। ਪਰ ਹੁਣ ਉਸ ਦੀਆਂ ਚਾਰ ਪੁਸਤਕਾਂ ਤੋਂ ਇਲਾਵਾ ਬਾਕੀ ਨਹੀਂ ਮਿਲ਼ ਰਹੀਆਂ। ਹੁਣ ਕੇਸਰੀ ਜੀ ਦੇ ਦੋਹਤਰੇ ਰਣਜੋਧ ਸਿੰਘ ਗਿੱਲ ਨੇ ਇਸ ਗੱਲ ਦਾ ਬੀੜਾ ਚੁੱਕਿਆ ਹੈ ਕਿ ਕੇਸਰੀ ਜੀ ਦੀਆਂ ਰਚਨਾਵਾਂ (ਛਪੀਆਂ/ਅਣਛਪੀਆਂ) ਨੂੰ ਛਾਪਿਆ ਜਾਵੇ ਤਾਂ ਜੋ ਪੰਜਾਬੀ ਸਾਹਿਤ ਦਾ ਇਹ ਅਨਮੋਲ ਖਜਾਨਾ ਆਉਣ ਵਾਲੀਆਂ ਪੀੜ੍ਹੀਆਂ ਅਤੇ ਖੋਜ ਕਾਰਜਾਂ ਲਈ ਸਾਂਭਿਆ ਜਾ ਸਕੇ। ਇਸ ਲਈ ਪਾਠਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਅਗਰ ਉਨ੍ਹਾਂ ਕੋਲ ਕੇਸਰੀ ਜੀ ਦੀ ਕੋਈ ਵੀ ਛਪੀ–ਅਣਛਪੀ ਰਚਨਾ ਜਾਂ ਉਸਦੇ ਬਾਰੇ ਕੋਈ ਮਹੱਤਵਪੂਰਨ ਜਾਣਕਾਰੀ ਹੋਵੇ ਤਾਂ ਹੇਠ ਲਿਖੇ ਮੋਬਾਇਲ ਫੋਨ ਜਾਂ ਈਮੇਲ ਐਡਰੈਸ ਉਤੇ ਸੂਚਿਤ ਕੀਤਾ ਜਾਵੇ ਜੀ। ਰਣਜੋਧ ਸਿੰਘ ਗਿੱਲ, 283, ਸੈਕਟਰ 8, ਫਰੀਦਾਬਾਦ – 121006 ਮੋਬ. +91 921 270 0473 ਈਮੇਲ ਆਈ.ਡੀ. convertaid@yahoo.com
ਕਿਤਾਬਾਂ
[ਸੋਧੋ]- ਨਿੱਕੀਆਂ ਜਿੰਦਾਂ ਵੱਡੇ ਸਾਕੇ
- ਭੁੱਲੜ ਜੱਟ
- ਸੰਖਿਆ ਕੋਸ਼
- ਪੁਜਾਰੀ ਪ੍ਰਬੋਧ
- ਗੁਰ ਸੰਗਤ ਮਹਿਮਾ
- ਕਲਮ ਤੇ ਤਲਵਾਰ ਦਾ ਸੰਬਾਦ
- ਭਾਈ ਭਗਤ ਸਿੰਘ
- ਮਨੋਹਰ ਕੀਰਤਨ
- ਧੂਰਤ ਕਹਾਣੀਆਂ
- ਸਭਯਤਾ ਸਾਗਰ
- ਵਿਗਿਆਨਿਕ ਲੇਖ
- ਸਾਹਿਤ ਸਾਗਰ
- ਕੇਸਰੀ ਝਲਕਾਂ
- ਗੁਰਮਤ ਸਿਧਾਂਤ
- ਅਨੂਪਮ ਕਲਗੀ
- ਸ੍ਰੀਮਦ ਭਗਵਤ ਗੀਤਾ (ਅਨੁਵਾਦ,)
- ਚਾਨਕੀਆ ਰਾਜਨੀਤੀ
- ਕੇਸਰ ਪਟਾਰੀ (ਵਰਿੰਦ ਸਤਸਈ ਦਾ ਪੰਜਾਬੀ ਅਨੁਵਾਦ)
- ਕੇਸਰੀ ਕਟਾਰ
- ਪੰਥ ਜਗਾਵਾ
- ਸਿੰਧੀ ਬੱਚਾ
- ਪੰਥਕ ਗੀਤ
- ਚਾਹ ਤੇ ਨਸਵਾਰ
- ਗੁਰੂ ਦਰਸ਼ਨ ਦੀ ਸਿੱਕ,
- ਸੱਤ ਸਾਦਿਕ
- ਸੁਗੰਧਿਤ ਅਸਥਾਨ (ਬੋਸਤਾਂ ਦਾ ਕਵਿਤਾ ਵਿਚ ਉਲਥਾ)
- ਮਨੋਹਰ ਮੰਤ੍ਰ
- ਸੁਭਾਗੀ ਨੀਂਦਰ
- ਕ੍ਰਿਪਾਨ, ਫਤਿਹ ਪ੍ਰਬੋਧ
- ਯੱਗ ਪ੍ਰਬੋਧ
- ਪ੍ਰਸੰਗ ਭਾਈ ਗੋਂਦਾ
- ਕ੍ਰਿਪਾਨ
- ਰੋਪੜੀਆ ਪੀਰ ਤੇ ਨੌਵੇਂ ਗੁਰੂ ਸਾਹਿਬ
- ਸ਼ਾਹ ਭੀਖਣ
- ਸ਼ਾਹ ਭੀਖ
- ਅਦੁੱਤੀ ਸਮਾਗਮ
ਬਾਹਰੀ ਲਿੰਕ
[ਸੋਧੋ]https://fatehnama.com/product/nikkian-jindaan-vadde-saake-gurbaksh-singh-kesri/