ਗੁਰਮਤਿ ਕਾਵਿ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗੁਰਮਿਤ ਕਾਵਿ ਦਾ ਇਤਿਹਾਸ[ਸੋਧੋ]

ਗੁਰਮਿਤ ਕਾਵਿਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਸਾਹਿਤ-ਸੱਭਿਆਚਾਰ ਦੀ ਗੌਰਵਮਈ ਵਿਰਾਸਤ ਹੈ। ਗੁਰਮਤਿ ਕਾਵਿ ਵਿੱਚ ਆਧਿਆਤਮਿਕ ਵਿਚਾਰਾ ਨੂੰ ਕਵਿਤਾ ਰਾਹੀਂ ਪ੍ਰਗਟ ਕੀਤਾ ਗਿਆ ਹੈ। ਗੁਰਮਤਿ ਕਾਵਿਧਾਰਾ ਨਾਲ ਸੰਬੰਧਿਤ ਅਨੇਕਾਂ ਕਵੀਆਂ ਦਾ ਸਿਰਜਿਤ ਪਆਵਚਨ ਬਹੁ-ਭਾਸ਼ੀ ਅਤੇ ਬਹੁ ਖੇਤਰੀ ਹੈ। ਦਿਲਚਸ਼ਪ ਗੱਲ ਇਹ ਹੈ ਕਿ ਉਹ ਆਪਣੇ ਆਪਨੂੰ ਕਵੀ ਜਾਂ ਸ਼ਾਇਰ ਤਾਂ ਆਖ ਲੈਂਦੇ ਹਨ ਪਰ ਆਪਣੀ ਕਵਿਤਾ ਨੂੰ ਨਿਰੋਲ ਕਵਿਤਾ ਨਹੀਂ ਮੰਨਦੇ। ਜੇ ਭਗਤ ਕਬੀਰ ਆਪਣੀ ਰਚਨਾ ਨੂੰ ਗੀਤ ਦੀ ਬਜਾਏ ਬ੍ਰਹਮ-ਵਿਚਾਰ ਆਖਦੇ ਹਨ ਤਾਂ ਗੁਰੂ ਕਵੀ ਆਪਣੀ ਬਾਣੀ ਨੂੰ ਧੁਰ ਕੀ ਬਾਣੀ, ਸੱਚ ਕੀ ਬਾਣੀ, ਜਾਂ ਖਸਮ ਕੀ ਬਾਣੀ, ਆਖਣਾ ਵਧੇਰੇ ਉੱਚਿਤ ਸਮਝਦੇ ਹਨ।1[1]

ਗੁਰਮਿਤ ਕਾਵਿ- ਪਰੰਪਰਾ ਤੇ ਪਰਿਪੇਖ[ਸੋਧੋ]

ਗੁਰਮਤਿ ਕਾਵਿ ਮੱਧਕਾਲੀਨ ਪੰਜਾਬੀ ਸਾਹਿਤ ਦੀ ਅਜਿਹੀ ਅਮੀਰ ਪ੍ਰਵਿਰਤੀ ਹੈ ਜਿਸ ਦੀ ਸਿਰਜਣਾ 12 ਵੀਂ ਸਦੀ ਤੋਂ ਲੈ ਕੇ 14ਵੀ ਸਦੀ ਈਸਵੀ ਤੱਕ ਹੋਈ। ਇਹ ਵੱਡਆਕਾਰੀ ਰਚਨਾ ਮੱਧਕਾਲੀਨ ਭਾਰਤ ਦੀਆਂ ਉਹਨਾਂ ਪ੍ਰਮੁੱਖ ਕਾਵਿਧਾਰਵਾਂ ਵਿਚੋਂ ਹੈ ਜਿਹਨਾਂ ਦਾ ਸਾਹਿਤ ਤੋਂ ਇਲਾਵਾ ਧਰਮ ਨਾਲ ਵੀ ਡੂੰਘਾ ਸੰਬੰਧ ਹੈ। ਇਨ੍ਹਾਂ ਵਿੱਚੋਂ ਵਿਸ਼ੇਸ਼ ਤੌਰਾਂ ਤੇ ਵਰਣਨਯੋਗ ਕਾਵਿਧਾਰਵਾਂ ਹਨ- ਸਿੱਧ ਬਾਣੀ, ਨਾਥਬਾਣੀ, ਮੰਤ ਬਾਣੀ, ਭਗਤਬਾਣੀ, ਗੁਰਬਾਣੀ ਅਤੇ ਸੂਫੀ ਕਾਵਿ।

ਗੁਰਮਿਤ ਕਾਵਿ ਦੇ ਸੋਮੇ[ਸੋਧੋ]

ਕੋਈ ਵੀ ਰਚਨਾ ਭਾਵੇਂ ਕਿੰਨੀ ਵੀ ਮੌਲਿਕ ਜਾਂ ਵਿਲੱਖਣ ਜਾਪਦੀ ਹੋਵੇ ਪਰ ਉਹ ਆਪਣੇ ਵਰਤਮਾਨ ਜਾਂ ਅਤੀਤ ਨਾਲ ਸੰਵਾਦ ਰਚਾਕੇ ਆਪਣੀ ਸਿਰਜਣਾਤਮਕ ਵਿਲੱਖਣਤਾ ਦਾ ਪ੍ਰਮਾਣ ਪੇਸ਼ ਕਰਦੀ ਹੈ।ਗੁਰਮਤਿ ਕਾਵਿ ਵਿਚ ਵੀ ਪੂਰਵੀਆ ਅਤੇ ਸਮਕਾਲੀ ਦਾਰਸ਼ਨਿਕ ਪਛਾਣਦੀਆਂ ਨਾਲ ਸੰਵਾਦ ਰਚਾਇਆ ਗਿਆ ਹੈ।ਗੁਰਮਤਿ ਕਾਵਿ ਦੇ ਵਿਚਾਰ ਪ੍ਰਬੰਧ ਦੇ ਸੋਮੇ ਵੈਦਿਕ ਪਰੰਪਰਾ, ਅਵੈਦਿਕ ਪਰੰਪਰਾ (ਇਸਲਾਮੀ ਬੁੱਧ ਮਤ), ਸਿੱਧ ਜੋਗੀਆਂ ਅਤੇ ਨਾਥ ਜੋਗੀਆਂ ਦੀਆਂ ਦਾਰਸ਼ਨਿਕ ਪ੍ਰਣਾਲੀਆਂ ਵਿਚ ਪਏ ਹਨ।ਅਦਵੈਤ ਵੇਦਾਂਤ ਵਿੱਚੋੰ ਹੀ ਨਿਰਗੁਣ ਭਗਤੀ ਦਾ ਸਕੰਲਪ ਪੈਦਾ ਹੁੰਦਾ ਹੈ।ਨਾਥਾਂ ਦਾ ਸੁੰਨ ਦਾ ਸਕੰਲਪ ਅਦਵੈਤ ਵੇਦਾਂਤ ਨਾਲ ਮਿਲਕੇ ਨਿਰਾਕਾਰ ਬ੍ਰਹਮ ਦੇ ਅਰਥ ਵਿੱਚ ਪ੍ਰਗਟ ਹੁੰਦਾ ਹੈ।ਇਸ ਤਰਾਂ ਬੁੱਧ ਮਤ ਦੇ ਸੂਨਯ ਦੇ ਸੰਕਲਪ ਅਤੇ ਅਦਵੈਤ ਵੇਦਾਂਤ ਦੇ ਬਹੁਦੇਵਵਾਦ ਦੇ ਮਿਸ਼ਰਨ ਨਾਲ ਗੁਰਬਾਣੀ ਵਿੱਚ ਰੱਬ ਦਾ ਸੰਕਲਪ ਘੜਿਆ ਜਾਂਦਾ ਹੈ।ਗੁਰਮਤਿ ਕਾਵਿ ਵੈਦਿਕ ਵਿਰਸੇ ਵਿੱਚੋੰ ਆਏ ਬ੍ਰਾਹਮਣਵਾਦੀ ਕਰਮਕਾਡਾਂ ਨੂੰ ਰੱਦ ਕਰਦਾ ਹੈ।ਕੁਰਾਨ ਵਾਂਗ ਪੁਸਤਕ ਨੂੰ ਨਿਰਪੇਖ ਮਹੱਤਵ ਦੇਣ ਦੀ ਥਾਂ ਗੁਰੂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਹੈ।ਨਾਥਾਂ ਦੀਆਂ ਯੋਗੀ ਕਿਰਿਆਵਾਂ ਦੀ ਥਾਂ ਨਾਮ ਸਿਮਰਨ ਦੀ ਧਿਆਨੀ ਵਿਧੀ ਦਾ ਵਿਕਾਸ ਕੀਤਾ ਹੈ।ਗੁਰਮਤਿ ਦਾ ਵਾਹਿਗੁਰੂ ਦਾ ਸੰਕਲਪ ਇਸਲਾਮ ਦੇ ਵਹਿਦਤੁਲਵਜੂਦ ਦੇ ਸੰਕਲਪ ਤੋੰ ਪ੍ਰੇਰਿਤ ਹੈ।ਇੰਝ ਹੀ ਬੁੱਤ ਪੂਜਾ ਅਤੇ ਬਹੁਦੇਵਵਾਦ ਦੀ ਥਾਂ ਇਸ ਵਿੱਚ ਇੱਕ ਈਸ਼ਵਰਵਾਦ ਦੀ ਧਾਰਨਾ ਦਿੱਤੀ ਗਈ ਹੈ।ਸਮੁੱਚੇ ਤੌਰ 'ਤੇ ਗੁਰਮਤਿ ਕਾਵਿ ਭਾਰਤੀ ਦਾਰਸ਼ਨਿਕ ਧਰਾਵਾਂ ਵਿਚ ਵੈਦਿਕ ਅਵੈਦਿਕ ਸਾਮੀ ਅਤੇ ਇਸਲਾਮ ਵਿਰਸੇ ਦੀਆਂ ਸਰਵਉੱਚ ਪ੍ਰਾਪਤੀਆਂ ਦਾ ਸੰਗਮ ਹੈ।[2]

ਵਿਚਾਰਧਾਰਾ ਤੇ ਵਿਸ਼ਵਦ੍ਰਿਸਟੀ[ਸੋਧੋ]

ਗੁਰਮਿਤ ਕਾਵਿਧਾਰਾ ਦੀ ਵਿਲੱਖਣਤਾ ਦਾ ਆਧਾਰ ਇਸ ਦੀ ਵਿਚਾਰਧਾਰਾ ਹੈ। ਵਿਚਾਰਧਾਰਾ ਦੇ ਨਾਲ-ਨਾਲ ਇਸ ਦੇ ਕਾਵਿ ਸ਼ਾਸ਼ਤਰ ਦਾ ਅਧਿਐਨ ਕਰਨਾ ਵੀ ਜਰੂਰੀ ਹੈ।

ਵਿਚਾਰਧਾਰਾ[ਸੋਧੋ]

ਵਿਚਾਰਧਾਰਾ ਦੀ ਮੁੱਢਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜਿਕ, ਆਰਥਿਕ ਬਣਤਰ ਵਿਚਲੇ ਵਾਸਵਿਕ ਵਿਰੋਧਾਂ ਨੂੰ ਕਲਪਨਾਸ਼ੀਲ ਢੰਗ ਨਾਲ ਸੁਲਝਾਉਣ ਵੱਲ ਰੁਚਿਤ ਹੁੰਦੀ ਹੈ। ਗੁਰਮਤਿ ਕਾਵਿ ਦੀ ਵਿਚਾਰ ਸੱਤਾ ਵਿਹੁਣੇ ਵਰਗਾਂ, ਸਧਾਰਣ ਲੋਕਾਂ, ਅਤੇ ਮਹਿਕੂਮ ਦੀ ਵਿਚਾਰਧਾਰਾ ਹੈ। ਇਹ ਪਾਰਗਾਮੀ ਹਸਤੀ ਦੇ ਸਾਹਮਣੇ ਮਨੁੱਖ ਦੀ ਬਰਾਬਰੀ ਦਾ ਸਕੰਲਪ ਸਥਾਪਿਤ ਕਰਦਾ ਹੈ। ਮਿਸਾਲ ਵਜੋੰ ਗੁਰੂ ਨਾਨਕ ਦੇਵ ਦੀਆਂ ਇਹ ਕਾਵਿ-ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ।

         "ਨੀਚਾ ਅੰਦਰ ਨੀਚ ਜਾਤਿਠ
         ਨੀਚੀ ਹੂ ਅਤਿ ਨੀਚੁ।।
        ਨਾਨਕ ਤਿਨ ਕੈ ਸੰਗਿ ਸਾਥਿ
        ਵਡਿਆ ਸਿਉ ਕਿਆ ਰੀਸ।।
        ਜਿਥੈ ਨੀਚ ਸਮਾਲੀਅਨਿ
        ਤਿਥੈ ਨਦਿਰ ਤੇਰੀ ਬਖਸੀਸ।।[3]

ਇਹਨਾਂ ਪੰਗਤੀਆਂ ਵਿਚ ਦਰਸਾਇਆਂ ਵਰਗ ਸਰਬ ਸਧਾਰਣ ਮਾਨਵਤਾ ਦਾ ਉਹ ਅੰਗ ਹੈ ਜੋ ਸੱਤਾਧਾਰੀ ਵਰਗਾਂ ਦੇ ਸ਼ੋਸ਼ਣ ਦਾ ਸ਼ਿਕਾਰ ਬਣਿਆ ਰਿਹਾ ਹੈ। ਸਮੁੱਚੇ ਤੌਰ 'ਤੇ ਆਖਿਆ ਜਾ ਸਕਦਾ ਹੈ ਕਿ ਗੁਰਮਿਤ ਕਾਵਿ ਧਾਰਾ ਆਪਣੇ ਸਮਕਾਲੀਨ ਸੰਦਰਭ ਵਿਚ ਕ੍ਰਾਂਤੀਕਾਰੀ ਵਿਚਾਰਧਾਰਾ ਬਣ ਕੇ ਉਜਾਗਰ ਹੁੰਦੀ ਹੈ।

ਵਿਸ਼ਵ ਦ੍ਰਿਸ਼ਟੀ[ਸੋਧੋ]

ਗੁਰਮਿਤ ਕਾਵਿ ਦੀ ਵਿਸ਼ਵ ਦ੍ਰਿਸ਼ਟੀ ਦੇ ਪਿਛੋਕੜ ਵਿੱਚ ਭਾਰਤੀ ਅਧਿਆਤਮ ਪਰੰਪਰਾ ਕਾਰਜ਼ਸ਼ੀਲ ਦਿਖਾਈ ਦਿੰਦੀ ਹੈ। ਗੁਰਮਿਤ ਕਾਵਿ ਦੀ ਵਿਸ਼ਵ-ਦ੍ਰਿਸ਼ਟੀ ਦਾ ਅਧਿਐਨ ਕਰਨ ਲਈ ਅਸੀਂ ਇਸੇ ਸਕੰਲਪ ਨੂੰ ਆਧਾਰ ਬਣਾਇਆ ਹੈ। ਇਸ ਵਿੱਚ ਦੋ ਸਕੰਲਪ ਲਏ ਗਏ ਹਨ-

 • ਬ੍ਰਹਮ ਦਾ ਸਕੰਲਪ
 • ਜਗਤ ਤੇ ਮਾਨਵ ਦਾ ਸਕੰਲਪ

ਗੁਰਮਿਤ ਕਾਵਿਧਾਰਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ[ਸੋਧੋ]

ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਗ੍ਰੰਥ ਹੋਣ ਦੇ ਨਾਲ-ਨਾਲ ਗੁਰਮਿਤ ਕਾਵਿਧਾਰਾ ਦਾ ਪ੍ਰਤੀਨਿਧ ਸਕੰਲਪ ਹੈ।

ਪ੍ਰਮੁੱਖ ਕਾਵਿ ਰੂਪ[ਸੋਧੋ]

ਗੁਰਮਿਤ ਕਾਵਿ ਪ੍ਰਵਿਰਤੀ ਨਾਲ ਸੰਬੰਧਤ ਸਮੂਹ ਕਵੀਆਂ ਨੇ ਆਪਣੇ ਅਧਿਆਤਮਕ ਧਾਰਮਿਕ ਅਨੁਭਵ ਨੂੰ ਪ੍ਰਗਟਾਉਣ ਲਈ ਅਨੇਕਾਂ ਕਾਵਿ ਰੂਪਾਂ ਦੀ ਵਰਤੋੰ ਕੀਤੀ ਹੈ ਜਿਵੇੰ- ਆਰਤੀ, ਅਲਾਹੁਣੀਆਂ, ਅਨੰਦ, ਅੰਜਲੀ, ਅਸ਼ਟਪਦੀ ਸੋਦਰ, ਸੋਪੁਰਖ, ਸੋਹਿਲਾ, ਸੁਚਜੀ, ਸਦ, ਗੋਸ਼ਿਟ, ਸ਼ਬਦ, ਸੁਖਮਨੀ, ਸਲੋਕ, ਕੁਚੱਜੀ, ਕਫੀ, ਕਰਹਲੇ, ਗੁਣਵੰਤੀ, ਗਾਥਾ, ਘੋੜੀਆਂ, ਚਉਪਦੇ, ਚਉਬੋਲੇ, ਛਿੰਝ, ਛੰਤ, ਡਖਣੇ, ਤਿਪਦੇ, ਥਿਤੀ, ਦੁਪਦੇ, ਦਿਨ ਰੈਣ, ਪਉੜੀ, ਪਹਿਰੇ, ਪਦੇ, ਬਾਵਨ ਅੱਖਰੀੰ, ਬਿਰਹੜੇ, ਬਾਰਾਮਾਹ, ਮੰਗਲ, ਮੁੰਦਾਵਨੀ, ਰੁਤੀ, ਲਾਵਾਂ, ਵਾਰ, ਵਾਰ ਸਤ ਆਦਿ।ਇਹ ਕਾਵਿ ਰੂਪ ਭਾਰਤ ਦੀ ਕਲਾਸੀਕਲ ਕਾਵਿ ਪਰੰਪਰਾ ਨਾਲ ਵੀ ਸੰਬੰਧਤ ਹਨ ਅਤੇ ਲੋਕ ਪਰੰਪਰਾ ਨਾਲ ਵੀ।[4]

ਸਕੰਲਪ ਤੇ ਸਰੂਪ[ਸੋਧੋ]

ਇਸ ਪਾਵਨ ਗ੍ਰੰਥ ਦੀ ਸਕੰਲਪਨਾ ਦੇ ਪਿਛੋਕੜ ਵਿੱਚ ਅਧਿਆਤਮਕ ਅਤੇ ਨੈਤਿਕ ਅਗਵਾਈ ਵਾਲਾ ਇੱਕ ਵੱਡ-ਆਕਾਰੀ-ਪਾਠ ਸੰਗ੍ਰਿਹ ਕਰਨ ਦੀ ਲੋਚਾ ਕਾਰਜਸ਼ੀਲ ਦਿਖਾਈ ਦੇਵੇਗੀ। ਪਰ ਇਸ ਮੰਤਵ ਦੀ ਪੂਰਤੀ ਲਈ ਗੁਰੂ ਅਰੁਜਨ ਦੇਵ ਜੀ ਨੇ ਸਿੱਖ ਧਰਮ ਦੇ ਪਰਵਰਤਕ ਗੁਰੂ ਨਾਨਕ ਦੇਵ ਅਤੇ ਆਪਣੇ ਸਮੇਤ ਹੋਰ ਗੁਰੂ ਵਿਅਕਤੀਆਂ ਦੀ ਬਾਣੀ ਨੂੰ ਹੀ ਨਹੀੰ ਮੁੱਖ ਰੱਖਿਆ ਸਗੋੰ ਉਹਨਾਂ ਸਮਕਾਲੀ ਅਤੇ ਪੂਰਬਕਾਲੀ ਧਰਮ ਪ੍ਰਰਵਰਤਕਾਂ ਦੀ ਬਾਣੀ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਵਿਚ ਸਭ ਤੋਂ ਪਹਿਲਾ ਮੂਲ ਮੰਤਰ ਹੈ ਜੋ ਗੁਰ ਪ੍ਰਸਾਦਿ ਤੇ ਮੁੱਕ ਜਾਂਦਾ ਹੈ। ਇਸ ਤੋਂ ਅਗਾਂਹ ਸਭ ਤੋਂ ਪਹਿਲੀ ਬਾਣੀ ਜਪੁ ਹੈ। ਸਮੁੱਚੀ ਬਾਣੀ 31 ਰਾਗਾਂ ਵਿੱਚ ਦਰਜ਼ ਹੈ। ਇਸ ਵਿੱਚ ਕਬੀਰ ਜੀ ਦੇ 243 ਅਤੇ ਫਰੀਦ ਜੀ ਦੇ 130 ਸ਼ਲੋਕ ਹਨ। ਇਸ ਵਿੱਚ ਭਗਤਾਂ ਦੇ 349 ਸ਼ਬਦ ਹਨ।

ਸੰਪਾਦਨ-ਕਲਾ[ਸੋਧੋ]

ਸ਼੍ਰੀ ਗੁਰੂ ਗ੍ਰੰਥ ਸਾਹਿਬ 1430 ਪੰਨਿਆ ਦੀ ਇੱਕ ਵੱਡ ਆਕਾਰੀ ਰਚਨਾ ਹੈ। ਇਸ ਦੀ ਸੰਪਾਦਨ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਸੰਪੰਨ ਕਰਵਾਈ। ਇਸ ਵਿੱਚ ਭਾਇ ਗੁਰਦਾਸ ਜੀ ਨੇ ਲਿਖਾਰੀ ਭੂਮਿਕਾ ਨਿਭਾਈ।ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋੰ ਪਹਿਲਾਂ ਜੁਪਜੀ ਸਾਹਿਬ ਹੈ।ਇਸ ਤੋੰ ਪਿੱਛੋੰ ਕੁਝ ਸ਼ਬਦ ਹਨ।ਫਿਰ ਰਾਗਾਂ ਅਨੁਸਾਰ ਸਾਰੀ ਰਚਨਾ ਨੂੰ ਵਿਉਤਿਆਂ ਗਿਆ ਹੈ।ਸਭ ਤੋੰ ਪਹਿਲਾਂ ਸਿਰੀ ਰਾਗ ਹੈ।'ਡਾ.ਸੁਰਿੰਦਰ ਸਿੰਘ ਕੋਹਲੀ' ਲਿਖਦੇ ਹਨ, 'ਆਦਿ ਗ੍ਰੰਥ ਵਿੱਚ ਕੁਲ 31 ਰਾਗ ਹਨ ਅਸਲ ਵਿੱਚ ਇਹਨਾਂ ਵਿੱਚੋੰ 14 ਰਾਗ ਹਨ ਅਤੇ 17 ਰਾਗਣੀਆਂ। ਆਦਿ ਗ੍ਰੰਥ ਦੇ ਅਖ਼ੀਰ ਵਿੱਚ ਦਿੱਤੀ ਗਈ ਰਾਗਮਾਲਾ ਵਿੱਚ 6 ਵੱਡੇ ਭਾਗਾਂ ਦਾ ਜ਼ਿਕਰ ਹੈ। ਹਰ ਰਾਗ ਦੀਆਂ 5 ਵੁਹਟੀਆਂ ਤੇ 8 ਪੁੱਤਰ ਹਨ। ਇਨ੍ਹਾਂ 6 ਵੱਡੇ ਰਾਗਾਂ ਵਿੱਚੋੰ ਕੁੱਲ 2 ਵੱਡੇ ਰਾਗ ਹਨ। ਸ਼੍ਰੀ ਰਾਗ ਅਤੇ ਭੈਰਵ ਰਾਗ। 30ਵਹੁਟੀਆਂ ਤੇ 48 ਪੁੱਤਰਾਂ ਦੇ ਪਰਿਵਾਰ ਵਿੱਚੋੰ ਕੇਵਲ 11 ਵੁਹਟੀਆਂ ਤੇ 8 ਪੁੱਤਰ ਆਏ ਹਨ।' ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 5 ਗੁਰੂਆਂ, 15 ਭਗਤ ਕਵੀ, ਇੱਕ ਸੂਫੀ ਕਵੀ ਅਤੇ ਇਸ ਤੋੰ ਇਲਾਵਾ ਗੁਰੂ ਘਰ ਦੇ ਨਿਕਟਵਰਤੀ ਕਵੀਆਂ ਦੀ ਬਾਣੀ ਦਰਜ ਹੈ।[5]

ਪ੍ਰਮੁੱਖ ਕਵੀ[ਸੋਧੋ]

(ਪੂਰਬ ਨਾਨਕ ਕਾਲ) ਪੂਰਬ ਨਾਨਕ ਕਾਲ ਵਿਚ ਅਸੀਂ ਆਦਿ ਗ੍ਰੰਥ ਦੇ ਉਨਾਂ ਕਈਆਂ ਨੂੰ ਸ਼ਾਮਿਲ ਕਰਦੇ ਹਾਂ ਜਿੰਨ੍ਹਾਂ ਦਾ ਸੰਬੰਧ ਨਿਰਗੁਣ ਭਗਤੀਧਾਰਾ ਜਾਂ ਸੂਫੀਵਾਦ ਨਾਲ ਹੈ। ਇਸ ਵਿਚ ਸੇਖ ਫਰੀਦ, ਭਗਤ ਜੈਦੇਵ, ਭਗਤ ਨਾਮਦੇਵ, ਭਗਤ ਧੰਨਾ, ਭਗਤ ਰਵਿਦਾਸ, ਭਗਤ ਕਬੀਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਕਵੀਆਂ ਦੀ ਕਾਵਿ ਰਚਨਾ ਵਿਚ ਕਾਵਿ ਚੇਤਨਾ ਅਤੇ ਸਿਧਾਂਤ ਚਿੰਤਨ ਦੇ ਦ੍ਰਿਸ਼ਟੀਕੋਣ ਤੋ ਗੁਰੂ ਨਾਨਕ ਕਾਲ ਦੇ ਗੁਰੂ ਕਵੀਆਂ ਦੀ ਰਚਨਾ ਵਿੱਚ ਡੁੰਘੀ ਸਾਂਝ ਨਜਰ ਆਉਂਦੀ ਹੈ।[6]

ਪ੍ਰਮੁੱਖ ਕਵੀ[ਸੋਧੋ]

(ਉੱਤਰ ਗੁਰੂ ਨਾਨਕ) ਗੁਰਮਿਤ ਕਾਵਿ ਨਾਲ ਸੰਬੰਧਿਤ ਕਵੀਆਂ ਨੂੰ ਵੀ ਅਸੀਂ ਤਿੰਨ ਵਰਗਾਂ ਵਿੱਚ ਵੰਡ ਕੇ ਵਿਚਾਰਿਆ ਹੈ। (T) ਵਰਗ ਵਿੱਚ ਅਸੀਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਨੂੰ ਰੱਖਿਆ ਹੈ। ਇਨ੍ਹਾਂ ਗੁਰੂ ਵਿਅਕਤੀਆਂ ਵਿੱਚੋਂ ਪਹਿਲੇ ਛੇ ਗੁਰੂਆਂ ਦੀ ਬਾਣੀ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਜਦੋ ਕਿ ਗੁਰੂ ਗੋਬਿੰਦ ਸਿੰਘ ਮੁੱਖ ਰੂਪ ਵਿੱਚ ਦਸਮ ਗ੍ਰੰਥ ਦੇ ਬਾਣੀਕਾਰ ਵਜੋਂ ਪ੍ਰਸਿੱਧ ਹਨ। ਇੱਕ ਰਵਾਇਤ ਅਨੁਸਾਰ ਇਨ੍ਹਾਂ ਦਾ ਇੱਕ ਸ਼ਲੋਕ ਆਦਿ ਗ੍ਰੰਥ ਵਿਚ ਸ਼ਾਮਲ ਹੈ। (n) ਵਰਗ ਵਿਚ ਅਸੀਂ ਗੁਰੂ ਘਰ ਦੇ ਉਹਨਾਂ ਨਿਕਟਵਰਤੀਆਂ ਅਤੇ ਭੱਟਾਂ ਨੂੰ ਰੱਖਿਆ ਹੈ ਜਿਹਨਾਂ ਦੀ ਰਚਨਾ ਆਦਿ ਗ੍ਰੰਥ ਵਿਚ ਸ਼ਾਮਲ ਹੈ। (J) ਵਰਗ ਵਿਚ ਅਸੀਂ ਭਾਈ ਗੁਰਦਾਸ ਨੂੰ ਰੱਖਿਆ ਹੈ। ਇਸ ਕਵੀ ਦੀ ਬਾਣੀ ਭਾਵੇਂ ਆਦਿ ਗ੍ਰੰਥ ਵਿਚ ਸ਼ਾਮਿਲ ਨਹੀਂ ਪਰ ਸਿਧਾਂਤਕ ਤੇ ਵਿਹਾਰਕ ਦ੍ਰਿਸ਼ਟੀ ਤੋਂ ਇਸ ਨੂੰ ਹੱਕੀ ਤੌਰ 'ਤੇ ਗੁਰਮਿਤ ਕਾਵਿਧਾਰਾ ਦੇ ਅੰਤਰਗਤ ਹੀ ਰੱਖਣਾ ਉਚਿਤ ਹੈ ਕਿਉਂਜੋ ਇਸ ਦੇ ਵਿਸ਼ੈਗਤ ਸਰੋਕਾਰ ਅਤੇ ਰਚਨਾ ਵਿਧੀ ਗੁਰਮਤਿ ਕਾਵਿ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਇਸ਼ ਤੋਂ ਇਲਾਵਾ ਭਾਈ ਗੁਰਦਾਸ ਦੀ ਰਚਨਾ ਨੂੰ ਆਦਰ ਨਾਲ ਗੁਰਬਾਣੀ ਦੀ ਕੁੰਜੀ ਵੀ ਆਖਿਆ ਗਿਆ ਹੈ।[7]

ਹਵਾਲੇ[ਸੋਧੋ]

 1. ਜਗਬੀਰ ਸਿੰਘ, ਗੁਰਮਤਿ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ 2004,ਪੰਨਾ 8
 2. ਡਾ. ਜਗਬੀਰ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ ਆਦਿ-ਕਾਲ-ਭਗਤੀ ਕਾਲ,ਗੁਰੂ ਨਾਨਕ ਦੇਵ ਯੂਨੀਵਰਸੀਟੀ ਅਮ੍ਰਿੰਤਸਰ 1995,ਪੰਨਾ 53
 3. <ਆਦਿ ਗ੍ਰੰਥ, ਸੰਪਾਦਨਾ 1604,ਪੰਨਾ 15
 4. <ਜਗਬੀਰ ਸਿੰਘ,ਗੁਰਮਤਿ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿਲੀ 2004,ਪੰਨਾ 62>
 5. <ਡਾ. ਜੀਤ ਸਿੰਘ ਸੀਤਲ ਅਤੇ ਡਾ. ਮੇਵਾ ਸਿੰਘ ਸਿੱਧੂ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਅਧਿਐਨ, ਪੈਪਸੂ ਬੁੱਕ ਡਿੱਪੂ ਪਟਿਆਲਾ, ਪੰਨਾ 98>
 6. <ਜਗਬੀਰ ਸਿੰਘ, ਗੁਰਮਤਿ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿਲੀ 2004,ਪੰਨਾ 93>
 7. <ਜਗਬੀਰ ਸਿੰਘ, ਗੁਰਮਤਿ ਕਾਵਿ ਦਾ ਇਤਿਹਾਸ, ਪੰਜਾਬੀ ਅਕਾਦਮੀ ਦਿੱਲੀ 2004,ਪੰਨਾ114>