ਸਮੱਗਰੀ 'ਤੇ ਜਾਓ

ਗੁਰਮੀਤ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੀਵਨ ਵੇਰਵੇ

[ਸੋਧੋ]

ਗੁਰਮੀਤ ਸੰਧੂ ਸਾਹਨੇਵਾਲ (ਲੁਧਿਆਣਾ) ਦਾ ਜੰਮਪਲ ਹੈ। 1968 ਵਿੱਚ ਪ੍ਰਵਾਸ ਕਰਕੇ ਇੰਗਲੈਂਡ ਚਲਾ ਗਿਆ। ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਰਿਟਨ ਦੇ ਲੰਡਨ ਚੈਪਟਰ ਦਾ ਕਈ ਵਰ੍ਹੇ ਸੈਕਟਰੀ ਰਿਹਾ। ਇੰਗਲੈਂਡ ਦੇ ਪ੍ਰਸਿੱਧ ਪੰਜਾਬੀ ਸਪਤਾਹਿਕ ‘ਦੇਸ-ਪ੍ਰਦੇਸ’ ਵਿੱਚ ਸਹਿ ਸੰਪਾਦਕ ਵਜੋਂ ਕੰਮ ਕੀਤਾ। 1979 ਵਿੱਚ ਅਮਰੀਕਾ ਆ ਗਿਆ। ਸਾਲ 1980 ਵਿੱਚ ‘ਗਦਰ’ ਤੋਂ 66 ਸਾਲ ਬਾਦ ਕੈਲੀਫੋਰਨੀਆ, ਅਮਰੀਕਾ ਵਿੱਚ ਪਹਿਲੇ ਪੰਜਾਬੀ ਸਪਤਾਹਿਕ ਅਖਬਾਰ ‘ਪੰਜਾਬ ਪੱਤਰ’ ਦੀ ਸੰਪਾਦਨਾ ਸ਼ੁਰੂ ਕੀਤੀ।

ਅੱਜ ਕੱਲ੍ਹ ਉਹ ਆਪਣੀ ਕਵਿਤਰੀ ਪਤਨੀ ਰਾਜ ਸੰਧੂ ਨਾਲ ਅਮਰੀਕਾ ਦੀ ਮਿਸ਼ੀਗਨ ਸਟੇਟ ਦੇ ਨੌਵਈ ਸ਼ਹਿਰ ਵਿੱਚ ਰਹਿੰਦਾ ਹੈ। ਇਹਨਾਂ ਦੇ ਦੋ ਬੱਚੇ ਪੁਤਰੀ ਰਮੀਤਾ ਅਤੇ ਪੁੱਤਰ ਸੁਮੀਰ ਹਨ। ਇੰਟਰਨੈਟ ‘ਤੇ ਚਲਦੇ ਪੰਜਾਬੀ ਹਾਇਕੂ ਬਲਾਗ www.haikupunjabi.wordpress.com ਦੇ ਸੰਪਾਦਕੀ ਮੰਡਲ ਦਾ ਮੁਢਲਾ ਮੈਂਬਰ ਹੈ। ਉਹ ਪੰਜਾਬੀ ਹਾਇਕੂ ਫੋਰਮ ਅਤੇ ਫੇਸ ਬੁਕ ‘ਤੇ ਪੰਜਾਬੀ ਹਾਇਕੂ ਗਰੁਪ ਦਾ ਵੀ ਮੋਢੀ ਮੈਂਬਰ ਹੈ। 2007 ਤੋਂ ਇਹ ਪੰਜਾਬੀ ਹਾਇਕੂ ਨਾਲ ਜੁੜਿਆ ਹੋਇਆ ਹੈ। ਇਹਦੇ ਹਾਇਕੂ ਪੰਜਾਬੀ ਭਾਸ਼ਾ ਦੀਆਂ ਗੁਰਮੁਖੀ ਅਤੇ ਸ਼ਾਹਮੁਖੀ ਲਿਪੀਆਂ ਤੋਂ ਇਲਾਵਾ ਅੰਗਰੇਜੀ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ।

ਰਚਨਾਵਾਂ

[ਸੋਧੋ]

ਨਵੰਬਰ 2008 ਤੋਂ ਇਹਦੇ ਹਾਇਕੂ, ਪੰਜਾਬੀ ਦੇ ਪਹਿਲੇ ਹਾਇਕੂ ਬਲਾਗ “ਪੰਜਾਬੀ ਹਾਇਕੂ ਬਲਾਗ” ਵਿੱਚ ਲਗਾਤਾਰ ਪੋਸਟ ਹੋਣ ਲਗੇ ਅਤੇ ਛੇਤੀ ਹੀ ਇਹਨੂੰ ਬਲਾਗ ਦਾ ਸਹਿ ਸੰਪਾਦਕ ਸਥਾਪਤ ਕਰ ਦਿੱਤਾ ਗਿਆ। ਇਸੇ ਸਾਲ “ਪੰਜਾਬੀ ਹਾਇਕੂ ਫੋਰਮ” ਦੀ ਸਥਾਪਨਾ ਵਿੱਚ ਵੀ ਇਹਨੇ ਮੋਹਰੀ ਰੋਲ ਅਦਾ ਕੀਤਾ। ਸੋਸ਼ਲ ਮੀਡਿਆ ਦੇ ਫੇਸ ਬੁਕ ਉਪਰ ਪਹਿਲੇ “ਪੰਜਾਬੀ ਹਾਇਕੂ ਗਰੁਪ” ਦੀ ਸਥਾਪਨਾ 2009 ਵਿੱਚ ਅਮਰਜੀਤ ਸਾਥੀ ਨਾਲ ਰਲ ਕੇ ਕੀਤੀ। ਪਹਿਲੀ ਹਾਇਕੂ ਕਾਨਫਰੰਸ ਪੰਜਾਬੀ ਹਾਇਕੂ ਫੋਰਮ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ 8 ਨਵੰਬਰ 2010 ਨੂੰ ਕਰਵਾਈ ਗਈ। ਇਸ ਕਾਨਫਰੰਸ ਮੌਕੇ ਇਹਦਾ ਪਹਿਲਾ ਹਾਇਕੂ ਸੰਗ੍ਰਹਿ “ਖਿਵਣ” ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਜਸਪਾਲ ਸਿੰਘ, ਡਾ ਸੁਤਿੰਦਰ ਸਿੰਘ ਨੂਰ ਅਤੇ ਡਾ ਸੁਰਜੀਤ ਪਾਤਰ ਵਲੋਂ ਲੋਕ ਅਰਪਣ ਕੀਤਾ ਗਿਆ। ਇਹਦੇ ਉੱਦਮ ਸਦਕਾ ਪੰਜਾਬੀ ਹਾਇਕੂ ਫੋਰਮ ਵਲੋਂ ਪਹਿਲਾ ਹਾਇਕੂ ਉਤਸਵ ਮਾਰਚ 2012 ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਅਯੋਜਤ ਕੀਤਾ ਗਿਆ। 8 ਮਾਰਚ 2013 ਨੂੰ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਦੂਸਰੀ ਪੰਜਾਬੀ ਹਾਇਕੂ ਕਾਨਫਰੰਸ ਦਾ ਪ੍ਰਬੰਧ ਵੀ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੀਤਾ ਗਿਆ।

ਇਸ ਕਾਨਫਰੰਸ ਵਿੱਚ ਹੀ ਗੁਰਮੀਤ ਸੰਧੂ ਦੀ ਮੋਢੀ ਭੁਮਿਕਾ ਰਹੀ ਅਤੇ ਇਥੇ ਹੀ ਉਹਨੂੰ ਪੰਜਾਬੀ ਹਾਇਕੂ ਫੋਰਮ ਦਾ ਕਨਵੀਨਰ ਬਣਾ ਦਿੱਤਾ ਗਿਆ।

ਗੁਰਮੀਤ ਸੰਧੂ ਦਾ ਦੂਸਰਾ ਹਾਇਕੂ ਸੰਗ੍ਰਹਿ “ਮਹਿਕਾਰ” ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦੂਸਰੀ ਪੰਜਾਬੀ ਡਿਆਸਪੋਰਾ ਕਾਨਫਰੰਸ ਵਿੱਚ 3ਫਰਵਰੀ 2014 ਨੂੰ ਵਾਈਸ ਚਾਂਸਲਰ ਡਾ ਜਸਪਾਲ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਐਮ ਪੀ ਨੇ ਲੋਕ ਅਰਪਣ ਕੀਤਾ। ਨਵੰਬਰ 2014 ਵਿੱਚ ਮਹਿਕਾਰ ਹਾਇਕੂ ਸੰਗ੍ਰਹਿ ਸ਼ਾਹਮੁਖੀ ਲਿਪੀ ਵਿੱਚ ਮਾਂ ਬੋਲੀ ਸੈਂਟਰ, ਲਾਹੌਰ, ਪਾਕਿਸਤਾਨ ਨੇ ਪ੍ਰਕਾਸ਼ਤ ਕੀਤਾ ਅਤੇ ਪੰਜਾਬ ਅਸੈਬਲੀ ਪਾਕਿਸਤਾਨ ਦੇ ਸਪੀਕਰ ਜਨਾਬ ਰਾਣਾ ਇਕਬਾਲ ਮੁੰਹਮਦ ਸਾਹਿਬ ਨੇ ਇਸਦਾ ਲੋਕ ਅਰਪਣ ਲਾਹੌਰ ਵਿੱਚ ਕੀਤਾ। ਪਾਕਿਸਤਾਨ ਵਿੱਚ ਪੰਜਾਬੀ ਵਿੱਚ ਹਾਇਕੂ ਦੀ ਇਹ ਪਹਿਲੀ ਪੁਸਤਕ ਹੈ। 14 ਫਰਵਰੀ 2014 ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਯੰਗ ਰਾਈਟਰਜ ਐਸੋਸੀਏਸ਼ਨ ਵਲੋਂ ਦੂਸਰੇ ਪੰਜਾਬੀ ਹਾਇਕੂ ਉਤਸਵ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਗੁਰਮੀਤ ਸੰਧੂ ਦਾ ਉਹਦੀਆਂ ਪੰਜਾਬੀ ਹਾਇਕੂ ਲਈ ਕੀਤੀਆਂ ਸੇਵਾਂਵਾ ਵਜੋਂ ਮੁਖ ਮਹਿਮਾਨ ਦੇ ਤੌਰ ‘ਤੇ ਸਨਮਾਨ ਚਿੰਨ੍ਹ ਕਰਕੇ ਸਨਮਾਨ ਕੀਤਾ ਗਿਆ। ਇਸੇ ਅਰਸੇ ਦੌਰਾਨ ਪੰਜਾਬ ਭਰ ਵਿੱਚ ਵਖੋ ਵਖਰੇ ਕਾਲਜਾਂ ਅਤੇ ਸਕੂਲਾਂ ਵਿੱਚ ਇਹਨੂੰ ਹਾਇਕੂ ਅਤੇ ਖਾਸ ਕਰਕੇ ਪੰਜਾਬੀ ਹਾਇਕੂ ਦੇ ਪਾਸਾਰ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਲਈ ਨਿਮੰਤਰਿਤ ਕੀਤਾ ਗਿਆ।28 ਮਈ 2015 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਗੁਰਮੀਤ ਸੰਧੂ ਰਚਿਤ ਪੰਜਾਬੀ ਸਾਹਿਤ ਵਿੱਚ ਪਹਿਲਾ ਹਾਇਬਨ ਸੰਗ੍ਰਹਿ "ਪੈੜ ਤੇ ਪਰਛਾਵਾਂ' ਯੂਨੀਵਰਸਿਟੀ ਦੇ ਵੀ ਸੀ ਡਾ. ਬੀ ਐਸ ਢਿਲੋਂ, ਡਾ ਸੁਰਜੀਤ ਪਾਤਰ,ਹਰਚਰਨ ਬੈਂਸ, ਗੁਲਜ਼ਾਰ ਸੰਧੂ ਅਤੇ ਡਾ ਨਾਹਰ ਸਿੰਘ ਦੁਆਰਾ ਲੋਕ ਅਰਪਣ ਕੀਤਾ ਗਿਆ।

21-22 ਜੂਨ 2015 ਨੂੰ ਕੈਨੇਡਾ ਦੀ ਰਾਜਧਾਨੀ ਆਟਵਾ ਵਿੱਚ ਤੀਸਰੀ ਅੰਤਰਰਾਸ਼ਟਰੀ ਕਾਨਫਰੰਸ ਦਾ ਪੰਜਾਬੀ ਹਾਇਕੂ ਫੋਰਮ ਦੇ ਸਹਿਯੋਗ ਨਾਲ ਪ੍ਰਬੰਧ ਕੀਤਾ ਗਿਆ, ਇਸਦੇ ਪ੍ਰਬੰਧ ਵਿੱਚ ਇਸਦਾ ਮੁੱਖ ਰੋਲ ਸੀ। ਇਸ ਕਾਨਫਰੰਸ ਵਿੱਚ ਗੁਰਮੀਤ ਸੰਧੁ ਨੇ ਹਾਇਕੂ ਕਾਵਿ ਦੀ ਵੰਨਗੀ ਹਾਇਬਨ ਸਬੰਧੀ “ਪੰਜਾਬੀ ਸਾਹਿਤ ਵਿੱਚ ਹਾਇਬਨ ਦਾ ਅਗਮਨ” ਵਿਸ਼ੇ ‘ਤ ਪਰਚਾ ਪੜ੍ਹਿਆ।

ਇਸਦੀ ਪੰਜਵੀਂ ਪੁਸਤਕ ਹਾਇਕੂ ਵਿਧੀ ਦੀ ਹੀ ਇੱਕ ਹੋਰ ਸ਼ਾਖਾ ਹਾਇਗਾ(ਚਿੱਤਰ+ਹਾਇਕੂ) “ਰੰਗ-ਹਰਫੀ” 2 ਮਾਰਚ 2016 ਨੂੰ ਪੰਜਾਬੀ ਵਿਕਾਸ ਕਾਨਫਰੰਸ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਗ ਸਿਰਸਾ ਅਤੇ ਗੁਲਜਾਰ ਸੰਧੂ ਨੇ ਲੋਕ ਅਰਪਣ ਕੀਤਾ।