ਸਮੱਗਰੀ 'ਤੇ ਜਾਓ

ਗੁਰੂ ਦੱਤ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੁਰ ਦੱਤ ਕੁਮਾਰ ਜਾਂ ਜੀ.ਡੀ. ਕੁਮਾਰ[1] ਉਰਫ਼ ਮੁਕਤਾਨੰਦ ਅਰੋੜਾ ਉਰਫ਼ ਸਵਾਮੀ ਮੁਕਤਾਨੰਦ ਬੀ.ਏ. ਆਦਿ ਨਾਵਾਂ ਵਾਲੇ ਇੱਕ ਗ਼ਦਰੀ ਦੇਸ਼ਭਗਤ ਦੀ ਜੀਵਨ ਸ਼ੈਲੀ ਵੀ ਵਿਕੋਲਿਤਰੀ ਹੈ। ਉਹ ਇੱਕ ਅਜਿਹਾ ਦੇਸ਼ਭਗਤ ਸੀ ਜਿਸ ਨੇ ਮੁੱਢਲੇ ਪਰਵਾਸ ਸਮੇਂ ਕੈਨੇਡਾ, ਅਮਰੀਕਾ, ਮਨੀਲਾ ਅਤੇ ਹਾਂਗਕਾਂਗ ਵਿਚਲੇ ਹਿੰਦੋਸਤਾਨੀਆਂ ਨੂੰ ਗ਼ੁਲਾਮੀ ਦਾ ਅਹਿਸਾਸ ਕਰਾ ਕੇ ਆਜ਼ਾਦੀ ਲਈ ਜਥੇਬੰਦ ਹੋਣ ਦਾ ਪ੍ਰਚਾਰ ਕੀਤਾ। ਉਸ ਦਾ ਜਨਮ ਮੀਆਂਵਾਲੀ ਜ਼ਿਲ੍ਹਾ ਦੇ ਥਾਣਾ ਮੋਚ ਦੇ ਪਿੰਡ ਪਾਈਖੇਲ ਵਿੱਚ ਸ੍ਰੀ ਬੂਟਾ ਰਾਮ ਕੁਮਾਰ ਦੇ ਘਰ 1873 ਈਸਵੀ ਵਿੱਚ ਹੋਇਆ। ਅੰਮ੍ਰਿਤਸਰ ਤੋਂ ਦਸਵੀਂ ਪਾਸ ਕਰ ਕੇ ਰਿਆਸਤ ਬਹਾਵਲਪੁਰ ਵਿੱਚ 1896 ਵਿੱਚ ਬੀ.ਏ. ਪਾਸ ਕੀਤੀ। ਸੰਨ 1896 ਤੋਂ 1906 ਤੱਕ ਰਾਵਲਪਿੰਡੀ ਵਿੱਚ ਕਮਿਸ਼ਨਰੇਟ ਵਿਭਾਗ ਵਿੱਚ ਕਲਰਕੀ ਦੀ ਨੌਕਰੀ ਕੀਤੀ। ਗੁਰੂ ਦੱਤ ਕੁਮਾਰ ਦੇ ਨਾਂ ’ਤੇ ਉਸ ਨੇ 1907 ਵਿੱਚ ਨੈਸ਼ਨਲ ਕਾਲਜ ਕਲਕੱਤਾ ਵਿੱਚ ਹਿੰਦੀ ਤੇ ਉਰਦੂ ਪੜ੍ਹਾਈ ਅਤੇ ਛੇਤੀ ਹੀ ਉਹ ਵਿਦੇਸ਼ ਚਲਾ ਗਿਆ।

ਇਹ ਵੀ ਸੰਭਵ ਹੈ ਕਿ ‘ਪਗੜੀ ਸੰਭਾਲ ਜੱਟਾ’ ਲਹਿਰ ਕਾਰਨ ਨੌਅਬਾਦੀ ਬਿੱਲ ਅਤੇ ਆਬਿਆਨਾ ਵਿੱਚ ਕੀਤਾ ਹੋਇਆ ਵਾਧਾ ਅੰਗਰੇਜ਼ ਸਰਕਾਰ ਨੇ ਵਾਪਸ ਤਾਂ ਲਏ ਪਰ ਲਹਿਰ ਦੇ ਆਗੂਆਂ ’ਤੇ ਕਰੜੀ ਨਜ਼ਰ ਰੱਖੀ ਜਾਣ ਲੱਗੀ। ਸ. ਅਜੀਤ ਸਿੰਘ, ਸੂਫ਼ੀ ਅੰਬਾ ਪ੍ਰਸਾਦ ਆਦਿ ਆਗੂ ਵਿਦੇਸ਼ ਚਲੇ ਗਏ ਸਨ, ਇਨ੍ਹਾਂ ਵਿੱਚ ਹੀ ਜੀ.ਡੀ.ਕੁਮਾਰ ਸਨ। ਖ਼ੁਫ਼ੀਆ ਵਿਭਾਗ ਅਨੁਸਾਰ, ‘ਉਹ 31 ਅਕਤੂਬਰ 1907 ਵਿੱਚ ਵਿਕਟੋਰੀਆ ਪੁੱਜੇ ਅਤੇ ਉੱਥੇ ਉੱਘੇ ਇਨਕਲਾਬੀ ਤਾਰਕ ਨਾਥ ਦਾਸ ਦੀ ਸਹਾਇਤਾ ਨਾਲ ਗਰੋਸਰੀ ਸਟੋਰ ਖੋਲ੍ਹਿਆ। ਤਾਰਕ ਨਾਥ ਦਾਸ ਨੂੰ ਉਹ ਕਲਕੱਤੇ ਰਹਿੰਦੇ ਸਮੇਂ ਤੋਂ ਜਾਣਦਾ ਸੀ।’

ਦਸੰਬਰ 1909 ਵਿੱਚ ਜੀ.ਡੀ.ਕੁਮਾਰ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੇ ਵੈਨਕੂਵਰ ਵਿੱਚ ‘ਇੰਡੀਆ ਹੋਮ’ ਕੇਂਦਰ ਖੋਲ੍ਹਿਆ ਜਿਹੜਾ ਅਸਲ ਵਿੱਚ ਇਨਕਲਾਬੀਆਂ ਦੇ ਮੇਲ-ਮਿਲਾਪ ਅਤੇ ਪਨਾਹ ਲਈ ਵਰਤਿਆ ਜਾਂਦਾ ਸੀ। ਇਸ ਕੇਂਦਰ ਬਾਰੇ ਪਰਦਾ ਇਹ ਪਾਇਆ ਗਿਆ ਕਿ ‘ਇਹ ਸਿੱਖ ਪਰਵਾਸੀਆਂ ਨੂੰ ਅੰਗਰੇਜ਼ੀ ਤੇ ਹਿਸਾਬ ਪੜ੍ਹਾਉਣ ਲਈ ਖੋਲ੍ਹਿਆ ਗਿਆ ਹੈ।’ ਇਸ ਪਿੱਛੇ ਇਹ ਵੀ ਭਾਵਨਾ ਸੀ ਕਿ ਸਿੱਖ ਫ਼ੌਜਾਂ ਵਿੱਚ ਇਹ ਪ੍ਰਚਾਰ ਕੀਤਾ ਜਾਵੇ ਕਿ ਕੈਨੇਡਾ ਵਿੱਚ ਸਿੱਖ ਕਿੰਨੀ ਬਿਪਤਾ ਵਿੱਚ ਰਹਿੰਦੇ ਹਨ। ਕੁਮਾਰ ਤੇ ਦਾਸ ਦਾ ਇਹ ਵੀ ਵਿਚਾਰ ਸੀ ਕਿ ਸਿੱਖ ਫ਼ੌਜੀਆਂ ਵਿੱਚ ਅੰਗਰੇਜ਼ਾਂ ਵਿਰੁੱਧ ਭਾਵਨਾ ਪੈਦਾ ਕੀਤੀ ਜਾਵੇ ਅਤੇ ਅੰਗਰੇਜ਼ਾਂ ਪ੍ਰਤੀ ਉਨ੍ਹਾਂ ਦੀ ਵਫ਼ਾਦਾਰੀ ਨੂੰ ਠੇਸ ਪੁਚਾਈ ਜਾਵੇ। ਇਸੇ ਉਦੇਸ਼ ਨਾਲ ਤਾਰਕ ਨਾਥ ਦਾਸ ਨੇ ਇੱਕ ਅਖ਼ਬਾਰ ‘ਫ੍ਰੀ ਹਿੰਦੁਸਤਾਨ’ ਵੀ ਸ਼ੁਰੂ ਕੀਤਾ।

ਸ਼ੁਰੂ ਵਿੱਚ ਥੀਉਸੋਫੀਕਲ ਸੁਸਾਇਟੀ ਬਣਾ ਕੇ ਜੀ.ਡੀ.ਕੁਮਾਰ ਨੇ ਮਾਰਚ 1911 ਵਿੱਚ ਐਡਮੰਟਨ, ਵੈਨਕੂਵਰ ਤੇ ਵਿਕਟੋਰੀਆ ਵਿੱਚ ਪ੍ਰਚਾਰ ਸ਼ੁਰੂ ਕੀਤਾ। ਉਸ ਦੇ ਨਾਲ ਬਾਬੂ ਹਰਨਾਮ ਸਿੰਘ ਸਾਹਰੀ ਸੀ ਜਿਹੜਾ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਲੈਂਦਾ ਸੀ। ਦੋਵੇਂ ਕੈਨੇਡਾ ਵਿੱਚ ਸਮਾਜੀ ਸੁਧਾਰਾਂ ਦਾ ਪ੍ਰਚਾਰ ਕਰਦੇ ਸਨ। ਗੁਰਦੁਆਰਿਆਂ, ਹਿੰਦੀਆਂ ਦੇ ਇਕੱਠਾਂ ਵਾਲੀਆਂ ਥਾਵਾਂ ’ਤੇ ਜਾ ਕੇ ਸ਼ਰਾਬ ਨਾ ਪੀਣ, ਚੰਗੇ ਨਾਗਰਿਕ ਬਣਨ, ਕੈਨੇਡਾ ਦੇ ਸ਼ਹਿਰੀਆਂ ਨੂੰ ਨਾਪਸੰਦ ਆਦਤਾਂ ਛੱਡਣ ਦਾ ਪ੍ਰਚਾਰ ਕਰਦੇ। ਪਰ ਅੰਗਰੇਜ਼ਾਂ ਦੇ ਨਸਲੀ ਵਿਤਕਰੇ ਤੋਂ ਤੰਗ ਆਏ ਹਿੰਦੀਆਂ ਨੇ ਉਨ੍ਹਾਂ ਨੂੰ ਅੰਗਰੇਜ਼ੀ ਰਾਜ ਵਿਰੁੱਧ ਬੋਲਣ ਲਈ ਤਿਆਰ ਕਰ ਦਿੱਤਾ। ਇਨ੍ਹਾਂ ਦੋਵਾਂ ਨੇ ਥਾਂ-ਥਾਂ ਜਾ ਕੇ ਪ੍ਰਚਾਰ ਦੀ ਮੁਹਿੰਮ ਚਲਾਈ ਜਿਸ ਨਾਲ ਪਰਵਾਸੀਆਂ ਨੂੰ ਜਥੇਬੰਦ ਹੋਣ ਦਾ ਮੌਕਾ ਜੀ.ਡੀ.ਕੁਮਾਰ ਤੇ ਬਾਬੂ ਹਰਨਾਮ ਸਿੰਘ ਸਾਹਰੀ ਰਾਹੀਂ ਪ੍ਰਦਾਨ ਹੋਇਆ। ਇਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ‘ਹਿੰਦੋਸਤਾਨ ਐਸੋਸੀਏਸ਼ਨ’ ਨਾਂ ਦੀ ਜਥੇਬੰਦੀ ਬਣੀ ਜਿਸਦੇ ਪ੍ਰਧਾਨ ਭਾਈ ਭਾਗ ਸਿੰਘ ਭਿਖੀਵਿੰਡ, ਸਕੱਤਰ ਜੀ.ਡੀ.ਕੁਮਾਰ ਅਤੇ ਖਜ਼ਾਨਚੀ ਭਾਈ ਬਲਵੰਤ ਸਿੰਘ ਖੁਰਦਪੁਰ ਬਣੇ। ਇਸ ਦੇ ਪ੍ਰਚਾਰ ਲਈ ‘ਸਵਦੇਸ਼ ਸੇਵਕ’ ਅਖ਼ਬਾਰ ਜੀ.ਡੀ. ਕੁਮਾਰ ਦੀ ਸੰਪਾਦਨਾ ਹੇਠ ਸ਼ੁਰੂ ਕੀਤਾ ਗਿਆ। ਗੁਰਮੁਖੀ ਦਾ ਇੱਕ ਹੋਰ ਪੇਪਰ ‘ਪ੍ਰਦੇਸੀ ਖਾਲਸਾ’ ਸ. ਅਮਰ ਸਿੰਘ ਝਿੰਗੜ ਵੱਲੋਂ ਜਾਰੀ ਕੀਤਾ ਗਿਆ। ਵੈਨਕੂਵਰ ਵਿੱਚ ਇੰਗਲੈਂਡ ਵਿਚਲੇ ‘ਇੰਡੀਆ ਹਾਊਸ’ ਦੀ ਤਰਜ਼ ਦਾ ‘ਸਵਦੇਸ਼ ਸੇਵਕ ਹੋਮ’ ਬਣਾਇਆ ਗਿਆ। ਇਨ੍ਹਾਂ ਸਰਗਰਮੀਆਂ ਦੀ ਚਰਚਾ ਹੋਣ ’ਤੇ ਪੁਲੀਸ ਦੇ ਖ਼ੁਫ਼ੀਆ ਅਧਿਕਾਰੀ ਹਾਪਕਿਨਸਨ ਦੀ ਕਠਪੁਤਲੀ ਉਮਰਾਉ ਸਿੰਘ ਨੇ ਜੀ.ਡੀ.ਕੁਮਾਰ ਦੇ ਕਮਰੇ ਵਿੱਚੋਂ ਯੋਰਾਤ ਤੋਂ ਛਪਦੇ ‘ਸੋਸ਼ਲਿਸਟ’, ‘ਬੰਦੇ ਮਾਤਰਮ’, ‘ਤਲਵਾਰ’, ‘ਲਿਟਰੇਟਰ’ ਅਤੇ ਮੌਲਵੀ ਬਰਕਤ ਉੱਲ੍ਹਾ ਵੱਲੋਂ ਜਾਪਾਨ ਤੋਂ ਜਾਰੀ ਕੀਤਾ ‘ਇਸਲਾਮਿਕ ਫਰੈਟਰਨਿਟੀ’, ਆਇਰਲੈਂਡ ਦੇ ‘ਆਇਰਿਸ਼ ਇੰਡੀਪੈਂਡੈਟਸ’ ਦੀਆਂ ਕਾਪੀਆਂ ਚੁਰਾ ਕੇ ਹਾਪਕਿਨਸਨ ਨੂੰ ਦਿੱਤੀਆਂ। (ਨੋਟ: ਉਮਰਾਉ ਸਿੰਘ ਪਿੰਡ ਝੱਬੇਵਾਲ, ਲੁਧਿਆਣਾ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਸਰਕਾਰੀ ਗਵਾਹ ਬਣਿਆ ਸੀ।)

ਕੈਨੇਡਾ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਾਰੇ ਹਿੰਦੀਆਂ ਦੀ ਸਾਂਝੀ ਸੀ। ਇਸ ਵਿੱਚ ਪਾਸ ਕੀਤੇ ਮਤੇ ‘ਸਵਦੇਸ਼ ਸੇਵਕ’ ਵਿੱਚ ਛਾਪੇ ਜਾਂਦੇ ਸਨ। ਇਹ ਪੇਪਰ ਡਾਕ ਰਾਹੀਂ ਭਾਰਤ ਵਿੱਚ ਵੀ ਭੇਜਿਆ ਜਾਂਦਾ ਸੀ। ਹਾਪਕਿਨਸਨ ਨੇ ਇਸ ਅਖ਼ਬਾਰ ਨੂੰ ਬਗ਼ਾਵਤ ਫੈਲਾਉਣ ਵਾਲਾ ਗਰਦਾਨ ਕੇ ਭਾਰਤ ਜਾਣ ’ਤੇ ਰੋਕ ਲਗਵਾ ਦਿੱਤੀ ਅਤੇ ਪਰਚਾ ਬੰਦ ਹੋ ਗਿਆ। ਇਸ ਤਰ੍ਹਾਂ ਜੀ.ਡੀ. ਕੁਮਾਰ ਨੇ ਸਵਦੇਸ਼ ਸੇਵਕ ਅਤੇ ਹਿੰਦੁਸਤਾਨ ਐਸੋਸੀਏਸ਼ਨ ਦੁਆਰਾ ਪਰਵਾਸੀ ਭਾਰਤੀਆਂ ਅੰਦਰ ਚੇਤਨਾ ਪੈਦਾ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰ ਦੀ ਸਖ਼ਤੀ ਕਾਰਨ ਜੀ.ਡੀ. ਕੁਮਾਰ 1911 ਵਿੱਚ ਕੈਨੇਡਾ ਛੱਡ ਕੇ ਸਿਆਟਲ ਚਲਾ ਗਿਆ ਅਤੇ ਹਰਨਾਮ ਸਿੰਘ ਸਾਹਰੀ ਨਾਲ ਮਿਲ ਕੇ ਹਿੰਦੀ ਮਜ਼ਦੂਰਾਂ ਦੇ ਕੇਂਦਰਾਂ ’ਤੇ ਪ੍ਰਚਾਰ ਕਰਨ ਲੱਗਿਆ। ਸਿਆਟਲ ਦਾ ਅੱਡਾ ਕੈਨੇਡਾ ਤੇ ਦਰਿਆ ਕੋਲੰਬੀਆ ਦੇ ਮੰਡ ਦੇ ਹਿੰਦੀਆਂ ਵਿਚਾਲੇ ਇੱਕ ਪੜਾਅ ਦਾ ਕੰਮ ਦਿੰਦਾ ਸੀ। ਜੀ.ਡੀ. ਕੁਮਾਰ ਤੇ ਬਾਬੂ ਹਰਨਾਮ ਸਿੰਘ ਸਾਹਰੀ ਇੱਥੋਂ ਵਾਸ਼ਿੰਗਟਨ ਤੇ ਔਰੇਗਾਨ ਸੂਬਿਆਂ ਵਿਚਲੀਆਂ ਮਿੱਲਾਂ ਤੇ ਰੇਲ ਪਟੜੀਆਂ ਉੱਤੇ ਕੰਮ ਕਰਦੇ ਹਿੰਦੀ ਮਜ਼ਦੂਰਾਂ ਦੇ ਡੇਰਿਆਂ ਵਿੱਚ ਪ੍ਰਚਾਰ ਲਈ ਫਿਰਨ ਲੱਗੇ। ਅਮਰੀਕਾ ਵਿੱਚ ਵੀ ਉਹ ਜੂਆ, ਮਾਸ, ਸ਼ਰਾਬ ਤੇ ਵਿਭਚਾਰ ਵਿਰੁੱਧ ਪ੍ਰਚਾਰ ਕਰਨ ਲੱਗੇ।

ਬ੍ਰਾਈਡਲਵਿਲ ਤੋਂ ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਹੁਣ ਸਿੱਧਾ ਆਜ਼ਾਦੀ ਦੇ ਪ੍ਰਚਾਰ ਲਈ ਕੰਮ ਕਰਨ, ਹੁਣ ਸਮਾਜੀ ਸੁਧਾਰਾਂ ਦਾ ਵਕਤ ਨਹੀਂ। ਇਸ ਵਿਚਾਰ-ਚਰਚਾ ਪਿੱਛੋਂ 1912 ਦੇ ਸ਼ੁਰੂ ’ਚ ਪੋਰਟਲੈਂਡ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਵਿੱਚ ਬ੍ਰਾਈਡਲਵਿਲ ਤੋਂ ਭਾਈ ਹਰਨਾਮ ਸਿੰਘ ਕੋਟਲਾ ਸਾਥੀਆਂ ਸਮੇਤ, ਪੰਡਤ ਕਾਂਸ਼ੀ ਰਾਮ, ਰਾਮ ਰੱਖਾ ਸਾਹਿਬਾ ਸੜੋਆ ਤੇ ਸਾਥੀ, ਮੋਨਾਰਕ ਮਿੱਲ ਤੋਂ ਭਾਈ ਸੋਹਣ ਸਿੰਘ ਭਕਨਾ, ਊਧਮ ਸਿੰਘ ਕਸੇਲ ਤੇ ਪੋਰਟਲੈਂਡ ਵਿੱਚ ਕੰਮ ਕਰਨ ਵਾਲੇ ਹੋਰ ਸਾਥੀ ਸ਼ਾਮਲ ਹੋਏ। ਇੱਥੇ ਸਰਬ ਸੰਮਤੀ ਨਾਲ ‘ਪੈਸੀਫਿਕ ਹਿੰਦੀ ਐਸੋਸੀਏਸ਼ਨ’ ਨਾਂ ਦੀ ਜਥੇਬੰਦੀ ਬਣਾਈ ਗਈ। ਜਥੇਬੰਦੀ ਦੇ ਪ੍ਰਧਾਨ ਭਾਈ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਜੀ.ਡੀ. ਕੁਮਾਰ ਤੇ ਖ਼ਜ਼ਾਨਚੀ ਪੰਡਤ ਰਾਮ ਕਿਸ਼ਨ ਮੜੌਲੀ ਚੁਣੇ ਗਏ। ਉਰਦੂ ਵਿੱਚ ‘ਹਿੰਦੁਸਤਾਨ’ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਣ ਦਾ ਫ਼ੈਸਲਾ ਹੋਇਆ। ਇਨ੍ਹਾਂ ਕੇਂਦਰਾਂ ’ਤੇ ਮੀਟਿੰਗਾਂ ਦੀ ਮੁਹਿੰਮ ਚੱਲ ਹੀ ਰਹੀ ਸੀ ਕਿ ਜੀ.ਡੀ. ਕੁਮਾਰ ਪੇਟ ਦੀ ਬੀਮਾਰੀ ਤੋਂ ਪੀੜਤ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ। ਭਾਈ ਹਰਨਾਮ ਸਿੰਘ ਕੋਟਲਾ ਨੇ ਹਸਪਤਾਲ ਵਿੱਚ ਉਨ੍ਹਾਂ ਦੀ ਬਹੁਤ ਸੇਵਾ ਕੀਤਾ।

ਦੂਜੇ ਪਾਸੇ ਲਾਲਾ ਠਾਕਰ ਦਾਸ ਧੂਰੀ ਪੋਰਟਲੈਂਡ ਆਇਆ ਤਾਂ ਉਸ ਨੇ ਭਾਈ ਸੋਹਣ ਸਿੰਘ ਭਕਨਾ ਤੇ ਪੰਡਿਤ ਕਾਂਸ਼ੀ ਰਾਮ ਨੂੰ ਸਲਾਹ ਦਿੱਤੀ ਕਿ ਕੈਲੀਫੋਰਨੀਆ ਤੋਂ ਲਾਲਾ ਹਰਦਿਆਲ ਨੂੰ ਬੁਲਾ ਕੇ ਸਭਾ ਦਾ ਕੰਮ ਉਸ ਦੇ ਸਪੁਰਦ ਕੀਤਾ ਜਾਵੇ। ਲਾਲਾ ਹਰਦਿਆਲ ਉਨ੍ਹਾਂ ਦੀ ਲਿਖੀ ਚਿੱਠੀ ਪ੍ਰਵਾਨ ਕਰ ਕੇ ਤਿੰਨ ਮਹੀਨੇ ਬਾਅਦ 25 ਮਾਰਚ 1913 ਨੂੰ ਸੈਂਟਜਾਨ ਪਹੁੰਚ ਗਏ। 21 ਅਪਰੈਲ 1913 ਨੂੰ ਗ਼ਦਰ ਪਾਰਟੀ ਦਾ ਗਠਨ ਹੋਇਆ ਅਤੇ ਪਹਿਲੀ ਨਵੰਬਰ 1913 ਨੂੰ ‘ਗ਼ਦਰ’ ਅਖ਼ਬਾਰ ਦਾ ਪਹਿਲਾ ਅੰਕ ਛਪਿਆ ਤਾਂ ਗੁਰੂ ਦੱਤ ਕੁਮਾਰ ਪੂਰੀ ਸਰਗਰਮੀ ਨਾਲ ਇਨ੍ਹਾਂ ਸਰਗਰਮੀਆਂ ਵਿੱਚ ਸ਼ਾਮਲ ਸੀ।

1914 ਵਿੱਚ ਕਾਮਾ ਗਾਟਾਮਾਰੂ ਜਹਾਜ਼ ਦੇ ਕੈਨੇਡਾ ਵੱਲ ਜਾਣ ਦੀ ਖ਼ਬਰ ਸੁਣ ਕੇ ਕੁਮਾਰ ਕੈਨੇਡਾ ਰਵਾਨਾ ਹੋ ਗਿਆ। ਉਹ ਬਹੁਤ ਪ੍ਰਸੰਨ ਸੀ ਕਿ ਉਸ ਦਾ ਉਦੇਸ਼ ਹਾਸਲ ਹੋਣ ਲੱਗਾ ਸੀ ਕਿ ਸਾਡਾ ਵੀ ਜਹਾਜ਼ ਹੋਏ ਜੋ ਹਿੰਦੀਆਂ ਨੂੰ ਕੈਨੇਡਾ ਪਹੁੰਚਾਏਗਾ। ਜਦ ਕੈਨੇਡਾ ਸਰਕਾਰ ਨੇ ਮੁਸਾਫ਼ਰਾਂ ਨੂੰ ਉਤਰਨ ਦੀ ਆਗਿਆ ਨਾ ਦਿੱਤੀ ਤਾਂ ਜੀ.ਡੀ. ਕੁਮਾਰ ਮੁਸਾਫ਼ਰਾਂ ਦੀ ਨਿਗਰਾਨੀ ਵਿੱਚ ਲੱਗ ਗਿਆ ਸੀ। ਜਹਾਜ਼ ਵਾਪਸ ਮੋੜਨ ਤੋਂ ਪਹਿਲਾਂ ਹੀ ਕੁਮਾਰ ਬਹੁਤ ਦੁਖੀ ਹੋ ਗਿਆ ਤੇ ਉਸ ਨੇ ਵੀ ਦੇਸ਼ ਜਾ ਕੇ ਆਜ਼ਾਦੀ ਲਈ ਕਾਰਜ ਕਰਨ ਵਾਸਤੇ ਤਿਆਰੀ ਕਰ ਲਈ।

ਪਹਿਲੀ ਜੰਗ ਸ਼ੁਰੂ ਹੋਣ ’ਤੇ ਗ਼ਦਰ ਪਾਰਟੀ ਵੱਲੋਂ ਅੰਗਰੇਜ਼ ਦੇ ਜੰਗ ਵਿੱਚ ਫਸ ਜਾਣ ਨੂੰ ਹੀ ਆਪਣੀ ਸੱਟ ਮਾਰਨ ਦਾ ਵੱਡਾ ਆਧਾਰ ਬਣਾ ਲਿਆ ਅਤੇ ਦੇਸ਼ ਜਾ ਕੇ ਇਨਕਲਾਬ ਕਰਨ ਦਾ ਐਲਾਨ ਕਰ ਦਿੱਤਾ। ਇਸ ਸਮੇਂ ਜੀ.ਡੀ. ਕੁਮਾਰ ਮਨੀਲਾ ਪੁੱਜ ਕੇ ਹਿੰਦੀਆਂ ਨੂੰ ਪੜ੍ਹਾਉਣ ਅਤੇ ਆਜ਼ਾਦੀ ਦੀ ਸਿੱਖਿਆ ਦੇ ਰਹੇ ਸਨ। 1915 ਵਿੱਚ ਉਹ ਆਸਟਰੇਲੀਅਨ ਸਮੁੰਦਰੀ ਜਹਾਜ਼ ਰਾਹੀਂ ਮਨੀਲਾ ਤੋਂ ਪੰਜਾਬ ਪੁੱਜ ਗਏ ਜਿਸ ਵਿੱਚ 88 ਸਵਾਰ ਸਨ। ਇਨ੍ਹਾਂ ਵਿੱਚ ਹੀ ਗ਼ਦਰੀ ਭਾਈ ਰੰਗਾ ਸਿੰਘ ਖੁਰਦਪੁਰ ਤੇ ਹਰਨਾਮ ਸਿੰਘ ਠੱਠੀਖਾਰਾ ਵੀ ਸ਼ਾਮਲ ਸਨ, ਜਿਹੜੇ ਪਿੱਛੋਂ ਅੰਗਰੇਜ਼ੀ ਸਰਕਾਰ ਵੱਲੋਂ ਸ਼ਹੀਦ ਕੀਤੇ ਗਏ ਸਨ। ਖ਼ੁਫ਼ੀਆ ਵਿਭਾਗ ਦੇ ਪੁਖ਼ਤਾ ਸ੍ਰੋਤ ਅਨੁਸਾਰ, ਜੀ.ਡੀ. ਕੁਮਾਰ 7 ਨਵੰਬਰ 1914 ਨੂੰ 150 ਗ਼ਦਰੀਆਂ ਨਾਲ ਜਾਪਾਨ ਤੋਂ ਐੱਸ.ਐੱਸ. ਮੰਗੋਲੀਆ ਜਹਾਜ਼ ਰਾਹੀਂ ਚੱਲਿਆ ਅਤੇ ਮਨੀਲਾ ਰੁਕ ਗਿਆ ਸੀ। ਲਾਹੌਰ ਵਿੱਚ ਗ਼ਦਰੀ ਦੇਸ਼ਭਗਤਾਂ ਉਪਰ ਸਰਕਾਰ ਦੀ ਸਖ਼ਤੀ ਦੇ ਇਸ ਦੌਰ ਵਿੱਚ ਗੁਪਤ ਰੂਪ ਵਿੱਚ ਜੀ.ਡੀ. ਕੁਮਾਰ ਦੇਵ ਸਮਾਜ ਕੋਲ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਰਾਤ ਰਹਿਣ ਲਈ ਜਗ੍ਹਾ ਵੀ ਨਾ ਦਿੱਤੀ ਜਿਸ ਲਈ ਉਹ ਅਮਰੀਕਾ ਵਿੱਚੋਂ ਪੈਸੇ ਭੇਜਦਾ ਰਿਹਾ ਸੀ। ਦੇਵ ਸਮਾਜ ਵਾਲੇ ਗ਼ਦਰੀ ਦੇਸ਼ਭਗਤਾਂ ਦੇ ਫੜੇ ਜਾਣ ਤੋਂ ਬੜੇ ਡਰੇ ਹੋਏ ਸਨ। ਉਹ ਹਿੰਦੂ ਮਹਾਂਵਿਦਿਆਲਾ, ਜਵਾਲਾਪੁਰ ਦੇ ਸਾਲ ਕੁ ਭਰ ਮੈਨੇਜਰ ਰਹੇ।

1918 ਵਿੱਚ ਵਾਪਰੇ ਕਟਾਰਪੁਰ ਕੇਸ (ਯੂ.ਪੀ.) ਸਮੇਂ ਗਊ ਹੱਤਿਆ ਰੋਕਣ ਉੱਤੇ ਫਸਾਦ ਹੋ ਗਿਆ ਜਿਸ ਵਿੱਚ ਕਈ ਮੁਸਲਮਾਨ ਮਾਰੇ ਗਏ। ਇਸ ਕੇਸ ਵਿੱਚ ਗੁਰੂ ਦੱਤ ਕੁਮਾਰ ਮੋਤੀ ਰਾਮ ਦੇ ਨਾਂ ਹੇਠ ਅੱਠ ਸਾਲ ਸਖ਼ਤ ਕੈਦ ਕੱਟ ਕੇ 1926 ਵਿੱਚ ਰਿਹਾਅ ਹੋਏ। ਮੁਕਤਾ ਨੰਦ ਦੇ ਨਾਂ ਹੇਠ ਕਾਂਗਰਸ ਲਈ ਯੂ.ਪੀ. ਵਿੱਚ ਕੰਮ ਕਰਦਿਆਂ ਉਸ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਜੇਲ੍ਹ ਵਿੱਚ ਉਸ ਨਾਲ ਬਲਬ ਭਾਈ ਪੰਤ, ਤ੍ਰਿਪਾਠੀ ਤੇ ਫੂਲਾ ਸਿੰਘ ਵੀ ਕੈਦ ਰਹੇ ਸਨ। ਗ਼ਦਰੀ ਬਾਬਾ ਪ੍ਰਿਥਵੀ ਸਿੰਘ ਆਜ਼ਾਦ ਨੇ ਲਿਖਿਆ:

ਸ੍ਰੀ ਜੀ.ਡੀ.ਕੁਮਾਰ ਅਤੇ ਤਾਰਕਨਾਥ ਦਾਸ, ਦੋਨੋਂ ਵਿਦਵਾਨਾਂ ਦੀ ਅਮਰੀਕਾ ਵਿੱਚ ਵਸਣ ਵਾਲੇ ਭਾਰਤੀਆਂ ਵਿੱਚ ਬਹੁਤ ਸੋਹਬਤ ਸੀ। ਰਾਜਨੀਤਿਕ ਦ੍ਰਿਸ਼ਟੀ ਮੈਨੂੰ ਇਨ੍ਹਾਂ ਦੋਨਾਂ ਵਿਦਵਾਨਾਂ ਤੋਂ ਪ੍ਰਾਪਤ ਹੋਈ ਸੀ। ਉਹ ਬਹੁਤ ਜੁਸ਼ੀਲੇ ਭਾਸ਼ਣ ਦਿਆ ਕਰਦੇ ਸਨ ਅਤੇ ਉਨ੍ਹਾਂ ਦੇ ਲੇਖ ਅਖ਼ਬਾਰਾਂ ਵਿੱਚ ਛਪਦੇ ਸਨ। ਭਾਵੇਂ ਮੈਂ ਇਨ੍ਹਾਂ ਤੋਂ ਪ੍ਰਭਾਵਿਤ ਹੋਇਆ ਸਾਂ ਪਰ ਮੇਰੀ ਮਨੋਬਿਰਤੀ ਕੁਝ ਹੋਰ ਕਿਸਮ ਦੀ ਸੀ। ਔਰਗਾਨ (ਕੈਲੀਫੋਰਨੀਆ) ਸ਼ਹਿਰ ਦੇ ਆਰੇ ਦੇ ਕਾਰਖਾਨੇ ਵਿੱਚ ਕੰਮ ਕਰਨ ਵਾਲੇ ਭਾਰਤੀ ਮਜ਼ਦੂਰਾਂ ਨੇ ਇੱਕ ਸੰਗਠਨ ਬਣਾ ਲਿਆ। ਪਰ ਇਹ ਸੰਗਠਨ ਵੀ ਮੈਨੂੰ ਪ੍ਰਭਾਵਿਤ ਨਾ ਕਰ ਸਕਿਆ। ਸ੍ਰੀ ਜੀ.ਡੀ. ਕੁਮਾਰ ਦੀ ਅਗਵਾਈ ਵਿੱਚ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੇ ‘ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ, ਪਰ ਉਹ ਬਿਮਾਰ ਹੋ ਗਏ ਤੇ ਜਥੇਬੰਦੀ ਦਾ ਕੰਮ ਰਹਿ ਗਿਆ। ਉਸ ਦੇ ਪ੍ਰਚਾਰ ਨਾਲ ਲੋਕਾਂ ’ਚ ਕਾਫ਼ੀ ਚੇਤਨਾ ਆ ਗਈ ਸੀ। (ਆਤਮਕਥਾ ਵਿੱਚੋਂ)

1955 ਵਿੱਚ ਜੀ.ਡੀ. ਕੁਮਾਰ ਸਾਧੂ ਆਸ਼ਰਮ ਹੁਸ਼ਿਆਰਪੁਰ ਆ ਗਏ। ਅਮਰੀਕਾ ਅਤੇ ਕੈਨੇਡਾ ਵਿੱਚ ਉਸ ਦੇ ਚਾਰ ਘਰ ਸਨ। ਆਸ਼ਰਮ ਵਿੱਚ ਰਹਿੰਦਿਆਂ ਯੂ.ਪੀ. ਸਰਕਾਰ ਵੱਲੋਂ ਮਿਲਦੀ 30 ਰੁਪਏ ਪੈਨਸ਼ਨ ਨਾਲ ਗੁਜ਼ਾਰਾ ਕਰਦਿਆਂ ਉਸ ਦਾ ਆਪਣਾ ਕੋਈ ਸੰਗੀ-ਸਾਥੀ ਨਹੀਂ ਸੀ। ਆਜ਼ਾਦ ਭਾਰਤ ਵਿੱਚ ਕਸ਼ਟਾਂ ਭਰਿਆ ਜੀਵਨ ਬਿਤਾਉਂਦਿਆਂ 1960 ਦੇ ਅਖੀਰ ’ਚ ਇਹ ਆਜ਼ਾਦੀ ਦਾ ਹਰਕਾਰਾ ਆਸ਼ਰਮ ਵਿੱਚ ਹੀ ਸਰੀਰ ਤਿਆਗ ਗਿਆ।

ਹਵਾਲੇ

[ਸੋਧੋ]
  1. singh, sukhwinder (2024-01-07). "ਆਜ਼ਾਦੀ ਦਾ ਹਰਕਾਰਾ ਗੁਰੂ ਦੱਤ ਕੁਮਾਰ". Punjabi Tribune (in ਅੰਗਰੇਜ਼ੀ (ਅਮਰੀਕੀ)). Retrieved 2024-11-15.