ਗੋਤ ਕੁਨਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਤ ਕੁਨਾਲਾ ਜਾਂ ਗੋਤ੍ਰਾਥਲੀ ਵਿਆਹ ਕੇ ਆਈ ਇਸਤਰੀ ਨੂੰ ਗੋਤ ਵਿੱਚ ਸ਼ਾਮਲ ਕਰਨ ਲਈ ਕੁਨਾਲੀ (ਥਾਲੀ) ਵਿੱਚ ਭੋਜਨ ਪਰੋਸ ਕੇ ਪਰਿਵਾਰ ਦੇ ਇੱਕ ਥਾਂ ਇਕੱਠਿਆ ਖਾਣ ਦੀ ਰੀਤ ਹੈ। ਨਵੀਂ ਵਿਆਹੀ ਮੁਟਿਆਰ ਨੂੰ ਜਦੋਂ ਥਾਲੀ ਪਰੋਸ ਕੇ ਦਿੱਤੀ ਜਾਂਦੀ ਹੈ ਤਾਂ ਉਸਨੂੰ ਆਪਣੇ ਪਰਿਵਾਰ ਵਿੱਚ ਸ਼ਾਮਿਲ ਕਰਨ ਲਈ ਹਰ ਤਰ੍ਹਾਂ ਦਾ ਪਕਵਾਨ ਛੋਟੀਆਂ- ਛੋਟੀਆਂ ਕਟੋਰੀਆਂ ਵਿੱਚ ਪਾ ਕੇ ਪਰੋਸ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਨਵੀਂ ਵਿਆਹ ਕੇ ਆਈ ਵਹੁਟੀ ਉਸ ਪਰਿਵਾਰ ਦੇ ਗੋਤ ਵਿੱਚ ਸ਼ਾਮਿਲ ਹੋ ਜਾਂਦੀ ਹੈ। ਇਹ ਰਸਮ ਮਾਲਵੇ ਦੇ ਕੁੱਝ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਕਈ ਥਾਵਾਂ ਤੇ ਸ਼ਰੀਕੇ ਵਿੱਚੋ ਪਹਿਲਾਂ ਵਿਆਹ ਕੇ ਆਈਆਂ ਔਰਤਾਂ ਨੂੰ ਸੱਦ ਲਿਆ ਜਾਂਦਾ ਹੈ ਤੇ ਉਹ ਨਵੀਂ ਵਿਆਹੀ ਦੇ ਮੂੰਹ ਵਿੱਚ ਵਾਰੀ - ਵਾਰੀ ਮਿੱਠਾ (ਲੱਡੂ) ਪਾਉਦੀਆਂ ਹਨ। ਇਹ ਰਸਮ ਸੱਤ ਵਾਰ ਕੀਤੀ ਜਾਂਦੀ ਹੈ। ਇਸ ਵਿੱਚ ਕਈ ਵਾਰ ਗੋਤ ਦੀਆਂ ਕੁੜੀਆਂ ਨੂੰ ਵੀ ਸ਼ਾਮਿਲ ਕਰ ਲਿਆ ਜਾਂਦਾ ਹੈ।[1]

ਨਵੀਂ ਵਿਆਹੀ ਆਈ ਵਹੁਟੀ ਨੂੰ ਆਪਣੇ ਗੋਤ/ਬੰਸ ਵਿਚ ਸ਼ਾਮਲ ਕਰਨ ਲਈ ਇਕ ਬੜੀ ਪਰਾਂਤ ਵਿਚ ਭੋਜਨ ਪਰੋਸ ਕੇ ਪਰਿਵਾਰ ਦੇ ਅਤੇ ਸ਼ਰੀਕੇ ਦੇ ਇਸਤਰੀ ਮੈਂਬਰਾਂ ਨਾਲ ਖਾਣ ਦੀ ਰਸਮ ਨੂੰ ਗੋਤ ਕੁਨਾਲਾ ਕਹਿੰਦੇ ਹਨ। ਆਮ ਤੌਰ ਤੇ ਗੋਤ ਕੁਨਾਲੇ ਦੀ ਰਸਮ ਮਿੱਠੇ ਚੌਲਾਂ ਦੇ ਭੋਜਨ ਨਾਲ ਕੀਤੀ ਜਾਂਦੀ ਹੈ। ਗੋਤ ਦਾ ਅਰਥ ਹੈ ਬੰਸ, ਘਰਾਣਾ। ਕੁਨਾਲਾ ਪਰਾਂਤ ਨੂੰ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਮੁੰਡੇ/ ਕੁੜੀ ਦਾ ਰਿਸ਼ਤਾ ਮੁੰਡੇ/ਕੁੜੀ ਦੇ ਆਪਣੇ ਗੋਤ ਵਿਚ, ਮੁੰਡੇ/ਕੁੜੀ ਦੇ ਨਾਨਕਿਆਂ ਦੇ ਗੋਤ ਵਿਚ, ਮੁੰਡੇ/ਕੁੜੀ ਦੇ ਮਾਂ ਦੇ ਨਾਨਕਿਆਂ ਦੇ ਗੋਤ ਵਿਚ ਨਹੀਂ ਕੀਤਾ ਜਾਂਦਾ ਸੀ। ਏਸੇ ਕਰਕੇ ਹੀ ਉਨ੍ਹਾਂ ਸਮਿਆਂ ਵਿਚ ਨਵੀਂ ਵਿਆਹੀ ਆਈ ਵਹੁਟੀ ਨੂੰ ਆਪਣੇ ਗੋਤ ਵਿਚ ਸ਼ਾਮਿਲ ਕਰਨ ਲਈ ਗੋਤ ਕੁਨਾਲੇ ਦੀ ਰਸਮ ਕੀਤੀ ਜਾਂਦੀ ਸੀ।ਸਮੇਂ ਦੇ ਗੁਜਰਨ ਨਾਲ ਫੇਰ ਮੁੰਡੇ/ਕੁੜੀ ਦੇ ਰਿਸ਼ਤੇ ਕਰਨ ਸਮੇਂ ਮੁੰਡੇ/ਕੁੜੀ ਦੇ ਗੋਤ ਤੇ ਮੁੰਡੇ/ਕੁੜੀ ਦੇ ਨਾਨਕਿਆਂ ਦੇ ਗੋਤ ਨੂੰ ਛੱਡ ਕੇ ਰਿਸ਼ਤੇ ਕੀਤੇ ਜਾਣ ਲੱਗੇ। ਹੁਣ ਰਿਸ਼ਤਾ ਕਰਨ ਸਮੇਂ ਸਿਰਫ ਮੁੰਡੇ/ਕੁੜੀ ਦਾ ਗੋਤ ਹੀ ਛੱਡਿਆ ਜਾਂਦਾ ਹੈ। ਭਾਵ ਮੁੰਡੇ/ਕੁੜੀ ਦਾ ਗੋਤ ਜੇ ਇਕੋ ਹੋਵੇ ਤਾਂ ਰਿਸ਼ਤਾ ਨਹੀਂ ਕੀਤਾ ਜਾਂਦਾ। ਰਿਸ਼ਤੇ ਕਰਨ ਵਿਚ ਆਏ ਇਸ ਬਦਲਾਵ ਕਾਰਨ, ਅੱਜ ਦੇ ਯੁੱਗ ਦੀ ਨਵੀਂ ਪੀੜ੍ਹੀ ਦੀ ਨਵੀਂ ਸੋਚ ਕਾਰਨ ਹੁਣ ਗੋਤ ਕੁਨਾਲੇ ਦੀ ਰਸਮ ਖ਼ਤਮ ਹੋ ਗਈ ਹੈ।[2]

ਹਵਾਲੇ[ਸੋਧੋ]

  1. ਗੋਤਕੁਨਾਲਾ,ਹਰਿੰਦਰ ਕੌਰ,ਸਿੰਘ ਬ੍ਰਦਰਜ਼ ਅੰਮ੍ਰਿਤਸਰ
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.