ਸਮੱਗਰੀ 'ਤੇ ਜਾਓ

ਗੱਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੱਡਾ ਪੁਰਾਣੇ ਜ਼ਮਾਨੇ ਤੋਂ ਵਰਤੀਂਦਾ ਆ ਰਿਹਾ ਢੋਆ ਢੁਆਈ ਦਾ ਇੱਕ ਦੋ ਪਹੀਆ ਸਾਧਨ ਹੈ। ਇਹ ਆਮ ਤੌਰ ਬਲਦਾਂ ਦੀ ਜੋੜੀ ਨਾਲ ਖਿਚਿਆ ਜਾਂਦਾ ਹੈ।

ਜਿਮੀਂਦਾਰਾਂ ਦੀ ਭਾਰ ਢੋਣ ਵਾਲੀ ਪਹੀਏਦਾਰ ਬਲਦਾਂ ਨਾਲ ਚੱਲਣ ਵਾਲੀ ਗੱਡੀ ਨੂੰ ਗੱਡਾ ਕਹਿੰਦੇ ਹਨ। ਗੱਡੇ ਨਾਲ ਲਾਣ ਢੋਇਆ ਜਾਂਦਾ ਸੀ। ਤੂੜੀ ਢੋਈ ਜਾਂਦੀ ਸੀ। ਅਨਾਜ ਢੋਇਆ ਜਾਂਦਾ ਸੀ। ਪੱਠੇ ਢੋਏ ਜਾਂਦੇ ਸਨ। ਅਨਾਜ ਨੂੰ ਮੰਡੀ ਵਿਚ ਵੇਚਣ ਲਈ ਗੱਡੇ ਵਿਚ ਲਿਜਾਇਆ ਜਾਂਦਾ ਸੀ। ਪਹਿਲੇ ਸਮੇਂ ਵਿਚ ਗੱਡੇ ਨੂੰ ਸਵਾਰੀ ਲਈ ਵੀ ਵਰਤਿਆ ਜਾਂਦਾ ਸੀ। ਬਰਾਤਾਂ ਗੱਡਿਆਂ ਵਿਚ ਜਾਂਦੀਆਂ ਸਨ। ਵਿਆਹਾਂ ਵਿਚ ਦਿੱਤੇ ਸੰਦੂਕ ਵੀ ਗੱਡੇ ਵਿਚ ਲੱਦ ਕੇ ਲਿਜਾਏ ਜਾਂਦੇ ਸਨ।[1]

ਬਗੈਰ ਪਹੀਏ ਤੇ ਬਗੈਰ ਵੱਢ ਤੋਂ ਗੱਡੇ ਦੇ ਜਿਸ ਹਿੱਸੇ 'ਤੇ ਭਾਰ ਰੱਖ ਕੇ ਢੋਇਆ ਜਾਂਦਾ ਸੀ, ਉਸ ਨੂੰ ਗੱਡੇ ਦਾ ਤਵੀਤ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਛੱਤ ਕਹਿੰਦੇ ਸਨ। ਤਵੀਤ ਦਾ ਅਗਲਾ ਹਿੱਸਾ ਘੱਟ ਚੌੜਾ ਹੁੰਦਾ ਸੀ। ਪਿਛਲਾ ਹਿੱਸਾ ਜ਼ਿਆਦਾ ਚੌੜਾ ਹੁੰਦਾ ਸੀ। ਤਵੀਤ ਫੱਟੇ ਜੋੜ ਕੇ ਬਣਾਇਆ ਜਾਂਦਾ ਸੀ। ਜਿਥੇ ਫੱਟੇ ਜੋੜੇ ਜਾਂਦੇ ਸਨ ਉਨ੍ਹਾਂ ਜੋੜਾਂ ਉਪਰ 1/12 ਕੁ ਇੰਚ ਦੀਆਂ ਲੋਹੇ ਦੀਆਂ ਪੱਤੀਆਂ ਲੰਮੇ ਲੋਟ ਅਤੇ ਚੌੜੇ ਲੋਟ ਲਾਈਆਂ ਜਾਂਦੀਆਂ ਸਨ। ਇਹ ਪੱਤੀਆਂ ਲੱਗਣ ਨਾਲ ਤਵੀਤ ਉੱਤੇ ਤਕਰੀਬਨ 10 ਕੁ ਇੰਚ ਦੇ ਵਰਗਾਕਾਰ ਡੱਬੇ ਬਣ ਜਾਂਦੇ ਸਨ। ਗੱਡੇ ਦੇ ਸਭ ਤੋਂ ਅਗਲੇ ਹਿੱਸੇ ਨੂੰ ਜਿੱਥੇ ਮੋਟੀ ਲੰਮੀ ਲੱਕੜ ਬੰਨ੍ਹੀ ਹੁੰਦੀ ਸੀ ਤੇ ਜਿਸ ਥੱਲੇ ਦੋਵੇਂ ਬਲਦ ਜੋੜੇ ਜਾਂਦੇ ਸਨ, ਉਸ ਨੂੰ ਜੂਲਾ ਕਹਿੰਦੇ ਸਨ। ਤਵੀਤ ਦੇ ਅਗਲੇ ਹਿੱਸੇ 'ਤੇ ਜਿਥੇ ਜੂਲਾ ਬੰਨ੍ਹਿਆ ਜਾਂਦਾ ਸੀ, ਉਸ ਨੂੰ ਮਥੋਬੜ ਕਹਿੰਦੇ ਸਨ। ਮਥੋਬੜ ਦੇ ਅੱਗੇ ਤਵੀਤ/ਛੱਤ ਦਾ ਤਿੱਖਾ ਹਿੱਸਾ ਹੁੰਦਾ ਸੀ ਜਿਸ ਨੂੰ ਹੱਥ ਪਾ ਕੇ ਗੱਡੇ ਨੂੰ ਉੱਚਾ ਚੁੱਕਿਆ ਜਾਂਦਾ ਸੀ, ਉਸ ਨੂੰ ਸੁੰਨੀ ਕਹਿੰਦੇ ਸਨ। ਕਈ ਇਲਾਕਿਆਂ ਵਿਚ ਸੁਗਨੀ ਕਹਿੰਦੇ ਸਨ। ਜੂਲੇ ਵਿਚਾਲੇ ਬੈਠ ਕੇ ਹੀ ਜੱਟ ਜੂਲੇ ਨਾਲ ਜੁੜੇ ਬਲਦਾਂ ਨੂੰ ਕੰਟਰੋਲ ਕਰਦਾ ਸੀ। ਇਸ ਵਿਚਕਾਰਲੀ ਥਾਂ ਨੂੰ ਪੱਟ ਕਹਿੰਦੇ ਸਨ। ਇਕ ਤਰ੍ਹਾਂ ਨਾਲ ਇਹ ਪੱਟ ਗੱਡੇ ਦੇ ਗਾਡੀ/ਪਾਟੀ ਦੀ ਸੀਟ ਹੁੰਦੀ ਸੀ। ਜੂਲੇ ਦੇ ਦੋਵੇਂ ਸਿਰਿਆਂ ਤੇ ਹੇਠਾਂ ਨੂੰ ਫੁੱਟ ਕੁ ਲੰਮੇ ਸਰੀਏ ਕੱਢੇ ਹੁੰਦੇ ਸਨ। ਇਨ੍ਹਾਂ ਸਰੀਆਂ ਨੂੰ ਸੌਲ ਕਹਿੰਦੇ ਸਨ। ਜੂਲੇ ਦੇ ਦੋਵੇਂ ਸਿਰਿਆਂ ਤੋਂ ਉਪਰਲੇ ਪਾਸੇ ਜੋਤਾਂ ਪਾਉਣ ਲਈ ਲੋਹੇ ਦੀਆਂ ਮੁੜਵੀਆਂ ਛੋਟੀਆਂ ਜਿਹੀਆਂ ਪੱਤੀਆਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਪੱਤੀਆਂ ਨੂੰ ਚਿੜੀਆਂ ਕਹਿੰਦੇ ਸਨ। ਜੂਲੇ ਦੇ ਸਿਰਿਆਂ ਦੇ ਹੇਠਲੇ ਪਾਸੇ ਦੋ ਕੁ ਫੁੱਟ ਅੰਦਰ ਵੱਲ ਲੋਹੇ ਦੇ ਕੁੰਡੇ ਲੱਗੇ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਚੰਮ ਦੀਆਂ ਵੱਧਰੀਆਂ ਦਾ ਇਕ ਪਾਸਾ ਬੰਨ੍ਹਿਆ ਹੁੰਦਾ ਸੀ। ਇਨ੍ਹਾਂ ਵੱਧਰੀਆਂ ਦਾ ਦੂਸਰਾ ਪਾਸਾ ਬਲਦਾਂ ਦੀ ਗਰਦਨ ਹੇਠ ਦੀ ਲੰਘਾ ਕੇ ਜੂਲੇ ਉਪਰ ਲੱਗੀਆਂ ਚਿੜੀਆਂ ਵਿਚ ਪਾਇਆ ਜਾਂਦਾ ਸੀ। ਚੁੰਮ ਦੀਆਂ ਇਨ੍ਹਾਂ ਵੱਧਰੀਆਂ ਨੂੰ ਜੋਤ ਕਹਿੰਦੇ ਸਨ। ਇਹ ਜੋਤ ਤੇ ਸੌਲ ਹੀ ਬਲਦਾਂ ਨੂੰ ਜੂਲੇ ਤੋਂ ਬਾਹਰ ਨਹੀਂ ਨਿਕਲਣ ਦਿੰਦੀ ਸੀ।[2]

ਗੱਡੇ ਦੇ ਤਵੀਤ ਦੇ ਅਗਲੇ ਘੱਟ ਚੌੜੇ ਹਿੱਸੇ ਨੂੰ ਚੌਕੜੀ ਕਹਿੰਦੇ ਸਨ। ਜਿਥੇ ਚੌਕੜੀ ਸ਼ੁਰੂ ਹੁੰਦੀ ਸੀ, ਉਸ ਦੇ ਹੇਠਾਂ ਇਕ ਛੋਟਾ ਜਿਹਾ ਰਖਣਾ ਬਣਿਆ ਹੁੰਦਾ ਸੀ। ਇਸ ਰਖਣੇ ਨੂੰ ਭੰਡਾਰੀ ਕਹਿੰਦੇ ਸਨ। ਭੰਡਾਰੀ ਵਿਚ ਖੁਰਪੇ, ਦਾਤੀਆਂ, ਰੱਸੇ ਅਤੇ ਹੋਰ ਨਿੱਕਾ, ਮੋਟਾ ਸਾਮਾਨ ਰੱਖਿਆ ਜਾਂਦਾ ਸੀ। ਗੱਡੇ ਨੂੰ ਧਰਤੀ ’ਤੇ ਖੜ੍ਹਾ ਕਰਨ ਲਈ ਗੱਡੇ ਦੇ ਤਵੀਤ ਦੇ ਤਿੱਖੇ ਸਿਰੇ ਨੂੰ ਥੋੜਾ ਜਿਹਾ ਛੱਡ ਕੇ ਹੇਠਾਂ ਇਕ ਡੇਢ ਕੁ ਫੁੱਟ ਦੀ ਲੱਕੜ ਹੁੰਦੀ ਸੀ ਜਿਸ ਨੂੰ ਉਠਣਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਠੋਡ ਕਹਿੰਦੇ ਸਨ। ਊਠਣੇ ਤੋਂ ਥੋੜ੍ਹਾ ਪਿੱਛੇ ਕਰ ਕੇ ਦੋ ਹੋਰ ਕੁੰਡੇ ਤਵੀਤ ਵਿਚ ਲੱਗੇ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਚਾਰ ਕੁ ਫੁੱਟ ਲੰਮੀਆਂ ਬਾਂਸ ਦੀਆਂ ਸੋਟੀਆਂ ਦੇ ਇਕ ਸਿਰੇ ਨੂੰ ਬੰਨਿਆ ਹੁੰਦਾ ਸੀ। ਇਨ੍ਹਾਂ ਸੋਟੀਆਂ ਨੂੰ ਡਹੀਆਂ ਕਹਿੰਦੇ ਸਨ। ਗੱਡੇ ਵਿਚ ਲਾਂਗਾ ਭਰਨ ਸਮੇਂ, ਤੂੜੀ ਭਰਨ ਸਮੇਂ, ਅਨਾਜ ਰੱਖਣ ਸਮੇਂ ਇਨ੍ਹਾਂ ਡਹੀਆਂ ਦਾ ਮਧਾਣੀ ਜੁੱਟ ਬਣਾ ਕੇ ਗੱਡੇ ਨੂੰ ਖੜ੍ਹਾ ਕੀਤਾ ਜਾਂਦਾ ਸੀ। ਗੱਡਾ ਪਿੱਛੇ ਨੂੰ ਉਲਰ ਨਾ ਜਾਵੇ, ਇਸ ਲਈ ਤਵੀਤ ਦੇ ਹੇਠਾਂ ਲੱਗੇ ਲੱਦੇ ਨਾਲ ਇਕ ਲੱਕੜ ਬੰਨੀ ਹੁੰਦੀ ਸੀ। ਇਸ ਲੱਕੜ ਨੂੰ ਲਾਰੀਆਂ ਕਹਿੰਦੇ ਸਨ। ਕਈ ਇਲਾਕਿਆਂ ਵਿਚ ਉਲਾਰੂ ਕਹਿੰਦੇ ਸਨ। ਗੱਡੇ ਵਿਚ ਲਾਂਗਾ, ਤੁੜੀ ਦੀਆਂ ਪੰਡਾਂ ਆਦਿ ਢੋਣ ਸਮੇਂ ਆਰਜ਼ੀ ਤੌਰ 'ਤੇ ਲੱਕੜਾਂ ਲਾ ਕੇ ਵੱਡਾ ਵਿੱਢ ਬਣਾਇਆ ਜਾਂਦਾ ਸੀ। ਇਨ੍ਹਾਂ ਲੱਕੜਾਂ ਨੂੰ ਜਾਤੂ ਕਹਿੰਦੇ ਸਨ।[3]

ਗੱਡੇ ਨੂੰ ਚਲਾਉਣ ਲਈ ਦੋਵੇਂ ਪਾਸੇ ਦੋ ਪਹੀਏ ਲੱਗੇ ਹੁੰਦੇ ਸਨ। ਪਹੀਆਂ ਦੇ ਵਿਚਾਲੇ ਇਕ ਮੋਟੀ ਲੱਕੜ ਲੱਗੀ ਹੁੰਦੀ ਸੀ ਜਿਸ ਨੂੰ ਨਾਭ ਕਹਿੰਦੇ ਸਨ। ਇਸ ਨਾਭ ਵਿਚ ਲੋਹੇ ਦਾ ਧੁਰਾ ਪਾਇਆ ਹੁੰਦਾ ਸੀ। ਦੋਵੇਂ ਪਹੀਆਂ ਦੇ ਧੁਰਿਆਂ ਨੂੰ ਗੱਡੇ ਦੇ ਤਵੀਤ ਹੇਠਾਂ ਜੋ ਲੱਦਾ ਲੱਗਿਆ ਹੁੰਦਾ ਸੀ, ਉਸ ਨਾਲ ਕਾਬਲੇ ਪਾ ਕੇ ਜੋੜਿਆ ਹੁੰਦਾ ਸੀ। ਗੱਡਾ ਰੈਲਾ ਹੱਲੇ ਇਸ ਲਈ ਧੁਰੇ ਨੂੰ ਸਾਲ ਵਿਚ ਦੋ ਤਿੰਨ ਵਾਰ ਮੱਖਣ ਵਿਚ ਆਲੂ ਕੁੱਟ ਕੇ ਬਣਾਇਆ ਮਿਸ਼ਰਣ ਲਾਇਆ ਜਾਂਦਾ ਸੀ। ਜਦ ਗਰੀਸ ਦੀ ਕਾਢ ਨਿਕਲੀ ਤਾਂ ਗਰੀਸ ਲਾਇਆ ਜਾਣ ਲੱਗਾ। ਧੁਰਿਆਂ ਨੂੰ ਮੱਖਣ/ਗਰੀਸ ਲਾਉਣ ਨੂੰ ਗੱਡਾ ਵਾਂਗਣਾ ਕਹਿੰਦੇ ਸਨ। ਗੱਡਾ ਵਾਂਗਣ ਸਮੇਂ ਲੱਦੇ ਨਾਲ ਇਕ ਤਿੰਨ ਕੁ ਫੁੱਟ ਲੱਕੜ ਗੱਡਾ ਖੜ੍ਹਾ ਕਰਨ ਲਈ ਲਾਈ ਜਾਂਦੀ ਸੀ, ਜਿਸ ਨੂੰ ਸਧਵਾਈ ਕਹਿੰਦੇ ਸਨ। ਇਹ ਇਕ ਕਿਸਮ ਦਾ ਗੱਡੇ ਦਾ ਜੈਕ ਹੁੰਦੀ ਸੀ। ਜਦ ਧੁਰਾ ਨਾਭ ਵਿਚ ਚੱਲ ਚੱਲ ਕੇ ਮੋਕਲਾ ਹੋ ਜਾਂਦਾ ਸੀ ਤਾਂ ਨਾਭ ਵਿਚ ਟਾਹਲੀ ਦੀ ਲੱਕੜ ਲਾ ਕੇ ਨਾਭ ਨੂੰ ਫੇਰ ਧੁਰੇ ਦੇ ਮੇਚ ਦੀ ਬਣਾਇਆ ਜਾਂਦਾ ਸੀ। ਨਾਭ ਵਿਚ ਲਾਈ ਏ ਲੱਕੜ ਨੂੰ ਬੂਜ਼ਲੀ ਕਹਿੰਦੇ ਸਨ।[4]

ਗੱਡੇ ਦੇ ਪਹੀਆਂ ਨੂੰ ਕੰਟਰੋਲ ਕਰਨ ਲਈ ਦੋਵੇਂ ਪਾਸੇ ਪਿੰਜਣੀਆਂ ਲੱਗੀਆਂ ਹੁੰਦੀਆਂ ਸਨ। ਇਨ੍ਹਾਂ ਪਿੰਜਣੀਆਂ ਦੇ ਦੋਵੇਂ ਸਿਰੇ ਗੱਡੇ ਦੇ ਤਵੀਤ ਹੇਠ ਜੁੜੀਆਂ ਲੱਕੜਾਂ ਵਿਚ ਪਾਏ ਜਾਂਦੇ ਸਨ। ਤਵੀਤ ਹੇਠ ਲਾਈਆਂ ਲੱਕੜਾਂ ਨੂੰ ਲੇਦਾ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਤੀਰ ਕਹਿੰਦੇ ਸਨ। ਪਿੰਜਣੀ ਬਾਹਰ ਨਿਕਲਣ ਤੋਂ ਰੋਕਣ ਲਈ ਇਨ੍ਹਾਂ ਦੇ ਸਿਰਿਆਂ ਵਿਚ ਲੋਹੇ ਦੀਆਂ ਕੀਲੀਆਂ ਪਾਈਆਂ ਜਾਂਦੀਆਂ ਸਨ। ਪਹੀਆਂ ਦੇ ਧੁਰੇ ਪਿੰਜਣੀ ਦੇ ਸੈਂਟਰ ਵਿਚ ਰੱਖੀ ਗਲੀ ਵਿਚੋਂ ਦੀ ਲੰਘਾਏ ਜਾਂਦੇ ਸਨ। ਗੱਡੇ ਨੂੰ ਵਾਂਗਣ ਸਮੇਂ ਪਿੰਜਣੀ ਬਾਹਰ ਕੱਢ ਕੇ ਗੱਡਾ ਵਾਂਗਿਆ ਜਾਂਦਾ ਸੀ।[5]

ਪਹੀਆ ਬਣਾਉਣ ਲਈ ਪਹੀਏ ਦੀ ਨਾਭ ਵਿਚ ਲੱਕੜ ਦੇ ਗਜ਼ ਪਾਏ ਜਾਂਦੇ ਸਨ। ਗਜ਼ਾ ਉਪਰ ਗੋਲ ਕਰ ਕੇ ਲੱਕੜ ਲਾਈ ਜਾਂਦੀ ਸੀ, ਜਿਸ ਨੂੰ ਪੁਠੀਆਂ ਕਹਿੰਦੇ ਸਨ। ਇਸ ਤਰ੍ਹਾਂ ਪਹੀਏ ਬਣਦੇ ਸਨ। ਇਨ੍ਹਾਂ ਦੋਨਾਂ ਪਹੀਆਂ ਦੇ ਉੱਤੇ ਜੋ ਗੱਡੇ ਦੇ ਤਵੀਤ ਦਾ ਹਿੱਸਾ ਹੁੰਦਾ ਸੀ, ਉਸ ਤਵੀਤ ਵਿਚ ਅਰਧ ਗੋਲ ਜਿਹੇ ਆਕਾਰ ਦੇ ਦੋ ਫਰੇਮ ਫਿੱਟ ਕੀਤੇ ਹੁੰਦੇ ਸਨ, ਜਿਨ੍ਹਾਂ ਨੂੰ ਜੱਫਾ ਕਿਹਾ ਜਾਂਦਾ ਸੀ। ਕਈ ਇਲਾਕਿਆਂ ਵਿਚ ਇਸ ਨੂੰ ਕੰਨ ਕਹਿੰਦੇ ਸਨ। ਤਵੀਤ ਦੇ ਪਿਛਲੇ ਹਿੱਸੇ ਨੂੰ ਫੱਲੜ ਕਹਿੰਦੇ ਸਨ। ਫੱਲੜ ਦੇ ਕਿਨਾਰਿਆਂ ਦੇ ਦੋਵੇਂ ਹਿੱਸੇ ਥੋੜ੍ਹੇ ਜਿਹੇ ਹੇਠਾਂ ਨੂੰ ਮੋੜੇ ਹੁੰਦੇ ਸਨ, ਜਿਨ੍ਹਾਂ ਨੂੰ ਪੂੰਝੇ ਕਹਿੰਦੇ ਸਨ। ਇਹ ਸੀ ਗੱਡੇ ਦੀ ਬਣਤਰ [6]

ਹੁਣ ਪੰਜਾਬ ਵਿਚ ਕਿਤੇ ਵੀ ਤੁਹਾਨੂੰ ਇਹ ਗੱਡੇ ਨਹੀਂ ਮਿਲਣਗੇ। ਹਾਂ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਵਿਚ ਪੁਰਾਣੇ ਗੱਡੇ ਵਿਚ ਲੱਕੜ ਦੇ ਪਹੀਆਂ ਦੀ ਥਾਂ ਰਬੜ ਦੇ ਟਾਇਰ ਪਾਏ ਹੋਏ ਗੱਡੇ ਜ਼ਰੂਰ ਮਿਲ ਸਕਦੇ ਹਨ। ਗੱਡਿਆਂ ਦੀ ਥਾਂ ਹੁਣ ਇਕ ਬਲਦ ਨਾਲ ਚੱਲਣ ਵਾਲੀਆਂ ਗੱਡੀਆਂ ਹਨ, ਜਿਨ੍ਹਾਂ ਨੂੰ ਰਬੜ ਦੇ ਟਾਇਰ ਲੱਗੇ ਹੁੰਦੇ ਹਨ। ਇਹ ਗੱਡੀਆਂ ਵੀ ਜਿਮੀਂਦਾਰ ਪਸ਼ੂਆਂ ਲਈ ਪੱਠੇ ਢੋਣ ਅਤੇ ਹੋਰ ਨਿੱਕੇ-ਮੋਟੇ ਕੰਮਾਂ ਲਈ ਵਰਤਦੇ ਹਨ। ਗੱਡਿਆਂ ਦੀ ਥਾਂ ਹੁਣ ਟਰੈਕਟਰ ਟਰਾਲੀ ਨੇ ਲੈ ਲਈ ਹੈ।[7]

ਇਤਿਹਾਸ

[ਸੋਧੋ]

ਗੱਡੇ ਦਾ ਜ਼ਿਕਰ ਦੋ ਹਜ਼ਾਰ ਈਪੂ ਪੁਰਾਣੇ ਸਾਹਿਤ ਵਿੱਚ ਕੀਤਾ ਗਿਆ ਮਿਲਦਾ ਹੈ। ਭਾਰਤੀ ਗ੍ਰੰਥ ਰਿਗਵੇਦ ਵਿੱਚ ਲਿਖਿਆ ਹੈ ਕਿ ਆਦਮੀ ਤੇ ਔਰਤ ਇੱਕ ਗੱਡੀ ਦੇ ਦੋ ਪਹੀਏ ਦੇ ਸਮਾਨ ਹਨ।

ਪੁਰਾਣੇ ਜ਼ਮਾਨੇ ਵਿੱਚ ਗੱਡੇ ਦੇ ਪਹੀਏ ਲੱਕੜ ਦੇ ਹੋਇਆ ਕਰਦੇ ਸਨ ਅਤੇ ਕੱਚਿਆਂ ਰਾਹਾਂ ਵਿੱਚ ਬਲਦਾਂ ਨਾਲ ਖਿੱਚੇ ਜਾਂਦੇ ਸਨ।

ਗੱਡੇ ਦੀਆਂ ਕਿਸਮਾਂ

[ਸੋਧੋ]

ਗੱਡੇ ਨੂੰ ਘੋੜੇ, ਖੱਚਰ, ਬਲਦ ਜਾਂ ਹੋਰ ਜਾਨਵਰ ਨਾਲ ਖਿੱਚਿਆ ਜਾ ਸਕਦਾ ਹੈ। ਇਹ ਚਾਰ ਸਹੰਸਰਸਾਲ ਈਪੂ ਵਿੱਚ ਪਹੀਏ ਦੀ ਕਾਢ ਬਾਅਦ ਲਗਾਤਾਰ ਵਰਤੋਂ ਵਿੱਚ ਆ ਰਿਹਾ ਹੈ। ਆਮ ਤੌਰ 'ਤੇ, ਖਿਚਣ ਵਾਲੇ ਜਾਨਵਰ ਦੇ ਅਨੁਸਾਰ ਇਸ ਦੀਆਂ ਕਿਸਮਾਂ ਗਿਣਿਆ ਜਾਂ ਸਕਦੀਆਂ ਹਨ। ਜਿਵੇਂ ਬੈਲ ਗੱਡੀ, ਘੋੜਾ ਗੱਡੀ, ਖੱਚਰ ਰੇਹੜਾ ਆਦਿ।

ਪੰਜਾਬੀ ਸੱਭਿਆਚਾਰ ਵਿੱਚ

[ਸੋਧੋ]

ਪੰਜਾਬੀ ਲੋਕ ਗੀਤਾਂ ਵਿੱਚ ਗੱਡੇ ਦਾ ਜ਼ਿਕਰ ਮਿਲਦਾ ਹੈ:

ਗੱਡ ਗਡੀਰੇ ਵਾਲਿਆ ਗੱਡ ਹੌਲੀ ਹੌਲੀ ਤੋਰ
ਮੇਰੇ ਕੰਨਾਂ ਦੀਆਂ ਹਿੱਲਣ ਵਾਲੀਆਂ ਤੇ ਦਿਲ ਨੂੰ ਪੈਂਦੇ ਹੌਲ
ਤੇਰੇ ਝੁਮਕੇ ਲੈਣ ਹੁਲਾਰੇ ਨੀ ਗੱਡੇ ਤੇ ਜਾਂਦੀਏ ਮੁਟਿਆਰੇ
ਮੇਰੇ ਗੱਡੇ ਉੱਤੇ ਚੜ ਬਚਨੋ ਤੈਨੂੰ ਸ਼ਿਮਲੇ ਦੀ ਸੈਰ ਕਰਾਵਾਂ
ਗੱਡਾ ਆ ਗਿਆ ਸੰਦੂਕੋਂ ਖਾਲੀ ਬਹੁਤਿਆਂ ਭਰਾਵਾਂ ਵਾਲੀਏ।[8]

ਹਵਾਲੇ

[ਸੋਧੋ]
  1. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  2. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  3. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  4. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  5. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  6. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  7. ਪੰਜਾਬੀ ਵਿਰਸਾ ਕੋਸ਼. ਇਹ ਪਲਾਟ ਨੰਬਰ 301, ਇੰਡਸਟਰੀਅਲ ਏਰੀਆ ਮੋਹਾਲੀ, ਮੋਹਾਲੀ-160062 'ਤੇ ਸਥਿਤ ਹੈ।: ਯੂਨੀਸਟਾਰ. january 1 2013. ISBN 9382246991. {{cite book}}: Check date values in: |year= (help)CS1 maint: location (link)
  8. ਗੱਡਾ ਆ ਗਿਆ ਸੰਦੂਕੋਂ ਖਾਲੀ!-ਪੰਜਾਬੀ ਟ੍ਰਿਬਿਊਨ