ਘਸਿਆ ਹੋਇਆ ਆਦਮੀ
ਘਸਿਆ ਹੋਇਆ ਆਦਮੀ ਬਲਜਿੰਦਰ ਨਸਰਾਲੀ ਦੀ ਇੱਕ ਨਿੱਕੀ ਕਹਾਣੀ ਹੈ। ਇਸ `ਤੇ ਅਧਾਰਿਤ ਬਲਜੀਤ ਦਾ ਲਿਖਿਆ ਇਸੇ ਨਾਮ ਦੇ ਨਾਟਕ ਦਾ ਸੈਮੂਅਲ ਜੌਹਨ ਦਾ ਨਿਰਦੇਸ਼ਿਤ ਨੁੱਕੜ ਨਾਟਕ ਪੰਜਾਬ ਅਤੇ ਕੈਨੇਡਾ ਵਿੱਚ ਵੀ ਸੈਂਕੜੇ ਵਾਰ ਖੇਡਿਆ ਗਿਆ ਹੈ।
ਕਹਾਣੀ ਦਾ ਸਾਰ
[ਸੋਧੋ]ਬੱਗਾ ਲੰਬੜਦਾਰ ਆਪਣੇ ਸੀਰੀ ਅਰਜਣ ਦਾ ਹਿਸਾਬ ਕਰਦਾ ਹੈ ਅਤੇ ਨਾਲ਼ ਹੀ ਉਸਨੂੰ ਕਹਿੰਦਾ ਹੈ ਕਿ ਉਹ ਹੁਣ ਸਿਆਣਾ ਹੋ ਗਿਆ ਹੈਂ ਅਤੇ ਉਨ੍ਹਾਂ ਦੇ ਕੰਮ ਦਾ ਨਹੀਂ ਰਿਹਾ। ਉਹ ਉਸ ਨੂੰ ਕਿਸੇ ਛੋਟੇ ਲਾਣੇ ਨਾਲ ਰਲ ਜਾਣ ਦੀ ਸਲਾਹ ਦਿੰਦਾ ਹੈ ਅਤੇ ਬਾਕੀ ਰਹਿੰਦੇ ਰੁਪਏ ਉਸ ਨੂੰ ਫੜਾ ਦਿੰਦਾ ਹੈ। ਅਰਜਣ ਜਾਣ ਲੱਗਦਾ ਹੈ ਤਾਂ ਲੰਬੜਦਾਰ ਚਾਹ ਦੀ ਸੁਲਾ ਮਾਰਦਾ ਹੈ। ਅਰਜਨ ਨਾਂਹ ਕਰ ਦਿੰਦਾ ਹੈ ਅਤੇ ਕੱਪ ਤੇ ਕੌਲੀ ਲੈਕੇ ਹੌਲੀ ਹੌਲੀ ਤੁਰ ਪੈਂਦਾ ਹੈ। ਉਸ ਦੇ ਚਿੱਤ ਵਿਚ ਰੋਸਾ ਸੀ ਜਿਸ ਦੇ ਛੇਤੀ ਸ਼ਾਂਤ ਹੋਣ ਦੀ ਕੋਈ ਆਸ ਨਹੀਂ ਸੀ। ਲੰਬੜਦਾਰ ਨਾਲ ਉਸ ਨੇ ਸੱਤ ਸਾਲ ਸੀਰ ਕੀਤਾ ਸੀ ਅਤੇ ਦੱਬ ਕੇ ਉਸਦਾ ਕੰਮ ਕੀਤਾ ਸੀ। ਚਾਰ ਕੁ ਮਹੀਨੇ ਪਹਿਲਾਂ ਉਸ ਦੀ ਘਰਵਾਲੀ ਬਚਨ ਕੁਰ ਮਰ ਗਈ ਸੀ। ਉਸ ਦੇ ਮਰਨ ਨਾਲ ਅਰਜਣ ਟੁੱਟ ਗਿਆ ਸੀ। ਹਨੇਰੇ ਖੂੰਜਿਆਂ ਵਾਲਾ ਕੱਚਾ ਘਰ ਉਸ ਨੂੰ ਵੱਢ ਖਾਣ ਨੂੰ ਆਉਂਦਾ। ਬਚਨ ਕੁਰ ਦੇ ਬਾਅਦ ਉਹ ਬਿਮਾਰ ਹੋ ਜਾਂਦਾ ਹੈ। ਦੋ ਮਹੀਨੇ ਬਾਅਦ ਉਹ ਕੰਮ ‘ਤੇ ਗਿਆ ਪਰ ਲੰਬੜਦਾਰ ਨੇ ਕੋਈ ਭੱਈਆ ਕੰਮ ‘ਤੇ ਰੱਖ ਲਿਆ ਸੀ। ਫੇਰ ਵੀ ਅਰਜਣ ਪੰਦਰਾਂ-ਵੀਹ ਦਿਨ ਡੰਗਰ ਪੱਠੇ ਦਾ ਕੰਮ ਕਰਦਾ ਰਿਹਾ।…ਤੇ ਹੁਣ ਲੰਬੜਦਾਰ ਨੇ ਉਸ ਦਾ ਹਿਸਾਬ ਕਰ ਦਿੱਤਾ ਸੀ। ਅੱਗੇ ਉਸਨੂੰ ਜੱਟਾਂ ਦਾ ਪਾਲੂ ਅਰਜਣ ਨੂੰ ਰਲਣ ਬਾਰੇ ਪੁੱਛਦਾ ਹੈ। ਪਾਲੂ ਉਸ ਨੂੰ ਘੱਟ ਪੈਸਿਆਂ 'ਤੇ ਰਲਣ ਲਈ ਕਹਿੰਦਾ ਹੈ ਕਿ ਹੁਣ ਉਹ ਬੁੜ੍ਹਾ ਹੋ ਗਿਆ ਹੈ ਅਤੇ ਡੰਗਰਾਂ ਨੂੰ ਹੀ ਸਾਂਭਣ ਜੋਗਾ ਹੈ। ਪਾਲੂ ਦੀ ਸਮਝੌਤੀ ਅਰਜਣ ਨੂੰ ਚੰਗੀ ਨਾ ਲੱਗੀ ਪਰ ਉਸ ਨੂੰ ਆਪਣੇ ਬੁੱਢੇ ਹੋਣ ਦਾ ਅਹਿਸਾਸ ਬੜੀ ਤੀਖਣਤਾ ਨਾਲ ਹੁੰਦਾ ਹੈ। ਫਿਰ ਕੈਲਾ ਮਿਲਦਾ ਹੈ ਅਤੇ ਸਾਲ ਉਨ੍ਹਾਂ ਨਾਲ਼ ਲਾ ਦੇਣ ਲਈ ਕਹਿੰਦਾ ਹੈ। ਅਰਜਣ ਹੁੰਗਾਰਾ ਭਰਦਾ ਹੈ ਪਰ ਕੈਲਾ ਰੇਹੜੀ ਦੇ ਪਿੱਛੇ ਤੁਰੇ ਆ ਰਹੇ ਆਪਣੇ ਬਾਪੂ ਤੋਂ ਪੁੱਛਦਾ ਹੈ ਤਾਂ ਉਹ ਵੀ ਬੁੱਢਾ ਹੋਣ ਦੇ ਹਵਾਲੇ ਨਾਲ਼ ਇਨਕਾਰ ਕਰ ਦਿੰਦਾ ਹੈ।