ਘੜਵੰਜੀ
ਪਾਣੀ ਦੇ ਭਰੇ ਘੜੇ ਰੱਖਣ ਵਾਲੇ ਲੱਕੜੀ ਦੇ ਬਣੇ ਢਾਂਚੇ ਨੂੰ, ਜਿਸ ਦੇ ਹੇਠਾਂ ਚਾਰ ਲੱਤਾਂ ਲੱਗੀਆਂ ਹੁੰਦੀਆਂ ਹਨ, ਘੜਵੰਜੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਘੜੌਜੀ/ਘੜੈਚੀ ਵੀ ਕਹਿੰਦੇ ਹਨ। ਘੜਵੰਜੀ ਆਮ ਤੌਰ 'ਤੇ ਦੋ ਘੋੜਿਆਂ ਨੂੰ ਰੱਖਣ ਵਾਲੀ ਬਣਾਈ ਜਾਂਦੀ ਹੈ। ਇਸ ਨੂੰ ਬਣਾਉਣ ਲਈ ਦੋ ਤਿੰਨ ਕੁ ਫੁੱਟ ਲੰਮੀਆਂ 2 ਕੁ ਇੰਚ ਚਪਟੀਆਂ ਲੱਕੜਾਂ ਲਈਆਂ ਜਾਂਦੀਆਂ ਹਨ। ਚਾਰ ਡੇਢ ਕੁ ਫੁੱਟ ਲੰਮੀਆਂ ਚਪਟੀਆਂ ਲੱਕੜਾਂ ਦੇ ਟੋਟੇ ਲਏ ਜਾਂਦੇ ਹਨ । ਟੋਟਿਆਂ ਦੇ ਸਿਰਿਆਂ ਵਿਚ ਚੂਲਾ ਪਾਈਆਂ ਜਾਂਦੀਆਂ ਹਨ। ਦੋਵੇਂ ਲੰਮੀਆਂ ਲੱਕੜਾਂ ਦੇ ਇੱਕ ਪਾਸੇ ਘੜਿਆਂ ਨੂੰ ਰੱਖਣ ਜੋਗੀ ਥਾਂ ਦੀ ਦੂਰੀ ਰੱਖ ਕੇ ਚਾਰ ਚਾਰ ਸੱਲ ਪਾਏ ਜਾਂਦੇ ਹਨ। ਇਕ ਇਕ ਸੱਲ ਇਨ੍ਹਾਂ ਲੱਕੜਾਂ ਦੇ ਹੇਠਲੇ ਪਾਸੇ ਕਿਨਾਰਿਆਂ ਦੇ ਨੇੜੇ ਪਾਇਆ . ਜਾਂਦਾ ਹੈ। ਚਾਰ ਸੱਲਾਂ ਵਿਚ ਚਾਰੇ 1. 5 ਫੁੱਟ ਟੋਟਿਆਂ ਦੀਆਂ ਚੂਲਾਂ ਫਿੱਟ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਘੜੇ ਰੱਖਣ ਲਈ ਇਕ ਚੁਗਾਠ ਬਣ ਜਾਂਦੀ ਹੈ।
ਚਾਰ 2.5 ਫੁੱਟ ਲੰਮੀਆਂ ਹੋਰ ਲੱਕੜਾਂ ਲਈਆਂ ਜਾਂਦੀਆਂ ਹਨ। ਇਨ੍ਹਾਂ ਦੇ ਇਕ ਸਿਰੇ ਵਿਚ ਚੂਲਾ ਪਾਈਆਂ ਜਾਂਦੀਆਂ ਹਨ। ਇਨ੍ਹਾਂ ਚੂਲਾਂ ਪਾਈਆਂ ਲੱਕੜਾਂ ਨੂੰ ਥੋੜਾ ਜਿਹਾ ਤਿਰਵਾ ਕਰ ਕੇ ਬਣੀ ਚੁਗਾਠ ਦੇ ਹੇਠਾਂ ਕੱਢੇ ਸੱਲਾਂ ਵਿਚ ਫਿੱਟ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਖੜਵੰਜੀ ਬਣਦੀ ਹੈ। ਘੜਵੰਜੀ ਤਿੰਨ ਘੜਿਆਂ ਨੂੰ ਰੱਖਣ ਵਾਲੀ ਵੀ ਤੇ ਇਕ ਘੜੇ ਨੂੰ ਰੱਖਣ ਵਾਲੀ ਵੀ ਬਣਦੀ ਹੈ।
ਪਹਿਲੇ ਸਮਿਆਂ ਵਿਚ ਖੂਹੀਆਂ, ਖੂਹਾਂ ਵਿਚੋਂ ਡੋਲਾਂ, ਬੋਕਿਆਂ ਰਾਹੀਂ ਪਾਣੀ ਕੱਢ ਕੇ ਘੜਿਆਂ ਰਾਹੀਂ ਘਰੀਂ ਢੋਇਆ ਜਾਂਦਾ ਸੀ। ਘੜਿਆਂ ਵਿਚ ਹੀ ਪਾਣੀ ਰੱਖਿਆ ਜਾਂਦਾ ਸੀ। ਉਸ ਸਮੇਂ ਘੜਵੰਜੀਆਂ ਦੀ ਆਮ ਵਰਤੋਂ ਹੁੰਦੀ ਸੀ। ਹੁਣ ਤਾਂ ਪੰਜਾਬ ਦੇ ਜਿਹੜੇ ਇਲਾਕਿਆਂ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਉਨ੍ਹਾਂ ਇਲਾਕਿਆਂ ਵਿਚ ਹੀ ਪਾਣੀ ਵੱਡੀਆਂ ਢੋਲੀਆਂ, ਬਾਲਟੀਆਂ ਅਤੇ ਕਿਤੇ ਕਿਤੇ ਘੜਿਆਂ ਵਿਚ ਭਰ ਕੇ ਰੱਖਿਆ ਜਾਂਦਾ ਹੈ। ਉਨ੍ਹਾਂ ਇਲਾਕਿਆਂ ਵਿਚ ਹੀ ਕਿਸੇ ਕਿਸੇ ਪਰਿਵਾਰ ਕੋਲ ਘੜਵੰਜੀਆਂ ਹਨ।[1]
ਹਵਾਲਾ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar books pvt.ltd. p. 299. ISBN 978-93-82246-99-2.