ਚਲਦਾ ਫਿਰਦਾ ਸਿਨੇਮਾ (ਬਾਈਸਕੋਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਕੜੀ ਦੀ ਬਣੀ ਬੱਚਿਆਂ ਦੇ ਦਿਲ-ਪ੍ਰਚਾਵੇ ਲਈ ਮੂਰਤਾਂ ਦਿਖਾਉਣ ਵਾਲੀ ਇਕ ਮਸ਼ੀਨ ਨੂੰ ਚਲਦਾ ਫਿਰਦਾ ਸਿਨਮਾ (ਬਾਈਸਕੋਪ) ਕਹਿੰਦੇ ਹਨ। ਇਹ ਇਕ ਕਿਸਮ ਦਾ ਸਿਨਮੇ ਦਾ ਮੁੱਢਲਾ ਰੂਪ ਹੈ। ਇਸ ਵਿਚ ਆਵਾਜ਼ ਦਾ ਪ੍ਰਬੰਧ ਨਹੀਂ ਹੁੰਦਾ। ਇਸ ਦੇ ਬਾਹਰਲੇ ਇਕ ਪਾਸੇ 4/5 ਗਲੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਪਾਰਦਰਸ਼ੀ ਸ਼ੀਸ਼ਾ ਲੱਗਿਆ ਹੁੰਦਾ ਹੈ। ਮਸ਼ੀਨ ਦੇ ਅੰਦਰਲੇ ਦੋਵੇਂ ਪਾਸੇ ਦੋ ਕਿੱਲਾਂ ਲੱਗੀਆਂ ਹੁੰਦੀਆਂ ਹਨ। ਇਕ ਕਿੱਲ ਉਪਰ ਮੂਰਤਾਂ ਵਾਲੀ ਰੀਲ ਲਪੇਟੀ ਹੁੰਦੀ ਹੈ। ਦੂਸਰੀ ਕਿੱਲ ਨਾਲ ਰੀਲ ਨੂੰ ਅੱਗੇ ਤੋਂ ਅੱਗੇ ਘੁਮਾਇਆ ਜਾਂਦਾ ਹੈ। ਜਿਸ ਕਰਕੇ ਇਕ ਮੂਰਤ ਤੋਂ ਪਿਛੋਂ ਦੂਸਰੀ ਮੂਰਤ ਸਾਹਮਣੇ ਆਈ ਜਾਂਦੀ ਹੈ। ਬਾਈਸਕੋਪ ਵਾਲਾ ਨਾਲ ਦੀ ਨਾਲ ਮੂਰਤਾਂ ਬਾਰੇ ਦੱਸੀ ਜਾਂਦਾ ਹੈ।

ਖੇਲ ਦਿਖਾਉਣ ਵਾਲੇ ਨੇ ਬਾਈਸਕੋਪ ਸਿਰ 'ਤੇ ਰੱਖਿਆ ਹੁੰਦਾ ਸੀ। ਬਾਈਸਕੋਪ ਦਾ ਸਟੈਂਡ ਬਗਲ ਵਿਚ ਦਿੱਤਾ ਹੁੰਦਾ ਸੀ। ਹੱਥ ਵਿਚ ਛੋਟਾ ਜਿਹਾ ਟੱਲ ਹੁੰਦਾ ਸੀ। ਗਲੀ ਗਲੀ ਟੱਲ ਵਜਾ ਕੇ ਬੱਚੇ ਇਕੱਠੇ ਕਰ ਲੈਂਦੇ ਸਨ। ਬਾਈਸਕੋਪ ਨੂੰ ਸਟੈਂਡ ਉਪਰ ਰੱਖਿਆ ਜਾਂਦਾ ਸੀ। ਫੇਰ ਬਾਈਸਕੋਪ ਦੀਆਂ 4/5 ਗਲੀਆਂ ਅੱਗੇ 4/5 ਬੱਚਿਆਂ ਨੂੰ ਬਿਠਾ ਕੇ ਮੂਰਤਾਂ ਵਿਖਾ ਦਿੱਤੀਆਂ ਜਾਂਦੀਆਂ ਸਨ। ਮੂਰਤਾਂ ਵਿਖਾਉਣ ਤੋਂ ਪਿਛੋਂ ਹਰ ਬੱਚੇ ਤੋਂ ਪੈਸੇ ਵਸੂਲ ਕਰ ਲਏ ਜਾਂਦੇ ਸਨ। ਇਸ ਤਰ੍ਹਾਂ ਹੁੰਦਾ ਸੀ ਬਾਈਸਕੋਪ ਦਾ ਖੇਲ। ਹੁਣ ਬਾਈਸਕੋਪ ਦੇ ਖੇਲ ਵਿਖਾਉਣ ਦੀ ਖੇਲ ਖਤਮ ਹੋ ਗਈ ਹੈ। ਹੁਣ ਤਾਂ ਘਰ -ਘਰ ਟੈਲੀਵੀਜ਼ਨ ਹਨ। ਕਸਬਿਆਂ, ਸ਼ਹਿਰਾਂ ਵਿਚ ਸਿਨਮੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.