ਖੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਚਪਨ ਵਿੱਚ ਖੇਡਾਂ। ਉੱਤੇ ਵਿਖਾਈ ਗਈ ਫੁੱਟਬਾਲ ਇੱਕ ਜੋਟੀਦਾਰ ਖੇਡ ਹੈ ਜਿਸ ਵਿੱਚ ਸਰੀਰਕ ਤੰਦਰੁਸਤੀ ਅਤੇ ਸਮਾਜਕ ਮੇਲਜੋਲ ਦੀ ਜਾਚ ਨੂੰ ਸੁਆਰਨ ਦਾ ਮੌਕਾ ਮਿਲਦਾ ਹੈ।

ਖੇਡ (ਜਾਂ ਖੇਡਾਂ) ਆਮ ਤੌਰ ਉੱਤੇ ਮੁਕਾਬਲਾਪ੍ਰਸਤ ਅਤੇ ਸਰੀਰਕ ਕੰਮ-ਕਾਜ ਦੀਆਂ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਸ ਦਾ ਮੁੱਖ ਟੀਚਾ,[1] ਬੇਕਾਇਦਾ ਜਾਂ ਜੱਥੇਬੰਦਕ ਹਿੱਸੇਦਾਰੀ ਰਾਹੀਂ, ਸਰੀਰਕ ਯੋਗਤਾ ਅਤੇ ਮੁਹਾਰਤ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ ਹੁੰਦਾ ਹੈ ਅਤੇ ਨਾਲ਼ ਹੀ ਨਾਲ਼ ਹਿੱਸੇਦਾਰਾਂ ਅਤੇ ਕਈ ਵਾਰ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾਉਣਾ ਵੀ।[2] ਦੁਨੀਆਂ ਵਿੱਚ ਸੈਂਕੜੇ ਖੇਡਾਂ ਹਨ, ਕੁਝ ਜਿਹਨਾਂ ਵਿੱਚ ਸਿਰਫ਼ ਦੋ ਮੁਕਾਬਲੇਬਾਜ਼ ਲੁੜੀਂਦੇ ਹੋਣ ਅਤੇ ਕੁਝ ਜਿਹਨਾਂ ਵਿੱਚ ਇੱਕੋ ਵਾਰ ਸੈਂਕੜੇ ਲੋਕ ਖੇਡ ਸਕਣ, ਭਾਵੇਂ ਜੋਟੀ ਵਜੋਂ ਜਾਂ ਕੱਲ੍ਹਮ-ਕੱਲੇ।

ਆਮ ਤੌਰ ਉੱਤੇ ਖੇਡਾਂ ਕਈ ਅਸੂਲਾਂ ਜਾਂ ਰੀਤੀ-ਰਿਵਾਜਾਂ ਦੇ ਵੱਸ ਹੁੰਦੀਆਂ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਮੁਕਾਬਲਾ ਨਿਰਪੱਖ ਅਤੇ ਬੇਦਾਗ਼ ਹੋਵੇ ਅਤੇ ਜੇਤੂ ਦੇ ਹੱਕ ਵਿੱਚ ਫ਼ੈਸਲਾ ਅਟੱਲ ਜਾਂ ਇੱਕਸੁਰ ਰਹਿ ਸਕੇ। ਜਿੱਤਣ ਦੀ ਕਿਰਿਆ ਦਾ ਪਤਾ ਸਰੀਰਕ ਵਾਕਿਆਂ ਤੋਂ, ਜਿਵੇਂ ਕਿ ਗੋਲ ਮਾਰਨੇ ਜਾਂ ਸਭ ਤੋਂ ਪਹਿਲਾਂ ਲਕੀਰ ਟੱਪਣੀ, ਜਾਂ ਫੇਰ ਜੱਜਾਂ ਵੱਲੋਂ ਖੇਡ ਦੇ ਕੌਤਕ ਵੇਖ ਕੇ ਲਾਇਆ ਜਾ ਸਕਦਾ ਹੈ ਜਿਹਨਾਂ ਵਿੱਚ ਤਕਨੀਕੀ ਮੁਹਾਰਤ ਜਾਂ ਹੁਨਰੀ ਛਾਪ ਵਰਗੇ ਬਾਹਰਮੁਖੀ ਜਾਂ ਅੰਤਰਮੁਖੀ ਮਾਪਦੰਡ ਸ਼ਾਮਲ ਹਨ।

ਜੱਥੇਬੰਦਕ ਖੇਡਾਂ ਵਿੱਚ ਅਦਾਕਾਰੀ ਦੇ ਰਿਕਾਰਡ ਰੱਖੇ ਜਾਂਦੇ ਹਨ ਅਤੇ ਮਸ਼ਹੂਰ ਖੇਡਾਂ ਵਿੱਚ ਇਸ ਜਾਣਕਾਰੀ ਦਾ ਐਲਾਨ ਖੁੱਲ੍ਹੇ ਰੂਪ ਵਿੱਚ ਜਾਂ ਖੇਡ ਖ਼ਬਰਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਤੋਂ ਛੁੱਟ, ਖੇਡਾਂ ਗ਼ੈਰ-ਹਿੱਸੇਦਾਰਾਂ ਵਾਸਤੇ ਮਨੋਰੰਜਨ ਅਤੇ ਦਿਲ-ਪਰਚਾਵੇ ਦਾ ਇੱਕ ਮੁੱਖ ਸਰੋਤ ਹੁੰਦੀਆਂ ਹਨ। ਦਰਸ਼ਕੀ ਖੇਡਾਂ ਵਿੱਚ ਠਾਠਾਂ ਮਾਰਦੀਆਂ ਭੀੜਾਂ ਪੁੱਜਦੀਆਂ ਹਨ ਅਤੇ ਪ੍ਰਸਾਰਨ ਰਾਹੀਂ ਇਹ ਹੋਰ ਵੀ ਪਸਰੇ ਹੋਏ ਸਰੋਤਿਆਂ ਤੱਕ ਪਹੁੰਚਦੀਆਂ ਹਨ।

ਏ.ਟੀ. ਕਰਨੀ, ਇੱਕ ਸਲਾਹਕਾਰ ਕੰਪਨੀ, ਮੁਤਾਬਕ ਸੰਸਾਰਕ ਖੇਡ ਸਨਅਤ ਦਾ 2013 ਤੱਕ ਕੁੱਲ ਮੁੱਲ $620 ਅਰਬ ਸੀ।[3]

ਹਵਾਲੇ[ਸੋਧੋ]

ਅੱਗੇ ਪੜ੍ਹੋ[ਸੋਧੋ]

ਬਾਹਰਲੇ ਜੋੜ[ਸੋਧੋ]