ਚਾਪੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਹਾਰੇ, ਹਾਰੀਆਂ, ਭੜੋਲੇ, ਭੜੋਲੀਆਂ ਉਪਰ ਜੋ ਮਿੱਟੀ ਦਾ ਢੱਕਣ ਬਣਾ ਕੇ ਲਾਇਆ ਜਾਂਦਾ ਹੈ, ਉਸ ਨੂੰ ਚਾਪੜ ਕਹਿੰਦੇ ਹਨ। ਚਾਪੜ ਕਈ ਕਿਸਮਾਂ ਦੇ ਬਣਦੇ ਸਨ। ਇਕ ਕੂੰਡੀ ਵਰਗਾ ਚਾਪੜ ਹੁੰਦਾ ਸੀ। ਇਕ ਪੱਧਰਾ ਚਾਪੜ ਹੁੰਦਾ ਸੀ। ਹਾਰੇ ਅਤੇ ਹਾਰੀਆਂ ਉਪਰ ਜਿਹੜੇ ਚਾਪੜ ਦਿੱਤੇ ਜਾਂਦੇ ਸਨ, ਉਨ੍ਹਾਂ ਚਾਪੜਾਂ ਵਿਚੋਂ ਧੂੰਆਂ ਨਿਕਲਣ ਲਈ ਮੋਰੀਆਂ ਰੱਖੀਆਂ ਹੁੰਦੀਆਂ ਸਨ। ਵਿਚਾਲੇ ਇਕ ਵੱਡੀ ਮੋਰੀ ਰੱਖੀ ਹੁੰਦੀ ਸੀ ਜਿਸ ਵਿਚ ਹੱਥ ਪਾ ਕੇ ਚਾਪੜ ਨੂੰ ਰੱਖਿਆ ਤੇ ਚੱਕਿਆ ਜਾਂਦਾ ਸੀ। ਹਾਰੇ, ਹਾਰੀਆਂ ਉਪਰ ਦੋਵੇਂ ਕਿਸਮਾਂ ਦੇ ਹੀ ਚਾਪੜ ਵਰਤੇ ਜਾਂਦੇ ਸਨ। ਭੜੋਲੇ, ਭੜੋਲੀਆਂ ਉਪਰ ਪੱਧਰੇ ਚਾਪੜ ਹੀ ਵਰਤੇ ਜਾਂਦੇ ਸਨ।

ਚਾਪੜ ਕਾਲੀ ਤੂੜੀ ਮਿੱਟੀ ਦੇ ਬਣਾਏ ਜਾਂਦੇ ਸਨ। ਜਿਸ ਹਾਰੇ, ਹਾਰੀ, ਭੜੋਲੇ, ਭੜੋਲੀ ਦਾ ਚਾਪੜ ਜੇਕਰ ਪੱਧਰਾ ਬਣਾਉਣਾ ਹੁੰਦਾ ਸੀ ਤਾਂ ਉਨ੍ਹੇ ਸਾਈਜ਼ ਦਾ ਇਕ ਕੁ ਇੰਚ ਮੋਟਾ ਚਾਪੜ ਧਰਤੀ ਉਪਰ ਪੱਧਰਾ ਵਿਉਂਤਿਆ ਜਾਂਦਾ ਸੀ। ਜਦ ਇਹ ਚਾਪੜ ਸੁੱਕ ਜਾਂਦਾ ਸੀ ਤਾਂ ਇਸ ਚਾਪੜ ਦੇ ਦੋਵੇਂ ਪਾਸੇ ਕੱਲੀ ਮਿੱਟੀ ਫੇਰ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਪੱਧਰਾ ਚਾਪੜ ਬਣ ਜਾਂਦਾ ਸੀ। ਜੇਕਰ ਕੂੰਡੀ ਦੀ ਛੇਪ ਵਰਗਾ ਚਾਪੜ ਬਣਾਉਣਾ ਹੁੰਦਾ ਸੀ ਤਾਂ ਜਿਸ ਹਾਰੇ, ਹਾਰੀ ਦਾ ਚਾਪੜ ਬਣਾਉਣਾ ਹੁੰਦਾ ਸੀ, ਉਸ ਸਾਈਜ਼ ਦੀ ਕੂੰਡੀ ਨੂੰ ਮੂਧੀ ਮਾਰ ਕੇ ਉਸ ਉਪਰ ਕੱਪੜਾ ਰੱਖ ਕੇ ਚਾਪੜ ਵਿਉਂਤਿਆਂ ਜਾਂਦਾ ਸੀ। ਜਦ ਚਾਪੜ ਸੁੱਕ ਜਾਂਦਾ ਸੀ, ਫੇਰ ਚਾਪੜ ਨੂੰ ਕੁੰਡੀ ਉਪਰੋਂ ਲਾ ਕੇ ਉਸ ਉਪਰ ਕੱਲੀ ਮਿੱਟੀ ਫੇਰ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਕੂੰਡੀ ਦੀ ਛੇਪ ਵਰਗਾ ਚਾਪੜ ਬਣਦਾ ਸੀ। ਹਾਰੇ, ਹਾਰੀਆਂ ਵਾਲੇ ਚਾਪੜਾਂ ਵਿਚ ਚਾਪੜ ਬਣਾਉਣ ਸਮੇਂ ਹੀ ਮੋਰੀਆਂ ਰੱਖ ਦਿੱਤੀਆਂ ਜਾਂਦੀਆਂ ਸਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.