ਚਿੱਥੀਆਂ ਸੱਟਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿੱਥੀਆਂ ਸੱਟਾਂ

ਇਹ ਤੀਜੇ ਦਰਜੇ ਦੀਆਂ ਸਭ ਤੋਂ ਪ੍ਰਮੁੱਖ ਸੱਟਾਂ ਹੁੰਦੀਆਂ ਹਨ ਅਤੇ ਆਮ ਤੌਰ 'ਤੇ ਖੁੰਢੀਆਂ ਚੀਜ਼ਾਂ ਦੇ ਪ੍ਰਭਾਵ ਨਾਲ ਵੱਜੀਆਂ ਸੱਟਾਂ ਹੁੰਦੀਆਂ ਹਨ ਜਿਸ ਵਿੱਚ ਸੱਟ ਜਾਂ ਤਾਂ ਕੋਈ ਖੁੰਢੀ ਚੀਜ਼ ਜੋਰ ਨਾਲ ਸਰੀਰ ਤੇ ਵੱਜਣ ਕਰ ਕੇ ਅਤੇ ਜਾਂ ਇੱਕ ਖੁੰਢੀ ਜਗ੍ਹਾ ਤੇ ਜੋਰ ਨਾਲ ਡਿੱਗ ਪੈਣ ਨਾਲ ਵੱਜਦੀਆਂ ਹਨ। ਜਦੋਂ ਇੱਕ ਖੋਂਧੀ ਅਤੇ ਖੁਰਦਰੀ ਜਗ੍ਹਾ ਸਰੀਰ ਨਾਲ ਸੰਪਰਕ ਵਿੱਚ ਆਉਂਦੀ ਹੈ ਤਾਂ ਜਦੋਂ ਜੋਰ ਸਰੀਰ ਦੀ ਲਚਕ ਤੋਂ ਵਧ ਜਾਂਦਾ ਹੈ ਤਾਂ ਉਹ ਜਗ੍ਹਾ ਫਟ ਜਾਂਦੀ ਹੈ ਅਤੇ ਅਜਿਹੀਆਂ ਸੱਟਾਂ ਨੂੰ ਚਿੱਥੀਆਂ ਸੱਟਾਂ ਕਹਿੰਦੇ ਹਨ। ਇਹ ਚਮੜੀ ਦੀ ਸਤਹ ਦੀ ਪੂਰੀ ਮੋਟਾਈ ਨੂੰ ਪਾਰ ਕਰਦੀਆਂ ਹਨ। ਕਿਸੇ ਵੀ ਤਿੱਖੀ ਚੀਜ਼ ਨਾਲ ਵੱਜੀ ਸੱਟ ਵਾਂਗ ਇਸ ਸੱਟ ਦੇ ਕਿਨਾਰੇ ਸਿੱਧੇ ਨਹੀਂ ਹੁੰਦੇ ਬਲਕਿ ਊਬੜ ਖਾਬੜ ਹੁੰਦੇ ਹਨ। ਖੂਨ ਦਾ ਰਿਸਣਾ ਵੀ ਅਜਿਹੀਆਂ ਸੱਟਾਂ ਵਿੱਚ ਤਿੱਖੀ ਚੀਜ਼ ਨਾਲ ਵੱਜੀ ਸੱਟ ਨਾਲੋਂ ਘੱਟ ਹੁੰਦਾ ਹੈ। ਇਨ੍ਹਾਂ ਸੱਟਾਂ ਨੂੰ ਅੰਗ੍ਰੇਜ਼ੀ ਵਿੱਚ Lacerations ਕਹਿੰਦੇ ਹਨ।

ਕਿਸਮਾਂ[ਸੋਧੋ]

  • ਨੀਲ ਵਾਲੀਆਂ ਚਿੱਥੀਆਂ ਸੱਟਾਂ- ਜਦੋਂ ਸੱਟ ਕਿਸੇ ਸਮਤਲ ਪਰ ਸਖਤ ਅਤੇ ਚਿਕਨੀ ਜਗ੍ਹਾ ਤੇ ਡਿੱਗਣ ਨਾਲ ਵੱਜੀ ਹੋਵੇ ਤਾਂ ਚਿੱਥੀ ਸੱਟ ਵਾਲੀ ਥਾਂ ਤੇ ਅਕਸਰ ਨੀਲ ਵੀ ਮੌਜੂਦ ਹੁੰਦੇ ਹਨ ਅਤੇ ਅਜਿਹੀਆਂ ਸੱਟਾਂ ਨੂੰ ਨੀਲ ਵਾਲੀਆਂ ਚਿੱਥੀਆਂ ਸੱਟਾਂ ਵੀ ਕਹਿੰਦੇ ਹਨ।
  • ਝਰੀਟਾਂ ਵਾਲੀਆਂ ਚਿੱਥੀਆਂ ਸੱਟਾਂ- ਜਦੋਂ ਸੱਟ ਕਿਸੇ ਖੁਰਦਰੀ ਅਤੇ ਸਖਤ ਜਗ੍ਹਾ ਤੇ ਡਿੱਗਣ ਨਾਲ ਵੱਜੀ ਹੋਵੇ ਤਾਂ ਚਿੱਥੀ ਸੱਟ ਵਾਲੀ ਥਾਂ ਤੇ ਅਕਸਰ ਝਰੀਟਾਂ ਵੀ ਮੌਜੂਦ ਹੁੰਦੀਆਂ ਹਨ ਅਤੇ ਅਜਿਹੀਆਂ ਸੱਟਾਂ ਨੂੰ ਝਰੀਟਾਂ ਵਾਲੀਆਂ ਚਿੱਥੀਆਂ ਸੱਟਾਂ ਵੀ ਕਹਿੰਦੇ ਹਨ।