ਚੁਬਾਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੁਬਾਹਾ
Scientific classification

ਚੁਬਾਹਾ ਜਾਂ ਰੇਤਲ ਚਾਹਾ ਇਸ ਨੂੰ ਅੰਗਰੇਜ਼ੀ ਵਿੱਚ ‘ਕੌਮਨ ਸੈਂਟ ਪਾਈਪਰ’ ਕਹਿੰਦੇ ਹਨ। ਇਸ ਪੰਛੀ ਦੀ ਲੰਬਾਈ 18 ਤੋਂ 21 ਸੈਂਟੀਮੀਟਰ ਅਤੇ ਭਾਰ ਕੋਈ 40 ਗ੍ਰਾਮ ਹੁੰਦਾ ਹੈ। ਇਸ ਦਾ ਕੱਦ ਦਰਮਿਆਨਾ, ਰੰਗ ਭੂਰਾ, ਲੰਬੀ ਭੂਰੀ ਚੁੰਝ ਦਾ ਸਿਰਾ ਕਾਲਾ, ਕਾਲੀਆਂ ਅੱਖਾਂ ਦੇ ਦਵਾਲੇ ਛੋਟੇ-ਛੋਟੇ ਖੰਭਾਂ ਦਾ ਇੱਕ ਚਿੱਟਾ ਘੇਰਾ ਅਤੇਉੱਪਰ ਇੱਕ ਫਿੱਕਾ ਭੂਰਾ ਭਰਵੱਟਾ ਹੁੰਦਾ ਹੈ। ਇਸਦੀ ਹਲਕੀ ਭੂਰੀ ਠੋਡੀ ਤੋਂ ਹੇਠਾਂ ਛਾਤੀ ਉੱਤੇ ਗੂੜ੍ਹੀਆਂ ਭੂਰੀਆਂ ਲੀਕਾਂ, ਭੂਰੇ ਪਰਾਂ ਉੱਤੇ ਵੀ ਚਾਕਲੇਟੀ ਲਹਿਰੀਆ, ਢਿੱਡ ਵਾਲਾ ਪਾਸਾ ਚਮਕਦਾਰ ਚਿੱਟਾ ਅਤੇ ਪੂਛ ਪਰਾਂ ਤੋਂ ਥੋੜ੍ਹੀ ਲੰਬੀ, ਲੰਬੀਆਂ ਲੱਤਾਂ ਅਤੇ ਪੰਜੇ ਪੀਲੇ ਹੁੰਦੇ ਹਨ। ਇਹ ਪੰਛੀ ਵੈਸੇ ਤਾਂ ਬਹੁਤ ਦੂਰ-ਦੂਰ ਸਾਰੇ ਤਪਤਖੰਡੀ ਦੇਸ਼ਾਂ ਵਿੱਚ ਫੈਲੇ ਹੋਏ ਹਨ, ਪਰ ਇਹ ਸਰਦੀਆਂ ਵਿੱਚ ਸਭ ਤੋਂ ਪਹਿਲਾਂ ਠੰਢੀਆਂ ਥਾਵਾਂ ਤੋਂ ਮੈਦਾਨਾਂ ਵਿੱਚ ਆ ਜਾਂਦੇ ਹਨ ਅਤੇ ਸਰਦੀਆਂ ਮੁੱਕਣ ਉੱਤੇ ਸਭ ਤੋਂ ਬਾਅਦ ਵਿੱਚ ਵਾਪਸ ਜਾਂਦੇ ਹਨ। ਇਹ ਕੀੜੇ-ਮਕੌੜੇ, ਘੋਗੇ, ਕੇਕੜੇ ਅਤੇ ਝੀਂਗਰ, ਪਸ਼ੂਆਂ ਦੀਆਂ ਚਿੱਚੜੀਆਂ ਫੜਕੇ ਖਾਂਦੇ ਹਨ। ਉੱਡਣ ਲੱਗੇ ਇਹ ‘ਟਵੀ-ਵੀ-ਵੀ’ ਜਾਂ ‘ਟੀ-ਟੀ-ਟੀ’ ਵਰਗੀਆਂ ਤਿੱਖੀਆਂ ਅਤੇ ਉੱਚੀਆਂ ਆਵਾਜ਼ਾਂ ਕੱਢਦੇ ਹਨ। ਆਪਣਾ ਸਫ਼ਰ ਕਰਨ ਲਈ ਇਹ ਡਾਰਾਂ ਵਿੱਚ ਇਕੱਠੇ ਵੀ ਨਹੀਂ ਹੁੰਦੇ। ਉੱਡਣ ਵੇਲੇ ਇਹ ਆਪਣੇ ਲੰਬੇ ਪਰਾਂ ਨੂੰ ਬਹੁਤ ਡੂੰਘੇ ਹੇਠਾਂ-ਉੱਪਰ ਨਹੀਂ ਕਰਦੇ, ਸਗੋਂ ਨੇੜੇ-ਨੇੜੇ ਅਤੇ ਬੜੀ ਤੇਜ਼ ਰਫ਼ਤਾਰ ਨਾਲ ਹਿਲਾਉਂਦੇ ਹਨ। ਇਨ੍ਹਾਂ ਨੂੰ ਵਗਦੇ ਪਾਣੀ ਚੰਗੇ ਲੱਗਦੇ ਹਨ, ਇਸ ਲਈ ਨਹਿਰਾਂ, ਕੂਲ੍ਹਾਂ, ਦਰਿਆਵਾਂ ਜਾਂ ਸਮੁੰਦਰ ਦੇ ਰੇਤੀਲੇ ਕੰਢੇ ਇਨ੍ਹਾਂ ਨੂੰ ਬਹੁਤ ਪਸੰਦ ਆਉਂਦੇ ਹਨ। ਇਨ੍ਹਾਂ ਦੀ ਖ਼ਾਸ ਕਿਸਮ ਦੀ ਤੋਰ ਨੂੰ ‘ਟੀਟਰਿੰਗ’ ਕਹਿੰਦੇ ਹਨ। ਇਸ ਪਰਿਵਾਰ ਦੀਆਂ 85 ਜਾਤੀਆਂ ਹਨ।[1]

ਵੰਸ਼[ਸੋਧੋ]

ਇਹਮਈ ਤੋਂ ਜੂਨ ਨਰ ਅਤੇ ਮਾਦਾ ਕਸ਼ਮੀਰ, ਗੜ੍ਹਵਾਲ ਅਤੇ ਕੁਮਾਉ ਵੱਲ ਚਲੇ ਜਾਂਦੇ ਹਨ। ਉੱਥੇ ਦਰਿਆ ਦੇ ਵਿਚਕਾਰ ਰੇਤੇ ਦੇ ਟਿੱਲਿਆਂ ਉੱਤੇ ਪਾਣੀ ਤੋਂ 50 ਮੀਟਰ ਦੂਰ ਰੇਤੇ ਨੂੰ ਖੁਰਚ ਕੇ ਇੱਕ ਟੋਇਆ ਜਿਹਾ ਬਣਾ ਕੇ ਉਸ ਨੂੰ ਘਾਹ ਨਾਲ ਥੋੜ੍ਹਾ ਜਿੰਨਾ ਪੋਲਾ ਕਰਕੇ ਆਪਣਾ ਆਲਹਣਾ ਬਣਾ ਕੇ ਮਾਦਾ ਉਸ ਵਿੱਚ 3 ਤੋਂ 4 ਪੀਲੀ ਭਾ ਵਾਲੇ ਭੂਰੇ ਜਾਂ ਸਲੇਟੀ ਅੰਡੇ ਦਿੰਦੀ ਹੈ। ਮਾਦਾ ਇਕੱਲੀ ਅੰਡਿਆਂ ਨੂੰ 21 ਤੋਂ 22 ਦਿਨ ਸੇਕਕੇ ਬੋਟ ਕੱਢਦੀ ਹੈ। ਬੋਟਾਂ ਦਾ ਭਾਰ ਅੰਡਿਆਂ ਵਿੱਚੋਂ ਨਿਕਲਣ ਸਮੇਂ 8 ਗ੍ਰਾਮ ਹੁੰਦਾ ਹੈ। ਜੋ 22 ਤੋਂ 28 ਦਿਨ ਵੱਡੇ ਹੋ ਕਿ ਉੱਡ ਜਾਂਦੇ ਹਨ। ਚੁਬਾਹਿਆਂ’ ਦੀ 8 ਤੋਂ 14 ਸਾਲ ਦੀ ਉਮਰ ਹੁੰਦੀ ਹੈ।

ਹਵਾਲੇ[ਸੋਧੋ]

  1. Harrison, Colin J.O. (1991). Forshaw, Joseph (ed.). Encyclopaedia of Animals: Birds. London: Merehurst Press. pp. 103–105. ISBN 1-85391-186-0.