ਸਮੱਗਰੀ 'ਤੇ ਜਾਓ

ਚੂਹੜ ਸਿੰਘ ਲੀਲ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਬਾਬਾ ਚੂਹੜ ਸਿੰਘ ਲੀਲ੍ਹ ਭਾਰਤ ਦਾ ਦ੍ਰਿੜ੍ਹ ਗ਼ਦਰੀ ਇਨਕਲਾਬੀ ਦੇਸ਼ਭਗਤ ਆਜ਼ਾਦੀ ਸੰਗਰਾਮੀਆ ਸੀ।

ਚੂਹੜ ਸਿੰਘ ਦਾ ਜਨਮ ਪਿੰਡ ਲੀਲ੍ਹ (ਨੇੜੇ ਪੱਖੋਵਾਲ), ਜ਼ਿਲ੍ਹਾ ਲੁਧਿਆਣਾ ਵਿਖੇ ਸ: ਬੂਟਾ ਸਿੰਘ ਦੇ ਕਿਸਾਨ ਪਰਿਵਾਰ ਚ ਹੋਇਆ ਸੀ। ਥੋੜ੍ਹਾ ਸਮਾਂ ਰਸਾਲੇ ਵਿੱਚ ਨੌਕਰੀ ਕਰਨ ਉੱਪਰੰਤ ਆਪ ਅਮਰੀਕਾ ਚਲੇ ਗਏ, ਜਿਥੇ ਉਨ੍ਹਾਂ ਦਾ ਸੰਪਰਕ ਉਥੋਂ ਦੀ ਗ਼ਦਰ ਪਾਰਟੀ ਨਾਲ ਹੋ ਗਿਆ। ਉਹ ਹੋਰਨਾਂ ਸਮੇਤ ਅੰਗਰੇਜ਼ੀ ਰਾਜ ਉਲਟਾਉਣ ਦੇ ਮੰਤਵ ਨਾਲ ਵਾਪਸ ਭਾਰਤ ਨੂੰ ਚੱਲ ਪਏ ਅਤੇ 29 ਅਕਤੂਬਰ 1914 ਨੂੰ ਕਲਕੱਤਾ ਦੀ ਬੰਦਰਗਾਹ ਉੱਪਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਰਾਏਵਿੰਡ ਲੁਧਿਆਣਾ ਲੈ ਆਂਦਾ। ਹੋਰਨਾਂ ਕਈਆਂ ਸਮੇਤ ਬਾਬਾ ਚੂਹੜ ਸਿੰਘ ਨੂੰ ਉਨ੍ਹਾਂ ਦੇ ਪਿੰਡ ਨਜ਼ਰਬੰਦ ਕਰ ਦਿੱਤਾ ਗਿਆ।[1] ਨਵੰਬਰ 1914 ਨੂੰ ਕਰਤਾਰ ਸਿੰਘ ਸਰਾਭਾ ਵੱਲੋਂ ਲਾਡੋਵਾਲ ਮੀਟਿੰਗ ਦੌਰਾਨ ‘ਡਕੈਤੀ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ ਸਿਰਫ ਸਰਕਾਰੀ ਖਜ਼ਾਨਾ ਜਾਂ ਕੁਝ ਅਮੀਰ ਬੰਦਿਆ ਨੂੰ ਲੁੱਟਣ ਦੀ ਯੋਜਨਾ ਬਣਾਈ ਗਈ ਸੀ, ਤਾਂ ਜੋ ਪਾਰਟੀ ਨੂੰ ਹਥਿਆਰਾਂ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।

ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਬੋਂ, ਝਨੇਰ, ਰਾਜੋਆਣਾ ਅਤੇ ਦੋਰਾਹਾ, ਲੁਧਿਆਣਾ ਵਿੱਚ ਡਾਕੇ ਮਾਰੇ ਗਏ। ਇਹ ਸਾਰਾ ਪੈਸਾ ਪਾਰਟੀ ਕੋਲ ਜਮ੍ਹਾਂ ਹੁੰਦਾ ਸੀ। 3 ਫਰਵਰੀ 1915 ਨੂੰ ਬਾਬਾ ਜੀ ਭਾਈ ਗਾਂਧਾ ਸਿੰਘ ਨੂੰ ਨਾਲ ਲੈ ਕੇ ਇੱਕ ਮਾਈ ਕੋਲੋਂ ਲੁੱਟਿਆ ਗਿਆ ਮਾਲ ਵਾਪਸ ਵੀ ਕਰਕੇ ਆਏ ਸਨ ਕਿਉਂਕਿ ਉਸ ਮਾਈ ਨੂੰ ਪੈਸੇ ਦੀ ਵਧ ਲੋੜ ਸੀ। ਇਸ ਐਕਸ਼ਨ ਤੋਂ ਬਾਅਦ ਜਦ ਉਹ ਪਿੰਡ ਪਹੁੰਚੇ ਤਾਂ ਪਿੰਡ ਲੀਲ੍ਹ ਦੇ ਇੱਕ ਮੁਖਬਰ ਨੇ ਸੀਆਈਡੀ ਨੂੰ ਸੂਚਿਤ ਕਰਕੇ ਬਾਬਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਨ੍ਹਾਂ ’ਤੇ ਲਾਹੌਰ ਸਾਜਿਸ਼ ਅਧੀਨ ਕੇਸ ਚਲਾ ਕੇ ਕਾਲੇ ਪਾਣੀ, ਜਾਇਦਾਦ ਜ਼ਬਤ ਦਾ ਫੈਸਲਾ ਸੁਣਾਇਆ ਗਿਆ।

ਮੌਤ

[ਸੋਧੋ]

ਫਰਵਰੀ 1932 ਨੂੰ ਫਿਰ ਕੈਦੀਆਂ ਉੱਪਰ ਜ਼ੁਲਮ ਵਧ ਗਏ ਤੇ ਬਾਬਾ ਜੀ ਨੇ ਕਮਜ਼ੋਰ ਸਰੀਰ ਦੇ ਬਾਵਜੂਦ 82 ਦਿਨ ਦੀ ਲੰਬੀ ਭੁੱਖ ਹੜਤਾਲ ਕਰ ਦਿੱਤੀ। ਬਾਬਾ ਜੀ ਅੰਦਰ ਨੌਜਵਾਨ ਸ਼ਹੀਦ ਭਗਤ ਸਿੰਘ ਵੀ ਬੋਲਦਾ ਸੀ, ਜੋ ਅੰਗਰੇਜ਼ੀ ਹਕੂਮਤ ਦੇ ਅੱਖਾਂ ਵਿੱਚ ਰੜਕਣ ਲੱਗ ਪਏ। ਬਾਬਾ ਜੀ ਦੀ ਸਜ਼ਾ ਪੂਰੀ ਹੋ ਜਾਣ ਬਾਅਦ ਵੀ ਉਨ੍ਹਾਂ ਨੂੰ ਰਿਹਾਅ ਨਾ ਕੀਤਾ ਗਿਆ।

ਦੂਸਰੇ ਪਾਸੇ ਬਾਬਾ ਜੀ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿੱਚ ਸੱਤਿਆਗ੍ਰਹਿ ਸ਼ੁਰੂ ਹੋ ਗਿਆ। ਜੇਲ੍ਹ ਅੰਦਰ ਰੋਸ ਵਜੋਂ ਲਗਾਤਾਰ ਭੁੱਖ ਹੜਤਾਲ ਜਾਰੀ ਰੱਖਣ ਕਾਰਨ ਬਾਬਾ ਜੀ ਦਾ ਸਰੀਰ ਪਿੰਜਰ ਦਾ ਰੂਪ ਧਾਰ ਚੁੱਕਾ ਸੀ, ਜਿਸ ਤੋਂ ਡਰ ਕੇ ਅੰਗਰੇਜ਼ਾਂ ਨੇ ਬਾਬਾ ਜੀ ਦੀਆਂ ਸਾਰੀਆਂ ਮੰਗਾਂ ਮੰਨਦੇ ਹੋਏ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਘਰ ਆ ਕੇ ਉਨ੍ਹਾਂ ਦੇ ਇਲਾਜ ਲਈ ਕਾਫੀ ਭੱਜ-ਨੱਠ ਕੀਤੀ ਗਈ ਪਰ ਕਮਜ਼ੋਰੀ ਜ਼ਿਆਦਾ ਹੋਣ ਕਾਰਨ 9 ਸਤੰਬਰ 1933 ਨੂੰ ਆਜ਼ਾਦੀ ਦਾ ਇਹ ਯੋਧਾ ਅਧੂਰਾ ਸੁਪਨਾ ਲੈ ਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ।[2]

ਹਵਾਲੇ

[ਸੋਧੋ]
  1. "ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ ਨੂੰ ਯਾਦ ਕਰਦਿਆਂ". ਪੰਜਾਬੀ ਟ੍ਰਿਬਿਉਨ. 3 ਸਤੰਬਰ 2013.
  2. ਸੁਖਵਿੰਦਰ ਲੀਲ੍ਹ (2018-09-25). "ਗ਼ਦਰੀ ਬਾਬਾ ਚੂਹੜ ਸਿੰਘ ਲੀਲ੍ਹ - Tribune Punjabi". Tribune Punjabi. Retrieved 2018-09-29. {{cite news}}: Cite has empty unknown parameter: |dead-url= (help)[permanent dead link]