ਸਮੱਗਰੀ 'ਤੇ ਜਾਓ

ਛਟੀ ਦੀ ਰਸਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਛਟੀ ਤੋਂ ਮੋੜਿਆ ਗਿਆ)

ਛਟੀ ਜਾਂ ਛੱਟੀ (ਸ਼ਾਬਦਿਕ ਅਰਥ "ਛੇਵੀਂ") ਬੱਚੇ ਦੇ ਜਨਮ ਤੋਂ ਬਾਅਦ ਛੇਵੇਂ ਦਿਨ ਕੀਤੀਆਂ ਜਾਂਦੀਆਂ ਰਸਮਾਂ ਨੂੰ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਰਿਸ਼ਤੇਦਾਰ ਬੱਚੇ ਨੂੰ ਸ਼ਗਨ ਦਿੰਦੇ ਹਨ। ਬੱਚੇ ਦੇ ਨਾਨਕੇ ਬੱਚੇ ਲਈ ਕੱਪੜੇ, ਗਹਿਣੇ ਆਦਿ ਚੀਜ਼ਾਂ ਲੈਕੇ ਆਉਂਦੇ ਹਨ। ਇਸ ਦਿਨ ਮਾਂ ਨੂੰ ਜਣੇਪੇ ਤੋਂ ਬਾਅਦ ਪਹਿਲੀ ਵਾਰ ਇਸ਼ਨਾਨ ਕਰਵਾਇਆ ਜਾਂਦਾ ਹੈ। ਬੱਚੇ ਦੇ ਨਾਮਕਰਨ ਦੀ ਰਸਮ ਵੀ ਇਸੇ ਦਿਨ ਕੀਤੀ ਜਾਂਦੀ ਹੈ।

ਜਦ ਕਿਸੇ ਦੰਪਤੀ ਦੇ ਪਹਿਲਾ ਲੜਕਾ ਪੈਦਾ ਹੁੰਦਾ ਸੀ/ਹੈ ਤਾਂ ਉਸ ਦੀ ਜਨਮ ਦੀ ਖੁਸ਼ੀ ਵਿਚ ਛੇਵੇਂ ਦਿਨ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇਕ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਛਟੀ ਕਹਿੰਦੇ ਹਨ। ਸਾਲ ਦੇ ਅੰਦਰ ਵੀ ਛੋਟੀ ਮਨਾਈ ਜਾਂਦੀ ਸੀ। ਛਟੀ ਮਨਾਉਣ ਦਾ ਅਰੰਭ ਆਪਣੇ-ਆਪਣੇ ਧਾਰਮਿਕ ਅਕੀਦੇ ਅਨੁਸਾਰ ਪਾਠ ਪੂਜਾ ਕਰ ਕੇ ਸ਼ੁਰੂ ਕੀਤਾ ਜਾਂਦਾ ਸੀ। ਛੁਟੀ ਵਾਲੇ ਦਿਨ ਹੀ ਕਈ ਵੇਰ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲੈ ਕੇ ਮੁੰਡੇ ਦਾ ਨਾਂ ਰੱਖਿਆ ਜਾਂਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਕਪੜੇ ਲਿਆਉਂਦੇ ਸਨ। ਜੇਕਰ ਨਾਨਕੇ ਪੈਸੇ ਵਾਲੇ ਹੁੰਦੇ ਸਨ ਤਾਂ ਉਹ ਮੁੰਡੇ ਦੀ ਮਾਂ (ਆਪਣੀ ਧੀ) ਨੂੰ ਤੇ ਮੁੰਡੇ ਨੂੰ ਕੋਈ ਗਹਿਣਾ ਵੀ ਜਰੂਰ ਪਾਉਂਦੇ ਸਨ। ਚਾਂਦੀ ਦੇ ਸਗਲੇ ਤਾਂ ਸਾਰੇ ਨਾਨਕੇ ਹੀ ਲਿਆਉਂਦੇ ਸਨ। ਨਾਨਕੇ ਆਪਣੀ ਧੀ ਨੂੰ ਕਈ ਸੂਟ ਦਿੰਦੇ ਸਨ। ਫੁਲਕਾਰੀ ਜਰੂਰ ਦਿੰਦੇ ਸਨ।ਮੁੰਡੇ ਦੇ ਪਿਤਾ, ਤਾਏ, ਚਾਚੇ, ਦਾਦੇ ਆਦਿ ਨੂੰ ਖੱਦਰ ਦੇ ਖੇਸ/ਦੁਪੱਟੇ ਦਿੰਦੇ ਸਨ। ਪਿੰਡ ਦੇ ਪੱਕੇ ਲਾਗੀਆਂ ਨੂੰ ਕਪੜੇ ਦਿੰਦੇ ਸਨ।

ਕਈ ਵੇਰ ਮੁੰਡੇ ਦੀ ਭੂਆ ਵੀ ਮੁੰਡੇ ਨੂੰ ਕੋਈ ਗਹਿਣਾ ਪਾਉਂਦੀ ਸੀ। ਮੁੰਡੇ ਦੀ ਮਾਂ ਨੇ ਆਪਣੇ ਉੱਪਰ ਫੁਲਕਾਰੀ/ਬਾਗ ਲਿਆ ਹੁੰਦਾ ਸੀ। ਮੁੰਡਾ ਕੁੱਛੜ ਚੁੱਕਿਆ ਹੁੰਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਵੇਖ ਸ਼ਗਨ ਦਿੰਦੇ ਸਨ। ਕਪੜੇ ਦਿੰਦੇ ਸਨ। ਨੈਣ ਤੜਾਗੀ ਪਾਉਂਦੀ ਸੀ। ਸੁਨਿਆਰ ਤੜਾਗੀ ਵਿਚ ਪਾਉਣ ਲਈ ਚਾਂਦੀ ਦਾ ਛੋਟਾ ਜਿਹਾ ਘੁੰਗਰੂ ਦਿੰਦਾ ਸੀ। ਤਰਖਾਣ ਗਡੀਰਾ ਲੈ ਕੇ ਆਉਂਦਾ ਸੀ। ਘੁਮਾਰੀ ਮਿੱਟੀ ਦੇ ਖਿਡਾਉਣੇ ਲਿਆਉਂਦੀ ਸੀ। ਘਰ ਦਾ ਚਮਾਰ ਮੁੰਡੇ ਲਈ ਛੋਟੇ ਜਿਹੇ ਤਿੱਲੇ ਨਾਲ ਕੱਢੇ ਹੋਏ ਮੌਜੇ ਲਿਆਉਂਦਾ ਸੀ। ਹੋਰ ਜਾਤਾਂ ਵਾਲੇ ਬਾਹਰੋਂ ਘਾਹ ਲਿਆ ਕੇ ਪਰਿਵਾਰ ਦੇ ਮੁਖੀਆ ਦੇ ਸਿਰ ਵਿਚ ਟੰਗ ਕੇ ਵਧਾਈਆਂ ਦਿੰਦੇ ਸਨ। ਸਾਰੇ ਲਾਗੀਆਂ ਨੂੰ ਕਪੜੇ, ਖੇਸ, ਦੁਪੱਟੇ, ਲਾਗ ਦਿੱਤਾ ਜਾਂਦਾ ਸੀ। ਸਾਰੇ ਆਏ ਰਿਸ਼ਤੇਦਾਰਾਂ ਦੀ ਸੂਟ, ਪੱਗ, ਖੇਸ, ਦੁਪੱਟੇ ਆਦਿ ਨਾਲ ਮਨੌਤ ਕੀਤੀ ਜਾਂਦੀ ਸੀ। ਕਈ ਵੇਰ ਮੁੰਡੇ ਦੀਆਂ ਭੂਆਂ ਨੂੰ ਮੱਝਾਂ ਤੱਕ ਵੀ ਦੇ ਦਿੱਤੀਆਂ ਜਾਂਦੀਆਂ ਸਨ। ਦੁਪਹਿਰ ਦੀ ਰੋਟੀ ਕੜਾਹ ਨਾਲ ਖਵਾਈ ਜਾਂਦੀ ਸੀ। ਸ਼ਰੀਕੇ ਵਾਲਿਆਂ ਦੇ ਘਰ ਮੁੰਡਿਆਂ ਵਿਚ ਕੜਾਹ ਰੱਖ ਕੇ ਪਰੋਸਾ ਭੇਜਿਆ ਜਾਂਦਾ ਸੀ। ਰਸਮ ਸਮੇਂ ਸੋਹਿਲੜੇ ਤੇ ਵਧਾਈਆਂ ਦੇ ਗੀਤ ਗਾਏ ਜਾਂਦੇ ਸਨ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ਮਿਲ ਕੇ ਪਹਿਲੇ ਮੁੰਡੇ ਦੀ ਛਟੀ ਮਨਾਉਂਦੇ ਸਨ।

ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਰਿਸ਼ਤੇਦਾਰਾਂ ਦਾ ਆਪਸ ਵਿਚ ਪਿਆਰ ਬਹੁਤ ਹੁੰਦਾ ਸੀ। ਸਾਰੇ ਕਾਰਜ ਸਾਰੇ ਰਿਸ਼ਤੇਦਾਰ ਮਿਲ ਕੇ ਕਰਦੇ ਸਨ। ਹੁਣ ਇਕਹਿਰੇ ਪਰਿਵਾਰ ਹਨ। ਲੋਕ ਬਹੁਤ ਪਦਾਰਥਵਾਦੀ ਬਣ ਗਏ ਹਨ। ਪਿਆਰ ਵਾਲੇ ਬਹੁਤੇ ਕਾਰਜ ਹੁਣ ਪੈਸੇ ਦੀ ਭੇਂਟ ਚੜ੍ਹ ਗਏ ਹਨ। ਏਸੇ ਕਰਕੇ ਹੀ ਹੁਣ ਛਟੀ ਦੀ ਰਕਮ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਮਨਾਈ ਜਾਂਦੀ ਹੈ।[1]

ਵਿਸ਼ੇਸ਼ ਰਸਮਾਂ[ਸੋਧੋ]

ਹਿੰਦੂਆਂ ਵਿੱਚ[ਸੋਧੋ]

ਛਟੀ ਦੇ ਦਿਨ ਹਿੰਦੂਆਂ ਵਿੱਚ ਵਿਸ਼ੇਸ਼ ਤੌਰ ਉੱਤੇ ਛਟੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।[2]

ਮੁਸਲਮਾਨਾਂ ਵਿੱਚ[ਸੋਧੋ]

ਛਟੀ ਦੇ ਦਿਨ ਮੁਸਲਮਾਨਾਂ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਅਤੇ ਦਾਅਵਤਾਂ ਦਿੱਤੀਆਂ ਜਾਂਦੀਆਂ ਹਨ। ਕਿਸੇ ਪੀਰ-ਫ਼ਕੀਰ ਦੀ ਖ਼ਾਨਗਾਹ ਉੱਤੇ ਚਿਰਾਗ ਜਲਾਏ ਜਾਂਦੇ ਹਨ। ਅਮੀਰ ਘਰਾਂ ਵਿੱਚ ਆਤਸਬਾਜ਼ੀ ਚਲਾਉਣ ਦਾ ਰਵਾਜ਼ ਵੀ ਹੈ।[2]

ਮੁਹਾਵਰੇ[ਸੋਧੋ]

ਇਸ ਦਿਨ ਦੇ ਸੰਬੰਧੀ ਬਹੁਤ ਸਾਰੇ ਮੁਹਾਵਰੇ ਹਨ। ਪਰ ਸਭ ਤੋਂ ਮਸ਼ਹੂਰ ਮੁਹਾਵਰਾ ਛਟੀ ਦਾ ਦੁੱਧ ਯਾਦ ਆਉਣ ਦਾ ਮੁਹਾਵਰਾ ਹੈ। ਇਹ ਮਹਾਵਰਾ ਅਕਸਰ ਦੁੱਖ ਅਤੇ ਤਕਲੀਫ ਵਿੱਚ ਜਾਂ ਤਕਲੀਫ ਪਹੁੰਚਾਣ ਉੱਤੇ ਬੋਲਿਆ ਜਾਂਦਾ ਹੈ।

ਕੁੱਝ ਹੋਰ ਮੁਹਾਵਰੇ ਇਹ ਹਨ:

  • ਛਟੀ ਦਾ ਰਾਜਾ (ਗਰੀਬ)
  • ਛਟੀ ਦਾ ਖਾਧਾ ਪੀਤਾ ਕੱਢਣਾ (ਸਖ਼ਤ ਦੰਡ ਦੇਣਾ)
  • ਛਟੀ ਦੇ ਪੋਤੜੇ ਅਜੇ ਤੱਕ ਨਹੀਂ ਸੁੱਕੇ (ਬੇਵਕੂਫੀ ਦੀਆਂ ਗੱਲਾਂ ਕਰਨ ਤੇ ਕਿਹਾ ਜਾਂਦਾ ਹੈ)

ਇਸ ਬਾਰੇ ਅਮੀਰ ਲਖਨਵੀ ਦਾ ਮਸ਼ਹੂਰ ਉਰਦੂ ਸ਼ੇਅਰ ਹੈ:

ਜਾਨਿਬ ਮੈਕਦਾ ਕ੍ਯਾ ਵੋ ਸਿਤਮ-ਈਜਾਦ ਯਾਦ
ਮੈਕਸ਼ੋ ਦੂਧ ਛਟੀ ਕਾ ਜੋ ਤੁਮਹੇਂ ਯਾਦ ਆਯਾ

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. 2.0 2.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਦਿੱਲੀ. p. 1350.