ਛਿੰਗ ਤਵੀਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸਤਰੀਆਂ ਦੇ ਗਲ ਵਿਚ ਪਾਉਣ ਵਾਲੇ ਕਾਲੇ/ਲਾਲ ਸੂਤ ਦੀ ਡੋਰੀ ਵਿਚ ਪਰੋਏ ਹੋਏ ਸੋਨੇ ਦੇ ਤਵੀਤਾਂ ਵਾਲੇ ਗਹਿਣੇ ਨੂੰ, ਜਿਸ ਦੇ ਵਿਚਾਲੇ ਛਿੰਗ ਪਰੋਈ ਹੁੰਦੀ ਹੈ, ਛਿੰਗ ਤਵੀਤ ਕਹਿੰਦੇ ਹਨ। ਛਿੰਗ ਤਵੀਤ ਪਹਿਲੇ ਸਮਿਆਂ ਦਾ ਇਕ ਮਸ਼ਹੂਰ ਗਹਿਣਾ ਹੈ। ਆਮ ਪਹਿਨਿਆ ਜਾਂਦਾ ਸੀ। ਛਿੰਗ ਤਵੀਤ ਦੇ ਤਵੀਤ ਦੀ ਸ਼ਕਲ ਅੱਜ ਦੇ ਟੂਣੇ ਕਰਨ ਵਾਲੇ ਤਵੀਤ ਵਰਗੀ ਨਹੀਂ ਹੁੰਦੀ ਸੀ। ਛਿੰਗ ਤਵੀਤ ਦਾ ਤਵੀਤ ਤਾਂ ਸੋਨੇ ਦੇ ਇਕਹਿਰੇ ਪੱਤਰੇ ਦਾ ਬਣਿਆ ਹੁੰਦਾ ਸੀ। ਜਦਕਿ ਟੂਣੇ ਵਾਲਾ ਤਵੀਤ ਇਕ ਡੱਬੀਦਾਰ ਤਵੀਤ ਹੁੰਦਾ ਹੈ ਜਿਸ ਦੀ ਡੱਬੀ ਵਿਚ ਟੂਣੇ ਦਾ ਕਾਗਜ਼/ਵਸਤ ਪਾ ਕੇ ਤਵੀਤ ਬੰਦ ਕੀਤਾ ਜਾਂਦਾ ਹੈ।ਛਿੰਗ ਤਿੱਖੀ ਨੋਕ ਵਾਲੀ ਇਕ ਛੋਟੀ ਜਿਹੀ ਗੁਲਾਈ ਵਾਲੀ ਛੁਰੀ ਹੁੰਦੀ ਹੈ ਜਿਸ ਨੂੰ ਦੰਦਾਂ ਵਿਚ ਫਸੀ ਵਸਤ ਨੂੰ ਕੱਢਣ ਲਈ ਵੀ ਵਰਤਿਆ ਜਾਂਦਾ ਹੈ।ਹੁਣ ਛਿੰਗ ਤਵੀਤ ਰਹਿਣਾ ਸਾਡੇ ਅੱਜ ਦੇ ਗਹਿਣਿਆਂ ਵਿਚੋਂ ਅਲੋਪ ਹੋ ਗਿਆ ਹੈ।[1]

ਸੱਜਣਾ ਤੇ ਸੰਵਰਨਾ ਔਰਤ ਦੀ ਫਿਤਰਤ ਹੈ, ਉਸਦਾ ਸ਼ੌਂਕ ਹੈ। ਸੱਜਣਾ, ਸਵਰਣਾ, ਸੋਹਣਾ ਬਨਣਾ ਤੇ ਦੂਜਿਆਂ ਨੂੰ ਸੋਹਣਾ ਬਣ ਕੇ ਵਿਖਾਉਣ ਦਾ ਹਰ ਔਰਤ ਨੂੰ ਸ਼ੌਂਕ ਹੁੰਦਾ ਹੈ। ਆਦਿਕਾਲ ਤੋਂ ਹੀ ਔਰਤ ਆਪਣੇ ਆਪ ਨੂੰ ਸੱਜ ਧੱਜ ਨਾਲ ਵਿਚਰਨ ਵਿਚ ਖ਼ੁਸ਼ੀ ਮਹਿਸੂਸ ਕਰਦੀ ਆਈ ਹੈ। ਲੱਖਾਂ ਲੋਕ, ਸਾਡੀ ਕਾਸਮੈਟਿਕ ਇੰਡਸਟ੍ਰੀ ਤੇ ਉਸ ਵਿਚ ਕੰਮ ਕਰਦੇ ਕਰਿੰਦੇ, ਬਿਉਟੀ ਪਾਰਲਰ ਇਸੇ ਸਿਧਾਂਤ ਤੇ ਟਿਕੇ ਹੋਏ ਹਨ ਅਤੇ ਆਪਣਾ ਪੇਟ ਪਾਲ ਰਹੇ ਹਨ।

ਹਾਲਾਂਕਿ ਅੱਜ ਆਧੁਨਿਕਤਾ ਦੀ ਹਵਾ ਨੇ ਸਾਨੂੰ ਘੇਰ ਲਿਆ ਹੈ ਪਰ ਬੀਤੇ ਵੇਲਿਆਂ ’ਚ ਕੁੜੀਆਂ ਮਾਪਿਆਂ ਦੇ ਘਰ ਬਨ ਸੰਵਰ ਕੇ ਪੂਰਨ ਰੂਪ ’ਚ ਵਿਚਰਣ ਵਿਚ ਰੋਕ ਟੋਕ ਮਹਿਸੂਸ ਕਰਦੀਆਂ ਰਹੀਆਂ ਹਨ, ਸਾਡਾ ਸਭਿਆਚਾਰ ਵੀ ਇਸ ਦੀ ਹਾਮੀ ਭਰਦਾ ਹੈ ਪਰ ਸਹੁਰੇ ਘਰ ਉਸਦੀ ਇਸ ਆਸ ਦੀ ਤ੍ਰਿਪਤੀ ਹੁੰਦੀ ਰਹੀ ਹੈ। ਪਤੀ ਦੇ ਪਿਆਰ ਤੋਂ ਬਿਨਾਂ ਇਕ ਹੋਰ ਆਤਮਿਕ ਰੱਜ ਜਿਹੜਾ ਔਰਤ ਨੂੰ ਸਹੁਰੇ ਘਰ ਜਾ ਕੇ ਮਿਲਦਾ ਹੈ, ਉਹ ਆਪਣੇ ਸ਼ਰੀਰ ਨੂੰ ਸ਼ਿੰਗਾਰਣ ਦਾ ਹੀ ਹੈ। ਬੋਲੀਆਂ ਵਿਚ ਇਹ ਆਖਣਾ ਕਿ ਰੱਬਾ ਮਾਹੀਆ ਦੇ ਦੇ ਰਾਂਝਣੇ ਦੀ ਫੱਬ ਵਰਗਾ ਆਖਣ ਦਾ ਮਕਸਦ ਵੀ ਇਹੋ ਜਾਪਦਾ ਹੈ ਕਿ ਉਹ ਉਸ ਨਾਲ ਇਕ ਮਿਕ ਹੋਇਆ ਉਸ ਨੂੰ ਸ਼ਰੀਰ ਨੂੰ ਸਜਾਉਣ ਤੋਂ ਵਰਜੇਗਾ ਨਹੀਂ।

ਅਸਲ ਵਿਚ ਹਾਰ ਸ਼ਿੰਗਾਰ ਔਰਤ ਦੀ ਆਤਮਾ ਦੀ ਤੜਪ ਰਹੀ ਹੈ। ਅੱਡੀ ’ਚ ਕੰਡਾ ਲੱਗਣ ਨਾਲ ਤਾਂ ਭਾਵੇ ਇਸਤਰੀ ਕੁਰਲਾ ਉਠੇ ਪਰ ਇਕ ਚਾਰ–ਪੰਜ ਸਾਲ ਦੀ ਬਾਲੜੀ ਵੀ ਖੁਸ਼ੀ ਖੁਸ਼ੀ ਸੂਈ ਨਾਲ ਕੰਨਾਂ ਦੀਆਂ ਪੇਪੜੀਆਂ ’ਚ ਮੋਰੀਆਂ ਕੱਢਵਾ ਲਵੇਗੀ, ਕਿਉਂਕਿ ਇਨਾਂ ਮੋਰੀਆਂ ਵਿਚ ਉਸ ਨੇ ਕਦੀ ਕਾਂਟੇ, ਪਿੱਪਲ ਪੱਤੀਆਂ, ਲੋਟਨ, ਵਾਲੇ–ਵਾਲੀਆਂ, ਝੁਮਕੇ ਡੰਡੀਆਂ, ਮੁਰਕੀਆਂ ਆਦਿ ਗਹਿਣੇ ਪਾਉਂਣੇ ਹੁੰਦੇ ਹਨ ਅਤੇ ਇਸ ਤਰਾਂ ਆਪਣਾ ਰੂਪ ਵਧਾਉਣਾ ਹੁੰਦਾ ਹੈ। ਇਨਾਂ ਪਿਆਰ ਹੈ ਔਰਤ ਨੂੰ ਆਪਣੇ ਰੂਪ–ਸ਼ਿੰਗਾਰ ਨਾਲ।

ਸਮਾਜ ਦੇ ਸੁਧਾਰਕ ਅੰਗ ’ਚ ਇਸ ਵੇਲੇ ਗਹਿਣਿਆਂ ਤੇ ਹੋਰ ਸੁੰਦਰਤਾ ਵਧਾਉਣ ਵਾਲੀਆਂ ਚੀਜਾਂ ਵਿਰੁਧ ਕਾਫ਼ੀ ਜਜ਼ਬਾ ਹੈ। ਸ਼ਾਇਦ ਹਮੇਸ਼ਾ ਤੋਂ ਹੀ ਰਿਹਾ ਹੋਵੇਗਾ। ਪਰ ਇਹ ਜਜ਼ਬਾ ਕਦੀ ਔਰਤ ਨੂੰ ਆਪਣੇ ਆਪ ਨੂੰ ਸ਼ਿੰਗਾਰਨੋਂ ਨਹੀਂ ਰੋਕ ਸਕਿਆ। ਉਨਾਂ ਗਹਿਣਿਆਂ ਦੇ ਨਾਂ ਸੁਣੋ ਜਿਨਾਂ ’ਚੋਂ ਕੁੱਟ ਤਾਂ ਅੱਜ ਆਪਣਾ ਵਜੂਦ ਗੁਆ ਚੁੱਕੇ ਹਨ ਅਤੇ ਕੁੱਝ ਲਾਕਰਾਂ ’ਚ ਪਏ ਸਿਸਕ ਰਹੇ ਹਨ ਪਰ ਔਰਤ ਦੀ ਸੁੰਦਰਤਾਂ ਵਧਾਉਣ ’ਚ ਬੀਤੇ ਸਮਿਆਂ ’ਚ ਆਪਣੀ ਹਾਜ਼ਰੀ ਲਗਵਾਉਂਦੇ ਰਹੇ ਹਨ : ਬੁੰਦ, ਵਾਲੀਆਂ, ਕਾਂਟੇ, ਚੌਂਕ, ਬੁੰਦੇ, ਜੁਗਨੀ, ਬਾਂਕਾਂ, ਮੁੰਦਰਾਂ, ਮੁੰਦਰੀ, ਚੰਦ ਟਿੱਕਾ, ਠੂਠੀ, ਫੁੱਲ, ਕੈਂਠਾ, ਡੰਡੀਆਂ, ਵੰਗਾਂ, ਨੱਤੀਆਂ, ਗੋਖੜੂ, ਨੱਥ, ਮਛਲੀ, ਲੌਂਗ, ਬਘਿਆੜੀ, ਤਵੀਤ, ਬਾਜੂ–ਬੰਦ, ਲੋਟਣ, ਝਾਂਜਰਾਂ, ਛੱਲਾ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.