ਸਮੱਗਰੀ 'ਤੇ ਜਾਓ

ਛੱਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
  ‘‘ਛੱਜ ਦੀ ਵੀ ਕਦੇ ਸਰਦਾਰੀ ਹੁੰਦੀ ਸੀ’’
                   ਸੁਖਵੀਰ ਸਿੰਘ ਕੰਗ
   ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੇਂਡੂ ਪੰਜਾਬੀ ਘਰਾਂ ਵਿੱਚ ਮੁੱਢ ਤੋਂ ਹੀ ਖੇਤੀ ਨਾਲ ਸਬੰਧਿਤ ਸੰਦਾਂ, ਸਾਧਨਾਂ ਅਤੇ ਭਾਂਡਿਆਂ ਨੂੰ ਬੜੇ ਪਿਆਰ ਨਾਲ ਵਰਤਿਆ ਅਤੇ ਸਾਂਭਿਆ ਜਾਂਦਾ ਰਿਹਾ ਹੈ। ਛੱਜ ਵੀ ਖੇਤੀ ਲਈ ਵਰਤੇ ਜਾਂਦੇ ਸੰਦਾਂ ਵਿੱਚੋਂ ਇੱਕ ਹੈ, ਜਿਸਨੂੰ ਖੇਤੀ ਸੱਭਿਆਚਾਰ ਵਿੱਚ ਖਾਸ ਸਨਮਾਨ ਹਾਸਿਲ ਰਿਹਾ ਹੈ। ਛੱਜ ਕਾਨਿਆਂ ਨੂੰ ਬੜੇ ਕਲਾਤਮਕ ਤਰੀਕੇ ਨਾਲ ਖਾਸ ਕਿਸਮ ਦੀ ਤਾਰ ਨਾਲ ਪਰੋ ਕੇ ਬਣਾਇਆ ਜਾਂਦਾ ਹੈ। ਕਾਨਿਆਂ ਦਾ ਬਣਿਆ ਹੋਣ ਕਾਰਨ ਇਹ ਬਹੁਤ ਹੌਲਾ ਹੁੰਦਾ ਹੈ ਅਤੇ ਤਿਲਕਣਾ ਤਲ ਹੋਣ ਕਾਰਨ ਇਸ ਨਾਲ ਅਨਾਜ ਜਾਂ ਫੂਸ ਚਿਪਕਦਾ ਨਹੀਂ ਅਤੇ ਇੱਕ ਹੱਥ ਮਾਰ ਕੇ ਇਸਨੂੰ ਆਸਾਨੀ ਨਾਲ ਝਾੜਿਆ ਜਾ ਸਕਦਾ ਹੈ। ਛੱਜ ਬੋਹਲ ਦਾ ਰਾਜਾ ਹੁੰਦਾ ਸੀ। ਕਣਕ ਅਤੇ ਹੋਰ ਫ਼ਸਲਾਂ ਦੇ ਪੱਕ ਜਾਣ ਤੇ ਵੱਢਣ ਤੋ ਬਾਅਦ ਬਲਦਾਂ ਨਾਲ ਗਾਹਿਆ (ਦਰੜਿਆ) ਜਾਂਦਾ ਸੀ ਫਿਰ ਅਨਾਜ ਵਿੱਚੋਂ ਫੂਸ ਆਦਿ ਵੱਖ ਕਰਨ ਲਈ ਛੱਜ ਵਿੱਚ ਪਾ ਕੇ ਹਵਾ ਦੇ ਰੁੱਖ ਅਨੁਸਾਰ ਉਚਾਈ ਤੋਂ ਸੁੱਟਿਆ ਜਾਂਦਾ ਸੀ। ਜਿਸ ਨਾਲ ਫੂਸ ਹਵਾ ਨਾਲ ਉੱਡ ਕੇ ਵੱਖ ਹੋ ਜਾਂਦਾ ਅਤੇ ਅਨਾਜ ਧਰਤੀ ਦੀ ਗੁਰੂਤਾ ਅਤੇ ਵਜਨ ਨਾਲ ਸਿੱਧਾ ਛੱਜ ਤੋਂ ਹੇਠਾਂ ਡਿੱਗਦਾ ਜਾਂਦਾ। ਅਨਾਜ ਦੀਆਂ ਕੁਝ ਕਿਸਮਾਂ ਛੱਜ ਨਾਲ ਛੰਡ ਕੇ ਭਾਵ ਉਛਾਲ ਕੇ ਸਾਫ ਕੀਤੀਆਂ ਜਾਂਦੀਆਂ ਸਨ। ਇਸ ਪ੍ਰਕਾਰ ਛੱਜ ਧਰਤੀ ਦੀ ਗੁਰੂਤਾ ਅਤੇ ਹਵਾ ਦੇ ਪ੍ਰਭਾਵ ਨਾਲ ਅਨਾਜ ਦੀ ਸਫਾਈ ਦਾ ਮੁੱਖ ਸਾਧਨ ਸੀ। ਉਹਨਾਂ ਸਮਿਆਂ ਵਿੱਚ ਜਿਆਦਾਤਰ ਅਨਾਜ ਛੱਜ ਕੇ ਮੂੰਹ ਰਾਹੀਂ ਹੋ ਕੇ ਹੀ ਘਰਾਂ ਤੱਕ ਪਹੁੰਚਦਾ ਸੀ। ਇਸ ਕਰਕੇ ਛੱਜ ਬਰਕਤ ਦਾ ਪ੍ਰਤੀਕ ਹੁੰਦਾ ਸੀ। ਜਦੋਂ ਛੱਜ ਪੁਰਾਣਾ ਹੋ ਜਾਂਦਾ ਅਤੇ ਵਰਤੋ ਯੋਗ ਨਹੀਂ ਰਹਿੰਦਾ ਸੀ ਤਾਂ ਇਸਨੂੰ ਸੁੱਟਿਆ ਨਹੀਂ ਜਾਂਦਾ ਸੀ ਬਲਕਿ ਛੱਜ ਨੂੰ ਵਧਾਉਣ ਦੀ ਰਸਮ ਪ੍ਰਚਲਿਤ ਸੀ। ਪੁਰਾਣੇ ਹੋ ਚੁੱਕੇ ਛੱਜ ਨੂੰ ਘਰ ਵਿੱਚ ਖਾਲੀ ਨਹੀਂ ਰੱਖਿਆ ਜਾਂਦਾ ਸੀ ਬਲਕਿ ਇਸ ਵਿੱਚ ਕੁਝ ਅਨਾਜ ਪਾ ਕੇ ਰੱਖਿਆ ਜਾਂਦਾ ਸੀ। ਜਦੋਂ ਦਰ ਤੇ ਕੋਈ ਮੰਗਣ ਆਉਂਦਾ ਤਾਂ ਛੱਜ ਵਿੱਚੋਂ ਹੀ ਉਸਨੂੰ ਅਨਾਜ ਦਾਨ ਕੀਤਾ ਜਾਂਦਾ ਸੀ। ਫਿਰ ਖੇਤੀ ਸੰਦਾਂ ਦੇ ਮਸ਼ੀਨੀ ਕਰਨ ਹੋ ਜਾਣ ਨਾਲ ਛੱਜ ਦੀ ਸਰਦਾਰੀ ਅਲੋਪ ਹੁੰਦੀ ਗਈ। ਪਹਿਲਾਂ ਜਿਆਦਾ ਖਰਚਾ ਕਰਕੇ ਵਿਆਹੀ ਨੂੰਹ ਧੀ ਬਾਰੇ ਕਿਹਾ ਜਾਂਦਾ ਸੀ ਕਿ ਛੱਜ ਗਹਿਣਿਆਂ ਦਾ ਪਾ ਕੇ ਵਿਆਹ ਕੇ ਲਿਆਂਦੀ ਸੀ ਜਾਂ ਤੋਰੀ ਸੀ। ਅੱਜ ਛੱਜ ਸਿਰਫ ਨਾਨਕ ਛੱਕ ਦੀ ਰਸਮ ਵਜੋਂ ਵਿਆਹ ਤੋਂ ਇੱਕ ਦਿਨ ਪਹਿਲੀ ਰਾਤ ਜਾਗੋ ਵੇਲੇ ਤੋੜਨ ਸਮੇਂ ਹੀ ਦੇਖਣ ਨੂੰ ਮਿਲਦਾ ਹੈ। ਇੱਥੇ ਵੀ ਛੱਜ ਬਰਕਤ ਅਤੇ ਦਾਨ ਦਾ ਪ੍ਰਤੀਕ ਹੈ। ਨਾਨਕ ਛੱਕ ਅਤੇ ਸੰਧਾਰਾ ਔਰਤ ਦੀ ਪੇਕਿਆਂ ਵੱਲ ਛੱਡੀ ਜਾਇਦਾਦ ਦੇ ਹੱਕ ਵਜੋਂ ਦੇਖਿਆ ਜਾਂਦਾ ਹੈ। ਪੰਜਾਬੀ ਘਰ ਦੀ ਧੀ ਦੇ ਬੱਚਿਆਂ ਦੇ ਵਿਆਹ ਤੇ ਨਾਨਕ ਛੱਕ ਵਜੋਂ ਦਿੱਤਾ ਸਮਾਨ ਛੱਜ ਭਰਕੇ ਭਾਵ ਖੁੱਲੇ ਦਿਲ ਨਾਲ ਦਿੱਤਾ ਜਾਂਦਾ ਹੈ। ਇਸ ਦਾਨ ਕੀਤੇ ਸਮਾਨ ਦੇ ਬਦਲੇ  ਕੁਝ ਵੀ ਨਾ ਲੈਣ ਅਤੇ ਖਾਲੀ ਛੱਜ ਵਾਪਸ ਨਾ ਲੈ ਕੇ ਜਾਣ ਕਾਰਨ ਹੀ ਇਸਨੂੰ ਵਿਆਹ ਤੋਂ ਪਹਿਲੀ ਰਾਤ ਨੱਚ ਗਾ ਕੇ ਤੋੜਨ ਦੀ ਰਸਮ ਅੱਜ ਵੀ ਪ੍ਰਚਲਿਤ ਹੈ। ਇਸ ਰਸਮ ਦੌਰਾਨ ਬੋਲੀ ਪਾਈ ਜਾਂਦੀ ਹੈ:
 
 ‘‘ਤੋੜ ਦਿਓ ਨੀ ਇਸ ਭਾਗਾਂ ਵਾਲੇ ਛੱਜ ਨੂੰ’’

ਪੰਜਾਬੀ ਕਹਾਵਤਾਂ ਵਿੱਚ ਵੀ ਛੱਜ ਨੂੰ ਵਰਤਿਆ ਜਾਂਦਾ ਹੈ। ਕਿਸੇ ਝੂਠੇ ਬੰਦੇ ਨੂੰ ਟੋਕਣ ਅਤੇ ਚੁੱਪ ਕਰਾਉਣ ਲਈ ਕਿਹਾ ਜਾਂਦਾ ਹੈ ਕਿ ‘‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’’ ਅਤੇ ਕਿਸੇ ਗੱਲ ਨੂੰ ਜਿਆਦਾ ਉਛਾਲਣ ਤੇ ‘‘ਛੱਜ ਵਿੱਚ ਪਾ ਕੇ ਛੱਟਣਾ’’ਕਹਾਵਤ ਵਰਤੀ ਜਾਂਦੀ ਹੈ। ਭਾਵੇਂ ਕਿ ਛੱਜ ਅੱਜ ਖਲਵਾੜਿਆਂ ਦਾ ਸੁਲਤਾਨ ਤਾਂ ਨਹੀਂ ਰਿਹਾ ਪਰ ਅੱਜ ਵੀ ਕਾਫੀ ਪੰਜਾਬੀ ਘਰਾਂ ਵਿੱਚ ਬਰਕਤ, ਭਾਗ ਅਤੇ ਦਾਨ ਦੇਣ ਦੇ ਪ੍ਰਤੀਕ ਵੱਜੋਂ ਸੰਭਾਲ ਕੇ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਛੱਜ ਦਾ ਅੱਜ ਵੀ ਪੰਜਾਬ ਵਿਰਾਸਤ ਵਿੱਚ ਵਜੂਦ ਕਾਇਮ ਹੈ ਅਤੇ ਅੱਗੇ ਵੀ ਰਹੇਗਾ।

ਸੁਖਵੀਰ ਸਿੰਘ ਕੰਗ , ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ, ਤਹਿ: ਸਮਰਾਲਾ ਜ਼ਿਲ੍ਹਾ ਲੁਧਿਆਣਾ ਮੋਬਾ: 85678-72291

ਛੱਜ ਕਾਨਿਆਂ ਦੀਆਂ ਤੀਲਾਂ ਅਤੇ ਬਾਂਸ ਨੂੰ ਚਮੜੇ ਨਾਲ ਗੰਢ ਕੇ ਬਣਾਇਆ ਜਾਂਦਾ ਹੈ।ਛੱਜ ਨੂੰ ਦਾਣੇ ਛੰਡ ਕੇ ਸਾਫ ਕਰਨ ਲਈ ਵਰਤਿਆ ਜਾਂਦਾ ਹੈ।ਪਰੰਪਰਾਗਤ ਖੇਤੀ ਵਿੱਚ ਦਾਣਿਆਂ ਦੀ ਕਢਾਈ ਵਿੱਚ ਛੱਜ ਦਾ ਮਹੱਤਵਪੂਰਨ ਥਾਂ ਰਿਹਾ ਹੈ।ਛੱਜ ਬਣਾਉਣ ਵਾਲਿਆਂ ਨੂੰ ਛੱਜ ਘਾੜੇ ਕਿਹਾ ਜਾਂਦਾ ਹੈ।

ਹਵਾਲੇ

[ਸੋਧੋ]