ਸਮੱਗਰੀ 'ਤੇ ਜਾਓ

ਛੱਪਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਲੱਕੜ ਦੀਆਂ ਬੱਲੀਆਂ ਉਪਰ ਸਲਵਾੜ/ਕਾਹੀ/ਫੂਸ ਆਦਿ ਨਾਲ ਪਾਈ ਗਈ ਛੱਤ ਨੂੰ ਛੱਪਰੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਛੱਪਰੀ ਨੂੰ ਛੰਨ, ਝੁੱਗੀ, ਝੌਂਪੜੀ, ਕੁੱਲੀ ਵੀ ਕਹਿੰਦੇ ਹਨ। ਪਹਿਲਾਂ ਮੁੱਢਲੀ ਸਾਰੀ ਵਸੋਂ ਛੱਪਰੀਆਂ ਵਿਚ ਹੀ ਰਹਿੰਦੀ ਸੀ। ਪਸ਼ੂ ਛੱਪਰਾਂ ਵਿਚ ਰੱਖੇ ਜਾਂਦੇ ਸਨ। ਪਹਿਲਾਂ ਸਾਰੀ ਦੀ ਸਾਰੀ ਛੱਪਰੀ ਸਲਵਾੜ ਦੀ ਬਣਾਈ ਜਾਂਦੀ ਸੀ।

ਛੱਪਰੀ ਦੀਆਂ ਛੱਤਾਂ ਕਾਫੀ ਨੀਵੀਆਂ ਪਾਈਆਂ ਜਾਂਦੀਆਂ ਹਨ। ਜਿੰਨ੍ਹੀ ਲੰਬੀ, ਚੌੜੀ ਤੇ ਉੱਚੀ ਛੱਪਰੀ ਬਣਾਉਣੀ ਹੁੰਦੀ ਸੀ, ਉਸ ਅਨੁਸਾਰ ਹੀ ਲੰਬੀਆਂ ਬੱਲੀਆਂ ਲਈਆਂ ਜਾਂਦੀਆਂ ਸਨ। ਚਾਰ ਬੱਲੀਆਂ ਨੂੰ ਬਣਨ ਵਾਲੀ ਛੱਪਰੀ ਦੀ ਲੰਬਾਈ ਚੌੜਾਈ ਅਨੁਸਾਰ ਧਰਤੀ ਵਿਚ ਗੱਡਿਆ ਜਾਂਦਾ ਸੀ। ਲੰਬਾਈ ਵਾਲੇ ਪਾਸੇ ਦੀਆਂ ਅਗਲੀ ਦੋ ਬੱਲੀਆਂ ਨਾਲ 6 ਕੁ ਫੁੱਟ ਦੀ ਉਚਾਈ ਤੇ ਇਕ ਬੱਲੀ ਬੰਨ੍ਹ ਦਿੰਦੇ ਸਨ। ਏਸੇ ਤਰ੍ਹਾਂ ਹੀ ਲੰਬਾਈ ਵਾਲੇ ਪਾਸੇ ਦੀਆਂ ਪਿਛਲੀਆਂ ਦੋ ਬੱਲੀਆਂ ਨਾਲ 8 ਕੁ ਫੁੱਟ ਦੀ ਉਚਾਈ ਤੇ ਇਕ ਬੱਲੀ ਬੰਨ੍ਹੀ ਜਾਂਦੀ ਸੀ। ਫੇਰ ਅਗਲੀਆਂ ਤੇ ਪਿਛਲੀਆਂ ਬੰਨ੍ਹੀਆਂ ਬੱਲੀਆਂ ਉਪਰ ਚੌੜੇ ਲੋਟ ਦੋ ਬੱਲੀਆਂ ਬੰਨ੍ਹ ਦਿੰਦੇ ਸਨ। ਇਹ ਛੱਪਰੀ ਦਾ ਫਰੇਮ ਬਣ ਜਾਂਦਾ ਸੀ। ਚੌੜੇ ਲੋਟ ਬੰਨ੍ਹੀਆਂ ਦੋਵੇਂ ਬੱਲੀਆਂ ਦੀ ਸ਼ਕਲ ਉਚਾਈ ਤੋਂ ਨਿਵਾਣ ਵਾਲੀ, ਢਾਲਵੀਂ ਬਣ ਜਾਂਦੀ ਸੀ। ਏਸ ਬਣੇ ਢਾਲਵੀਂ ਫਰੇਮ ਉਪਰ ਲੋੜ ਅਨੁਸਾਰ ਹੋਰ ਡੰਡੇ ਵੀ ਬੰਨ੍ਹੇ ਜਾਂਦੇ ਸਨ। ਫੇਰ ਉਸ ਉਪਰ ਸਲਵਾੜ/ਕਾਹੀ/ਫੂਸ ਨਾਲ ਛੱਤ ਪਾ ਦਿੰਦੇ ਸਨ। ਛੱਤ ਢਾਲਵੀਂ ਹੋਣ ਕਰਕੇ ਮੀਂਹ ਦਾ ਪਾਣੀ ਛੱਪਰੀ ਉਪਰ ਨਹੀਂ ਖੜ੍ਹਦਾ ਸੀ।

ਧਰਤੀ ਵਿਚ ਗੱਡੀਆਂ ਬੱਲੀਆਂ ਦੇ ਨਾਲ ਨਾਲ ਫੇਰ 3 ਕੁ ਇੰਚ ਡੂੰਘੀ ਖਾਈ ਪੱਟ ਕੇ ਉਸ ਵਿਚ ਖੜਵੇਂ ਲੋਟ ਸਲਵਾੜ/ਕਾਹੀ ਦੀਆਂ, ਵਿਚ ਵਿਚ ਡੰਡੇ ਲਾ ਕੇ, ਕੰਧਾਂ ਛੱਪਰੀ ਦੀ ਛੱਤ ਤੱਕ ਤਿੰਨ ਪਾਸੇ ਬਣਾਈਆਂ ਜਾਂਦੀਆਂ ਸਨ। ਚੌਥੇ ਅਗਲੇ ਪਾਸੇ ਅੰਦਰ ਜਾਣ ਨੂੰ ਥੋੜ੍ਹੀ ਜਿਹੀ ਥਾਂ ਦਰਵਾਜ਼ੇ ਲਈ ਛੱਡ ਕੇ ਬਾਕੀ ਥਾਂ 'ਤੇ ਵੀ ਸਲਵਾੜ/ਕਾਹੀ ਦੀ ਕੰਧ ਬਣਾਈ ਜਾਂਦੀ ਸੀ। ਅੰਦਰ ਜਾਣ ਲਈ ਛੱਡੀ ਹੋਈ ਥਾਂ ਲਈ ਫਿੜਕਾ ਬਣਾਇਆ ਜਾਂਦਾ ਸੀ। ਫਿੜਕੇ ਨੂੰ ਲੋੜ ਅਨੁਸਾਰ ਦਰਵਾਜ਼ੇ ਨੂੰ ਬੰਦ ਕਰਨ ਲਈ ਅਤੇ ਖੋਲ੍ਹਣ ਲਈ ਵਰਤ ਲਿਆ ਜਾਂਦਾ ਸੀ। ਜੋ ਛੱਪਰ ਬਣਾਇਆ ਜਾਂਦਾ ਸੀ, ਉਹ ਗਰਮੀਆਂ ਵਿਚ ਚਾਰੇ ਪਾਸੇ ਤੋਂ ਖੁੱਲ੍ਹਾ ਰੱਖਿਆ ਜਾਂਦਾ ਸੀ। ਸਰਦੀਆਂ ਵਿਚ ਫਿੜਕੇ ਲਾ ਕੇ ਬੰਦ ਕਰ ਲਿਆ ਜਾਂਦਾ ਸੀ।

ਹੁਣ ਪੰਜਾਬ ਦੀ ਬਹੁਤੀ ਮਨੁੱਖੀ ਵਸੋਂ ਅਤੇ ਪਸ਼ੂ ਪੱਕੇ ਘਰਾਂ ਵਿਚ ਰਹਿੰਦੇ ਸਨ। ਕਿਤੇ ਕਿਤੇ ਹੀ ਕੱਚੇ ਘਰ ਅਤੇ ਛੱਪਰ ਹਨ। ਦਰਿਆਵਾਂ ਦੇ ਕੰਢਿਆਂ ਦੇ ਨੇੜੇ ਅਜੇ ਵੀ ਬਹੁਤੇ ਗਰੀਬ ਪਰਿਵਾਰ ਛੱਪਰੀਆਂ ਵਿਚ ਰਹਿੰਦੇ ਹਨ। ਉਨ੍ਹਾਂ ਦੇ ਪਸ਼ੂਆਂ ਲਈ ਵੀ ਛੱਪਰ ਹਨ।

ਕਈ ਅਮੀਰ ਪਰਿਵਾਰਾਂ ਦੇ ਫਾਰਮ ਹਾਊਸਾਂ ਅਤੇ ਕੋਠੀਆਂ ਵਿਚ ਅਤੇ ਕਈ ਹੋਟਲਾਂ ਵਿਚ ਬੈਠਣ ਲਈ ਖਾਣਾ ਖਾਣ ਲਈ ਗੋਲ ਛੱਪਰੀਆਂ ਬਣੀਆਂ ਹੋਈਆਂ ਹਨ। ਕਈ ਅਮੀਰਜ਼ਾਦਿਆਂ ਨੇ ਆਪਣੀਆਂ ਕੋਠੀਆਂ ਦੇ ਕੋਨਿਆਂ ਵਿਚ ਛੱਪਰੀਆਂ ਨੂੰ ਬਤੌਰ ਸਜਾਵਟੀ ਪੀਸ ਦੇ ਤੌਰ 'ਤੇ ਵੀ ਬਣਾ ਕੇ ਰੱਖਿਆ ਹੋਇਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.