ਜਲੂਰ
ਜਲੂਰ ਪਿੰਡ ਡਾਕਖਾਨਾ ਰਾਏਧਰਾਣਾ, ਜ਼ਿਲ੍ਹਾ ਸੰਗਰੂਰ ਦੀ ਸਬ ਡਿਵੀਜ਼ਨ ਲਹਿਰਾਗਾਗਾ ਅਧੀਨ ਆਉਂਦਾ ਹੈ। ਪਿੰਡ ਜਲੂਰ ਪੁਰਾਤਨ ਪਿੰਡਾਂ ਵਿੱਚੋਂ ਇੱਕ ਹੈ। ਇਹ ਪਿੰਡ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ’ਤੇ ਸਥਿਤ ਹੈ। ਦਫਤਰੀ ਕਾਰਵਾਈ ਵਿੱਚ ਪਿੰਡ ਜਲੂਰ ਨੂੰ ਝਲੂਰ ਵੀ ਲਿਖਿਆ ਜਾਂਦਾ ਹੈ। ਆਜ਼ਾਦੀ ਤੋਂ ਪਹਿਲਾਂ ਇਸ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕ ਵਸਦੇ ਸਨ ਜੋ 1947 ਹਿੰਦ-ਪਾਕਿ ਵੰਡ ਸਮੇਂ ਪਿੰਡ ਛੱਡ ਕੇ ਪਾਕਿਸਤਾਨ ਚਲੇ ਗਏ ਸਨ। ਹੁਣ ਇੱਥੇ ਮੁਸਲਮਾਨ ਭਾਈਚਾਰੇ ਦਾ ਸਿਰਫ਼ ਇੱਕ ਹੀ ਘਰ ਹੈ।
ਮੰਨਿਆ ਜਾਂਦਾ ਹੈ ਕਿ ਇਸ ਪਿੰਡ ਨੂੰ ਮਹਾਰਾਜਾ ਪਟਿਆਲਾ ਦੇ ਜਰਨੈਲ ਰਹੇ ਬਾਬਾ ਬਾਹਗ ਸਿੰਘ ਰੰਧਾਵਾ ਨੇ ਮਹਾਰਾਜਾ ਦੇ ਕਹਿਣ ’ਤੇ ਤੀਜੀ ਵਾਰ ਵਸਾਇਆ ਸੀ। ਪਿੰਡ ਥੇਹ ’ਤੇ ਵਸਿਆ ਸੀ। ਬਜ਼ੁਰਗਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਪਿੰਡ ਨੂੰ ਘਲੂਰ ਕਿਹਾ ਜਾਂਦਾ ਸੀ। ਕਈ ਲੋਕ ਪਿੰਡ ਵਾਸੀਆਂ ਦੀ ਲੁੱਟ-ਖੋਹ ਕਰਦੇ ਸਨ। ਇੱਕ ਵਾਰ ਜਦੋਂ ਮਹਾਰਾਜਾ ਪਟਿਆਲਾ ਇੱਥੇ ਸ਼ਿਕਾਰ ਖੇਡਣ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਫਰਿਆਦ ਕੀਤੀ ਕਿ ਉਨ੍ਹਾਂ ਨੂੰ ਬਚਾਉਣ ਲਈ ਜਰਨੈਲ ਬਾਹਗ ਸਿੰਘ ਨੂੰ ਪਿੰਡ ਨੂੰ ਦੇ ਦਿੱਤਾ ਜਾਵੇ। ਮਹਾਰਾਜਾ ਨੇ ਪਹਿਲਾਂ ਜਵਾਬ ਦੇ ਦਿੱਤਾ ਪਰ ਲੋਕਾਂ ਦੀ ਜ਼ਿਦ ’ਤੇ ਹਾਂ ਕਰ ਦਿੱਤੀ। ਜਦੋਂ ਬਾਹਰਲੇ ਪਿੰਡਾਂ ਦੇ ਲੋਕਾਂ ਨੇ ਜਲੂਰ ਨੂੰ ਲੁੱਟਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪਿੰਡ ਨੂੰ ਲੁੱਟ ਤੋਂ ਬਚਾਇਆ। ਅੱਜ ਵੀ ਬਾਹਗ ਸਿੰਘ ਵੱਲੋਂ ਪਿੰਡ ਵਿੱਚ ਬਾਬਾ ਬੁੱਢਾ ਦੀ ਯਾਦ ਵਿੱਚ ਬਣਾਏ ਖੂਹ ਅਤੇ ਯਾਦਗਾਰ ਦੀ ਪੂਰੀ ਮਾਨਤਾ ਹੈ।
ਆਬਾਦੀ ਅਤੇ ਅੰਕੜੇ:
[ਸੋਧੋ]ਪਿੰਡ ਦੀ ਕੁੱਲ ਵੋਟ 2300 ਹੈ ਜੋ ਨੌਂ ਵਾਰਡਾਂ ਵਿੱਚ ਵੰਡੀ ਹੋਈ ਹੈ। ਪਿੰਡ ਆਬਾਦੀ ਲਗਭਗ 4 ਹਜ਼ਾਰ ਦੇ ਕਰੀਬ ਹੈ। ਪਿੰਡ ਵਿੱਚ ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਜੱਟ ਸਿੱਖ,ਹਿੰਦੂ, ਇੱਕ ਘਰ ਮੁਸਲਿਮ, ਨਾਈ, ਸਿੰਬੇ, ਝਿਊਰ, ਰਾਜਪੂਤ ਜਾਤੀਆਂ ਦੇ ਲੋਕ ਰਹਿੰਦੇ ਹਨ।
ਵਿੱਦਿਅਕ ਸੰਸਥਾਵਾਂ:
[ਸੋਧੋ]ਸਰਕਾਰੀ ਪ੍ਰਾਇਮਰੀ ਸਕੂਲ (ਝਲੂਰ)
ਸਰਕਾਰੀ ਹਾਈ ਸਕੂਲ (ਝਲੂਰ)
ਗੁਰੂ ਗੋਬਿੰਦ ਸਿੰਘ ਸਕੂਲ (ਝਲੂਰ) ਇਹ ਪ੍ਰਾਈਵੇਟ ਸਕੂਲ ਹੈ।
ਏਕਮ ਓਂਕਾਰ ਸਕੂਲ (ਝਲੂਰ) ਇਹ ਪ੍ਰਾਈਵੇਟ ਸਕੂਲ ਹੈ।
ਧਾਰਮਿਕ ਸਥਾਨ,ਖੇਡ ਸਥਾਨ, ਲਾਇਬ੍ਰੇਰੀ ਅਤੇ ਹੋਰ ਸਥਾਨ:
[ਸੋਧੋ]ਪਿੰਡ ਦੀ ਸਾਂਝੀ ਸ਼ਹੀਦ ਮਾਤਾ ਗੁਰਦੇਵ ਕੌਰ ਯਾਦਗਾਰ ਲਾਇਬ੍ਰੇਰੀ ਹੈ। ਜਲੂਰ ਵਿੱਚ ਗੁਰਦੁਆਰੇ ਤੋਂ ਇਲਾਵਾ ਗੁਰੂ ਰਵਿਦਾਸ ਮੰਦਰ, ਬਾਲਮੀਕ ਮੰਦਰ, ਵਿਸ਼ਵਕਰਮਾ ਮੰਦਰ, ਸ਼ਿਵਜੀ ਮੰਦਰ, ਹਨੂੰਮਾਨ ਮੰਦਰ, ਡੇਰਾ ਪਾਖਾਂ ਵਾਲਾ, ਗਊਸ਼ਾਲਾ, ਬਾਬਾ ਬੁੱਢਾ ਜੀ (ਬਾਬਾ ਖੂਹ), ਸਮਾਧਾਂ, ਮਸੀਤ, ਪੀਰਬਾਨ ਡੇਰਾ ਤੇ ਗੁੱਗਾ ਮਾੜੀ ਆਦਿ ਧਾਰਮਿਕ ਸਥਾਨ ਹਨ। ਪਿੰਡ ਵਿੱਚ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਸਟੇਡੀਅਮ ਅਤੇ ਸਪੋਰਟਸ ਕਲੱਬ ਤੋਂ ਇਲਾਵਾ ਜਿੰਮ ਹੈ। ਪਿੰਡ ਵਿੱਚ ਜਲ ਘਰ ਹੈ। ਜੱਚਾ ਬੱਚਾ ਕੇੇਂਦਰ ਡਿਸਪੈੈਂਸਰੀ। 3 ਸ਼ਮਸ਼ਾਨਘਾਟ, ਪਸ਼ੂ ਹਸਪਤਾਲ, 4 ਧਰਮਸ਼ਾਲਾ ਹਨ।
110 ਸਾਲ ਪੁਰਾਣੀ ਹਵੇਲੀ:
[ਸੋਧੋ]ਪਿੰਡ ਵਿੱਚ 110 ਸਾਲ ਪਹਿਲਾਂ ਬਣੀ 360 ਚੁਗਾਠਾਂ ਵਾਲੀ ਹਵੇਲੀ ਹੁਣ ਵੀ ਮੌਜੂਦ ਹੈ। ਬਜ਼ੁਰਗ ਦੱਸਦੇ ਹਨ ਕਿ ਉਸ ਵੇਲੇ ਧਨਾਢ ਸੇਠ ਮੋਹਰੂ ਮੱਲ ਨੇ 44 ਹਜ਼ਾਰ ਰੁਪਏ ਵਿੱਚ ਬਣਵਾਇਆ ਸੀ। ਇਸ ਤਿੰਨ ਮੰਜ਼ਲੀ ਹਵੇਲੀ ਵਿੱਚ ਵੱਡੀਆਂ ਛੋਟੀਆਂ 360 ਚੁਗਾਠਾਂ ਤੇ ਦਰਵਾਜ਼ਿਆਂ ’ਤੇ ਪਿੱਤਲ ਨਾਲ ਮੀਨਾਕਾਰੀ ਕੀਤੀ ਗਈ ਸੀ। ਹੁਣ ਇਸ ਹਵੇਲੀ ਦੀ ਹਾਲਤ ਖ਼ਸਤਾ ਹੋ ਗਈ ਹੈ।