ਜੁਗਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜੁਗਨੀ ਪੰਜਾਬੀ ਲੋਕ ਗੀਤਾਂ ਨਾਲ ਜੁੜੀ ਇੱਕ ਬਿਰਤਾਂਤਕ ਜੁਗਤ ਹੈ। ਸ਼ਬਦ ਵਜੋਂ ਇਹ ਮਾਦਾ ਜੁਗਨੂੰ ਭਾਸਦਾ ਹੈ, ਪਰ ਬਿਰਤਾਂਤਕ ਜੁਗਤ ਵਜੋਂ ਇਹ ਰਚਨਾਤਮਕ ਕਲਾਕਾਰ/ਗਾਇਕ ਦੇ ਕੋਲ ਇੱਕ ਤਲਖ, ਹਾਸਰਸੀ ਅਤੇ ਬਹੁਤ ਵਾਰ ਉਦਾਸ ਟਿੱਪਣੀਆਂ ਕਰਨ ਲਈ ਵਰਤਿਆ ਜਾਣ ਵਾਲਾ ਦੁਨੀਆਂ ਦਾ ਇੱਕ ਨਿਰਲੇਪ ਦਰਸ਼ਕ ਹੈ। ਅੱਖ ਝਪਕ ਵਿੱਚ ਜੁਗਨੀ ਕਿਤੇ ਵੀ ਪਹੁੰਚ ਸਕਦੀ ਹੈ ਅਤੇ ਉੱਥੇ ਉਹ ਜੋ ਵੇਖਦੀ ਹੈ ਉਸਨੂੰ ਹੀ ਤਿੰਨ ਜਾਂ ਚਾਰ ਅੰਤਰਿਆਂ ਵਿੱਚ ਕਹਿ ਦਿੰਦੀ ਹੈ। ਠੇਠ ਪੰਜਾਬੀ ਸ਼ੈਲੀ ਵਿੱਚ ਗਾਏ ਇਨ੍ਹਾਂ ਗੀਤਾਂ ਵਿੱਚ ਸਮੋਏ ਸੱਚ ਨੂੰ ਆਮ ਕੋਈ ਵੀ ਆਸਾਨੀ ਨਾਲ ਗ੍ਰਹਿਣ ਕਰ ਲੈਂਦਾ ਹੈ। ਰੂਹਾਨੀ ਕਵਿਤਾ ਵਿੱਚ ਜੁਗਨੀ ਦਾ ਅਰਥ ਜੀਵਨ ਦੀ ਆਤਮਾ ਹੈ। ਇਸ ਦੀ ਬਹੁਤੀ ਮਸ਼ਹੂਰੀ ਕਰਨ ਦਾ ਸਿਹਰਾ ਆਲਮ ਲੋਹਾਰ ਅਤੇ ਆਸਾ ਸਿੰਘ ਮਸਤਾਨਾ ਨੂੰ ਜਾਂਦਾ ਹੈ।

ਵਣਜਾਰਾ ਬੇਦੀ ਅਨੁਸਾਰ ਜੁਗਨੀ ਪੰਜਾਬ ਦਾ ਇੱਕ ਪ੍ਰਸਿੱਧ ਕਾਵਿ-ਰੂਪ ਹੈ ਜਿਸ ਵਿੱਚ ਜੁਗਨੀ ਦਾ ਜੱਸ ਗਾਇਆ ਜਾਂਦਾ ਹੈ। ਇਸ ਕਾਵਿ-ਰੂਪ ਵਿੱਚ ਜੁਗਨੀ ਇੱਕ ਰੁਮਾਂਚਕ ਮੁਟਿਆਰ ਦੀ ਪ੍ਰਤੀਕ ਹੈ ਜੋ ਜਿੱਥੇ ਵੀ ਜਾਂਦੀ ਹੈ, ਆਪਣੇ ਹੁਸਨ ਨਾਲ ਤਰਥੱਲੀ ਲੈ ਆਉਂਦੀ ਹੈ। ਜਿਸ ਸਮਾਜ ਵਿੱਚ ਔਰਤ ਪੈਰ ਘਰੋਂ ਬਾਹਰ ਨਾ ਰੱਖ ਸਕੇ, ਉੱਥੇ ਜੁਗਨੀ ਜਦੋਂ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾਂਦੀ ਹੈ ਤਾਂ ਰੁਮਾਂਟਿਕਤਾ ਦਾ ਅੰਸ਼ ਆ ਜਾਣਾ ਸੁਭਾਵਿਕ ਹੈ। ਜੁਗਨੀ ਨਾਲ ਵਾਪਰਦੀਆਂ ਘਟਨਾਵਾਂ ਹਾਸ ਰਸ ਪੈਦਾ ਕਰਦੀਆਂ ਹਨ। ਕਈ ਵਾਰਨਗਰ ਵਿਸ਼ੇਸ਼ ਦੀ ਵਿਸ਼ੇਸ਼ਤਾ ਜੁਗਨੀ ਦਾ ਅੰਗ ਬਣ ਜਾਂਦੀ ਹੈ। ਜੁਗਨੀ ਕਾਵਿ-ਰੂਪ ਬਿਲਕੁਲ ਸੀਮਿਤ ਹੋ ਕੇ ਰਹਿ ਗਿਆ ਹੈ ਕਿਉਂਕਿ ਸ਼ਹਿਰਾਂ ਨਾਲ ਜੁੜ ਕੇ ਬਹੁਤੀ ਲੰਬੀ ਚੌੜੀ ਸਿਰਜਣਾ ਨਹੀਂ ਹੋ ਸਕਦੀ, ਨਾ ਹੀ ਉਸ ਵਿੱਚ ਭਾਵੁਕ ਵਿਸਤਾਰ ਆ ਸਕਦਾ ਹੈ ਅਤੇ ਨਾ ਹੀ ਲੋਕ-ਗੀਤਾਂ ਵਾਲਾ ਸੱਭਿਆਚਾਰਿਕ ਵਿਸਤਾਰ ਆਉਣ ਦੀ ਸੰਭਾਵਨਾ ਰਹਿੰਦੀ ਹੈ। ਇੱਥੇ ਹੇਠ ਲਿਖੀਆਂ ਪੰਕਤੀਆਂ ਵਿਚਾਰੀਆਂ ਜਾ ਸਕਦੀਆਂ ਹਨ :[1]

                      ਜੁਗਨੀ ਜਾ ਵੜੀ ਪਟਿਆਲੇ,
                      ਉੱਥੇ ਵਿਕਦੇ ਰੇਸ਼ਮੀ ਨਾਲੇ,
                      ਅੱਧੇ ਲਾਲ ਤੇ ਅੱਧੇ ਕਾਲੇ,
                      ਵੀਰ ਮੇਰਿਆ ਵੇ ਜੁਗਨੀ ਕਹਿੰਦੀ ਐ,
                      ਉਹ ਨਾਮ ਸਾਈਂ ਦਾ ਲੈਂਦੀ ਐ।
                      ਜੁਗਨੀ ਜਾ ਵੜੀ ਬੰਬਈ,
                      ਉਸ ਦੀ ਭੱਜ ਪੱਸਲੀ ਗਈ,
                      ਉਹਨੂੰ ਨਵੀਂ ਪੁਆਉਣੀ ਪਈ,
                      ਵੀਰ ਮੇਰਿਆ ਜੁਗਨੀ ਪਿੱਤਲ ਦੀ,

ਮੈਂ ਦੇਖੀ ਸ਼ਹਿਰੋਂ ਨਿਕਲ ਦੀ।

  1. ਕਰਮਜੀਤ ਸਿੰਘ, ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ