ਜੁੱਤੀ ਚੁੱਕਣਾ
ਅਨੰਦ ਕਾਰਜ ਦੀ ਰਸਮ ਸਮੇਂ ਜਦ ਲਾੜਾ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਬੈਠਦਾ ਹੈ, ਫੇਰਿਆਂ ਦੀ ਰਸਮ ਸਮੇਂ ਜਦ ਲਾੜਾ ਬੇਦੀ ਵਿਚ ਬੈਠਦਾ ਹੈ ਤਾਂ ਲਾੜੇ ਦੀਆਂ ਸਾਲੀਆਂ ਲਾੜੇ ਦੀ ਜੁੱਤੀ ਚੱਕ ਲੈਂਦੀਆਂ ਹਨ। ਇਸ ਰਸਮ ਨੂੰ ਜੁੱਤੀ ਚੱਕਣ ਦੀ ਰਸਮ ਕਹਿੰਦੇ ਹਨ। ਜਦ ਅਨੰਦ ਕਾਰਜ/ਫੇਰਿਆਂ ਦੀ ਰਸਮ ਦੀ ਸਮਾਪਤੀ ਪਿੱਛੋਂ ਲਾੜਾ ਆਪਣੀ ਰੱਖੀ ਜੁੱਤੀ ਵਾਲੀ ਥਾਂ ਜੁੱਤੀ ਪਾਉਣ ਲਈ ਪਹੁੰਚਦਾ ਹੈ ਤਾਂ ਉਸ ਥਾਂ ਤੇ ਲਾੜੇ ਨੂੰ ਆਪਣੀ ਜੁੱਤੀ ਨਹੀਂ ਮਿਲਦੀ। ਲਾੜਾ ਆਪਣੀ ਜੁੱਤੀ ਦੀ ਭਾਲ ਵਿਚ ਜਦ ਏਧਰ-ਓਧਰ ਵੇਖ ਰਿਹਾ ਹੁੰਦਾ ਹੈ ਤਾਂ ਇਕ ਪਾਸੇ ਖੜੀਆਂ ਉਸ ਦੀਆਂ ਸਾਲੀਆਂ ਆਪਣੇ ਜੀਜੇ ਦੀ ਖਿੱਲੀ ਉਡਾਉਣ ਲੱਗ ਜਾਂਦੀਆਂ ਹਨ। ਮਖੌਲਬਾਜੀ, ਹਾਸਾ-ਠੱਠਾ ਸ਼ੁਰੂ ਕਰ ਦਿੰਦੀਆਂ ਹਨ। ਕੁਝ ਸਮੇਂ ਦੀ ਚਖਾਮੁਖੀ ਤੋਂ ਪਿੱਛੋਂ ਜੀਜਾ ਆਪਣੀ ਜੁੱਤੀ ਦੇ ਮੁੱਲ ਜੋਗੇ ਪੈਸੇ ਆਪਣੀਆਂ ਸਾਲੀਆਂ ਨੂੰ ਦੇ ਦਿੰਦਾ ਹੈ। ਫੇਰ ਸਾਲੀਆਂ ਚੱਕੀ ਹੋਈ ਜੁੱਤੀ ਆਪਣੇ ਜੀਜੇ ਨੂੰ ਦੇ ਦਿੰਦੀਆਂ ਹਨ। ਜੁੱਤੀ ਚੁੱਕਣ ਦੀ ਰਸਮ ਦਾ ਅਸਲ ਮੰਤਵ ਤਾਂ ਸਾਲੀਆਂ ਦਾ ਆਪਣੇ ਜੀਜੇ ਤੋਂ ਕੁਝ ਰੁਪਈਏ ਲੈਣ/ਝਾੜਨ ਦਾ ਹੁੰਦਾ ਹੈ।ਹੁਣ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿਚ ਹੋਣ ਲੱਗ ਪਏ ਹਨ। ਜੁੱਤੀ ਚੁੱਕਣ ਦੀ ਰਸਮ ਵੀ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਈ ਹੈ[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.