ਜੰਡੀ ਵੱਢਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲੇ ਸਮਿਆਂ ਦੇ ਵਿਆਹਾਂ ਵਿਚ ਜੰਨ ਚੜ੍ਹਣ ਸਮੇਂ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਰਸਮਾਂ ਵਿਚੋਂ ਕਈ ਜਾਤੀਆਂ ਵਿਚ ਇਕ ਰਸਮ ਜੰਡੀ ਵੱਢਣ ਦੀ ਹੁੰਦੀ ਸੀ। ਕਈ ਇਲਾਕਿਆਂ ਵਿਚ ਇਸ ਨੂੰ ਜੰਡ ਕੱਟਣਾ ਵੀ ਕਹਿੰਦੇ ਸਨ। ਜੰਡੀ ਛੋਟੇ ਜੰਡ ਨੂੰ ਕਹਿੰਦੇ ਹਨ। ਲਾੜਾ ਜੰਨ ਚੜ੍ਹਣ ਤੋਂ ਪਹਿਲਾਂ ਜੰਡੀ ਦੁਆਲੇ ਸੱਤ ਗੇੜੇ ਦਿੰਦਾ ਸੀ। ਹਰ ਗੇੜੇ ਤੇ ਤਲਵਾਰ ਨਾਲ ਜੰਡੀ ਤੇ ਇਕ ਟੱਕ ਲਾਉਂਦਾ ਸੀ। ਟੱਕ ਲਾਉਣ ਤੇ ਲਾੜੇ ਦੀ ਮਾਂ ਲਾੜੇ ਦੇ ਮੂੰਹ ਵਿਚ ਗੁੜ ਦੀ ਰੋੜੀ/ਸ਼ੱਕਰ ਪਾਉਂਦੀ ਸੀ। ਕਈ ਇਲਾਕਿਆਂ ਵਿਚ ਇਹ ਰਸਮ ਲਾੜਾ ਤਲਵਾਰ ਨਾਲ ਜੰਡੀ ਦੀ ਇਕ ਟਾਹਣੀ ਕੱਟ ਕੇ ਕਰਦਾ ਸੀ। ਲਾੜੇ ਦੀ ਮਾਂ ਸਾਰੀ ਜੰਨ ਨੂੰ ਗੁੜ ਵੰਡਦੀ ਸੀ। ਅਜੇਹਾ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਸ ਰਸਮ ਨਾਲ ਦੇਵਤੇ ਖੁਸ਼ ਹੋ ਜਾਂਦੇ ਸਨ। ਮਾੜੀਆਂ ਰੂਹਾਂ ਤੋਂ ਲਾੜੇ ਦੀ ਰੱਖਿਆ ਹੋ ਜਾਂਦੀ ਸੀ। ਹੁਣ ਨਾ ਜੰਡ/ਜੰਡੀਆਂ ਰਹੇ ਹਨ ਅਤੇ ਨਾ ਹੀ ਜੰਡੀ ਵੱਢਣ ਦੀ ਰਸਮ ਹੁਣ ਕੋਈ ਕਰਦਾ ਹੈ।[1]

ਪਹਿਲਾਂ ਬਰਾਤਾਂ ਕਈ-ਕਈ ਰਾਤਾਂ ਵਾਟ ਕੱਟ ਕੇ ਪਹੁੰਚਦੀਆਂ ਸਨ। ਕਿਉਂ ਜੋ ਲਾੜਾ ਇਸ ਬਰਾਤ ਦੀ ਅਗਵਾਈ ਕਰ ਰਿਹਾ ਹੁੰਦਾ ਸੀ ਉਹਦੀ ਤਲਵਾਰ ਜਾਂ ਕਿਰਪਾਨ ਦੀ ਧਾਰ ਜਾਚਣ ਲਈ ਇਸ ਰੀਤ ਦਾ ਆਰੰਭ ਹੋਇਆ ਹੋਵੇਗਾ। ਅੱਜਕੱਲ੍ਹ ਜਦੋਂ ਹਾਲਾਤ ਬਦਲ ਗਏ ਹਨ ਪਰ ਇਸ ਰਸਮ ਦੀ ਰਹਿੰਦ-ਖੂੰਹਦ ਅਜੇ ਵੀ ਦੇਖਣ ਨੂੰ ਮਿਲ ਜਾਂਦੀ ਹੈ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.