ਝਾਂਜਰ
ਝਾਂਜਰ ਪੰਜਾਬੀ ਸੱਭਿਆਚਾਰ ਤੇ ਜੀਵਨ ਜਾਂਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ ਹਨ। ਇਹ ਸਾਡੀ ਵਿਰਾਸਤ ਤੇ ਵਰਤਮਾਨ ਦਾ ਅਨਿੱਖੜਵਾਂ ਅੰਗ ਅਤੇ ਸਾਡੇ ਸੱਭਿਆਚਾਰਕ ਵਿਰਸੇ ਦੀ ਪਛਾਣ ਹਨ। ਮੁਟਿਆਰ ਨੂੰ ਕਿਸੇ ਮੇਲੇ ਤਿਉਹਾਰ, ਕਿਸੇ ਰਸਮ-ਰਿਵਾਜ ਜਾਂ ਵਿਆਹ ਸਮੇਂ ਝਾਂਜਰ ਪਾਉਂਣ ਦਾ ਸ਼ੋਕ ਹੁੰਦਾ ਹੈ। ਪੰਜਾਬੀ ਵਿਰਸੇ ਨਾਲ ਜੁੜੇ ਅਨੇਕਾਂ ਗਹਿਣੇ ਸਮੇਂ-ਸਮੇਂ ’ਤੇ ਪੰਜਾਬੀ ਔਰਤਾਂ-ਮਰਦਾਂ ਦੀ ਖਿੱਚ ਦਾ ਕੇਂਦਰ ਬਣੇ ਰਹੇ ਹਨ। ਇਨ੍ਹਾਂ ਵਿੱਚ ਸਿੰਙ ਤਵੀਤ, ਬੁਗਤੀਆਂ, ਚੂੜੀਆਂ, ਰੇਲਾਂ, ਹਮੇਲਾਂ, ਪਰੀਬੰਦ, ਰਾਣੀ ਹਾਰ, ਚੰਨਣ ਹਾਰ, ਬੰਦ, ਕੰਗਣ, ਡੰਡੀ, ਕੈਂਠਾ, ਮੁਰਕੀਆਂ, ਨੱਤੀਆਂ, ਪਿੱਪਲ-ਪੱਤੀਆਂ, ਸੱਗੀ ਫੁੱਲ, ਗੋਖੜੂ, ਗਜਰੇ, ਲੌਂਗ, ਕੋਕਾ, ਤੀਲੀ, ਮਛਲੀ, ਟਿੱਕਾ, ਨੱਥ, ਛਾਪਾਂ-ਛੱਲੇ, ਮੁੰਦਰੀਆਂ, ਬਾਜ਼ੂਬੰਦ, ਕਾਂਟੇ, ਕੜੇ, ਵਾਲੀਆਂ, ਜ਼ੰਜੀਰੀਆਂ ਤੇ ਝਾਂਜਰਾਂ ਪ੍ਰਮੁੱਖ ਹਨ।
ਝਾਂਜਰ ਪ੍ਰਤੀ ਪੰਜਾਬਣ ਮੁਟਿਆਰ[ਸੋਧੋ]
ਝਾਂਜਰ ਪ੍ਰਤੀ ਪੰਜਾਬਣ ਮੁਟਿਆਰ ਦਾ ਮੋਹ ਕੁਝ ਆਪਣੀ ਹੀ ਕਿਸਮ ਦਾ ਹੈ।
ਝਾਂਜਰ ਦਾ ਮੋਹ ਦਾ ਗੀਤ[ਸੋਧੋ]
ਗੰਦਲ ਵਰਗੀ ਨਾਰ ਸੁਣੀਂਦੀ
ਝਾਂਜਰ ਨੂੰ ਛਣਕਾਵੇ
ਧਰਤੀ ਨੱਚੇ, ਅੰਬਰ ਨੱਚੇ,
ਨੈਣ ਜਦੋਂ ਮਟਕਾਵੇ
ਲੰਮਾ-ਲੰਮਾ, ਲੈਰਾ ਲੈਰਾ
ਪਤਲਾ ਲੱਕ ਹਲਾਵੇ
ਤੋਰ ਮਝੈਲਣ ਦੀ ਧਰਤੀ ਸੰਭਰਦੀ ਜਾਵੇ।
ਨੱਚਦਾ ਆ ਮੁੰਡਿਆਂ ਤੇਰੀ ਹੀਰ ਬੋਲੀਆਂ ਪਾਵੇ।
ਤੀਆਂ ਅਤੇ ਝਾਂਜਰਾਂ[ਸੋਧੋ]
ਝਾਂਜਰ ਦਾ ਜ਼ਿਕਰ ਛਿੜਿਆ ਹੈ ਤਾਂ ਸਾਉਣ ਮਹੀਨੇ ਵਿੱਚ ਨਵ-ਵਿਆਹੁਤਾ ਮੁਟਿਆਰਾਂ ਦਾ ਝੁਰਮਟ ਜਦੋਂ ਪੇਕਿਆਂ ਸਹੁਰਿਆਂ ਵੱਲੋਂ ਪਾਏ ਗਹਿਣੇ ਪਾ ਸੱਜ-ਫਬ ਕੇ ਤੀਆਂ ਲਈ ਨਿਕਲਦਾ ਹੈ ਤਾਂ ਪੈਰੀਂ ਪਾਈਆਂ ਝਾਂਜਰਾਂ ਦੇ ਛਣਕਾਟੇ ਮਾਹੌਲ ਵਿੱਚ ਰੰਗੀਨੀ ਭਰ ਦਿੰਦੇ ਹਨ। ਗਿੱਧੇ ਦੇ ਪਿੜ ਵਿੱਚ ਝਾਂਜਰ ਦੇ ਬੋਰ ਸੰਗੀਤ ਛੱਡਦੇ ਨਵਾਂ ਰੰਗ ਸਿਰਜ ਦਿੰਦੇ ਹਨ:
ਤੀਆਂ ਅਤੇ ਗੀਤ[ਸੋਧੋ]
ਪਿੱਪਲੀ ਹੇਠਾਂ ਆਈਆਂ ਕੁੜੀਆਂ
ਪਾ ਕੇ ਛਾਪਾਂ-ਛੱਲੇ
ਇੱਕ ਕੁੜੀ ਦੀ ਝਾਂਜਰ ਛਣਕੀ
ਹੋ ਗਈ ਬੱਲੇ ਬੱਲੇ
ਗਿੱਧਾ ਕੁੜੀਆਂ ਦਾ ਪੈਂਦਾ ਪਿੱਪਲ ਥੱਲੇ
ਝਾਂਜਰ ਦੀ ਮੰਗ[ਸੋਧੋ]
ਬਦਲੀ ਰੁੱਤ ਦੀਆਂ ਲੋੜਾਂ ਅਨੁਸਾਰ ਪੰਜਾਬਣ ਮੁਟਿਆਰ ਆਪਣੇ ਪਤੀ ਨੂੰ ਜਿੱਥੇ ਨਵੇਂ ਪਹਿਰਾਵੇ ਦੀ ਫਰਮਾਇਸ਼ ਪਾਉਂਦੀ ਹੈ, ਉੱਥੇ ਉਹ ਆਪਣੀ ਝਾਂਜਰ ਦਾ ਜ਼ਿਕਰ ਕਰਨੋਂ ਨਹੀਂ ਉਕਦੀ:
ਝਾਂਜਰ ਦੀ ਮੰਗ ਲਈ ਗੀਤ[ਸੋਧੋ]
ਸੱਪ ਰੰਗੀ ਬੋਸਕੀ ਦਾ ਸੂਟ ਸਵਾਂ ਦੇ
ਉੱਤੇ ਪਵਾ ਦੇ ਮੋਰ ਘੁੱਗੀਆਂ
ਰੁੱਤ ਗਿੱਧਿਆਂ ਦੀ ਆਈ ਹਾਣੀਆਂ
ਬੋਰ ਝਾਂਜਰਾਂ ਦੇ ਪਾਉਂਦੇ ਨੇ ਦੁਹਾਈ ਹਾਣੀਆਂ
ਮੁਟਿਆਰ ਆਪਣੀ ਭਾਬੀ ਨੂੰ ਝਾਂਜਰ[ਸੋਧੋ]
ਝਾਂਜਰ ਪਾ ਕੇ ਨੱਚਦੀ ਮੁਟਿਆਰ ਆਪਣੀ ਭਾਬੀ ਨੂੰ ਝਾਂਜਰ ਦੇ ਛਣਕਾਟੇ ਸੁਣਾਉਣ ਲਈ ਬੋਲੀ ਪਾ ਕੇ ਆਪਣੀ ਗੱਲ ਕਹਿੰਦੀ ਹੈ:
ਮੁਟਿਆਰ ਆਪਣੀ ਭਾਬੀ ਨੂੰ ਝਾਂਜਰ ਦਾ ਗੀਤ[ਸੋਧੋ]
ਮੇਰੀ ਗਿੱਧੇ ਵਿੱਚ ਤੋਰ ਤੱਕ ਭਾਬੀਏ
ਮੇਰੀਆਂ ਝਾਂਜਰਾਂ ਦਾ ਸ਼ੋਰ ਗੁੱਲ ਸੁਣ ਭਾਬੀਏ
ਕਾਲੇ ਰੰਗ ਦਾ ਪਰਾਂਦਾ
ਪਟਿਆਲਿਓਂ ਲਿਆਂਦਾ
ਉਹਦੀ ਖੁੱਲ੍ਹਦੀ ਡੋਰ ਬੁਣ ਭਾਬੀਏ
ਮੇਰੀਆਂ ਝਾਂਜਰਾਂ ਦਾ ਸ਼ੋਰ ਗੁੱਲ ਸੁਣ ਭਾਬੀਏ
ਮੁਟਿਆਰ ਆਪਣੇ ਪਤੀ ਤੋਂ ਝਾਂਜਰ ਦੀ ਮੰਗ[ਸੋਧੋ]
ਪੰਜਾਬਣ ਮੁਟਿਆਰ ਆਪਣੇ ਪਤੀ ਤੋਂ ਹਮੇਸ਼ਾ ਹੀ ਗਹਿਣਿਆਂ ਦੀ ਆਸ ਰੱਖਦੀ ਹੈ। ਫ਼ਸਲ ਵਿਕਣ ਤੋਂ ਬਾਅਦ ਉਹਦੀ ਫਰਮਾਇਸ਼ ਆਪਣੇ ਲਈ ਕੋਈ ਗਹਿਣਾ ਘੜਾਉਣ ਦੀ ਹੁੰਦੀ ਹੈ। ਜੇ ਪਤੀ ਆਪਣੇ ਲਈ ਕਿਸੇ ਗਹਿਣੇ ਲਈ ਇੱਛਾ ਜ਼ਾਹਰ ਕਰਦਾ ਹੈ ਤਾਂ ਉਹ ਫੱਟ ਆਪਣੀ ਇੱਛਾ ਪੇਸ਼ ਕਰ ਦਿੰਦੀ ਹੈ। ਇਸ ਇੱਛਾ ਵਿੱਚ ਚਾਂਦੀ ਦੀਆਂ ਝਾਂਜਰਾਂ ਪ੍ਰਮੁੱਖ ਹੁੰਦੀਆਂ ਹਨ:-
ਗੀਤ[ਸੋਧੋ]
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਘੜਾਉਣੀਆਂ
ਮੇਰੀ ਮੁੰਦਰੀ ’ਚ ਨਗ ਜੜਵਾ ਦੇ ਹਾਣੀਆਂ
ਮੈਨੂੰ ਚਾਂਦੀ ਦੀਆਂ, ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ
ਪਰਦੇਸੀ ਪਤੀ ਅਤੇ ਝਾਂਜਰ[ਸੋਧੋ]
ਪਰਦੇਸੀ ਪਤੀ ਦੇ ਹਿਜਰ ਵਿੱਚ ਰੁੰਨੀਆਂ ਮੁਟਿਆਰਾਂ ਲਈ ਗਹਿਣਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਉਹ ਝਾਂਜਰ ਦੀ ਦੁਹਾਈ ਪਾ ਕੇ ਉਸ ਦੀ ਯਾਦ ਵਿੱਚ ਬੋਲਦੀ ਹੈ:
ਗੀਤ[ਸੋਧੋ]
ਚਿੱਟੀ ਜੁੱਤੀ ਮਖਮਲ ਦੀ
ਧੋ ਕੇ ਪੈਰਾਂ ਵਿੱਚ ਪਾਈ
ਬੇਦਰਦੀ ਨੇ ਆਉਣਾ ਨਹੀਂ ਸੀ
ਚਿੱਠੀ ਵੀ ਨਾ ਪਾਈ
ਆ ਕੇ ਸੁਣ ਵੈਰੀਆ
ਮੇਰੀ ਝਾਂਜਰ ਦੀ ਦੁਹਾਈ
ਪੰਜਾਬਣ ਦਾ ਚਾਅ ਅਤੇ ਝਾਂਜਰਾਂ[ਸੋਧੋ]
ਤੁਰਦਿਆਂ-ਫਿਰਦਿਆਂ ਤੇ ਨੱਚਦਿਆਂ-ਗਾਉਂਦਿਆਂ ਪੰਜਾਬਣ ਦਾ ਚਾਅ ਤਾਂ ਝਾਂਜਰਾਂ ਨਾਲ ਹੀ ਬਣਦਾ ਹੈ:
ਗੀਤ[ਸੋਧੋ]
ਨੀਂ ਮੈਂ ਨੱਚਾਂ ਨੱਚਾਂ ਨੱਚਾਂ
ਨੀਂ ਮੈਂ ਅੱਗ ਵਾਂਗੂੰ ਮੱਚਾਂ
ਮੇਰੀ ਨੱਚਦੀ ਦੀ ਝਾਂਜਰ ਹਿੱਲੇ ਹਿੱਲੇ
ਪਿੜ ਪੁੱਟਿਆ ਗਿੱਧੇ ਦੀ ਹੋ ਗਈ ਬੱਲੇ ਬੱਲੇ
ਗੱਭਰੂਆਂ ਦੇ ਦਿਲ ਅਤੇ ਝਾਂਜਰ[ਸੋਧੋ]
ਝਾਂਜਰ ਦੇ ਛਣਕਾਟੇ ਨਾਲ ਗੱਭਰੂਆਂ ਦੇ ਦਿਲਾਂ ਉੱਤੇ ਹੋਣ ਵਾਲੇ ਅਸਰ ਤੇ ਆਪਣੇ ਫ਼ਰਜ਼ਾਂ ਨੂੰ ਪਛਾਣਨ ਦਾ ਯਤਨ ਕਰਦੀ ਪੰਜਾਬਣ ਮੁਟਿਆਰ ਕੁਝ ਇਸ ਤਰ੍ਹਾਂ ਦਾ ਖਿਆਲ ਵੀ ਰੱਖਦੀ ਹੈ:
ਗੀਤ[ਸੋਧੋ]
ਚੁੱਪ ਕਰ ਕੇ ਲੰਘ ਜਾਈਏ ਬੀਹੀ ’ਚੋਂ
ਝਾਂਜਰ ਨਾ ਛਣਕਾਈਏ
ਐਵੇਂ ਕਿਸੇ ਦਾ ਮੱਚੂ ਕਾਲਜਾ
ਸੁੱਤੇ ਨਾ ਨਾਗ ਜਗਾਈਏ
ਧਰਮੀ ਬਾਬਲ ਦੀ ਪੱਗ ਨੂੰ ਦਾਗ਼ ਨਾ ਲਾਈਏ।