ਸਮੱਗਰੀ 'ਤੇ ਜਾਓ

ਝੁੱਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸਰਦੀ ਦੇ ਮੌਸਮ ਵਿਚ ਠੰਡ ਤੋਂ ਬਚਾਉਣ ਲਈ ਘੋੜੇ, ਊਠਾਂ, ਬਲਦਾਂ, ਗਾਈਆਂ, ਮੱਝਾਂ ਦੇ ਪਿੰਡੇ ਉਪਰ ਦਿੱਤੇ ਮੋਟੇ ਕੱਪੜੇ ਨੂੰ ਝੁੱਲ ਕਹਿੰਦੇ ਹਨ। ਸ਼ੁਰੂ ਸ਼ੁਰੂ ਦੇ ਸਾਰੇ ਝੱਲ ਮੋਟੇ ਕੱਪੜਿਆਂ ਦੇ ਹੀ ਬਣਾਏ ਹੁੰਦੇ ਸਨ। ਫੇਰ ਜਦ ਪਟਸਨ ਦੀਆਂ ਬੋਰੀਆਂ ਬਣਨ ਲੱਗੀਆਂ ਤਾਂ ਲੋਕਾਂ ਨੇ ਹਰ ਰੋਜ਼ ਦੀ ਵਰਤੋਂ ਲਈ ਪਟਸਨ ਦੀਆਂ ਵਰਤੀਆਂ ਹੋਈਆਂ ਖਾਲੀ ਬੋਰੀਆਂ ਦੇ ਝੁੱਲ ਬਣਾਉਣੇ ਸ਼ੁਰੂ ਕੀਤੇ।ਫੇਰ ਜਿਉਂ ਜਿਉਂ ਲੋਕਾਂ ਦੀ ਸੂਝ ਵਧੀ, ਸਲੀਕਾ ਆਇਆ, ਲੋਕਾਂ ਨੇ ਝੁੱਲਾਂ ਨੂੰ ਵੀ ਸ਼ਿੰਗਾਰਨਾ ਸ਼ੁਰੂ ਕੀਤਾ। ਮੇਲਿਆਂ, ਵਿਆਹਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਵਿਚ ਘੋੜੀਆਂ, ਰੱਥਾਂ ਨੂੰ ਜੋੜੇ ਬਲਦਾਂ ਦੀਆਂ ਜੋੜੀਆਂ ਉਪਰ ਜੋ ਝੁੱਲ ਦਿੱਤੇ ਜਾਂਦੇ ਸਨ, ਉਹ ਕਈ ਕਿਸਮਾਂ ਦੇ ਵਧੀਆ ਕੱਪੜਿਆਂ ਦੇ ਬਣਾਏ ਜਾਂਦੇ ਸਨ। ਉਨ੍ਹਾਂ ਉਪਰ ਕਈ ਕਿਸਮਾਂ ਦੀ ਕਢਾਈ ਕੀਤੀ ਹੁੰਦੀ ਸੀ। ਬੇਲ-ਬੂਟੇ ਪਾਏ ਹੁੰਦੇ ਸਨ। ਜਾਨਵਰਾਂ, ਪੰਛੀਆਂ ਦੀ ਕਢਾਈ ਕੀਤੀ ਹੁੰਦੀ ਸੀ। ਕੱਪੜਿਆਂ ਨੂੰ ਕੱਟ ਕੱਟ ਕੇ ਕਈ ਕਿਸਮ ਦੇ ਕਟਾਮ ਪਾਏ ਹੁੰਦੇ ਸਨ।

ਕਈ ਸ਼ੁਕੀਨ ਪਰਿਵਾਰ ਤਾਂ ਊਠਾਂ ਤੇ ਬਲਦਾਂ ਦੀ ਜੋੜੀ ਉਪਰ ਦੇਣ ਵਾਲੇ ਝੁੱਲ ਬਾਗਾਂ ਦੇ ਬਣਾ ਲੈਂਦੇ ਸਨ। ਦਰੀਆਂ ਦੀ ਤਰ੍ਹਾਂ ਬਣ ਕੇ ਵੀ ਝੁੱਲ ਬਣਾਏ ਜਾਂਦੇ ਸਨ। ਰਾਜੇ, ਮਹਾਰਾਜੇ, ਨਵਾਬਾਂ ਦੇ ਹਾਥੀਆਂ ਅਤੇ ਘੋੜਿਆਂ ਉਪਰ ਜਿਹੜੇ ਝੁੱਲ ਦਿੱਤੇ ਹੁੰਦੇ ਸਨ ਉਨ੍ਹਾਂ ਝੁੱਲਾਂ ਵਿਚ ਹੀਰੇ ਮੋਤੀ ਜੜੇ ਹੁੰਦੇ ਸਨ। ਪਤਲੇ ਕੱਪੜੇ ਦੇ ਬਣਾਏ ਝੁੱਲਾਂ ਵਿਚ ਰਜਾਈਆਂ ਵਾਂਗ ਤੂੰ ਵੀ ਭਰੀ ਜਾਂਦੀ ਸੀ। ਊਠਾਂ ਅਤੇ ਬਲਦਾਂ ਉਪਰ ਜਿਹੜੇ ਝੁੱਲ ਦਿੱਤੇ ਜਾਂਦੇ ਸਨ ਉਨ੍ਹਾਂ ਝੁੱਲਾਂ ਦੇ ਬੰਨ੍ਹ ਵਾਲੇ ਹਿੱਸੇ ਵਿਚ ਵੀ ਭਰੀ ਹੁੰਦੀ ਸੀ,ਜਿਸ ਉਪਰ ਕਈ ਸ਼ੁਕੀਨਾਂ ਦੀਆਂ ਲੀਰਾਂ ਦੀਆਂ ਰੰਗ ਬਰੰਗੀਆਂ ਬਣਾਈਆਂ ਹੋਈਆਂ ਚਿੜੀਆਂ, ਤੋਤਿਆਂ, ਘੁੱਗੀਆਂ ਵੀ ਲਾਈਆਂ ਹੁੰਦੀਆਂ ਸਨ ਜਿਹੜੀਆਂ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਸਨ।

ਝੁੱਲ ਦੇ ਪਿਛਲੇ ਹਿੱਸੇ ਵਿਚ ਜਿਹੜਾ ਊਠ, ਘੋੜੇ, ਬਲਦਾਂ ਦੀ ਪੂਛ ਤੇ ਆਉਂਦਾ ਸੀ, ਉਸ ਥਾਂ ਤੇ ਕੱਪੜੀ ਦੀ ਫੀਤੀ ਬਣਾ ਕੇ ਲਾਈ ਜਾਂਦੀ ਸੀ। ਇਸ ਫੀਤੀ ਵਿਚੋਂ ਦੀ ਊਠ, ਘੋੜੇ, ਬਲਦਾਂ ਦੀ ਪੂਛ ਕੱਢੀ ਜਾਂਦੀ ਸੀ। ਇਸ ਤਰ੍ਹਾਂ ਕਰਨ ਨਾਲ ਝੁੱਲ ਹੇਠਾਂ ਨਹੀਂ ਡਿੱਗਦਾ ਸੀ। ਕਈ ਝੁੱਲਾਂ ਦੇ ਹੇਠਲੇ ਹਿੱਸੇ ਵਿਚ ਤਣੀਆਂ ਵੀ ਲਾਈਆਂ ਹੁੰਦੀਆਂ ਸਨ ਜਿਹੜੀਆਂ ਪਸ਼ੂਆਂ ਦੇ ਢਿੱਡਾਂ ਦੇ ਹੇਠਾਂ ਬੰਨ੍ਹੀਆਂ ਜਾਂਦੀਆਂ ਸਨ।

ਹੁਣ ਨਾ ਊਠ ਰਹੇ ਹਨ। ਨਾ ਸਵਾਰੀ ਲਈ ਘੋੜੀਆਂ ਘੋੜੇ ਰਹੇ ਹਨ। ਨਾ ਬਲਦਾਂ ਵਾਲੇ ਰੱਥ ਗੱਡੇ ਰਹੇ ਹਨ। ਬਲਦ ਵੀ ਹੁਣ ਕਿਸੇ ਕਿਸੇ ਪਰਿਵਾਰ ਕੋਲ ਹੀ ਹਨ। ਇਸ ਲਈ ਹੁਣ ਪੁਰਾਣੇ ਸਮਿਆਂ ਦੇ ਵਧੀਆ ਝੁੱਲਾਂ ਦਾ ਯੁੱਗ ਬੀਤ ਗਿਆ ਹੈ। ਹੁਣ ਤਾਂ ਮੱਝਾਂ, ਕੱਟੀਆਂ ਤੇ ਵਲੈਤੀ ਗਾਵਾਂ ਉਪਰ ਪਟਸਨ ਦੀਆਂ ਬੋਰੀਆਂ ਦੇ ਜਾਂ ਰੋਹ ਦੀਆਂ ਖਾਲੀ ਬੋਰੀਆਂ ਦੇ ਝੁੱਲ ਦਿੱਤੇ ਜਾਂਦੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.