ਟੰਗਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੋਵੇਂ ਸਿਰਿਆਂ ਨਾਲ ਰੱਸੀ ਬੰਨ੍ਹ ਕੇ ਛੱਤ ਦੀਆਂ ਕੁੜੀਆਂ/ਛਤੀਰ ਨਾਲ ਲਟਕਾਏ ਡੰਡੇ ਨੂੰ ਟੰਗਣਾ ਕਹਿੰਦੇ ਹਨ। ਟੰਗਣੇ ਦੀ ਵਰਤੋਂ ਕੱਪੜੇ ਟੰਗਣ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿਚ ਘਰ ਕੱਚੇ ਹੁੰਦੇ ਸਨ ਜਿਨ੍ਹਾਂ ਵਿਚ ਕੱਪੜੇ ਟੰਗਣ ਲਈ ਅਲਮਾਰੀਆਂ ਨਹੀਂ ਬਣੀਆਂ ਹੁੰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਘਰਾਂ ਵਿਚ ਆਮ ਤੌਰ 'ਤੇ ਇਕ ਤੋਂ ਵੱਧ ਟੰਗਣੇ ਬਣਾਏ ਜਾਂਦੇ ਸਨ। ਇਕ ਟੰਗਣੇ ਉਪਰ ਨਿੱਤ ਵਰਤੋਂ ਦੇ ਕੱਪੜੇ ਟੰਗੇ ਜਾਂਦੇ ਸਨ। ਇਕ ਟੰਗਣੇ ਉਪਰ ਉਹ ਕੱਪੜੇ ਟੰਗੇ ਜਾਂਦੇ ਸਨ ਜਿਨ੍ਹਾਂ ਦੀ ਵਰਤੋਂ ਕਦੇ ਕਦੇ ਲੋੜ ਸਮੇਂ ਕੀਤੀ ਜਾਂਦੀ ਸੀ ਜਿਵੇਂ ਖੇਸ, ਦਰੀਆਂ, ਗਦੈਲੇ, ਰਜਾਈਆਂ ਆਦਿ। ਇਨ੍ਹਾਂ ਕੱਪੜਿਆਂ ਨੂੰ ਮਿੱਟੀ ਪੈਣ ਤੋਂ ਬਚਾਉਣ ਲਈ ਉਪਰ ਦੁਪੱਟਾ ਪਾ ਕੇ ਹੇਠਾਂ ਤੋਂ ਸਿਉਂ ਦਿੱਤਾ ਜਾਂਦਾ ਸੀ। ਫੇਰ ਜਦ ਲੋਕਾਂ ਦੀ ਸੂਝ ਵਧੀ ਤਾਂ ਕੱਚੇ ਘਰਾਂ ਦੀਆਂ ਕੰਧਾਂ ਵਿਚ ਵੀ ਕੱਪੜੇ ਟੰਗਣ ਲਈ ਛੋਟੀਆਂ ਛੋਟੀਆਂ ਅਲਮਾਰੀਆਂ ਬਣਾਈਆਂ ਜਾਣ ਲੱਗੀਆਂ। ਹੁਣ ਤਾਂ ਬਹੁਤੇ ਘਰ ਪੱਕੇ ਹਨ। ਘਰਾਂ ਦੀਆਂ ਕੰਧਾਂ ਵਿਚ ਅਤੇ ਬਾਹਰ ਵੀ ਲੱਕੜ ਅਤੇ ਲੋਹੇ ਦੀਆਂ ਅਲਮਾਰੀਆਂ ਕੱਪੜੇ ਟੰਗਣ ਲਈ, ਰੱਖਣ ਲਈ ਬਣਾਈਆਂ ਜਾਂਦੀਆਂ ਹਨ। ਖੇਸ, ਕੰਬਲ, ਦਰੀਆਂ, ਗਦੈਲੇ, ਰਜਾਈਆਂ ਅਤੇ ਹੋਰ ਭਾਰੇ ਕੱਪੜੇ ਰੱਖਣ ਲਈ ਲੋਹੇ ਦੀਆਂ ਪੇਟੀਆਂ ਅਤੇ ਬਕਸੇ ਬੈਡ ਬਣਾਏ ਜਾਂਦੇ ਹਨ। ਹੁਣ ਤਾਂ ਬਹੁਤ ਹੀ ਗਰੀਬ ਘਰਾਂ ਵਿਚ ਹੀ ਤੁਹਾਨੂੰ ਟੰਗਣੇ ਮਿਲ ਸਕਦੇ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.