ਠੱਠੀ ਖਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਠੱਠੀ ਖਾਰਾ ਜ਼ਿਲ੍ਹਾ ਤਰਨਤਾਰਨ ਦਾ ਇੱਕ ਪਿੰਡ ਹੈ ਜੋ ਅੰਮ੍ਰਿਤਸਰ-ਤਾਰਨ ਤਾਰਨ ਰੋਡ ’ਤੇ ਅੱਡਾ ਦਬੁਰਜੀ ਤੋਂ ਚਾਰ ਕਿਲੋਮੀਟਰ ਦੂਰ ਸਥਿਤ ਹੈ। ਇਸ ਪਿੰਡ ਦਾ ਹੱਦਬਸਤ ਨੰਬਰ 58 ਅਤੇ ਰਕਬਾ 300 ਹੈਕਟੇਅਰ ਹੈ। ਇਸ ਪਿੰਡ ਦੀ ਆਬਾਦੀ 2357 ਦੇ ਕਰੀਬ ਹੈ। ਇਸ ਪਿੰਡ ਦਾ ਰਕਬਾ ਸਿਰਫ਼ 175 ਹੈਕਟੇਅਰ ਹੈ। ਇਹ ਪਿੰਡ ਸੁਤੰਤਰਤਾ ਸੰਗਰਾਮੀਆਂ ਹਰਨਾਮ ਸਿੰਘ ਅਤੇ ਆਤਮਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜਿਹਨਾਂ ਨੂੰ ਕਾਮਾਗਾਟਾ ਮਾਰੂ ਕੇਸ ਵਿੱਚ 1915 ਵਿੱਚ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।

ਪਿਛੋਕੜ[ਸੋਧੋ]

ਪਿੰਡ ਦਾ ਨਾਮ ਠੱਠੀ-ਖਾਰਾ ਪੈਣ ਸਬੰਧੀ ਇੱਕ ਦੰਦ ਕਥਾ ਹੈ ਕਿ ਪਿੰਡ ਖਾਰਾ ਵਿੱਚ ਮੂਲ ਸ਼ਾਹ ਵਲੀ ਨਾਂ ਦਾ ਇੱਕ ਫਕੀਰ ਸੀ। ਇੱਕ ਵਾਰ ਫਕੀਰ ਖਾਰਾ ਪਿੰਡ ਛੱਡ ਕੇ ਬਾਹਰ ਤਪੱਸਿਆ ਕਰਨ ਚਲਾ ਗਿਆ। ਜਦ ਬਾਰਾਂ ਸਾਲ ਤਪੱਸਿਆ ਕਰਨ ਮਗਰੋਂ ਉਹ ਵਾਪਸ ਆਇਆ ਤਾਂ ਉਸ ਨੇ ਲੋਕਾਂ ਤੋਂ ਅੱਗ ਮੰਗੀ ਪਰ ਲੋਕਾਂ ਨੇ ਨਹੀਂ ਦਿੱਤੀ। ਫਕੀਰ ਨੇ ਆਪਣੇ ਚੇਲਿਆਂ ਨੂੰ ਬਾਰਾਂ ਸਾਲ ਪਹਿਲਾਂ ਲੱਗੀ ਧੂਣੀ ਤੋਂ ਅੱਗ ਲਿਆਉਣ ਲਈ ਕਿਹਾ। ਚੇਲਿਆਂ ਨੂੰ ਉਹ ਧੂਣੀ ਧੁਖਦੀ ਮਿਲ ਗਈ ਅਤੇ ਉਹ ਅੱਗ ਲੈ ਆਏ। ਇਹ ਦੇਖ ਕੇ ਪਿੰਡ ਵਾਸੀ ਬਹੁਤ ਹੈਰਾਨ ਹੋਏ। ਉਸ ਫਕੀਰ ਨੇ ਪਿੰਡ ਵਾਲਿਆਂ ਨੂੰ ਖਾਰੇ ਹੋਣ ਦਾ ਸਰਾਪ ਦੇ ਦਿੱਤਾ। ਇਸੇ ਸਰਾਪ ਕਾਰਨ ਹੀ ਪਹਿਲਾਂ ਇਸ ਪਿੰਡ ਦਾ ਨਾਮ ਖਾਰਾ ਪੈ ਗਿਆ। ਇਸੇ ਪਿੰਡ ਵਿੱਚੋਂ ਹੀ ਕਿਸੇ ਆਦਮੀ ਨੇ ਵੱਖਰਾ ਪਿੰਡ ਠੱਠੀ ਵਸਾ ਲਿਆ ਤੇ ਫਿਰ ਪਿੰਡ ਦਾ ਨਾਮ ਠੱਠੀ-ਖਾਰਾ ਪੈ ਗਿਆ।

ਇਤਿਹਾਸਕ ਗੁਰਦੁਆਰੇ[ਸੋਧੋ]

ਜ਼ਿਲ੍ਹਾ ਤਰਨ-ਤਾਰਨ ਦੇ ਪਿੰਡ ਠੱਠੀ-ਖਾਰਾ ਵਿੱਚ ਦੋ ਪਵਿੱਤਰ ਸਥਾਨ ਹਨ। ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਝੂਲਣੇ ਮਹਿਲ। ਇਨ੍ਹਾਂ ਗੁਰਧਾਮਾਂ ਦਾ ਸਬੰਧ ਗੁਰੂ ਅਰਜਨ ਦੇਵ ਜੀ ਨਾਲ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਹਨ, ਉਦੋਂ ਰਾਤ ਸਮੇਂ ਉਹ ਇਸ ਅਸਥਾਨ ’ਤੇ ਆ ਕੇ ਆਰਾਮ ਕਰਿਆ ਕਰਦੇ ਸਨ। ਇਸ ਕਾਰਨ ਇਸ ਗੁਰਧਾਮ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਪੈ ਗਿਆ। ਇਸ ਪਿੰਡ ਵਿੱੱਚ ਇੱਕ ਹੋਰ ਗੁਰਦੁਆਰਾ ਝੂਲਣੇ ਮਹਿਲ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦੀ ਸੇਵਾ ਕਰਵਾ ਰਹੇ ਸਨ ਤਾਂ ਗੁਰੂ ਜੀ ਦੇ ਸਾਹਿਬਜ਼ਾਦੇ ਬਾਲ ਹਰਗੋਬਿੰਦ ਜੋ ਬਾਬਾ ਬੁੱਢਾ ਜੀ ਕੋਲ ਸਿੱਖਿਆ ਪ੍ਰਾਪਤ ਕਰ ਰਹੇ ਸਨ, ਨੇ ਬਾਬਾ ਬੁੱਢਾ ਜੀ ਅਤੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਨੂੰ ਮਿਲਿਆਂ 5 ਸਾਲ ਹੋ ਗਏ ਹਨ। ਉਹਨਾਂ ਨੂੰ ਪਿਤਾ ਜੀ ਨਾਲ ਮਿਲਵਾਓ। ਜਦੋਂ ਇਸ ਜਗ੍ਹਾ ’ਤੇ ਪਿਤਾ ਅਤੇ ਪੁੱਤਰ ਦਾ ਮੇਲ ਹੋਇਆ ਤਾਂ ਗੁਰੂ ਅਰਜਨ ਦੇਵ ਜੀ ਨੇ ਬਾਲ ਹਰਗੋਬਿੰਦ ਨੂੰ ਗਲੇ ਲਗਾ ਕੇ 13 ਵਰ ਦਿੱਤੇ ਅਤੇ 2 ਥੰਮ (ਪਿਲਰ) ਪਿਉ-ਪੁੱਤ ਦੇ ਮਿਲਾਪ ਦੀ ਯਾਦ ਵਿੱਚ ਤਿਆਰ ਕਰਵਾਏ ਅਤੇ ਕਿਹਾ ਕਿ ਜੋ ਸੰਗਤ ਇੱਥੇ ਸ਼ਰਧਾ ਨਾਲ ਆਵੇਗੀ, ਉਹਨਾਂ ਦੇ ਦੁੱਖਾਂ ਦਾ ਨਿਵਾਰਨ ਹੋਵੇਗਾ। ਇਸ ਗੁਰਦੁਆਰੇ ਵਿੱਚ ਇੱਕ 8 ਨੁੱਕਰਾ ਸਰੋਵਰ ਵੀ ਹੈ। ਇੱਥੇ ਗੁਰੂ ਜੀ ਕਥਾ ਕੀਰਤਨ ਕਰਿਆ ਕਰਦੇ ਸਨ। ਇੱਕ ਦਿਨ ਲਾਗੋਂ ਬਾਦਸ਼ਾਹ ਦੇ ਸ਼ਿੰਗਾਰੇ ਹਾਥੀ ਝੂਲਦੇ ਲੰਘ ਰਹੇ ਸਨ। ਇਸ ਕਾਰਨ ਸੰਗਤ ਦਾ ਧਿਆਨ ਕਥਾ ਕੀਰਤਨ ਵੱਲੋਂ ਹਟ ਕੇ ਉਧਰ ਹੋ ਗਿਆ। ਜਦੋਂ ਗੁਰੂ ਜੀ ਨੇ ਸੰਗਤ ਨੂੰ ਧਿਆਨ ਕਿੱਧਰ ਹੈ ਬਾਰੇ ਪੁੱਛਿਆ ਤਾਂ ਸੰਗਤ ਨੇ ਕਿਹਾ ‘‘ਹਾਥੀ ਝੂਲਦੇ ਜਾਂਦੇ ਹਨ ਅਤੇ ਕਿੰਨੇ ਸੋਹਣੇ ਲੱਗਦੇ ਹਨ”। ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਹਾਥੀ ਤਾਂ ਸਾਹ ਲੈਣ ਵਾਲਾ ਜੀਵ ਹੈ। ਇੱਥੇ ਕੰਧ ਝੂਲੇਗੀ। ਗੁਰੂ ਜੀ ਦੇ ਬਚਨ ਹੋਏ। ਇੱਥੇ 8 ਨੁਕਰੇ ਸਰੋਵਰ ਦੇ ਇੱਕ ਪਾਸੇ ਇੱਕ ਕੰਧ ਹੈ ਜਿਸ ’ਤੇ ਚੜ੍ਹ ਕੇ ਹੁਲਾਰਾ ਮਹਿਸੂਸ ਹੁੰਦਾ ਹੈ। ਇਸੇ ਕਰਕੇ ਹੀ ਇਸ ਅਸਥਾਨ ਨੂੰ ਗੁਰਦੁਆਰਾ ਝੂਲਣੇ ਮਹਿਲ ਕਿਹਾ ਜਾਂਦਾ ਹੈ।

ਹਵਾਲੇ[ਸੋਧੋ]