ਸਮੱਗਰੀ 'ਤੇ ਜਾਓ

ਡੋਲੀ ਨੂੰ ਧੱਕਾ ਦੇਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਆਹ ਤੋਂ ਪਿੱਛੋਂ ਲੜਕੀ ਨੂੰ ਵਿਦਾ ਕਰਨ ਨੂੰ ਡੋਲੀ ਤੋਰਨਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਡੋਲੀ ਕਹਾਰ ਚੁੱਕ ਕੇ ਲਿਜਾਂਦੇ ਸਨ। ਕਹਾਰ, ਝਿਊਰ/ਮਹਿਰੇ ਨੂੰ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਵਿਚ ਬਰਾਤਾਂ ਪੈਦਲ ਜਾਂਦੀਆਂ ਸਨ। ਲਾੜਾ ਵੀ ਪੈਦਲ ਜਾਂਦਾ ਸੀ। ਲਾੜਾ ਡੋਲੀ ਦੇ ਅੱਗੇ-ਅੱਗੇ ਤੁਰਿਆ ਜਾਂਦਾ ਸੀ। ਲਾੜੀ ਤੇ ਨੈਣ ਡੋਲੀ ਵਿਚ ਬੈਠੀਆਂ ਹੁੰਦੀਆਂ ਸਨ। ਲਾੜੀ ਨਾਲ ਨੈਣ ਉਨ੍ਹਾਂ ਸਮਿਆਂ ਵਿਚ ਇਸ ਲਈ ਭੇਜੀ ਜਾਂਦੀ ਸੀ ਕਿਉਂ ਜੋ ਉਨ੍ਹਾਂ ਸਮਿਆਂ ਵਿਚ ਕੁੜੀ/ਮੁੰਡੇ ਦਾ ਵਿਆਹ ਛੋਟੀ ਉਮਰ ਵਿਚ ਕੀਤਾ ਜਾਂਦਾ ਸੀ। ਨੈਣ ਲਾੜੀ ਦੀ ਸੰਭਾਲ ਲਈ ਜਾਂਦੀ ਸੀ। ਫੇਰ ਬਰਾਤਾਂ ਗੱਡਿਆਂ ਉੱਪਰ ਜਾਣ ਲੱਗੀਆਂ।ਲਾੜਾ ਵੀ ਗੱਡੇ ਵਿਚ ਜਾਂਦਾ ਸੀ। ਡੋਲੀ ਵੀ ਗੱਡੇ ਵਿਚ ਲਿਆਂਦੀ ਜਾਂਦੀ ਸੀ। ਡੋਲੀ ਵਾਲੇ ਗੱਡੇ ਨੂੰ ਲਾੜੀ ਦਾ ਬਾਪ, ਤਾਇਆ, ਚਾਚਾ, ਮਾਮਾ, ਭਰਾ ਆਦਿ ਧੱਕਾ ਮਾਰ ਕੇ ਤੋਰਦੇ ਸਨ। ਫੇਰ ਬਰਾਤਾਂ ਰਥ, ਊਂਠ, ਘੋੜਿਆਂ ਤੇ ਜਾਣ ਲੱਗੀਆਂ। ਡੋਲੀ ਫੇਰ ਰਥਾਂ ਵਿਚ ਜਾਣ ਲੱਗੀ। ਡੋਲੀ ਵਾਲੇ ਰਥ ਨੂੰ ਵੀ ਲਾੜੀ ਦਾ ਬਾਪ, ਚਾਚਾ, ਮਾਮਾ, ਭਰਾ ਆਦਿ ਧੱਕਾ ਦੇ ਕੇ ਤੋਰਦੇ ਸਨ। ਧੱਕਾ ਮਾਰਨ ਦਾ ਅਰਥ ਹੈ ਬਾਹਰ ਕੱਢਣਾ। ਇਕ ਤਰ੍ਹਾਂ ਨਾਲ ਉਨ੍ਹਾਂ ਸਮਿਆਂ ਵਿਚ ਵਿਆਹ ਤੋਂ ਪਿੱਛੋਂ ਲੜਕੀ ਨੂੰ ਉਸ ਦੇ ਬਾਪ ਦੇ ਘਰੋਂ ਕੱਢਿਆ ਜਾਂਦਾ ਸੀ। ਬਾਪ ਦੇ ਘਰੋਂ ਲੜਕੀ ਦਾ ਦਾਣਾ-ਪਾਣੀ ਮੁੱਕ ਗਿਆ ਐਲਾਣਿਆ ਜਾਂਦਾ ਸੀ। ਕਾਰਨ ਇਹ ਸੀ ਪਹਿਲੇ ਸਮਿਆਂ ਵਿਚ ਲੜਕੀ ਨੂੰ ਉਸ ਦੇ ਬਾਪ ਦੀ ਜਾਇਦਾਦ ਵਿਚੋਂ ਹਿੱਸਾ ਨਹੀਂ ਮਿਲਦਾ ਸੀ।

ਹੁਣ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਲੜਕੀ ਨੂੰ ਆਪਣੇ ਬਾਪ ਦੀ ਜਾਇਦਾਦ ਵਿਚੋਂ ਹਿੱਸਾ ਮਿਲਣ ਦਾ ਕਾਨੂੰਨ ਬਣ ਗਿਆ ਹੈ। ਹੁਣ ਲੜਕੀ ਦੀ ਡੋਲੀ ਕਾਰ ਵਿਚ ਜਾਂਦੀ ਹੈ। ਪਰ ਹੁਣ ਵੀ ਕਈ ਵਿਆਹਾਂ ਵਿਚ ਡੋਲੀ ਵਾਲੀ ਕਾਰ ਨੂੰ ਬਾਪ, ਤਾਇਆ, ਚਾਚਾ, ਮਾਮਾ ਆਦਿ ਧੱਕਾ ਲਾ ਕੇ ਤੋਰਦੇ ਵੇਖੇ ਜਾਂਦੇ ਹਨ ਜਦ ਕਿ ਡੋਲੀ ਨੂੰ ਧੱਕਾ ਦੇ ਕੇ ਤੋਰਨ ਦੀ ਹੁਣ ਕੋਈ ਤੁਕ ਨਹੀਂ ਬਣਦੀ। ਇਸ ਲਈ ਇਹ ਰਸਮ ਹੁਣ ਬਿਲਕੁਲ ਹੀ ਆਪਣੀ ਔਧ ਵਿਹਾ ਚੁੱਕੀ ਹੈ। ਇਸ ਦੀ ਕੋਈ ਵੀ ਸਾਰਥਕਤਾ ਨਹੀਂ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.