ਸਮੱਗਰੀ 'ਤੇ ਜਾਓ

ਡੌਕਟਰ ਸਟਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੌਕਟਰ ਸਟਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਡੌਕਟਰ ਸਟਰੇਂਜ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਇਹ ਫ਼ਿਲਮ, ਡੌਕਟਰ ਸਟਰੇਂਜ (2016) ਦਾ ਦੂਜਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੀ 28ਵੀਂ ਫ਼ਿਲਮ ਹੈ। ਇਸ ਫ਼ਿਲਮ ਨੂੰ ਸੈਮ ਰੇਮੀ ਨੇ ਨਿਰਦੇਸ਼ਤ ਕੀਤਾ ਹੈ ਅਤੇ ਇਸ ਦੀ ਸਕਰਿਪਟ ਜੇਡ ਹੈਲੀ ਬੈਰਟਲੈੱਟ ਅਤੇ ਮਾਇਕਲ ਵੈਲਡਰੌਨ ਨੇ ਲਿਖੀ ਹੈ। ਫ਼ਿਲਮ ਵਿੱਚ ਬੈਨੇਡਿਕਟ ਕੰਬਰਬੈਚ ਨੇ ਸਟੀਫਨ ਸਟਰੇਂਜ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਬੈਨੇਡਿਕਟ ਵੌਂਗ, ਰੇਚਲ ਮੈੱਕਐਡਮਜ਼, ਚੀਵੇਟੈੱਲ ਐਜੀਓਫੌਰ, ਐਲਿਜ਼ਾਬੈਥ ਓਲਸੈੱਨ ਅਤੇ ਸੋਹਚੀ ਗੋਮੇਜ਼ ਵੀ ਹਨ। ਫ਼ਿਲਮ ਵਿੱਚ ਸਟ੍ਰੇਂਜ ਮਲਟੀਵਰਸ ਵਿੱਚ, ਅਮੈਰਿਕਾ ਚੈਵੇਜ਼ ਦੀ, ਵੌਂਡਾ ਮੈਕਸੀਮੌਫ਼ ਤੋਂ ਰੱਖਿਆ ਕਰਨ ਵਾਸਤੇ ਸਫ਼ਰ ਕਰਦਾ ਹੈ, ਜੋ ਇੱਕ ਨੌਜਵਾਨ ਕੁੜੀ ਹੈ ਅਤੇ ਉਹ ਬ੍ਰਹਿਮੰਡਾਂ ਦੇ ਵਿੱਚ ਸਫ਼ਰ ਕਰ ਸਕਦੀ ਹੈ।

ਡੌਕਟਰ ਸਟ੍ਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ, ਡੌਲਬੀ ਥੀਏਟਰ, ਹੌਲੀਵੁੱਡ ਵਿੱਚ 2 ਮਈ, 2022 ਨੂੰ ਪ੍ਰੀਮੀਅਰ ਹੋਈ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 6 ਮਈ, 2022 ਨੂੰ ਐੱਮਸੀਯੂ ਦੇ ਫੇਜ਼ 4 ਦੇ ਹਿੱਸੇ ਵੱਜੋਂ ਜਾਰੀ ਕੀਤੀ ਗਈ।

ਸਾਰ

[ਸੋਧੋ]

ਅਮੈਰਿਕਾ ਚੈਵੇਜ਼ ਅਤੇ ਡੌਕਟਰ ਸਟੀਫਨ ਸਟ੍ਰੇਂਜ ਦੇ ਇੱਕ ਹੋਰ ਰੂਪ ਦਾ ਇੱਕ ਦੈਂਤ ਵੱਲੋਂ ਬ੍ਰਹਿਮੰਡਾਂ ਦੀ ਵਿੱਚਲੀ ਥਾਂ ਵਿੱਚ ਪਿੱਛਾ ਕੀਤਾ ਜਾ ਰਿਹਾ ਹੁੰਦਾ ਹੈ ਜਦੋਂ ਉਹ ਦੋਵੇਂ ਵਿਸ਼ਾਂਤੀ ਦੇ ਗ੍ਰੰਥ ਨੂੰ ਲੱਭਦੇ ਪਏ ਹੁੰਦੇ ਹਨ। ਇਹ ਸਟ੍ਰੇਂਜ ਮਰ ਜਾਂਦਾ ਹੈ ਅਤੇ ਚੈਵੇਜ਼ ਗਲਤੀ ਨਾਲ਼ ਇੱਕ ਪੋਰਟਲ ਖੋਲ੍ਹ ਦਿੰਦੀ ਹੈ, ਜਿਸ ਕਾਰਣ ਉਹ ਧਰਤੀ-616 'ਤੇ ਪਹੁੰਚ ਜਾਂਦੇ ਹਨ, ਜਿੱਥੇ ਇਸ ਬ੍ਰਹਿਮੰਡ ਦਾ ਸਟ੍ਰੇਂਜ, ਸੌਰਸਰਰ ਸੁਪ੍ਰੀਮ ਵੌਂਗ ਦੀ ਸਹਾਇਤਾ ਨਾਲ ਦੈਂਤ ਨੂੰ ਮਾਰ ਦਿੰਦਾ ਹੈ ਅਤੇ ਚੈਵੇਜ਼ ਨੂੰ ਬਚਾਅ ਲੈਂਦਾ ਹੈ। ਚੈਵੇਜ਼ ਸਮਝਾਉਂਦੀ ਹੈ ਕਿ ਇਹ ਦੈਂਤ ਉਸਦਾ ਪਿੱਛਾ ਇਸ ਲਈ ਕਰਦੇ ਪਏ ਹਨ ਕਿਉਂਕਿ ਉਸ ਕੋਲ਼ ਬ੍ਰਹਿਮੰਡਾਂ ਵਿੱਚ ਸਫ਼ਰ ਕਰਨ ਦੀ ਕਾਬਲੀਅਤ ਹੈ।

ਦੈਂਤ ਦੇ ਉੱਤੇ ਜਾਦੂਗਰੀ ਦੇ ਨਿਸ਼ਾਨ ਅਤੇ ਦੂਜੇ ਬ੍ਰਹਿਮੰਡ ਦੇ ਸਟ੍ਰੇਂਜ ਦੀ ਲਾਸ਼ ਵੇਖਣ ਤੋਂ ਬਾਅਦ, ਸਟ੍ਰੇਂਜ ਵੌਂਡਾ ਮੈਕਸੀਮੌਫ਼ ਕੋਲ਼ ਜਾਂਦਾ ਹੈ, ਅਤੇ ਉਸ ਨੂੰ ਸਮਝ ਆਉਂਦੀ ਹੈ ਕਿ ਜੋ ਦੈਂਤ ਚੈਵੇਜ਼ ਦਾ ਪਿੱਛਾ ਕਰਦੇ ਪਏ ਸਨ ਉਸਦੀ ਜ਼ਿੰਮੇਵਾਰ ਵੌਂਡਾ ਹੀ ਜੀ। ਡਾਰਕਹੋਲਡ ਦੀ ਪ੍ਰਾਪਤੀ ਅਤੇ ਸਕਾਰਲੈੱਟ ਵਿੱਚ ਬਣਨ ਤੋਂ ਬਾਅਦ, ਮੈਕਸੀਮੌਫ਼ ਦਾ ਮੰਨਣਾ ਹੈ ਕਿ ਚੈਵੇਜ਼ ਦੀਆਂ ਕਾਬਲੀਅਤਾਂ ਨਾਲ਼ ਮਲਟੀਵਰਸ 'ਤੇ ਕਾਬੂ ਪਾਉਣ ਤੋਂ ਬਾਅਦ ਉਹ ਬਿਲੀ ਅਤੇ ਟੌਮੀ ਨਾਲ਼ ਜੀਵਨ ਬਤੀਤ ਕਰ ਸਕੇਗੀ, ਜੋ ਕਿ ਉਸਦੇ ਬੱਚੇ ਸਨ ਜੋ ਉਸ ਨੇ ਵੈੱਸਟਵਿਊ ਵਿੱਚ ਰਹਿੰਦੇ ਸਮੇਂ ਬਣਾਏ ਸਨ। ਜਦੋਂ ਸਟ੍ਰੇਂਜ ਚੈਵੇਜ਼ ਨੂੰ ਵੌਂਡਾ ਦੇ ਹਵਾਲੇ ਕਰਨ ਤੋਂ ਮਨ੍ਹਾਂ ਕਰ ਦਿੰਦਾ ਹੈ, ਤਾਂ ਵੌਂਡਾ ਕਮਰ-ਤਾਜ ਉੱਤੇ ਹਮਲਾ ਕਰ ਦਿੰਦਾ ਹੈ, ਜਿਸ ਵਿੱਚ ਕਈ ਜਾਦੂਗਰ ਮਾਰੇ ਜਾਂਦੇ ਹਨ। ਚੈਵੇਜ਼ ਗਲਤੀ ਨਾਲ਼ ਆਪਣੇ ਆਪ ਨੂੰ ਅਤੇ ਸਟ੍ਰੇਂਜ ਨੂੰ ਮਲਟੀਵਰਸ ਰਾਹੀਂ ਧਰਤੀ-838 'ਤੇ ਪਹੁੰਚਾ ਦਿੰਦੀ ਹੈ। ਮੈਕਸੀਮੌਫ਼ ਡਾਰਕਹੋਲਡ ਦੀ ਵਰਤੋਂ ਕਰਕੇ "ਸੁਪਨ-ਸਫ਼ਰ" ਕਰਦੀ ਹੈ ਅਤੇ ਧਰਤੀ-838 ਦੀ ਵੌਂਡਾ ਦੇ ਸ਼ਰੀਰ 'ਤੇ ਕਾਬੂ ਪਾਅ ਲੈਂਦੀ ਹੈ, ਜੋ ਕਿ ਬਿਲੀ ਅਤੇ ਟੌਮੀ ਨਾਲ਼ ਇੱਕ ਅੱਧ-ਸ਼ਹਿਰੀ ਜ਼ਿੰਦਗੀ ਜੀਉਂਦੀ ਹੈ, ਪਰ ਵੌਂਗ ਡਾਰਕਹੋਲਡ ਨੂੰ ਤਬਾਹ ਕਰ ਦਿੰਦਾ ਹੈ, ਜਿਸ ਕਾਰਣ ਵੌਂਡਾ ਦਾ "ਸੁਪਨ-ਸਫ਼ਰ" ਟੁੱਟ ਜਾਂਦਾ ਹੈ। ਮੈਕਸੀਮੌਫ਼ ਜ਼ਬਰਦਸਤੀ ਵੌਂਗ ਨੂੰ ਉਸ ਨੂੰ ਮਾਉੰਟ ਵੁੰਡਾਗੋਰ ਲੈਕੇ ਜਾਣ ਨੂੰ ਕਹਿੰਦੀ ਹੈ, ਜੋ ਕਿ ਡਾਰਕਹੋਲਡ ਦਾ ਸਰੋਤ ਹੈ ਅਤੇ ਜਿਸ ਵਿੱਚ ਸਕਾਰਲੈੱਟ ਵਿੱਚ ਦੀ ਦਰਗਾਹ ਮੌਜੂਦ ਹੈ, ਅਤੇ ਉੱਥੇ ਪਹੁੰਚਣ ਤੋਂ ਬਾਅਦ ਉਹ ਮੁੜ ਆਪਣੇ ਧਰਤੀ-838 ਵਾਲੇ ਰੂਪ ਨਾਲ "ਸੁਪਨ-ਸਫ਼ਰ" ਕਰਨਾ ਸ਼ੁਰੂ ਕਰ ਦਿੰਦੀ ਹੈ।

ਸਹਾਇਤਾ ਲੱਭਦੇ ਵੇਲੇ, ਸਟ੍ਰੇਂਜ ਅਤੇ ਚੈਵੇਜ਼ ਨੂੰ ਧਰਤੀ-838 ਦੇ ਕਾਰਲ ਮੌਰਡੋ ਵੱਲੋਂ ਗਿਰਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਇਲੁਮਿਨਾਟੀ ਮੁਹਰੇ ਪੇਸ਼ ਕੀਤਾ ਜਾਂਦਾ ਹੈ, ਜੋ ਕਿ ਇੱਕ ਖੂਫ਼ੀਆ ਸਭਾ ਹੈ, ਜਿਸ ਦਾ ਹਿੱਸਾ ਮੌਰਡੋ, ਕੈਪਟਨ ਪੈੱਗੀ ਕਾਰਟਰ, ਕਿੰਗ ਬਲੈਕੈਗਰ ਬੋਲਟੈਗੌਨ, ਕੈਪਟਨ ਮਰੀਆ ਰੈਂਬੌ, ਡੌਕਟਰ ਰੀਡ ਰਿੱਚਰਡਸ, ਅਤੇ ਪ੍ਰੋਫੈਸਰ ਚਾਰਲਜ਼ ਐਗਜ਼ੇਵੀਅਰ ਹਨ। ਉਹ ਸਮਝਾਉਂਦੇ ਹਨ ਕਿ ਇਸ ਬ੍ਰਹਿਮੰਡ ਦੇ ਡਾਰਕਹੋਲਡ ਦੀ ਦੁਰਵਰਤੋਂ ਕਰਨ ਕਾਰਣ ਧਰਤੀ-838 ਦੇ ਸਟ੍ਰੇਂਜ ਨੇ ਇੱਕ ਬ੍ਰਹਿਮੰਡ ਨੂੰ ਤਬਾਹ ਕਰਨ ਲਾਇਕ "ਇਨਕਰਜ਼ਨ" ਸ਼ੁਰੂ ਕਰ ਦਿੱਤੀ ਸੀ, ਜਿਸ ਉੱਤੇ ਉਸ ਨੇ ਮਸਾਂ ਕਾਬੂ ਪਾਇਆ ਅਤੇ ਇਸ ਕਾਰਣ ਉਸ ਨੂੰ ਮਾਰਨਾ ਪਿਆ ਤਾਂ ਕਿ ਉਹ ਹੋਰ ਕੋਈ ਨੁਕਸਾਨ ਨਾ ਪਹੁੰਚਾ ਸਕੇ; ਮੌਰਡੋ ਦਾ ਮੰਨਣਾ ਹੈ ਕਿ ਧਰਤੀ-616 ਦਾ ਸਟ੍ਰੇਂਜ ਵੀ ਇਸੇ ਤਰ੍ਹਾਂ ਖ਼ਤਰਨਾਕ ਹੈ। ਇਸ ਤੋਂ ਪਹਿਲਾਂ ਕਿ ਇਲੁਮਿਨਾਟੀ ਸਟ੍ਰੇਂਜ ਦੇ ਖ਼ਿਲਾਫ਼ ਕੋਈ ਫੈਂਸਲਾ ਸੁਣਾ ਸਕੇ, ਮੈਕਸੀਮੌਫ, ਜੋ ਕਿ ਆਪਣੇ ਧਰਤੀ-838 ਦੇ ਅਵਤਾਰ ਨੂੰ ਕਾਬੂ ਕਰ ਰਹੀ ਹੈ, ਆਉਂਦੀ ਹੈ ਅਤੇ ਮੌਰਡੋ ਨੂੰ ਛੱਡ ਕੇ, ਇਲੁਮਿਨਾਟੀ ਨੂੰ ਮਾਰ ਦਿੰਦੀ ਹੈ। ਸਟ੍ਰੇਂਜ ਅਤੇ ਚੈਵੇਜ਼, ਸਟ੍ਰੇਂਜ ਦੀ ਪੁਰਾਣੀ ਮੰਗੇਤਰ ਕ੍ਰਿਸਟੀਨ ਪਾਲਮਰ ਦੇ ਧਰਤੀ-838 ਦੇ ਅਵਤਾਰ ਦੀ ਸਹਾਇਤਾ ਨਾਲ਼ ਉੱਥੋਂ ਭੱਜ ਜਾਂਦੇ ਹਨ, ਜੋ ਕਿ ਇਲੁਮਿਨਾਟੀ ਲਈ ਇੱਕ ਵਿਗਿਆਨਣ ਵੱਜੋਂ ਕੰਮ ਕਰਦੀ ਹੈ।

ਮੈਕਸੀਮੌਫ਼ ਤੋਂ ਦੂਰ ਭੱਜਣ ਤੋਂ ਬਾਅਦ, ਵਿਸ਼ਾਂਤੀ ਦੇ ਗ੍ਰੰਥ ਨੂੰ ਲੱਭਣ ਵਾਸਤੇ ਸਟ੍ਰੇਂਜ, ਚੈਵੇਜ਼, ਅਤੇ ਧਰਤੀ-838 ਦੀ ਕ੍ਰਿਸਟੀਨ ਪਾਲਮਰ ਬ੍ਰਹਿਮੰਡਾਂ ਦੀ ਵਿਚਲੀ ਥਾਂ 'ਤੇ ਆਉਂਦੇ ਹਨ, ਜੋ ਕਿ ਡਾਰਕਹੋਲਡ ਦਾ ਇੱਕੋ-ਇੱਕ ਹੱਲ ਹੈ, ਪਰ ਮੈਕਸੀਮੌਫ਼ ਉੱਥੇ ਆ ਜਾਂਦੀ ਹੈ ਅਤੇ ਚੈਵੇਜ਼ ਦੇ ਦਿਮਾਗ 'ਤੇ ਕਾਬੂ ਪਾਅ ਲੈਂਦੀ ਹੈ, ਅਤੇ ਉਸਦੀਆਂ ਕਾਬਲੀਅਤਾਂ ਨੂੰ ਵਰਤ ਕੇ ਸਟ੍ਰੇਂਜ ਅਤੇ ਧਰਤੀ-838 ਦੀ ਕ੍ਰਿਸਟੀਨ ਪਾਲਮਰ ਨੂੰ ਇੱਕ ਤਬਾਹ ਹੋ ਚੁੱਕੇ ਬ੍ਰਹਿਮੰਡ 'ਚ ਭੇਜ ਦਿੰਦੀ ਹੈ। ਧਰਤੀ-616 'ਤੇ, ਮੈਕਸੀਮੌਫ਼ ਮੰਤਰ ਪੜ੍ਹਨਾ ਸ਼ੁਰੂ ਕਰਦੀ ਹੈ ਜਿਸ ਨਾਲ਼ ਉਹ ਚੈਵੇਜ਼ ਦੀਆਂ ਕਾਬਲੀਅਤਾਂ ਉਸ ਵਿੱਚ ਚਲੀਆਂ ਜਾਣਗੀਆਂ। ਸਟ੍ਰੇਂਜ, ਤਬਾਹ ਹੋ ਚੁੱਕੇ ਬ੍ਰਹਿਮੰਡ ਦੇ ਸਟ੍ਰੇਂਜ ਨਾਲ਼ ਲੜਦਾ ਹੈ, ਜੋ ਕਿ ਡਾਰਕਹੋਲਡ ਦੀ ਵਰਤੋਂ ਕਰਨ ਕਾਰਣ ਭ੍ਰਿਸ਼ਟ ਹੋ ਚੁੱਕਾ ਹੈ। ਫਿਰ ਧਰਤੀ-616 ਦਾ ਸਟ੍ਰੇਂਜ ਇਸ ਬ੍ਰਹਿਮੰਡ ਦੇ ਡਾਰਕਹੋਲਡ ਦੀ ਵਰਤੋਂ ਕਰਕੇ ਇੱਕ ਹੋਰ ਸਟ੍ਰੇਂਜ ਦੇ ਅਵਤਾਰ ਦੀ ਲਾਸ਼ ਜ਼ਰੀਏ "ਸੁਪਨ-ਸਫ਼ਰ" ਕਰਨਾ ਸ਼ੁਰੂ ਕਰਦਾ ਹੈ ਜੋ ਕਿ ਧਰਤੀ-616 'ਤੇ ਹੈ ਅਤੇ ਚੈਵੇਜ਼ ਨੂੰ ਵੌਂਗ ਦੀ ਸਹਾਇਤਾ ਨਾਲ਼ ਬਚਾਅ ਲੈਂਦਾ ਹੈ। ਮੈਕਸੀਮੌਫ਼ ਨੂੰ ਰੋਕਣ ਵਿੱਚ ਅਸਫ਼ਲ ਹੋਣ ਕਾਰਣ, ਚੈਵੇਜ਼ ਉਸ ਨੂੰ ਧਰਤੀ-838 'ਤੇ ਭੇਜ ਦਿੰਦੀ ਹੈ, ਤਾਂ ਕਿ ਬਿਲੀ ਅਤੇ ਟੌਮੀ ਉਸਦਾ ਇਹ ਪਾਪੀ ਅਵਤਾਰ ਵੇਖ ਸਕਣ। ਉਹ ਦੋਵੇਂ ਡਰ ਜਾਂਦੇ ਹਨ, ਅਤੇ ਆਪਣੀ ਅਸਲ ਮਾਂ ਨੂੰ ਅਵਾਜਾਂ ਮਾਰਦੇ ਹਨ, ਜੋ ਕਿ ਧਰਤੀ-838 ਦੀ ਮੈਕਸੀਮੌਫ਼ ਹੈ।

ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣ ਤੋਂ ਬਾਅਦ, ਮੈਕਸੀਮੌਫ਼ ਆਪਣੀਆਂ ਕਾਬਲੀਅਤਾਂ ਵਰਤ ਕੇ ਮਾਉੰਟ ਵੁੰਡਾਗੋਰ ਨੂੰ ਢਾਹ ਦਿੰਦੀ ਹੈ, ਜਿਸ ਕਾਰਣ ਮਲਟੀਵਰਸ ਵਿੱਚ ਸਾਰੀਆਂ ਡਾਰਕਹੋਲਡ ਦੀਆਂ ਕਾਪੀਆਂ ਤਬਾਹ ਹੋ ਜਾਂਦੀਆਂ ਹਨ ਅਤੇ ਪਰਤੀਤ ਹੁੰਦਾ ਹੈ ਕਿ ਇਹ ਸਭ ਕੁੱਝ ਕਰਨ ਵਿੱਚਕਾਰ ਉਹ ਆਪਣੇ ਆਪ ਦੀ ਵੀ ਕੁਰਬਾਨੀ ਦੇ ਦਿੰਦੀ ਹੈ। ਪਾਲਮਰ ਦੇ ਧਰਤੀ-838 'ਤੇ ਵਾਪਸ ਜਾਣ ਤੋਂ ਪਹਿਲਾਂ, ਸਟ੍ਰੇਂਜ ਉਸ ਨੂੰ ਦੱਸਦਾ ਹੈ ਕਿ ਉਹ ਹਜੇ ਵੀ ਧਰਤੀ-616 ਜਾਣੀ ਕਿ ਉਸਦੇ ਆਪਣੇ ਬ੍ਰਹਿਮੰਡ ਦੀ ਪਾਲਮਰ ਨੂੰ ਪਿਆਰ ਕਰਦਾ ਹੈ ਪਰ ਉਹ ਹਮੇਸ਼ਾ ਤੋਂ ਹੀ ਇੱਕ ਅਸਲ ਸੰਬੰਧ ਤੋਂ ਡਰਦਾ ਸੀ ਅਤੇ ਹੈ। ਚੈਵੇਜ਼ ਇੱਕ ਜਾਦੂਗਰਨੀ ਵੱਜੋਂ ਕਮਰ-ਤਾਜ ਵਿਖੇ ਸਿਖਲਾਈ ਲੈਣੀ ਸ਼ੁਰੂ ਕਰਦੀ ਹੈ। ਕੁੱਝ ਸਮੇਂ ਬਾਅਦ, ਡਾਰਕਹੋਲਡ ਦੀ ਵਰਤੋਂ ਕਰਨ ਕਾਰਣ ਸਟ੍ਰੇਂਜ ਦੇ ਮੱਥੇ 'ਤੇ ਇੱਕ ਤੀਜੀ ਅੱਖ ਖੁੱਲ੍ਹ ਜਾਂਦੀ ਹੈ ਅਤੇ ਉਸ ਦੀ ਮੁਲਾਕਾਤ ਇੱਕ ਜਾਦੂਗਰਨੀ ਨਾਲ਼ ਹੁੰਦੀ ਹੈ, ਜੋ ਉਸ ਨੂੰ ਦੱਸਦੀ ਹੈ ਕਿ ਉਸ ਦੀਆਂ ਕਰਤੂਤਾਂ ਕਾਰਣ ਇੱਕ "ਇਨਕਰਜ਼ਨ" ਸ਼ੁਰੂ ਹੋ ਗਈ ਹੈ ਅਤੇ ਉਹ ਦੋਵੇਂ ਡਾਰਕ ਡਾਈਮੈੱਨਸ਼ਨ ਵਿੱਚ ਵੜ ਜਾਂਦੇ ਹਨ।

ਅਦਾਕਾਰ ਅਤੇ ਕਿਰਦਾਰ

[ਸੋਧੋ]
  • ਬੈਨੇਡਿਕਟ ਕੰਬਰਬੈਚ - ਡੌਕਟਰ ਸਟੀਫਨ ਸਟਰੇਂਜ: ਇੱਕ ਨਿਊਰੋਸਰਜੀਅਨ ਜੋ ਕਿ ਇੱਕ ਕਰੀਅਰ ਖ਼ਤਮ ਕਰਨ ਲਾਇਕ ਸੜਕ ਹਾਦਸੇ ਤੋਂ ਬਾਅਦ ਮਿਸਟਿਕ ਕਲਾਵਾਂ ਦਾ ਸਰਤਾਜ ਬਣ ਗਿਆ ਸੀ। ਕੰਬਰਬੈਚ ਨੇ ਫ਼ਿਲਮ ਵਿੱਚ ਸਟ੍ਰੇਂਜ ਦੇ 3 ਹੋਰ ਅਵਤਾਰਾਂ ਦਾ ਵੀ ਕਿਰਦਾਰ ਕੀਤਾ ਹੈ: ਇੱਕ ਅਵਤਾਰ ਜੋ ਕਿ ਫ਼ਿਲਮ ਦੀ ਸ਼ੁਰੂਆਤ ਵਿੱਚ ਮਰ ਜਾਂਦਾ ਹੈ; ਧਰਤੀ-838 ਦਾ ਸਾਬਕਾ ਸੌਰਸਰਰ ਸੁਪ੍ਰੀਮ ਜਿਸ ਨੇ ਇਲੁਮਿਨਾਟੀ ਦਾ ਮੋਢੀ; ਅਤੇ ਇੱਕ ਅਵਤਾਰ ਜਿਸ ਨੂੰ ਡਾਰਕਹੋਲਡ ਨੇ ਭ੍ਰਿਸ਼ਟ ਕਰ ਦਿੱਤਾ ਹੈ।
  • ਬੈਨੇਡਿਕਟ ਵੌਂਗ - ਵੌਂਗ: ਸਟ੍ਰੇਂਜ ਦਾ ਗੁਰੂ ਅਤੇ ਦੋਸਤ ਅਤੇ ਧਰਤੀ-616 ਦਾ ਸੌਰਸਰਰ ਸੁਪ੍ਰੀਮ।
  • ਰੇਚਲ ਮੈੱਕਐਡਮਜ਼ - ਕ੍ਰਿਸਟੀਨ ਪਾਲਮਰ: ਇੱਕ ਆਪਾਤਕਾਲੀ ਸਰਜੀਅਨ ਜੋ ਕਿ ਪਹਿਲਾਂ ਸਟ੍ਰੇਂਜ ਦੀ ਸਹਿਕਰਮੀ ਅਤੇ ਪ੍ਰੇਮਿਕਾ ਸੀ।
  • ਚੀਵੇਟੈੱਲ ਐਜੀਓਫੌਰ - ਕਾਰਲ ਮੌਰਡੋ: ਧਰਤੀ-838 ਦਾ ਸੌਰਸਰਰ ਸੁਪ੍ਰੀਮ ਅਤੇ ਇਲੁਮਿਨਾਟੀ ਦਾ ਮੈਂਬਰ। ਇਹ ਸਟ੍ਰੇਂਜ ਦਾ ਜੋ ਗੁਰੂ ਸੀ ਅਤੇ ਬਾਅਦ ਵਿੱਚ ਉਸਦਾ ਵੈਰੀ ਬਣ ਗਿਆ ਉਸਦਾ ਧਰਤੀ-838 ਵਾਲਾ ਅਵਤਾਰ ਹੈ।
  • ਐਲਿਜ਼ਾਬੈਥ ਓਲਸੈੱਨ - ਵੌਂਡਾ ਮੈਕਸੀਮੌਫ / ਸਕਾਰਲੈੱਟ ਵਿੱਚ: ਇੱਕ ਸਾਬਕਾ ਅਵੈਂਜਰ, ਜੋ ਕਿ ਹੁਣ ਕੇਔਸ ਜਾਦੂ ਨੂੰ ਕਾਬੂ ਕਰ ਸਕਦੀ ਹੈ, ਟੈਲੀਪੈਥੀ ਅਤੇ ਟੈਲੀਕਿਨੀਸਿਸ ਦੀ ਵਰਤੋਂ ਕਰ ਸਕਦੀ ਹੈ, ਅਤੇ ਹਕੀਕਤ ਵਿੱਚ ਫ਼ੇਰ-ਬਦਲ ਵੀ ਕਰ ਸਕਦੀ ਹੈ। ਓਲਸੈੱਨ ਨੇ ਧਰਤੀ-838 ਦੀ ਵੌਂਡਾ ਦਾ ਵੀ ਕਿਰਦਾਰ ਕੀਤਾ ਹੈ।
  • ਸੋਹਚੀ ਗੋਮੇਜ਼ - ਅਮੈਰਿਕਾ ਚੈਵੇਜ਼: ਇੱਕ ਨੌਜਵਾਨ ਕੁੜੀ ਜੋ ਕਿ ਮਲਟੀਵਰਸ ਵਿੱਚ ਸਫ਼ਰ ਕਰ ਸਕਦੀ ਹੈ। ਇਸਦਾ ਪਿਛੋਕੜ ਇੱਕ ਹੋਰ ਬ੍ਰਹਿਮੰਡ ਤੋਂ ਹੈ, ਜਿਸਨੂੰ ਯੁਟੋਪੀਅਨ ਪੈਰਲਲ ਕਹਿੰਦੇ ਹਨ।