ਡੰਗਰਾਂ ਲਈ ਟੂਣਾ
ਪਸ਼ੂਆਂ ਨੂੰ ਸਾਉਣ, ਭਾਦੋਂ ਦੇ ਬਾਰਸ਼ ਦੇ ਮਹੀਨਿਆਂ ਵਿਚ ਕਈ ਵੇਰ ਇਕ ਬੀਮਾਰੀ ਲੱਗ ਜਾਂਦੀ ਹੈ, ਜਿਸ ਨਾਲ ਪਸ਼ੂਆਂ ਦੇ ਮੂੰਹ ਅਤੇ ਖੁਰਾਂ ਵਿਚ ਜ਼ਖਮ ਹੋ ਜਾਂਦੇ ਹਨ। ਇਨ੍ਹਾਂ ਕਰ ਕੇ ਪਸ਼ੂ ਨਾ ਕੁਝ ਖਾ ਸਕਦੇ ਹਨ ਅਤੇ ਨਾ ਹੀ ਆਸਾਨੀ ਨਾਲ ਤੁਰ ਸਕਦੇ ਹਨ। ਇਸ ਬੀਮਾਰੀ ਨੂੰ ਮੂੰਹ ਖੁਰ ਦੀ ਬੀਮਾਰੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਇਸ ਬੀਮਾਰੀ ਦਾ ਇਲਾਜ ਟੂਣੇ ਨਾਲ ਕੀਤਾ ਜਾਂਦਾ ਸੀ। ਟੂਣਾ ਕੋਈ ਮੁਸਲਮਾਨ ਜਾਂ ਪੰਡਤ (ਸਿਆਣਾ) ਕਰਦਾ ਸੀ। ਟੂਣਾ ਕਰਨ ਸਮੇਂ ਸਾਰੇ ਪਿੰਡ ਵਾਲੇ ਚੁੱਲ੍ਹੇ ਅੱਗ ਨਹੀਂ ਪਾਉਂਦੇ ਸਨ। ਟੂਣਾ ਸਵੇਰੇ ਕੀਤਾ ਜਾਂਦਾ ਸੀ। ਟੂਣੇ ਵਾਲੇ ਕਾਗਜ਼ ਨੂੰ ਮਿੱਟੀ ਦੇ ਚੱਪਣ ਵਿਚ ਬੰਨ੍ਹ ਕੇ, ਚੱਪਣ ਨੂੰ ਪਿੰਡ ਦੇ ਦਰਵਾਜੇ ਦੇ ਵਿਚਾਲੇ ਰੱਸੀਆਂ ਨਾਲ ਬੰਨ੍ਹ ਕੇ ਲਟਕਾਇਆ ਜਾਂਦਾ ਸੀ। ਇਕ ਵੱਡੇ ਸਾਰੇ ਕੜਾਹ ਵਿਚ ਪਾਣੀ ਭਰਿਆ ਜਾਂਦਾ ਸੀ। ਵਿਚ ਦੁੱਧ ਪਾ ਕੇ ਕੱਚੀ ਲੱਸੀ ਬਣਾਈ ਜਾਂਦੀ ਸੀ। ਕੜਾਹੇ ਨੂੰ ਦਰਵਾਜੇ ਦੇ ਕੌਲੇ ਕੋਲ ਰੱਖਿਆ ਜਾਂਦਾ ਸੀ। ਕੋਲ ਇਕ ਬੰਦਾ ਬੈਠ ਜਾਂਦਾ ਸੀ। ਬੰਦੇ ਦੇ ਹੱਥ ਵਿਚ ਨਿੰਮ ਦੀਆਂ ਟਾਹਣੀਆਂ ਫੜੀਆਂ ਹੁੰਦੀਆਂ ਸਨ। ਪਿੰਡ ਵਾਸੀ ਵਾਰੀ-ਵਾਰੀ ਆਪਣੇ ਪਸ਼ੂ ਦਰਵਾਜੇ ਵਿਚ ਬੰਨ੍ਹੇ ਟੂਣੇ ਹੇਠ ਲਿਆਉਂਦੇ ਸਨ।ਕੜਾਹੇ ਕੋਲ ਬੈਠਾ ਬੰਦਾ ਪਸ਼ੂਆਂ ਉੱਪਰ ਨਿੰਮ ਦੀਆਂ ਟਾਹਣੀਆਂ ਨਾਲ ਕੱਚੀ ਲੱਸੀ ਦੇ ਛਿੱਟੇ ਮਾਰੀ ਜਾਂਦਾ ਸੀ। ਇਸ ਤਰ੍ਹਾਂ ਸਾਰੇ ਪਿੰਡ ਦੇ ਪਸ਼ੂਆਂ ਨੂੰ ਛਿੱਟੇ ਮਾਰ ਜਾਂਦੇ ਸਨ। ਜਦ ਸਾਰੇ ਪਿੰਡ ਦੇ ਪਸ਼ੂਆਂ ਤੇ ਟੂਣਾ ਹੋ ਜਾਂਦਾ ਸੀ ਤਾਂ ਫੇਰ ਪਿੰਡ ਵਾਲੇ ਚੁੱਲ੍ਹਿਆਂ ਵਿਚ ਅੱਗ ਪਾਉਂਦੇ ਸਨ। ਰੋਟੀ ਟੁੱਕ, ਚਾਹ ਬਣਾਉਂਦੇ ਸਨ।
ਮੂੰਹ ਖੁਰ ਦੀ ਬੀਮਾਰੀ ਲਾਗ ਦੀ ਬੀਮਾਰੀ ਹੈ। ਇਸ ਬੀਮਾਰੀ ਤੋਂ ਪਸ਼ੂ ਹਫਤੇ ਕੁ ਪਿੱਛੋਂ ਆਪਣੇ ਆਪ ਹੀ ਠੀਕ ਹੋਣ ਲੱਗ ਜਾਂਦਾ ਹੈ। ਟੂਣੇ ਕਰਕੇ ਬੀਮਾਰੀ ਠੀਕ ਨਹੀਂ ਹੁੰਦੀ ਸੀ। ਪਰ ਪਹਿਲੇ ਸਮਿਆਂ ਵਿਚ ਲੋਕ ਜਾਗਰਤ ਨਹੀਂ ਸਨ, ਇਸ ਕਰਕੇ ਟੂਣੇ ਤੇ ਵਿਸ਼ਵਾਸ ਕਰ ਲੈਂਦੇ ਸਨ।ਹੁਣ ਲੋਕਾਂ ਨੂੰ ਬੀਮਾਰੀ ਬਾਰੇ ਸਮਝ ਹੈ। ਇਸ ਲਈ ਹੁਣ ਕੋਈ ਵੀ ਪਿੰਡ ਵਾਲੇ ਮੂੰਹ ਖੁਰ ਦੀ ਬੀਮਾਰੀ ਲਈ ਟੂਣਾ ਨਹੀਂ ਕਰਵਾਉਂਦੇ। ਹੁਣ ਪਸ਼ੂਆਂ ਦੀ ਹਰ ਬੀਮਾਰੀ ਦਾ ਇਲਾਜ ਪਸ਼ੂਆਂ ਦੇ ਡਾਕਟਰਾਂ ਤੋਂ ਕਰਵਾਇਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.