ਢਾਡੀ ਕਾਵਿ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਢਾਡੀ ਕਾਵਿ ਪੰਜਾਬੀ ਵਿੱਚ ਪੂਰਵ ਨਾਨਕ ਕਾਲ ਤੋਂ ਵਰਤਮਾਨ ਤੱਕ ਨਿਰੰਤਰ ਗਤੀਸ਼ੀਲ ਰਹੀ ਕਾਵਿਧਾਰਾ ਹੈ। ਇਹ ਪੰਜਾਬੀ ਦੀ ਪਹਿਲੀ ਸੰਸਾਰਿਕ ਕਾਵਿਧਾਰਾ ਹੈ ਜਿਸ ਵਿੱਚ ਪੂਰਵ ਨਾਨਕ ਕਾਲ ਵਿੱਚ ਬੀਰਤਾ ਅਤੇ ਪਿਆਰ ਨੂੰ ਸ਼ੁੱਧ ਸੰਸਾਰਿਕ ਦ੍ਰਿਸ਼ਟੀਕੋਣ ਤੋਂ ਪ੍ਰਗਟਾਵਾ ਮਿਲਿਆ। ਸਮੇਂ ਦੇ ਬਦਲਾਅ ਅਨੁਸਾਰ ਪੰਜਾਬੀਆਂ ਦੀ ਹਰ ਤਤਕਾਲੀ ਪ੍ਰਾਪਤੀ, ਉਮੰਗ ਅਤੇ ਰੁਚੀ ਢਾਡੀ ਕਾਵਿ ਵਿੱਚ ਪੇਸ਼ ਹੋਈ। ਇਸ ਦੇ ਹਰਮਨ ਪਿਆਰਾ ਹੋਣ ਦਾ ਪ੍ਰਮਾਣ ਇਹ ਹੈ ਕਿ ਢਾਡੀ ਕਾਵਿ ਦੇ ਪ੍ਰਭਾਵ ਅਧੀਨ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਦੇ ਰੂਪ ਵਿੱਚ ਅਧਿਆਤਮਿਕ ਵਾਰਾਂ ਦੀ ਪ੍ਰਵਿਰਤੀ ਪੈਦਾ ਹੋਈ। ਇਸ ਦਾ ਦੂਜਾ ਪਸਾਰ ਕਿੱਸਾ ਕਾਵਿ ਉੱਪਰ ਪ੍ਰਭਾਵ ਦੇ ਰੂਪ ਵਿੱਚ ਉਜਾਗਰ ਹੋਇਆ। ਢਾਡੀ ਕਾਵਿਧਾਰਾ ਦਾ ਅਸਤਿਤਵ ਦੂਹਰੀ ਪ੍ਰਕਿਰਤੀ ਦਾ ਧਾਰਨੀ ਹੈ। ਇਸ ਦਾ ਇੱਕ ਪੱਖ ਕਵਿਤਾ ਹੈ ਤੇ ਦੂਜਾ ਢਾਡੀ ਪੇਸ਼ਕਾਰੀ ਜਿਸ ਵਿੱਚ ਗਾਇਣ ਅਤੇ ਸੰਗੀਤ ਸ਼ਾਮਲ ਹਨ। ਬੀਰਤਾ, ਪਿਆਰ, ਭਗਤੀ ਭਾਵ, ਸਦਾਚਾਰਿਕ, ਸਮਾਜਿਕ ਅਤੇ ਰਾਜਸੀ ਆਦਿ ਵਿਸ਼ਿਆਂ ਨਾਲ ਸੰਬੰਧਿਤ ਮਿਥਿਹਾਸਿਕ ਕਥਾਵਾਂ, ਦੰਤ ਕਥਾਵਾਂ, ਇਤਿਹਾਸਿਕ ਘਟਨਾਵਾਂ ਅਤੇ ਲੋਕ ਕਹਾਣੀਆਂ ਤੋਂ ਲੈ ਕੇ ਅਜੋਕੀਆਂ ਸਮੱਸਿਆਵਾਂ ਨੂੰ ਢਾਡੀਆਂ ਨੇ ਵਾਰਾਂ, ਗੌਣਾਂ, ਪ੍ਰਸੰਗਾਂ ਅਤੇ ਸੁਤੰਤਰ ਗੀਤਾਂ ਦੇ ਰੂਪ ਵਿੱਚ ਪੇਸ਼ ਕਰ ਕੇ ਪੰਜਾਬੀਆਂ ਦਾ ਮਨੋਰੰਜਨ ਕੀਤਾ ਅਤੇ ਜਨ-ਜੀਵਨ ਨੂੰ ਧਰਮ-ਕਰਮ ਦੇ ਕਿਨਾਰਿਆਂ ਵਿੱਚ ਪ੍ਰਵਾਹਿਤ ਰੱਖਿਆ ਹੈ। ਪੰਜਾਬੀ ਜਨ-ਸਧਾਰਨ ਵਿੱਚ ਕਾਵਿ ਅਤੇ ਸੰਗੀਤ ਸੂਝ ਵਿਕਸਿਤ ਕਰਨ ਵਿੱਚ ਵਾਹਦ ਭੂਮਿਕਾ ਨਿਭਾਉਣ ਵਾਲੀ ਇਹ ਕਲਾ ਪੰਜਾਬ ਦਾ ਸਭ ਤੋਂ ਵੱਧ ਬਲਸ਼ਾਲੀ ਪ੍ਰਗਟਾਅ ਮਾਧਿਅਮ ਰਹੀ ਹੈ।

ਸ਼ਾਬਦਿਕ ਅਰਥ[ਸੋਧੋ]

‘ਢਾਡੀ ਕਾਵਿ’ ਸੰਕਲਪ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ। ‘ਕਾਵਿ’ ਇਸ ਸ਼ਬਦ ਜੁੱਟ ਦਾ ਮੁੱਖ ਸ਼ਬਦ ਹੈ ਜਿਸ ਦੇ ਅਰਥ ਸਵੈ ਸਪਸ਼ਟ ਹਨ। ‘ਢਾਡੀ’ ਸ਼ਬਦ ਕਾਵਿ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ। ਢਾਡੀ ਸ਼ਬਦ ਉਹਨਾਂ ਗਮੰਤਰੀਆਂ ਲਈ ਵਰਤਿਆ ਜਾਂਦਾ ਹੈ ਜਿਹੜੇ ਢੱਡ ਅਤੇ ਸਾਰੰਗੀ ਨਾਲ ਗਾਉਂਦੇ ਹਨ। ਸੋ ਢਾਡੀ ਕਾਵਿ ਉਹ ਕਾਵਿ ਹੈ ਜਿਸ ਨੂੰ ਢੱਡ-ਸਾਰੰਗੀ ਨਾਲ ਗਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ “ਢਾਢੀ (ਢਾਡੀ) ਢੱਡ (ਢੱਢ) ਵਜਾ ਕੇ ਯੋਧਿਆਂ ਦੀਆਂ ਵਾਰਾਂ ਗਾਉਣ ਵਾਲਾ। 2 ਭਾਵ- ਜਸ ਗਾਉਣ ਵਾਲਾ।”1 ਇਸ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਢਾਡੀ ਕਾਵਿ ਉਹ ਕਵਿਤਾ ਹੈ ਜਿਸ ਵਿੱਚ ਯੋਧਿਆਂ ਦਾ ਜਸ ਹੁੰਦਾ ਹੈ, ਇਸ ਦਾ ਕਾਵਿ ਰੂਪ ‘ਵਾਰ’ ਹੈ ਅਤੇ ਇਸ ਨੂੰ ਢੱਡ ਵਜਾ ਕੇ ਗਾਇਆ ਜਾਂਦਾ ਹੈ। ਢੱਡ ਤੇ ਸਾਰੰਗੀ ਦੇ ਸੁਰ-ਤਾਲ ਨਾਲ ਕੋਈ ਵੀ ਕਵਿਤਾ ਗਾਈ ਜਾ ਸਕਦੀ ਹੈ। ਸਾਰੰਗੀ ਦਾ ਤਾਂ ਨਾਂ ਹੀ ਇਸ ਦੀ ਸਾਜ਼ ਸੰਗੀਤ ਦੇ ਸੌ ਨਾਦਾਤਮਕ ਰੰਗਾਂ ਨੂੰ ਪ੍ਰਗਟਾਅ ਸਕਣ ਦੀ ਸਮਰੱਥਾ ਕਾਰਨ ਪਿਆ ਹੈ। ਭਾਰਤੀ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਸ਼ਾਸਤਰੀ ਨ੍ਰਿਤ, ਮੁਜਰਿਆਂ ਅਤੇ ਕਵਾਲੀ ਗਾਇਕੀ ਵਿੱਚ ਵੀ ਸਾਰੰਗੀ ਦਾ ਪ੍ਰਯੋਗ ਹੁੰਦਾ ਰਿਹਾ ਹੈ। ਇਸ ਲਈ ਸਾਰੰਗੀ ਨਾਲ ਗਾਈ ਜਾਣ ਵਾਲੀ ਕਵਿਤਾ ਨੂੰ ਕਿਸੇ ਇੱਕ ਵਿਸ਼ੇਸ਼ ਵੰਨਗੀ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਅਜਿਹਾ ਯਤਨ ਕਰਨਾ ਤਰਕਸੰਗਤ ਪ੍ਰਤੀਤ ਹੁੰਦਾ ਹੈ। ਇਸ ਲਈ ਜਦੋਂ ਅਸੀਂ ਢੱਡ ਸਾਰੰਗੀ ਨਾਲ ਗਾਈ ਜਾਣ ਵਾਲੀ ਕਵਿਤਾ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਨੋਰਥ ਕਿਸੇ ਗਾਈ ਜਾਣ ਵਾਲੀ ਕਵਿਤਾ ਲਈ ਇਨ੍ਹਾਂ ਸਾਜ਼ਾਂ ਦੀ ਸੰਗੀਤਕ ਸਮਰੱਥਾ ਅਤੇ ਪ੍ਰਸੰਗਿਕਤਾ ਤੋਂ ਹਟ ਕੇ ਇਨ੍ਹਾਂ ਸਾਜ਼ਾਂ ਨਾਲ ਜੁੜੀ ਲੋਕ ਸੰਗੀਤ ਦੀ ਉਸ ਵਿਰਾਸਤ ਨਾਲ ਜੁੜਦਾ ਹੈ ਜਿਹੜੀ ਪ੍ਰਵੀਨ ਲੋਕ-ਢਾਡੀ ਗਾਇਕਾਂ ਦੀ ਇੱਕ ਵਿਸ਼ਿਸ਼ਟ ਗਾਇਣ ਪੱਧਤੀ ਵਜੋਂ ਵਿਕਸਿਤ ਹੋ ਕੇ ਪ੍ਰਵਾਨ ਚੜ੍ਹੀ। ਇਸ ਸੰਗੀਤ ਪਰੰਪਰਾ ਵਿੱਚ ਢੱਡ ਅਤੇ ਸਾਰੰਗੀ ਸਾਜ਼ ਹੀ ਪ੍ਰਯੋਗ ਹੁੰਦੇ ਹਨ। ਪੰਜਾਬੀ ਲੋਕ ਸੰਗੀਤ ਵਿੱਚ ਢਾਡੀ ਪਰੰਪਰਾ ਨੇ ਢਾਡੀ ਗਾਇਣ ਕਲਾ ਦੀ ਮੌਲਿਕ ਤਕਨੀਕ ਅਤੇ ਨਿਵੇਕਲਾ ਸਰੂਪ ਵਿਕਸਿਤ ਕੀਤਾ ਅਤੇ ਇਸ ਨੂੰ ਅਨੇਕ ਸੰਗੀਤਮੁਖੀ ਅਤੇ ਕਾਵਿਮੁਖੀ ਪਾਸਾਰਾਂ ਵਿੱਚ ਵਿਸਥਾਰ ਦਿੱਤਾ। ਢਾਡੀ ਕਲਾ ਦੀਆਂ ਨਿਸ਼ਚਿਤ ਤਕਨੀਕਾਂ, ਗਾਇਣ ਸ਼ੈਲੀਆਂ, ਰਾਗਾਂ, ਗਾਏ ਜਾਣ ਵਾਲੇ ਵਿਸ਼ਿਆਂ, ਕਾਵਿ-ਰੂਪਾਂ ਅਤੇ ਛੰਦ ਵਿਧਾਨ ਪੱਖੋਂ ਬੱਝਵੀ ਧਾਰਾ ਨੇ ਢਾਡੀ ਗਾਇਣ ਕਲਾ ਤੇ ਢਾਡੀ ਕਾਵਿ ਨੂੰ ਇੱਕ ਵਿਲੱਖਣ ਤੇ ਨਿਵੇਕਲੀ ਪਰ ਅੰਤਰ ਸੰਬੰਧਿਤ ਹੋਂਦ ਪ੍ਰਦਾਨ ਕੀਤੀ। ਇਸੇ ਲਈ ਅਸੀਂ ਪੰਜਾਬ ਦੀ ਢਾਡੀ ਵਿਰਾਸਤ ਨਾਲ ਸੰਬੰਧਿਤ ਜਾਂ ਇਸ ਵਿਰਾਸਤ ਨੂੰ ਅੱਗੇ ਵਧਾਉਣ ਵਾਲੀ ਕਵਿਤਾ ਨੂੰ ਹੀ ਪੰਜਾਬੀ ਢਾਡੀ ਕਾਵਿ ਮੰਨਦੇ ਹਾਂ।

ਹਵਾਲੇ[ਸੋਧੋ]

  • ਢੱਡ ਸਾਰੰਗੀ ਵਜਦੀ ਮਾਲਵੇ, 1996, ਪੰਨਾ
  • ਭਾਈ ਕਾਨ੍ਹ ਸਿੰਘ ਨਾਭਾ, ਗੁਰੁਸ਼ਬਦ ਰਤਨਾਕਰ ਮਹਾਨ ਕੋਸ਼, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1990, ਪੰਨਾ 565

ਹਵਾਲੇ[ਸੋਧੋ]