ਢਾਡੀ ਜੱਥਾ ਭਾਈ ਮਨਦੀਪ ਸਿੰਘ ਪੋਹੀੜ
ਪੰਜਾਬ ਦੀ ਧਰਤੀ ਉੱਪਰ ਸਦੀਆਂ ਤੋਂ ਹੁੰਦੇ ਅਤਿਆਚਾਰਾਂ ਨੂੰ ਰੋਕਣ ਦੀ ਖ਼ਾਤਿਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿੱਥੇ ਭਗਤੀ ਦੇ ਨਾਲ ਸ਼ਕਤੀ ਨੂੰ ਜੋੜਿਆ ਓਥੇ ਰਬਾਬ ਤੇ ਸਾਰੰਗੀ ਦਾ ਨਵਾਂ ਸੁਮੇਲ ਪੈਦਾ ਕੀਤਾ ਧਰਮ ਦੇ ਪਰਚਾਰ ਲਈ ਜਿੱਥੇ ਰਬਾਬ ਨੂੰ ਵਰਤਿਆ ਓਥੇ ਅਣਖ ਦੇ ਪਰਚਾਰ ਲਈ ਢੱਡ ਸਾਰੰਗੀ ਨੂੰ ਅਗੇ ਲਿਆਂਦਾ |ਛੇਵੀਂ ਪਾਤਸ਼ਾਹੀ ਤੋਂ ਚਲਦੀ ਆ ਰਹੀ ਇਸ ਪਿਰਤ ਨੂੰ ਜਿੱਥੇ ਪੰਜਾਬ ਵਿੱਚ ਹੋਰਨਾਂ ਢ਼ਾਡੀ ਜਥਿਆਂ ਨੇ ਸੰਭਾਲਿਆ ਹੈ ਓਥੇ ਭਾਈ ਮਨਦੀਪ ਸਿੰਘ ਖਾਲਸਾ ਪੋਹੀੜ ਵਾਲਿਆਂ ਦਾ ਜੱਥਾ ਵੀ ਇਸ ਖੇਤਰ ਵਿੱਚ ਆਪਣੀ ਨਵੇਲੀ ਪਹਿਚਾਣ ਬਣਾ ਚੁਕਾ ਹੈ ! 27 ਅਗਸਤ 1975 ਬੈਂਕ ਮੈਨੇਜਰ ਸਵ: ਕੰਧਾਰਾ ਸਿੰਘ ਅਤੇ ਹਾਈ ਸਕੂਲ ਹੈਡਮਿਸਟ੍ਰਿਸ ਸ੍ਰੀਮਤੀ ਗੁਰਦੇਵ ਕੌਰ ਦੇ ਘਰ ਜਨਮ ਲੈਕੇ ਬਚਪਨ ਤੋਂ ਹੀ ਧਰਮ ਦੀ ਦੁਨੀਆ ਨਾਲ ਐਸਾ ਜੁੜਿਆ ਕਿ ਉਸ ਵਕਤ ਦੀ ਲੱਚਰ ਗੀਤਕਾਰੀ ਦੀਆਂ ਪਾਈਆਂ ਗਲਤ ਪਿਰਤਾਂ ਨੂੰ ਤੋੜਨ ਦੀ ਖ਼ਾਤਿਰ 14 ਸਾਲਾਂ ਦੀ ਉਮਰ ਵਿੱਚ ਦਸਵੀਂ ਚ ਪੜਦਿਆਂ ਹੀ ਢ਼ਾਡੀ ਵਾਰਾਂ ਲਿਖਣੀਆਂ ਆਰੰਭ ਕੀਤੀਆਂ ਜਿਸ ਨੂੰ ਪੰਜਾਬ ਦੇ ਸਿਰਮੌਰ ਢ਼ਾਡੀ ਜੱਥਿਆਂ ਸ: ਚਰਨ ਸਿੰਘ ਆਲਮਗੀਰ, ਰਛਪਾਲ ਸਿੰਘ ਪਮਾਲ, ਬਲਿਹਾਰ ਸਿੰਘ ਢੀਂਡਸਾ ਅਤੇ ਹੋਰਨਾਂ ਵਲੋਂ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ | "ਦੁਨੀਆ ਮਤਲਬ ਦੀ", "ਪੁੱਤਰ ਮਿਠੜੇ ਮੇਵੇ ", "ਧੀ ਦਾ ਤਰਲਾ", "ਨੀਹਾਂ ਵਿੱਚ ਲਾਲ", "ਨਿਸ਼ਾਨ ਸਾਹਿਬ ਵਾਜਾਂ ਮਾਰਦਾ" ਆਦਿਕ ਕੈਸਟਾਂ ਬਤੌਰ ਲੇਖਕ ਵਰਨਣਜੋਗ ਹਨ | 1997 ਵਿੱਚ ਬੀ ਕਾਮ ਤੇ ਗਿਆਨੀ ਪਾਸ ਕਰਨ ਉੱਪਰੰਤ ਉਸਤਾਦ ਚਮਕੋਰ ਸਿੰਘ ਜਲਾਲਾਬਾਦੀ ਤੋਂ ਸਾਰੰਗੀ ਦੀ ਮੁਹਾਰਤ ਹਾਸਲ ਕਰ ਕੇ ਹਰਦੀਪ ਸਿੰਘ ਬਲੋਵਾਲ, ਲਖਵਿੰਦਰ ਸਿੰਘ ਪੋਹੀੜ ਅਤੇ ਮਨਵੀਰ ਸਿੰਘ ਚਮਿੰਡਾ ਨਾਲ 1998 ਵਿੱਚ ਆਪਣਾ ਪਹਿਲਾ ਢਾਡੀ ਜੱਥਾ ਬਣਾਇਆ। ਸਮਾਂ ਆਪਣੀ ਚਾਲੇ ਚਲਿਆ। ਫਿਰ ਸਿੱਖੀ ਸਿਧਾਂਤ ਦੇ ਪਰਚਾਰ ਦੀ ਸੋਚ ਮਨ ਵਿੱਚ ਲੈਕੇ ਈਸਵੀ ਸੰਨ 2007 ਵਿੱਚ ਪੰਥ ਦੇ ਸਿਰਮੌਰ ਮਹਾਨ ਢਾਡੀ ਸ: ਚਰਨ ਸਿੰਘ ਜੀ ਆਲਮਗੀਰ ਨੂੰ ਆਪਣਾ ਉਸਤਾਦ ਧਾਰਕੇ ਢ਼ਾਡੀ ਜੱਥੇ ਵਿੱਚ ਬਤੌਰ ਪ੍ਰਚਾਰਕ ਸੇਵਾ ਆਰੰਭ ਕੀਤੀ। ਇਸ ਸਮੇਂ ਦੌਰਾਨ ਭਾਈ ਮਨਦੀਪ ਸਿੰਘ ਪੋਹੀੜ ਆਪਣੇ ਢ਼ਾਡੀ ਜੱਥੇ ਸਮੇਤ ਯੂਕੇ, ਆਸਟਰੇਲੀਆ, ਨਿਊਜ਼ੀਲੈਡ ਅਤੇ ਮਲੇਸ਼ੀਆ ਦੇ ਪਰਚਾਰਕ ਦੌਰਿਆਂ ਤੇ ਵੀ ਗਏ। ਇਸ ਉੱਪਰੰਤ ਸਿੱਖ ਕੌਮ ਦੇ ਆਜ਼ਾਦੀ ਦਿਆਂ ਨਾਇਕਾਂ ਨੂੰ ਭਾਰਤ ਵਲੋਂ ਭੁਲਾਏ ਜਾਣ ਦੀ ਚੀਸ ਦਿਲ ਵਿੱਚ ਲੈ ਕੇ ਆਪਣੀ ਪਹਿਲੀ ਐਲਬਮ "ਭੁੱਲ ਗਏ ਯਾਦ ਸ਼ਹੀਦਾ ਦੀ" ਸੰਗਤਾਂ ਦੇ ਰੂਬਰੂ ਕੀਤੀ ਜੋਕਿ ਦੇਸ਼ ਵਿਦੇਸ਼ ਵਿੱਚ ਬਹੁਤ ਮਕਬੂਲ ਹੋਈ।ਇਸ ਤੋਂ ਇਲਾਵਾ ਤਿੰਨ ਹੋਰ ਕੈਸਟਾਂ "ਮੁੱਲ ਕੁਰਬਾਨੀ ਦਾ", "ਸ਼ਹੀਦੀ ਵਿਰਾਸਤ" ਅਤੇ "ਪੰਥ ਪਿਆਰੇ ਖ਼ਾਤਿਰ" ਵੀ ਢ਼ਾਡੀ ਜੱਥੇ ਦੁਆਰਾ ਸੰਗਤਾਂ ਦੇ ਰੂਬਰੂ ਕੀਤੀਆਂ ਗਈਆਂ |ਭਾਈ ਲਖਵਿੰਦਰ ਸਿੰਘ ਪੋਹ਼ੀੜ ਜੋਕਿ ਭਾਈ ਮਨਦੀਪ ਸਿੰਘ ਪੋਹ਼ੀੜ ਦੇ ਦੋਸਤ ਵੀ ਹਨ ਤੇ ਸਹਿਪਾਠੀ ਵੀ, 1998 (ਜਦ ਤੋ ਢ਼ਾਡੀ ਜੱਥਾ ਬਣਾਇਆ) ਤੋਂ ਨਿਰੰਤਰ ਬਤੌਰ (ਮੁੱਖ ਢ਼ਾਡੀ) ਜੱਥੇ ਵਿੱਚ ਸੇਵਾ ਨਿਭਾ ਰਹੇ ਨੇ ਅਤੇ ਨਾਲ ਹੀ 1983 ਤੋ ਆਪਣੇ ਪਿੰਡ ਪੋਹ਼ੀੜ ਵਿੱਚ ਨਿਰੰਤਰ ਨਿਸ਼ਕਾਮ ਕੀਰਤਨ ਦੀ ਸੇਵਾ ਵੀ ਕਰ ਰਹੇ ਹਨ। ਢ਼ਾਡੀ ਜੱਥੇ ਨੂੰ ਬੁਲੰਦੀਆਂ ਤੇ ਪਹੁੰਚਾਉਣਾ ਭਾਈ ਲਖਵਿੰਦਰ ਸਿੰਘ ਦੇ ਯੋਗਦਾਨ ਬਿਨਾਂ ਅਸੰਭਵ ਸੀ।ਭਾਈ ਗੁਰਮੀਤ ਸਿੰਘ ਲੋਹਾਰਾ ਅਤੇ ਸਾਰੰਗੀ ਵਾਦਕ ਗੁਰਬੀਰ ਸਿੰਘ ਰੋਹੀੜਾ ਜੋਕਿ ਬਹੁਤ ਹੀ ਮਿਲਾਪੜੇ ਸੁਭਾਅ ਦੇ ਹਨ ਤਕਰੀਬਨ ਪਿਛਲੇ 4 ਸਾਲ ਤੋ ਢ਼ਾਡੀ ਜੱਥੇ ਦੀ ਸ਼ਾਨ ਬਣੇ ਹੋਏ ਹਨ। ਸਵ: ਸਾਰੰਗੀ ਮਾਸਟਰ ਭਾਈ ਸਵਰਨਜੀਤ ਸਿੰਘ ਬਲੋਵਾਲ ਨੇ ਵੀ ਤਕਰੀਬਨ ਦੋ ਸਾਲ ਇਸ ਜਥੇ ਵਿੱਚ ਸੇਵਾ ਕੀਤੀ ਸੀ। ਸਿੱਖੀ ਸਿਧਾਤਾਂ ਦਾ ਪਰਚਾਰ ਕਰਨ ਸਦਕਾ ਅਨੇਕਾ ਮਾਣ ਸਨਮਾਨ ਸੰਗਤਾਂ ਨੇ ਇਸ ਜਥੇ ਦੀ ਝੋਲੀ ਪਾਏ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |