ਦਿਲਜੀਤ ਸਿੰਘ ਬੇਦੀ
ਦਿਲਜੀਤ ਸਿੰਘ ਬੇਦੀ 31 ਦਸੰਬਰ 1960 ਨੂੰ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਘਰ ਜਨਮੇ। ਘਰੇਲੂ ਸਾਹਿਤਕ ਮਾਹੌਲ ਦਾ ਆਪ ਤੇ ਅਜਿਹਾ ਅਸਰ ਪਿਆ ਕਿ ਅੱਜ ਆਪ ਦਾ ਨਾਂ ਪ੍ਰਸਿੱਧ ਲੇਖਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਆਪ ਦੇ ਪਿਤਾ ਬੇਦੀ ਲਾਲ ਸਿੰਘ ਸਾਹਿਤਕਾਰ ਕੌਮ ਦੇ ਪ੍ਰਬੁੱਧ ਚਿੰਤਕ ਅਤੇ ਸਫ਼ਲ ਬੁਲਾਰਾ ਸਨ।
ਉਹਨਾਂ ਵੱਲੋਂ ਲਿਖੀਆਂ ਮੌਲਿਕ, ਸੰਪਾਦਿਤ ਪੁਸਤਕਾਂ ਦੇ ਨਾਲ-ਨਾਲ ਸੋਵੀਨਰਾਂ ਅਤੇ ਸੰਪਾਦਤ ਮੈਗਜ਼ੀਨਾਂ ਦੀ ਫਹਿਰਿਸਤ ਅਤਿਅੰਤ ਲੰਮੇਰੀ ਹੈ। ਗੁਰਦੁਆਰਾ ਕੋਸ਼, ਸਿੱਖੀ ਦੀ ਟਕਸਾਲ, ਬਾਬਾ ਸ਼ਾਮ ਸਿੰਘ ਅਤੇ ਜਥੇਦਾਰ ਤੇਜਾ ਸਿੰਘ ਅਕਰਪੁਰੀ ਉਹਨਾਂ ਦੀਆਂ ਮੌਲਿਕ ਪੁਸਤਕਾਂ ਹਨ। ਸੰਪਾਦਤ ਪੁਸਤਕਾਂ ਵਿੱਚ ਸੋਚ ਦਾ ਵਾਰਿਸ, ਸ਼੍ਰੋਮਣੀ ਕਮੇਟੀ ਦੀਆਂ ਸੇਵਾ ਸਰਗਰਮੀਆਂ(1999-2007), ਵਿਸ਼ਵ ਧਰਮ ਗ੍ਰੰਥ ਅਧਿਐਨ, ਭਾਈ ਘਨੱਈਆ ਜੀ, ਭਗਤ ਬਾਣੀ, ਭੱਟ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ਵ ਵਿਚਾਰਧਾਰਾ, ਭਗਤੀ ਕੀਰਤਨ ਪਰੰਪਰਾ, ਗੁਰਬਾਣੀ ਆਸ਼ਾ, ਸਚਿੱਤਰ ਪੁਸਤਕ ਕੇਂਦਰੀ ਸਿੱਖ ਅਜਾਇਬਘਰ, ਸ਼੍ਰੋਮਣੀ ਕਮੇਟੀ ਦੀਆਂ ਸੇਵਾ ਸਰਗਰਮੀਆਂ (2005 ਤੋਂ 2012) ਵਿਸ਼ੇਸ਼ ਤੌਰ ਉੱਤੇ ਜ਼ਿਕਰਯੋਗ ਹਨ। ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਦੀ ਉਹ ਪਿਛਲੇ 15 ਸਾਲ ਤੋਂ ਸੰਪਾਦਨਾ ਕਰ ਰਹੇ ਹਨ ਅਤੇ ਅਨੇਕਾਂ ਹੋਰ ਰਸਾਲਿਆਂ ਦੇ ਸਲਾਹਕਾਰ ਤੇ ਸਹਿਯੋਗੀ ਸੰਪਾਦਕ ਹਨ।
ਆਪ ਵੱਲੋਂ ਸਮੇਂ-ਸਮੇਂ ਸੰਪਾਦਤ ਕੀਤੇ ਗਏ ਸੋਵੀਨਰਾਂ ਵਿੱਚ ਗਿਆਨੀ ਕਰਤਾਰ ਸਿੰਘ, ਮਹਾਰਾਜਾ ਰਣਜੀਤ ਸਿੰਘ, ਸ੍ਰੀ ਗੁਰੂ ਅੰਗਦ ਦੇਵ ਜੀ, ਗੁਰਪੁਰਵਾਸੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਭਗਤੀ ਕੀਰਤਨ ਪ੍ਰੰਪਰਾ ਵਿਸ਼ੇਸ਼ ਹਨ। ਉਹਨਾਂ ਦੇ ਹੁਣ ਤੱਕ 200 ਤੋਂ ਜ਼ਿਆਦਾ ਲੇਖ ਵੱਖ-ਵੱਖ ਅਖ਼ਬਾਰਾਂ ਦਾ ਹਿੱਸਾ ਬਣ ਚੁੱਕੇ ਹਨ। ਪੱਤਰਕਾਰੀ ਦੇ ਖੇਤਰ ਵਿੱਚ ਵੀ ਉਹਨਾਂ ਦੀ ਦੇਣ ਨੂੰ ਨਕਾਰਿਆ ਨਹੀਂ ਜਾ ਸਕਦਾ। ਸਾਹਿਤਕ ਖੇਤਰ ਵਿੱਚ ਪ੍ਰਵੇਸ਼ ਸਮੇਂ ਉਹਨਾਂ ਦਾ ਵੱਖ-ਵੱਖ ਪ੍ਰਸਿੱਧ ਅਖ਼ਬਾਰਾਂ ਨਾਲ ਪੱਤਰਕਾਰ ਦੇ ਤੌਰ ਉੱਤੇ ਜੁੜੇ ਰਹਿਣਾ ਉਹਨਾਂ ਦੇ ਇਸ ਖੇਤਰ ਦੇ ਤਜ਼ਰਬੇ ਦੀ ਗਵਾਹੀ ਵਜੋਂ ਸਾਹਮਣੇ ਹੈ। ਮਾਣ-ਸਨਮਾਨ ਦੀ ਗੱਲ ਕੀਤੀ ਜਾਵੇ ਤਾਂ ਤੀਹ ਤੋਂ ਵੱਧ ਸੰਸਥਾਵਾਂ ਉਹਨਾਂ ਨੂੰ ਸਨਮਾਨਤ ਕਰ ਚੁੱਕੀਆਂ ਹਨ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |