ਸਮੱਗਰੀ 'ਤੇ ਜਾਓ

ਦੁੱਕੀ ਮਾਛਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੁੱਕੀ ਮਾਛਣ ਸਾਂਝੇ ਪੰਜਾਬ ਦੀ ਨਿਵੇਕਲੀ ਸ਼ੈਲੀ ਵਿੱਚ ਗਾਉਣ ਵਾਲੀ ਗਾਇਕਾ ਸੀ। ਦੇਸ਼ ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਦੋ ਹੀ ਪੰਜਾਬੀ ਗਾਇਕਾਵਾਂ ਸਨ, ਦੁੱਕੀ ਮਾਛਣ ਤੇ ਮਿਸ ਨਵਾਬ। ਇਨ੍ਹਾਂ ’ਚੋਂ ਮਿਸ ਨਵਾਬ ਬਾਅਦ ਵਿੱਚ ਤਵਾਇਫ਼ ਬਣ ਗਈ ਸੀ ਪਰ ਦੁੱਕੀ ਨੇ ਆਪਣੀ ਗਾਇਕੀ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਤੇ ਚੰਗਾ ਮਾਣ ਹਾਸਲ ਕੀਤਾ।

ਮਾਛੀ ਮੁਸਲਮਾਨਾਂ ਦੀ ਗ਼ਰੀਬ ਜਾਤੀ ਸੀ ਜੋ ਲੋਕਾਂ ਦੇ ਘਰਾਂ ਵਿੱਚ ਮਸ਼ਕਾਂ ਨਾਲ ਪਾਣੀ ਭਰਿਆ ਕਰਦੇ ਸਨ। ਮਾਛੀ ਪਰਿਵਾਰ ਵਿੱਚ ਦੁੱਕੀ ਦਾ ਜਨਮ 1910 ਦੇ ਲਗਭਗ ਮੰਨਿਆ ਜਾਂਦਾ ਹੈ। ਉਹ ਉਸ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਸੁਬਾਜ ਕੇ ਜਿਸ ਨੂੰ ਅੱਜਕੱਲ੍ਹ ਪ੍ਰਭਾਤ ਸਿੰਘ ਵਾਲਾ ਕਿਹਾ ਜਾਂਦਾ ਹੈ, ਵਿਖੇ ਪਿਤਾ ਖ਼ੁਸ਼ੀ ਮੁਹੰਮਦ ਤੇ ਮਾਤਾ ਬੀਬੀ ਫਾਤਿਮਾ ਦੇ ਘਰ ਪੈਦਾ ਹੋਈ। ਉਹ ਮਾਪਿਆਂ ਦੀ ਇਕਲੌਤੀ ਔਲਾਦ ਸੀ ਅਤੇ ਉਹ ਪੰਜ ਕੁ ਸਾਲ ਦੀ ਹੀ ਜਦੋਂ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਮਾਪਿਆਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਸੀ। ਇਸ ਲਈ ਉਹ ਏਨੀ ਛੋਟੀ ਉਮਰ ਤੋਂ ਹੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਜਾਂ ਹੋਰ ਕੰਮ ਕਰਕੇ ਆਪਣੀ ਭੁੱਖ ਮਿਟਾਉਂਦੀ ਰਹੀ। ਉਹ ਦੁਖੀ ਹੁੰਦੀ ਤਾਂ ਆਪਣੇ ਦੁੱਖਾਂ ਨੂੰ ਉੱਚੀ ਉੱਚੀ ਬੋਲਣ ਲੱਗ ਜਾਂਦੀ। ਉਸ ਦੇ ਦੁੱਖ ਹੂਕ ਬਣ ਕੇ ਨਿਕਲਦੇ। ਇਸ ਦਰਦ ਦੀਆਂ ਚੀਸਾਂ ਨੇ ਹੀ ਉਸ ਦੇ ਦਿਲ ’ਚ ਗਾਉਣ ਦਾ ਸ਼ੌਕ ਪੈਦਾ ਕਰ ਦਿੱਤਾ।

ਉਸ ਦੀ ਆਵਾਜ਼ ਵਿੱਚ ਬਹੁਤ ਦਮ ਸੀ। ਪਿੰਡ ਸੁਬਾਜ ਕੇ ਵਿਖੇ ਇੱਕ ਪੀਰ ਮੁਹੰਮਦ ਸ਼ਾਹ ਦੀ ਮਜ਼ਾਰ ਹੈ, ਜਿੱਥੇ ਹਰ ਸਾਲ ਮੇਲਾ ਲੱਗਦਾ ਸੀ। ਉੱਥੇ ਦੂਰੋਂ ਦੂਰੋਂ ਕਲਾਕਾਰ ਤੇ ਨਚਾਰ ਆਉਂਦੇ ਤੇ ਆਪਣੇ ਕਲਾਮ, ਗੀਤ ਤੇ ਨਾਚ ਪੇਸ਼ ਕਰਦੇ। ਦੁੱਕੀ ਵੀ ਇਸ ਮੇਲੇ ਵਿੱਚ ਆਪਣਾ ਸ਼ੌਕ ਪੂਰਾ ਕਰਨ ਲਈ ਨਚਾਰਾਂ ਨੂੰ ਵੇਖਦਿਆਂ ਝਾਂਜਰਾਂ ਪਾ ਕੇ ਨੱਚਣ ਲੱਗ ਜਾਂਦੀ ਤੇ ਗਾਉਂਦੀ। ਉਸ ਦੀ ਗਾਉਣ ਦੀ ਸ਼ੈਲੀ ਨਿਵੇਕਲੀ ਸੀ, ਜਿਵੇਂ ਤਾਰਾ ਚੜ੍ਹਦੇ ਨਾਲ ਕਿਸਾਨ ਖੇਤਾਂ ਵਿੱਚ ਹਲ਼ ਜੋੜ ਕੇ ਆਵਾਜ਼ਾਂ ਕੱਢਦੇ ਲੰਬੀ ਹੇਕ ਨਾਲ ਕਲੀਆਂ ਲਾਉਂਦੇ ਹੁੰਦੇ ਸਨ। ਉਸੇ ਤਰਜ਼ ’ਤੇ ਉਹ ਦੋਹਰੇ ਛੰਦ ਉੱਚੀ ਸੁਰ ਵਿੱਚ ਗਾਇਆ ਕਰਦੀ ਸੀ। ਉਸ ਦੇ ਗਾਉਣ ਨੂੰ ਜਦੋਂ ਲੋਕਾਂ ਨੇ ਸਲਾਹਿਆ ਤਾਂ ਦੁੱਕੀ ਨੇ ਹੌਸਲਾ ਕਰਕੇ ਇੱਕ ਹਿੰਦੂ ਗਾਇਕ ਖ਼ੁਸ਼ੀ ਰਾਮ ਨੂੰ ਉਸਤਾਦ ਧਾਰ ਕੇ ਉਸ ਤੋਂ ਸਿੱਖਿਆ ਲਈ। ਜਦ ਉਹ ਗਾਇਕਾ ਪ੍ਰਵਾਨ ਹੋ ਗਈ ਤਾਂ ਮੇਲੇ ਦੀ ਸ਼ਾਨ ਸਮਝੀ ਜਾਣ ਲੱਗੀ। ਉਹ ਲੋਕਗੀਤ ਜਾਂ ਲੋਕ ਕਥਾਵਾਂ ਗਾਉਂਦੀ ਉੱਚੀ ਸੁਰ ’ਚ ਆਵਾਜ਼ ਕੱਢਦੀ :

ਓ ਮੇਰਿਆ ਬੇਲੀਆ

ਅੜਿਆ ਸ਼ੀਸ਼ੀ ਭਰੀ ਸ਼ਰਾਬ ਦੀ

ਬੇਲੀਆ ਨਿੱਤਰੀ ਵਾਂਗ ਕਪੂਰ

ਵੇ ਮੈਨੂੰ ਸੁੱਤੀ ਨੂੰ ਕਿਵੇਂ ਦਿਨ ਚੜ੍ਹ ਗਿਆ

ਵੇ ਮੈਂ ਖੇਲਣ ਜਾਣਾ ਦੂਰ

ਅੜਿਆ ਕੱਲ੍ਹ ਚੜ੍ਹਾਈਆਂ ਵੇ ਚੂੜੀਆਂ

ਅੱਜ ਹੋ ਗਈਆਂ ਚਕਨਾਚੂਰ

ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਰਿਸ਼ਤੇਦਾਰੀ ’ਚੋਂ ਚਾਚੇ ਦੇ ਮੁੰਡੇ ਨਾਲ ਪਿੰਡ ‘ਬੱਗੇ ਕੇ ਹਿਠਾੜ’ ਕਰ ਦਿੱਤਾ ਪਰ ਉਸ ਦੇ ਦੁੱਖ ਅਜੇ ਮੁੱਕੇ ਨਹੀਂ ਸਨ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੇ ਪਤੀ ਦੀ ਮੌਤ ਹੋ ਗਈ। ਉਸ ਦੇ ਕੋਈ ਬੱਚਾ ਵੀ ਨਹੀਂ ਸੀ ਪਰ ਉਸ ਤੋਂ ਬਾਅਦ ਉਸ ਨੇ ਵਿਆਹ ਦਾ ਖ਼ਿਆਲ ਸਦਾ ਲਈ ਤਿਆਗ ਦਿੱਤਾ ਅਤੇ ਆਪਣੇ ਆਪ ਨੂੰ ਗਾਇਕੀ ਲਈ ਸਮਰਪਿਤ ਕਰ ਲਿਆ। 1938 ਵਿੱਚ ਉਸ ਸਮੇਂ ਦੀ ਪ੍ਰਸਿੱਧ ਗ੍ਰਾਮੋਫੋਨ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ ਤਾਂ ਜੋ ਉਸ ਦੇ ਗਾਏ ਗੀਤਾਂ ਨੂੰ ਰਿਕਾਰਡ ਕੀਤਾ ਜਾ ਸਕੇ। 1939 ਵਿੱਚ ਉਸ ਦਾ ਪਹਿਲਾ ਗੀਤ ਪੱਥਰ ਦੇ ਤਵੇ ’ਤੇ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਇਆ ਜਿਸਦਾ ਨੰਬਰ ਐੱਫ 12706 ਸੀ। ਇਸ ਉਪਰੰਤ ਉਸ ਦੇ ਹੋਰ ਕਈ ਰਿਕਾਰਡ ਬਾਜ਼ਾਰ ਵਿੱਚ ਆਏ। ਉਦੋਂ ਵਿਆਹਾਂ ਸਮੇਂ ਕੋਠਿਆਂ ’ਤੇ ਮੰਜੇ ਖੜ੍ਹੇ ਕਰਕੇ ਸਪੀਕਰ ਲਾਏ ਜਾਂਦੇ ਸਨ। ਦੁੱਕੀ ਮਾਛਣ ਦੇ ਰਿਕਾਰਡ ਇੰਨੇ ਮਸ਼ਹੂਰ ਹੋ ਗਏ ਕਿ ਜਦ ਵਿਆਹਾਂ ਲਈ ਸਪੀਕਰ ਬੁੱਕ ਕਰਨਾ ਹੁੰਦਾ ਤਾਂ ਲੋਕ ਸਪੀਕਰ ਵਾਲੇ ਨੂੰ ਪੁੱਛਦੇ ਕਿ ਤੇਰੇ ਕੋਲ ਦੁੱਕੀ ਦੇ ਰਿਕਾਰਡ ਹਨ?

ਦੁੱਕੀ ਦੀ ਗਾਇਕੀ ਇਸ ਹੱਦ ਤੱਕ ਪ੍ਰਸਿੱਧ ਹੋ ਗਈ ਕਿ ਦੂਰੋਂ ਦੂਰੋਂ ਜਗੀਰਦਾਰ ਤੇ ਨਵਾਬ ਸੁਣਨ ਲਈ ਉਤਾਵਲੇ ਰਹਿੰਦੇ। ਇੱਕ ਵਾਰ ਜਲਾਲਾਬਾਦ ਸ਼ਹਿਰ ਵਸਾਉਣ ਵਾਲੇ ਜਗੀਰਦਾਰ ਜਲਾਲੂਦੀਨ ਨੇ ਦੁੱਕੀ ਨੂੰ ਗੀਤ ਸੁਣਨ ਲਈ ਬੁਲਾਇਆ। ਦੁੱਕੀ ਦਾ ਅਖਾੜਾ ਸੁਣ ਕੇ ਉਹ ਇਸ ਕਦਰ ਖ਼ੁਸ਼ ਹੋਇਆ ਕਿ ਉਸ ਨੇ ਕਿਹਾ, ‘‘ਦੁੱਕੀ! ਮੰਗ ਜੋ ਕੁਝ ਮੰਗਣਾ ਹੈ।’’ ਦੁੱਕੀ ਫ਼ਕੀਰੀ ਵਾਲਾ ਜੀਵਨ ਬਤੀਤ ਕਰ ਰਹੀ ਸੀ। ਉਹ ਆਪਣੇ ਨਿੱਜ ਤੋਂ ਉੱਪਰ ਉੱਠ ਚੁੱਕੀ ਸੀ। ਉਸ ਨੇ ਜਗੀਰਦਾਰ ਨੂੰ ਕਿਹਾ, ‘‘ਜਲਾਲਾਬਾਦ ਤੋਂ ਬੱਗੇ ਕੇ ਹਿਠਾੜ ਤੱਕ ਸੜਕ ਬਣਾ ਦਿਓ।’’ ਜਲਾਲੂਦੀਨ ਉਸ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਦੁੱਕੀ ਦੇ ਸਹੁਰੇ ਪਿੰਡ ਤੱਕ ਸੜਕ ਵੀ ਬਣਵਾ ਦਿੱਤੀ ਅਤੇ ਉਹ ਪਿੰਡ ਬੱਗੇ ਕੇ ਹਿਠਾੜ ਵੀ ਦੁੱਕੀ ਨੂੰ ਜਗੀਰ ਵਜੋਂ ਦੇ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਜਗੀਰਦਾਰ ਨੇ ਪਿੰਡ ‘ਰਾਣਾ’ ਦੁੱਕੀ ਨੂੰ ਜਗੀਰ ਵਜੋਂ ਦੇ ਦਿੱਤਾ ਜਿਸ ਸਦਕਾ ਦੁੱਕੀ ਮਾਛਣ ਦੋ ਪਿੰਡਾਂ ਦੀ ਮਾਲਕ ਬਣੀ।

ਸੰਨ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਦੁੱਕੀ ਨੇ ਮਜਬੂਰਨ ਚੜ੍ਹਦਾ ਪੰਜਾਬ ਛੱਡਣ ਦਾ ਫ਼ੈਸਲਾ ਕਰ ਲਿਆ। ਭਾਵੇਂ ਪਿੰਡ ਵਾਸੀ ਉਸ ਨੂੰ ਭੇਜਣਾ ਤਾਂ ਨਹੀਂ ਸਨ ਚਾਹੁੰਦੇ ਪਰ ਹਾਲਾਤ ਹੀ ਅਜਿਹੇ ਸਨ। ਆਖ਼ਰ ਉਨ੍ਹਾਂ ਨੇ ਫ਼ੈਸਲਾ ਕਰਕੇ ਈਸ਼ਰ ਸਿੰਘ ਤੇ ਗੁਰੀਆ ਸਿੰਘ ਨੂੰ ਦੁੱਕੀ ਨਾਲ ਭੇਜਿਆ ਜੋ ਪੂਰੀ ਸੁਰੱਖਿਆ ਨਾਲ ਉਸ ਨੂੰ ਸਤਲੁਜ ਦਰਿਆ ਪਾਰ ਕਰਵਾ ਕੇ ਲਹਿੰਦੇ ਪੰਜਾਬ ਵੱਲ ਛੱਡ ਕੇ ਆਏ। ਇਸ ਉਪਰੰਤ ਉਹ ਪਾਕਪਟਨ ਸ਼ਹਿਰ ਵਿੱਚ ਰਹਿਣ ਲੱਗੀ। ਓਧਰ ਵੀ ਉਸ ਨੇ ਗਾਇਕੀ ਜਾਰੀ ਰੱਖੀ ਤੇ ਪਾਕਿਸਤਾਨ ਦੇ ਲੋਕਾਂ ਨੇ ਉਸ ਦੀ ਗਾਇਕੀ ਦੀ ਕਦਰ ਕੀਤੀ ਪਰ ਦੁੱਕੀ ਦਾ ਪਾਕਿਸਤਾਨ ਵਿੱਚ ਮਨ ਨਾ ਲੱਗਾ ਤੇ ਪੰਜ ਛੇ ਸਾਲਾਂ ਬਾਅਦ ਉਸ ਦੀ ਮੌਤ ਹੋ ਗਈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦਹਾਕਿਆਂ ਤੱਕ ਦੋਵੇਂ ਪਿੰਡ ਬੱਗੇ ਕੇ ਹਿਠਾੜ ਤੇ ਰਾਣਾ ਦੁੱਕੀ ਮਾਛਣ ਦੇ ਨਾਂ ਬੋਲਦੇ ਰਹੇ। ਉਸ ਤੋਂ ਬਾਅਦ ਉਸ ਦੀ ਮਲਕੀਅਤ ਸਥਾਨਕ ਸਰਕਾਰਾਂ ਦੇ ਨਾਂ ਕਰ ਦਿੱਤੀ ਗਈ। ਦੁੱਕੀ ਮਾਛਣ ਵੱਲੋਂ ਪੰਜਾਬੀ ਬੋਲੀ ਦੀ ਕੀਤੀ ਸੇਵਾ, ਨਿਵੇਕਲੀ ਸ਼ੈਲੀ ਦੀ ਗਾਇਕੀ ਤੇ ਫ਼ਕੀਰੀ ਸੁਭਾਅ ਨੂੰ ਅੱਜ ਵੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ।[1]

ਹਵਾਲਾ

[ਸੋਧੋ]
  1. ਦੁੱਕੀ, ਮਾਛਣ. "ਨਿਵੇਕਲੀ ਸ਼ੈਲੀ 'ਚ ਗਾਉਣ ਵਾਲੀ ਫ਼ਕੀਰ ਗਾਇਕਾ ਦੁੱਕੀ ਮਾਛਣ".