ਦ ਬੈਟਮੈਨ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦ ਬੈਟਮੈਨ (ਫਿਲਮ) ਤੋਂ ਰੀਡਿਰੈਕਟ)

ਦ ਬੈਟਮੈਨ 2022 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜੋ ਕਿ ਡੀਸੀ ਕੌਮਿਕਸ ਦੇ ਕਿਰਦਾਰ ਬੈਟਮੈਨ 'ਤੇ ਆਧਾਰਤ ਹੈ। ਇਹ ਫ਼ਿਲਮ ਨੂੰ ਡੀਸੀ ਕੌਮਿਕਸ, 6th & ਇਡਾਹੋ, ਅਤੇ ਡਿਲਨ ਕਲਾਰਕ ਪ੍ਰੋਡਕਸ਼ਨਜ਼ ਨੇ ਸਿਰਜਿਆ ਅਤੇ ਵੌਰਨਰ ਬ੍ਰੋਜ਼ ਪਿਕਚਰਜ਼ ਨੇ ਵੰਡਿਆ ਹੈ। ਫ਼ਿਲਮ ਦਾ ਨਿਰਦੇਸ਼ਨ ਮੈਟ ਰੀਵਜ਼ ਨੇ ਕੀਤਾ ਹੈ ਅਤੇ ਇਸ ਦੇ ਨਾਲ-ਨਾਲ ਪੀਟਰ ਕ੍ਰੈਗ ਦੇ ਨਾਲ ਇਸਦਾ ਸਕ੍ਰੀਨਪਲੇਅ ਵੀ ਲਿਖਿਆ ਹੈ। ਇਸ ਵਿੱਚ ਰੌਬਰਟ ਪੈਟਿਨਸਨ ਨੇ ਬ੍ਰੂਸ ਵੇਨ / ਬੈਟਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਹੀ ਨਾਲ਼ ਜ਼ੋਈ ਕ੍ਰਾਵਿਟਜ਼, ਪੌਲ ਡੈਨੋ, ਜੈੱਫ੍ਰੀ ਰਾਈਟ, ਜ੍ਹੌਨ ਟੁਰਟੂਰੋ, ਪੀਟਰ ਸੈਰਸਗਾਰਡ, ਐਂਡੀ ਸਰਕਿਸ, ਅਤੇ ਕੌਲਿਨ ਫੈਰੈੱਲ ਵੀ ਹਨ। ਫ਼ਿਲਮ ਵਿੱਚ ਵਿਖਾਇਆ ਜਾਂਦਾ ਹੈ ਕਿ, ਬੈਟਮੈਨ ਜੋ ਕਿ ਦੋ ਵਰ੍ਹਿਆਂ ਤੋਂ ਗੌਥਮ ਸ਼ਹਿਰ ਵਿੱਚ ਜੁਰਮ ਦੇ ਖਿਲਾਫ ਲੜ੍ਹ ਰਿਹਾ ਹੈ, ਉਹ ਹਰਾਮਖੋਰੀ ਦਾ ਪਰਦਾਫਾਸ਼ ਕਰਦਾ ਹੈ ਅਤੇ ਇਸਦੇ ਨਾਲ਼ ਹੀ ਨਾਲ਼ ਉਹ ਰਿਡਲਰ (ਡੈਨੋ) ਦਾ ਪਿੱਛਾ ਕਰਦਾ ਹੈ, ਜੋ ਕਿ ਇੱਕ ਕਾਤਲ ਹੈ, ਜਿਹੜਾ ਗੌਥਮ ਸ਼ਹਿਰ ਦੇ ਵੱਡੇ ਨਾਂਵਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।

ਸਾਰ[ਸੋਧੋ]

ਹੈਲੋਵੀਨ ਦੀ ਰਾਤ ਨੂੰ, ਇੱਕ ਰਿਡਲਰ ਨਾਂਮ ਦੇ ਵਿਅਕਤੀ ਵੱਲੋਂ ਗੌਥਮ ਸ਼ਹਿਰ ਦੇ ਮੇਅਰ ਡੌਨ ਮਿਚਲ ਜੂਨੀਅਰ ਨੂੰ ਕਤਲ ਕਰ ਦਿੰਦਾ ਹੈ। ਅਰਬਪਤੀ ਬ੍ਰੂਸ ਵੇਨ, ਜੋ ਕਿ ਦੋ ਵਰ੍ਹਿਆਂ ਤੋਂ ਬੈਟਮੈਨ ਵੱਜੋਂ ਸ਼ਹਿਰ ਵਿੱਚ ਜੁਰਮ ਦੇ ਖਿਲਾਫ ਲੜ੍ਹ ਰਿਹਾ ਹੈ, ਉਹ ਗੌਥਮ ਸ਼ਹਿਰ ਪੁਲਿਸ ਮਹਿਕਮੇ ਨਾਲ ਇਸ ਮਾਮਲੇ ਦੀ ਪੜਤਾਲ ਕਰਦਾ ਹੈ। ਲੈਫਟੀਨੈਂਟ ਜੇਮਜ਼ ਗੌਰਡਨ ਨੂੰ ਇੱਕ ਸੁਨੇਹਾ ਲੱਭਦਾ ਹੈ ਜੋ ਕਿ ਰਿਡਲਰ ਨੇ ਬੈਟਮੈਨ ਲਈ ਛੱਡਿਆ ਸੀ, ਪਰ ਕਮਿਸ਼ਨਰ ਪੀਟ ਸੈਵੇਜ, ਜੇਮਜ਼ ਗੌਰਡਨ ਨੂੰ ਬੈਟਮੈਨ ਨੂੰ ਇਸ ਮਾਮਲੇ ਵਿੱਚ ਵੜਨ ਲਈ ਝਿੜਕਦਾ ਹੈ ਅਤੇ ਉਹ ਬੈਟਮੈਨ ਨੂੰ ਉੱਥੋਂ ਭੇਜ ਦਿੰਦਾ ਹੈ। ਕੁੱਝ ਸਮੇਂ ਬਾਅਦ ਰਿਡਲਰ ਸੈਵੇਜ ਦਾ ਵੀ ਕਤਲ ਕਰ ਦਿੰਦਾ ਹੈ ਅਤੇ ਬੈਟਮੈਨ ਲਈ ਇੱਕ ਹੋਰ ਸੁਨੇਹਾ ਛੱਡ ਜਾਂਦਾ ਹੈ।

ਬੈਟਮੈਨ ਅਤੇ ਗੌਰਡਨ ਨੂੰ ਪਤਾ ਲੱਗਦਾ ਹੈ ਕਿ ਰਿਡਲਰ ਮਿਚਲ ਦੀ ਗੱਡੀ ਵਿੱਚ ਇੱਕ ਥੰਬ ਡ੍ਰਾਈਵ ਛੱਡ ਕੇ ਗਿਆ ਹੈ ਜਿਸ ਵਿੱਚ ਮਿਚਲ ਦੀਆਂ ਇੱਕ ਔਰਤ, ਆਨੀਕਾ ਕੋਸਲੋਵ ਨਾਲ, ਕਾਰਮਿਨ ਫੈਲਕੋਨ ਦੇ ਲੈਫਟੀਨੈਂਟ, ਪੈਂਗੁਇਨ ਦੁਆਰਾ ਚਲਾਏ ਜਾਂਦੇ ਨਾਈਟ ਕਲੱਬ - ਆਈਸਬਰਗ ਲਾਊਂਜ ਦੇ ਬਾਹਰ ਦੀਆਂ ਕੁੱਝ ਤਸਵੀਰਾਂ ਹਨ। ਪੈਂਗੁਇਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਬਾਰੇ ਕੁੱਝ ਨਹੀਂ ਪਤਾ, ਬੈਟਮੈਨ ਵੇਖਦਾ ਹੈ ਕਿ ਸੈਲੀਨਾ ਕਾਈਲ ਕਲੱਬ ਵਿੱਚ ਇੱਕ ਬਹਿਰੇ ਵੱਜੋਂ ਕੰਮ ਕਰਦੀ ਹੈ ਅਤੇ ਉਹ ਆਨੀਕਾ ਦੇ ਨਾਲ ਰਹਿੰਦੀ ਹੈ। ਬੈਟਮੈਨ, ਸੈਲੀਨਾ ਦਾ ਉਸਦੇ ਘਰ ਤੱਕ ਪਿੱਛਾ ਕਰਦਾ ਹੈ ਤਾਂ ਕਿ ਉਹ ਆਨੀਕਾ ਨਾਲ ਪੁੱਛਗਿੱਛ ਕਰ ਸਕੇ, ਪਰ ਆਨੀਕਾ ਉੱਥੇ ਨਹੀਂ ਹੁੰਦੀ, ਇਸ ਲਈ ਬੈਟਮੈਨ ਸੈਲੀਨਾ ਨੂੰ ਮੁੜ ਆਈਸਬਰਗ ਲਾਊਂਜ ਭੇਜਦਾ ਹੈ ਤਾਂ ਕਿ ਉਹ ਕੁੱਝ ਸਵਾਲਾਂ ਦੇ ਜਵਾਬ ਪਤਾ ਲਗਾ ਸਕੇ। ਸੈਲੀਨਾ ਦੇ ਜ਼ਰੀਏ ਬੈਟਮੈਨ ਨੂੰ ਪਤਾ ਲੱਗਦਾ ਹੈ ਕਿ, ਪੀਟ ਸੈਵੇਜ, ਫੈਲਕਨ ਲਈ ਕੰਮ ਕਰ ਰਿਹਾ ਸੀ, ਅਤੇ ਜ਼ਿਲ੍ਹਾ ਮੁੱਖਤਿਆਰ ਗਿਲ ਕੋਲਸਨ ਵੀ ਉਸ ਲਈ ਕੰਮ ਕਰਦਾ ਪਿਆ ਹੈ ‌ਸੈਲੀਨਾ, ਬੈਟਮੈਨ ਨਾਲ਼ ਰਾਬਤਾ ਤੋੜ ਦਿੰਦੀ ਹੈ ਜਦੋਂ ਬੈਟਮੈਨ ਸੈਲੀਨਾ ਤੋਂ ਉਸਦੇ ਫੈਲਕਨ ਨਾਲ਼ ਸੰਬੰਧਾਂ ਬਾਰੇ ਪੁੱਛਦਾ ਹੈ।

ਰਿਡਲਰ, ਕੋਲਸਨ ਨੂੰ ਹਰਨ ਕਰਦਾ ਹੈ, ਅਤੇ ਉਸਦੇ ਗਲ਼ੇ ਦੁਆਲੇ ਇੱਕ ਬੰਬ ਬੰਨ੍ਹ ਦਿੰਦਾ ਹੈ, ਅਤੇ ਮਿਚਲ ਦੇ ਦਾਹ-ਸੰਸਕਾਰ ਤੇ ਭੇਜਦਾ ਹੈ। ਜਦੋਂ ਬੈਟਮੈਨ ਆਉਂਦਾ ਹੈ ਤਾਂ ਰਿਡਲਰ ਉਸ ਨਾਲ਼ ਕੋਲਸਨ ਦੇ ਫੋਨ ਰਾਹੀਂ ਗੱਲ ਕਰਦਾ ਹੈ ਅਤੇ ਧਮਕੀ ਦਿੰਦਾ ਹੈ ਕਿ ਉਹ ਬੰਬ ਫਟਾ ਦੇਵੇਗਾ ਜੇਕਰ ਕੋਲਸਨ ਤਿੰਨ ਬੁਝਾਰਤਾਂ ਦਾ ਜਵਾਬ ਨਾ ਦੇ ਪਾਇਆ। ਬੈਟਮੈਨ ਪਹਿਲੀਆਂ 2 ਬੁਝਾਰਤਾਂ ਦਾ ਜਵਾਬ ਦੇਣ ਵਿੱਚ ਕੋਲਸਨ ਦੀ ਸਹਾਇਤਾ ਕਰਦਾ ਹੈ, ਪਰ ਉਹ ਤੀਜੀ ਦਾ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੰਦਾ ਹੈ, ਜੋ ਕਿ ਉਸ ਵਿਅਕਤੀ ਦਾ ਨਾਂਮ ਸੀ ਜਿਸ ਨੇ ਗੌਥਮ ਸ਼ਹਿਰ ਪੁਲਿਸ ਮਹਿਕਮੇ (ਜੀਸੀਪੀਡੀ) ਨੂੰ ਜਾਣਕਾਰੀ ਦਿੱਤੀ ਸੀ ਜਿਸ ਕਾਰਣ ਇੱਕ ਇਤਿਹਾਸਕ ਡਰੱਗ ਮਾਮਲਾ ਸੁਲਝਿਆ ਸੀ ਅਤੇ ਵੈਲੀ ਸੈਲਵੇਟੋਰ ਮਾਰੋਨੀ ਦਾ ਆਪ੍ਰੇਸ਼ਨ ਖਤਮ ਹੋਇਆ ਸੀ ਅਤੇ ਜਵਾਬ ਨਾ ਦੇਣ ਕਾਰਣ ਰਿਡਲਰ ਬੰਬ ਫਟਾ ਕੇ ਕੋਲਸਨ ਨੂੰ ਵੀ ਮਾਰ ਦਿੰਦਾ ਹੈ। ਬੈਟਮੈਨ ਅਤੇ ਗੌਰਡਨ ਕਿਆਸਦੇ ਹਨ ਕਿ ਸ਼ਾਇਦ ਪੈਗੁਇਨ ਨੇ ਜੀਸੀਪੀਡੀ ਨੂੰ ਜਾਣਕਾਰੀ ਦਿੱਤੀ ਸੀ ਅਤੇ ਉਹ ਉਸਨੂੰ ਇੱਕ ਡਰੱਗ ਡੀਲ ਵਿੱਚ ਘੜੀਸ ਲੈਂਦੇ ਹਨ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਮਾਰੋਨੀ ਦਾ ਆਪ੍ਰੇਸ਼ਨ ਉਸ ਤੋਂ ਬਾਅਦ ਫੈਲਕਨ ਦੇ ਹੱਥ ਆਇਆ, ਅਤੇ ਉਸ ਨਾਲ਼ ਕਈ ਜੀਸੀਪੀਡੀ ਅਫਸਰ ਵੀ ਰਲ਼ੇ ਹੋਏ ਹਨ। ਸੈਲੀਨਾ ਗਲਤੀ ਨਾਲ਼ ਬੈਟਮੈਨ ਅਤੇ ਗੌਰਡਨ ਨੂੰ ਫਾਸ਼ ਕਰ ਦਿੰਦੀ ਹੈ ਜਦੋਂ ਉਹ ਪੈਸੇ ਚੋਰੀ ਕਰਨ ਲਈ ਆਉਂਦੀ ਹੈ। ਜਦੋਂ ਪੈਂਗੁਇਨ ਉੱਥੋਂ ਚਲਾ ਜਾਂਦਾ ਹੈ ਤਾਂ, ਸੈਲੀਨਾ ਨੂੰ ਇੱਕ ਗੱਡੀ ਦੀ ਡਿੱਗੀ ਵਿੱਚ ਆਨੀਕਾ ਦੀ ਲਾਸ਼ ਮਿਲਦੀ ਹੈ। ਬੈਟਮੈਨ, ਪੈਂਗੁਇਨ ਨੂੰ ਫੜਦਾ ਪਰ ਪਤਾ ਲੱਗਦਾ ਹੈ ਕਿ ਉਸ ਨੇ ਜੀਸੀਪੀਡੀ ਨੂੰ ਜਾਣਕਾਰੀ ਨਹੀਂ ਦਿੱਤੀ ਸੀ।