ਨਕਲੀਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਸੇ ਦੀ ਨਕਲ ਕਰ ਕੇ, ਕਿਸੇ ਦੀ ਭੰਡੀ ਕਰ ਕੇ, ਕਿਸੇ ਦੀ ਪੋਲ ਖੋਲ੍ਹਣ ਵਾਲੇ ਆਦਮੀ ਨੂੰ ਨਕਲੀਆ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸਨੂੰ ਭੰਡ ਵੀ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਨਕਲੀਏ ਮਨੋਰੰਜਨ ਦਾ ਇਕ ਸਾਧਨ ਹੁੰਦੇ ਸਨ। ਨਕਲੀਏ ਨਕਲਾਂ ਕਰ ਕੇ ਦਰਸ਼ਕਾਂ ਨੂੰ ਹਸਾਉਂਦੇ ਸਨ। ਦੋ ਨਕਲੀਏ ਨਕਲਾਂ ਕਰਦੇ ਸਨ। ਇਕ ਨਕਲੀਆ ਸਵਾਲ ਕਰਦਾ ਸੀ। ਦੂਜਾ ਨਕਲੀਆ ਉਸ ਦਾ ਤੁਰਤ-ਫੁਰਤ ਜਵਾਬ ਦਿੰਦਾ ਸੀ। ਸਵਾਲਾਂ ਜਵਾਬਾਂ ਨਾਲ ਦਰਸ਼ਕਾਂ ਵਿਚ ਉਕਸੁਕਤਾ ਪੈਦਾ ਹੁੰਦੀ ਸੀ। ਫੇਰ ਨਕਲੀਆ ਕਿਸੇ ਸਵਾਲ ਦਾ ਅਜਿਹਾ ਪੁੱਠਾ-ਸਿੱਧਾ ਜਵਾਬ ਦਿੰਦਾ ਸੀ ਜਿਸ ਨਾਲ ਦਰਸ਼ਕ ਹੱਸ ਹੱਸ ਦੂਹਰੇ ਹੋ ਜਾਂਦੇ ਸਨ। ਨਕਲੀਏ ਜ਼ਿਆਦਾ ਮੁਸਲਮਾਨ ਮਰਾਸੀ ਹੁੰਦੇ ਸਨ। ਇਕ ਨਕਲੀਏ ਕੋਲ ਚਮੜੇ ਦਾ ਤਮਾਚਕਾ ਹੁੰਦਾ ਸੀ ਜੋ ਮਾਰਨ ਸਮੇਂ ਫੋਕਾ ਖੜਕਾ ਬਹੁਤ ਕਰਦਾ ਸੀ ਪਰ ਸੱਟ ਬਿਲਕੁਲ ਨਹੀਂ ਲੱਗਦੀ ਸੀ। ਨਕਲੀਏ ਗਲਤ ਰਸਮੋ- ਰਿਵਾਜ ਦਾ ਮਜ਼ਾਕ ਉਡਾਉਂਦੇ ਸਨ। ਰਾਜਿਆਂ, ਸਿਆਸਤਦਾਨਾਂ, ਅਫਸਰਾਂ ਆਦਿ ਨੂੰ ਹਾਸਿਆਂ ਦਾ ਪਾਤਰ ਬਣਾਉਂਦੇ ਸਨ। ਨਕਲੀਆਂ ਨੂੰ ਮੰਗਣੀਆਂ, ਵਿਆਹਾਂ, ਖੁਸ਼ੀ ਦੇ ਸਮਾਗਮਾਂ, ਬੱਚਿਆਂ ਦੇ ਮੁੰਡਨ ਆਦਿ 'ਤੇ ਬੁਲਾਇਆ ਜਾਂਦਾ ਸੀ। ਸਾਲ 1947 ਵਿਚ ਬਹੁਤੇ ਨਕਲੀਏ ਪਾਕਿਸਤਾਨ ਚਲੇ ਗਏ। ਹੁਣ ਮਰਾਸੀ ਸ਼੍ਰੇਣੀ ਦੇ ਨਾਲ ਹੋਰ ਜਾਤੀਆਂ ਵਾਲੇ ਵੀ ਨਕਲੀਆਂ ਦਾ ਕੰਮ ਕਰਦੇ ਹਨ। ਪਹਿਲਾਂ ਨਕਲੀਏ ਆਮ ਤੌਰ 'ਤੇ ਅਨਪੜ੍ਹ ਹੁੰਦੇ ਸਨ। ਹੁਣ ਦੇ ਨਕਲੀਏ ਪੜ੍ਹੇ-ਲਿਖੇ ਹਨ। ਨਕਲੀਆਂ ਦਾ ਕੰਮ ਪਹਿਲਾਂ ਦੇ ਮੁਕਾਬਲੇ ਹੁਣ ਬਹੁਤ ਘੱਟ ਗਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.