ਸਮੱਗਰੀ 'ਤੇ ਜਾਓ

ਨਿਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਿਆਣਾ ਛੋਟੇ ਬੱਚੇ ਨੂੰ ਕਿਹਾ ਜਾਂਦਾ ਹੈ। ਪਰ ਜਿਸ ਨਿਆਣੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਇਹ ਨਿਆਣਾ ਗਾਂ ਨੂੰ ਦੁੱਧ ਚੋਣ ਸਮੇਂ ਗਾਂ ਦੀਆਂ ਪਿਛਲੀਆਂ ਲੱਤਾਂ ਨੂੰ ਨੂੜਣ ਲਈ ਪਾਈ ਰੱਸੀ ਨੂੰ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨਿਆਣੇ ਨੂੰ ਢੰਗਾ ਕਹਿੰਦੇ ਹਨ। ਨਿਆਣਾ ਗਾਂ ਦੀਆਂ ਖੁੱਚਾਂ ’ਤੇ ਬੰਨ੍ਹਿਆ ਜਾਂਦਾ ਹੈ। ਨਿਆਣਾ ਪਾਉਣ ਨਾਲ ਗਾਂ ਟਿਕ ਕੇ ਦੁੱਧ ਦੇ ਦਿੰਦੀ ਹੈ। ਟੱਪਦੀ ਨਹੀਂ। ਗਾਂ ਨੂੰ ਨਿਆਣਾ ਪਾਉਣ ਦਾ ਆਦੀ ਬਣਾਉਣ ਲਈ ਗਾਂ ਦੇ ਪਹਿਲੇ ਸੂਏ ਤੋਂ ਪਹਿਲਾਂ ਹੀ ਗਾਂ ਦੀਆਂ ਪਿਛਲੀਆਂ ਖੁੱਚਾਂ 'ਤੇ ਰੱਸੀਆਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਰੱਸੀਆਂ ਨੂੰ ਪਿਲਾਂ ਕਹਿੰਦੇ ਹਨ। ਪਹਿਲਾਂ ਦੇਸੀ ਗਾਵਾਂ ਰੱਖੀਆਂ ਜਾਂਦੀਆਂ ਸਨ ਕਿਉਂ ਜੋ ਗਾਵਾਂ ਦੇ ਵੱਛੇ ਵੱਡੇ ਹੋਕੇ ਹੀ ਬਲਦ ਬਣਦੇ ਸਨ। ਉਸ ਸਮੇਂ ਸਾਰੀ ਖੇਤੀ ਬਲਦਾਂ ਨਾਲ ਹੀ ਕੀਤੀ ਜਾਂਦੀ ਸੀ। ਹੁਣ ਸਾਰੀ ਖੇਤੀ ਮਸ਼ੀਨਰੀ ਨਾਲ ਕੀਤੀ ਜਾਂਦੀ ਹੈ। ਇਸ ਲਈ ਹੁਣ ਬਹੁਤ ਹੀ ਘੱਟ ਦੇਸੀ ਗਾਵਾਂ ਰੱਖੀਆਂ ਜਾਂਦੀਆਂ ਹਨ। ਦੇਸੀ ਗਾਵਾਂ ਦੁੱਧ ਵੀ ਥੋੜ੍ਹਾ ਦਿੰਦੀਆਂ ਹਨ। ਹੁਣ ਵਲੈਤੀ ਗਾਵਾਂ ਜਾਂ ਗਾਵਾਂ ਦੀ ਰਲੀ-ਮਿਲੀ ਨਸਲ ਰੱਖੀ ਜਾਂਦੀ ਹੈ ਜਿਹੜੀਆਂ ਦੁੱਧ ਵੀ ਜ਼ਿਆਦਾ ਦਿੰਦੀਆਂ ਹਨ ਅਤੇ ਜਿਨ੍ਹਾਂ ਨੂੰ ਚੋਣ ਲਈ ਨਿਆਣਾ ਪਾਉਣ ਦੀ ਲੋੜ ਨਹੀਂ ਪੈਂਦੀ। ਹੁਣ ਦੀ ਬਹੁਤੀ ਪੀੜ੍ਹੀ ਗਾਵਾਂ ਦੇ ਪਾਉਣ ਵਾਲੇ ਨਿਆਣੇ ਤੋਂ ਅਣਜਾਣ ਹੈ।

ਨਿਆਣੇ ਦੀ ਰੱਸੀ ਨਾਲ ਇਕ ਅੰਧ ਵਿਸ਼ਵਾਸ ਵੀ ਜੁੜਿਆ ਹੋਇਆ ਹੈ। ਨਿਆਣੇ ਦੀ ਰੱਸੀ ਨਾਲ ਟੂਣਾ ਕਰਵਾ ਕੇ ਜੇ ਲਾੜੀ ਸੁਹਾਗ ਰਾਤ ਨੂੰ ਉਸ ਰੱਸੀ ਨੂੰ ਆਪਣੇ ਲਾੜੇ ਦੇ ਪੈਰਾਂ ਨੂੰ ਛੁਹਾ ਦੇਵੇ ਤਾਂ ਲਾੜਾ ਸਾਰੀ ਉਮਰ ਆਪਣੀ ਲਾੜੀ ਦਾ ਗੁਲਾਮ ਬਣਿਆ ਰਹੇਗਾ। ਲੋਕ ਹੁਣ ਤਰਕਸ਼ੀਲ ਹੋ ਗਏ ਹਨ। ਇਸ ਲਈ ਅਜਿਹੇ ਟੂਣਿਆਂ ਵਿਚ ਕੋਈ ਵੀ ਵਿਸ਼ਵਾਸ ਨਹੀਂ ਕਰਦਾ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.